ਪੰਜਾਬ

punjab

ਚਾਰ ਪੀੜ੍ਹੀਆਂ ਤੋਂ ਚੱਲਦੀ ਆ ਰਹੀ ਸੂਬੇ ਦੀ ਇਹ ਇੰਡਸਟਰੀ, ਦੇਸ਼ ਭਰ 'ਚ ਮਸ਼ਹੂਰ ਨੇ ਇੱਥੋਂ ਬਣੀਆਂ ਕਿਸ਼ਤੀਆਂ

By ETV Bharat Punjabi Team

Published : Feb 9, 2024, 6:57 PM IST

Updated : Feb 11, 2024, 6:13 AM IST

Boats Making Industry In Ropar: ਰੋਪੜ ਵਿੱਚ ਪੁਸ਼ਤੈਨੀ ਕੰਮ ਕਰ ਰਹੇ ਪਿਉ-ਪੁੱਤ ਦੇਸ਼ ਦੇ ਵੱਖ-ਵੱਖ ਸੂਬਿਆਂ ਵਿੱਚ ਸਰਕਾਰੀ ਤੇ ਗ਼ੈਰ-ਸਰਕਾਰੀ ਸੰਸਥਾਵਾਂ ਨੂੰ ਕਿਸ਼ਤੀਆਂ ਬਣਾ ਕੇ ਭੇਜ ਰਹੀ ਹੈ। ਇਹ ਕਿਸ਼ਤੀਆਂ ਜੰਮੂ ਕਸ਼ਮੀਰ ਦੀ ਡਲ ਝੀਲ ਤੇ ਰਾਜਸਥਾਨ ਦੇ ਜੈਪੁਰ ਵਿੱਚ ਵੀ ਤੈਰ ਰਹੀਆਂ ਹਨ। ਪੜ੍ਹੋ ਪੂਰੀ ਖ਼ਬਰ।

Boats Making Industry
Boats Making Industry

ਦੇਸ਼ ਭਰ 'ਚ ਮਸ਼ਹੂਰ ਨੇ ਇੱਥੋਂ ਬਣੀਆਂ ਕਿਸ਼ਤੀਆਂ

ਰੂਪਨਗਰ:ਅੱਜ ਦੇ ਦੌਰ ਵਿਚ ਜਿੱਥੇ ਨੌਜਵਾਨ ਪੀੜ੍ਹੀ ਆਪਣੇ ਜੱਦੀ ਪੁਸ਼ਤੀ ਕਾਰੋਬਾਰਾਂ ਤੋਂ ਕਿਨਾਰਾ ਕਰਕੇ ਵਿਦੇਸ਼ਾਂ ਦਾ ਰੁਖ਼ ਕਰਦੀ ਹੈ, ਉੱਥੇ ਹੀ ਇੱਕ ਅਜਿਹਾ ਪਰਿਵਾਰ ਹੈ ਜਿਸ ਨੇ ਪੁਸ਼ਤੈਨੀ ਕੰਮ ਨੂੰ ਸੰਭਾਲਿਆ ਹੋਇਆ ਹੈ। ਇੰਨਾ ਹੀ ਨਹੀਂ, ਜਿੱਥੇ ਇਸ ਕਾਰੋਬਾਰ ਨਾਲ ਉਹ ਲੱਖਾਂ ਕਮਾ ਰਹੇ ਹਨ, ਉੱਥੇ ਹੀ ਇਨ੍ਹਾਂ ਦੇ ਇਸ ਕਾਰੋਬਾਰ ਦਾ ਦੇਸ਼ ਦੇ ਕਈ ਕੋਨਿਆਂ ਤੱਕ ਨਾਮ ਹੈ। ਰੋਪੜ ਵਿੱਚ ਆਪਣੇ ਜੱਦੀ ਪੁਸ਼ਤੀ ਕਿਸ਼ਤੀਆਂ ਬਣਾਉਣ ਦੇ ਕੰਮ ਨੂੰ ਰਵਿੰਦਰ ਸਿੰਘ ਨੇ ਅੱਗੇ ਵਧਾਉਂਦਿਆਂ, ਪੂਰੇ ਦੇਸ਼ ਅੰਦਰ ਆਪਣੀ ਪਛਾਣ ਬਣਾਈ ਹੈ। ਸਰਹਿੰਦ ਨਹਿਰ ਦੇ ਕਿਨਾਰੇ ਵਿਸ਼ਵਕਰਮਾ ਇੰਡਸਟਰੀ ਰੋਪੜ ਤੋਂ ਦੇਸ਼ ਦੇ ਵੱਖ ਵੱਖ ਸੂਬਿਆਂ ਵਿੱਚ ਸਰਕਾਰੀ ਤੇ ਗ਼ੈਰ-ਸਰਕਾਰੀ ਸੰਸਥਾਵਾਂ ਨੂੰ ਕਿਸ਼ਤੀਆਂ ਬਣਾ ਕੇ ਭੇਜ ਰਹੀ ਹੈ।

ਅੰਗਰੇਜਾਂ ਵੇਲ੍ਹੇ ਤੋਂ ਚੱਲ ਰਿਹਾ ਕੰਮ: ਰਵਿੰਦਰ ਨੇ ਦੱਸਿਆ ਕਿ ਉਨ੍ਹਾਂ ਦੇ ਦਾਦਾ ਜੀ ਵੱਲੋਂ ਇਸ ਕੰਮ ਦੀ ਸ਼ੁਰੂਆਤ ਕੀਤੀ ਗਈ ਸੀ ਅਤੇ ਇਹ ਕੰਮ ਉਨ੍ਹਾਂ ਨੂੰ ਸਬੱਬੀ ਹੀ ਮਿਲਿਆ ਸੀ। ਉਸ ਸਮੇਂ ਸਤਲੁਜ ਦਰਿਆ ਦੇ ਉੱਤੇ ਲਹਿੰਦੇ ਪੰਜਾਬ ਅਤੇ ਚੜ੍ਹਦੇ ਪੰਜਾਬ ਨੂੰ ਜੋੜਨ ਵਾਲਾ ਪੁਲ ਮੌਜੂਦ ਨਹੀਂ ਸੀ ਅਤੇ ਉਸ ਪੁਲ ਦੀ ਜਗ੍ਹਾ ਉਸ ਸਮੇਂ ਇੱਕ ਵੱਡਾ ਦਰਿਆ ਸੀ ਜਿਸ ਨੂੰ ਸਤਲੁਜ ਦਰਿਆ ਕਿਹਾ ਜਾਂਦਾ ਹੈ, ਜੋ ਮੌਜੂਦਾ ਸਮੇਂ ਵਿੱਚ ਵੀ ਹੈ। ਬਰਤਾਨੀਆ ਫੌਜ ਦੇ ਅਫਸਰ ਵੱਲੋਂ ਬਜ਼ੁਰਗਾਂ ਨੂੰ ਇੱਕ ਮੈਪ ਬਣਾ ਕੇ ਦਿੱਤਾ ਗਿਆ, ਜੋ ਮੈਪ ਇੱਕ ਕਿਸ਼ਤੀ ਦਾ ਸੀ। ਬਜ਼ੁਰਗਾਂ ਵੱਲੋਂ ਹੂਬਹੂ ਉਸ ਦੀ ਨਕਲ ਕਰ ਦਿੱਤੀ ਗਈ ਅਤੇ ਕਿਸ਼ਤੀ ਬਣਾ ਦਿੱਤੀ ਗਈ ਜਿਸ ਤੋਂ ਬਾਅਦ ਇਸ ਕੰਮ ਦੀ ਸ਼ੁਰੂਆਤ ਹੋਈ ਅਤੇ ਇਹ ਕਿਸ਼ਤੀ ਉਨ੍ਹਾਂ ਵੱਲੋਂ ਜੋ ਬਣਾਈ ਗਈ ਸੀ, ਉਹ ਸਤਲੁਜ ਦਰਿਆ ਪਾਰ (Boats Making In Punjab) ਕਰਨ ਵਿੱਚ ਕਾਮਯਾਬ ਰਹੀ। ਇਸ ਤੋਂ ਬਾਅਦ ਇਸ ਕੰਮ ਵਿੱਚ ਹੋਰ ਮੁਹਾਰਤ ਹਾਸਲ ਹੋਈ ਅਤੇ ਉਨ੍ਹਾਂ ਨੂੰ 'ਕਿਸ਼ਤੀਆਂ ਵਾਲੇ' ਵਜੋਂ ਜਾਣਿਆ ਜਾਣ ਲੱਗਾ।

ਕਿਸ਼ਤੀ ਬਣਾਉਣ ਦਾ ਕਾਰੋਬਾਰ ਕਰਨ ਵਾਲੇ ਪਿਉ-ਪੁੱਤਰ

ਕਸ਼ਮੀਰ, ਜੈਪੁਰ ਵਿੱਚ ਤੈਰ ਰਹੀਆਂ ਕਿਸ਼ਤੀਆਂ:ਮਾਲਕ ਰਵਿੰਦਰ ਸਿੰਘ ਨੇ ਦੱਸਿਆ ਕਿ ਅਸੀ ਆਪਣੇ ਬਜ਼ੁਰਗਾਂ ਦੇ ਕਾਰੋਬਾਰ ਨੂੰ ਨਵੀਆਂ ਤਕਨੀਕਾਂ ਨਾਲ ਅੱਗੇ ਲਿਜਾ ਲੈ ਕੇ ਜਾ ਰਹੇ ਹਾਂ। ਉਨ੍ਹਾਂ ਵਲੋਂ ਵੱਖ-ਵੱਖ ਆਕਾਰ ਦੀਆਂ ਕਿਸ਼ਤੀਆਂ ਬਣਾਈਆਂ ਜਾਂਦੀਆਂ ਹਨ ਜਿਸ ਦੀ ਕੀਮਤ ਵੀ ਵੱਖ-ਵੱਖ ਹੈ। ਜ਼ਿਆਦਾਤਰ ਕਿਸ਼ਤੀਆਂ, ਜੋ 35000 ਰੁਪਏ ਤੋਂ ਲੈ ਕੇ ਢਾਈ ਲੱਖ ਰੁਪਏ ਤੱਕ ਦੇ ਬਜਟ ਵਾਲੀਆਂ ਦੇ ਆਰਡਰ ਉਹਨਾਂ ਨੂੰ ਮਿਲਦੇ ਹਨ। ਉਨ੍ਹਾਂ ਦੱਸਿਆ ਕਿ ਇੱਥੋ ਤਿਆਰ ਕੀਤੀਆਂ ਜਾਂਦੀਆਂ ਕਿਸ਼ਤੀਆਂ ਜੰਮੂ ਕਸ਼ਮੀਰ ਦੀ ਡੱਲ ਝੀਲ, ਰਾਜਸਥਾਨ ਦੇ ਜੈਪੁਰ ਵਿੱਚ, ਪਠਾਨਕੋਟ ਵਿੱਚ ਅਤੇ ਹੋਰ ਵੱਖ-ਵੱਖ ਥਾਵਾਂ, ਜਿੱਥੇ ਪਾਣੀ ਨਾਲ ਸੰਬੰਧਤ ਸੈਰ ਸਪਾਟਾ ਥਾਵਾਂ ਹਨ, ਉੱਥੇ ਭੇਜੀਆਂ ਜਾਂਦੀਆਂ ਹਨ।

ਦੋ ਤਰ੍ਹਾਂ ਦੀਆਂ ਕਿਸ਼ਤੀਆਂ ਤਿਆਰ ਹੋ ਰਹੀਆਂ:ਰਵਿੰਦਰ ਸਿੰਘ ਨੇ ਦੱਸਿਆ ਕਿ ਦੋ ਪ੍ਰਕਾਰ ਦੀਆਂ ਕਿਸ਼ਤੀਆਂ ਜ਼ਿਆਦਾਤਰ ਬਣਾਈਆਂ ਜਾ ਰਹੀਆਂ ਹਨ, ਜਿਨ੍ਹਾਂ ਵਿੱਚੋਂ ਇੱਕ ਮੋਟਰ ਇਲੈਕਟ੍ਰਾਨਿਕ ਕਿਸ਼ਤੀ ਹੈ ਅਤੇ ਇੱਕ ਜੋ ਪੈਡਲ ਨਾਲ ਚੱਲਣ ਵਾਲੀਆਂ ਕਿਸ਼ਤੀਆਂ ਹਨ। ਇਲੈਕਟ੍ਰਾਨਿਕ ਮੋਟਰ ਵਾਲੀ ਕਿਸ਼ਤੀ ਜ਼ਿਆਦਾਤਰ ਹੜ੍ਹਾਂ ਵੇਲ੍ਹੇ ਅਤੇ ਤੇਜ਼ੀ ਨਾਲ ਕੰਮ ਕਰਨ ਵਾਲੇ ਪਾਣੀ ਦੇ ਵਿੱਚ ਕੰਮ ਆਉਂਦੀ ਹੈ। ਹੜ੍ਹਾਂ ਵਿੱਚ ਜਿਆਦਾ ਭਾਰ ਢੋਣ ਦੀ ਵਰਤੋਂ ਹੋਣ ਕਾਰਨ ਇਲੈਕਟ੍ਰਾਨਿਕ ਕਿਸ਼ਤੀਆਂ ਦੀ ਮੰਗ ਜਿਆਦਾ ਹੈ।

ਪੈਡਲ ਵਾਲੀਆਂ ਕਿਸ਼ਤੀਆਂ ਉਹ ਕਿਸਮ ਦੀਆਂ ਹਨ, ਜੋ ਜ਼ਿਆਦਾਤਰ ਸੈਲਾਨੀਆਂ ਵੱਲੋਂ ਝੀਲਾਂ ਵਿੱਚ ਘੁੰਮਣ ਸਮੇਂ ਵਰਤੀਆਂ ਜਾਂਦੀਆਂ ਹਨ। ਸੂਬੇ ਭਰ ਵਿੱਚ ਸਿਰਫ ਇਹ ਇਕੱਲੇ ਹੀ ਹਨ, ਜੋ ਕਿਸ਼ਤੀਆਂ ਤਿਆਰ ਕਰਦੇ ਹਨ ਅਤੇ ਉਨ੍ਹਾਂ ਦੀ ਰਿਪੇਅਰ ਕਰਦੇ ਹਨ। ਸੂਬੇ ਦੀ ਇੱਕਲੌਤੀ ਇੰਡਸਟਰੀ ਹੈ ਜਿਸ ਨੂੰ ਇਹ ਚਾਰ ਪੀੜੀਆਂ ਤੋਂ ਲਗਾਤਾਰ ਚਲਾ ਰਹੇ ਹਨ।

ਹਰਵਿੰਦਰ ਸਿੰਘ ਤੇ ਰਵਿੰਦਰ ਸਿੰਘ ਨੇ ਕਿਹਾ ਕਿ ਇਸ ਵਕਤ ਚੌਥੀ ਪੀੜੀ ਹੈ, ਜੋ ਇਹ ਕੰਮ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਉਹ ਨੌਜਵਾਨਾਂ ਨੂੰ ਇਹ ਸੁਨੇਹਾ ਦਿੰਦੇ ਹਨ ਕਿ ਆਪਣੇ ਸੂਬੇ ਵਿੱਚ ਰਹਿ ਕੇ ਹੀ ਮਿਹਨਤ ਕਰੋ। ਜੇਕਰ ਤੁਸੀਂ ਇੱਥੇ ਮਿਹਨਤ ਕਰੋਗੇ, ਤਾਂ ਤੁਸੀਂ ਇੱਥੇ ਵੀ ਕਾਮਯਾਬ ਹੋ ਸਕਦੇ ਹੋ।

Last Updated : Feb 11, 2024, 6:13 AM IST

ABOUT THE AUTHOR

...view details