ਪੰਜਾਬ

punjab

ਲੋਕ ਸਭਾ ਚੋਣਾਂ 2024 ਵਿੱਚ 'ਆਪ' ਵੱਲੋਂ ਆਪਣੇ ਵਿਧਾਇਕ ਅਤੇ ਕੈਬਨਿਟ ਮੰਤਰੀਆਂ 'ਤੇ ਖੇਡ ਸਕਦੀ ਹੈ ਦਾਅ ! ਜਾਣੋ ਕਿਵੇਂ

By ETV Bharat Punjabi Team

Published : Mar 8, 2024, 12:08 PM IST

AAP In Lok Sabha Election 2024: ਲੋਕ ਸਭਾ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਪੰਜ ਵਿਧਾਇਕਾਂ ਦੇ ਨਾਮ ਸੁਰਖੀਆਂ ਵਿੱਚ ਚੱਲ ਰਹੇ ਹਨ, ਜਿਨ੍ਹਾਂ ਨੂੰ ਲੋਕ ਸਭਾ ਸੀਟ ਦੀ ਟਿਕਟ ਲਈ ਉਮੀਦਵਾਰੀ ਮਿਲ ਸਕਦੀ ਹੈ। 2014 ਦੀਆਂ ਲੋਕ ਸਭਾ ਚੋਣਾਂ ਵਿੱਚ ਪੰਜਾਬ ਵਿੱਚੋਂ ਆਮ ਆਦਮੀ ਪਾਰਟੀ ਦੇ 4 ਮੈਂਬਰ ਪਾਰਲੀਮੈਂਟ ਬਣੇ ਸਨ, ਜਦਕਿ ਮੌਜੂਦਾ ਸਮੇਂ ਵਿੱਚ ਆਮ ਆਦਮੀ ਪਾਰਟੀ ਦਾ ਸਿਰਫ ਇੱਕ ਮੈਂਬਰ ਪਾਰਲੀਮੈਂਟ ਹੈ। ਇਸ ਵਾਰ ਵੇਖਣਾ ਹੋਵੇਗਾ ਕਿ ਸੀਐਮ ਮਾਨ "13-0" ਵਾਲੇ ਜਿੱਤ ਦੇ ਦਾਅਵੇ ਨੂੰ ਕਿਵੇਂ ਪੂਰਾ ਕਰਨਗੇ। ਵੇਖੋ ਇਹ ਵਿਸ਼ੇਸ਼ ਰਿਪੋਰਟ।

AAP In Lok Sabha Election 2024
AAP In Lok Sabha Election 2024

'ਆਪ' ਆਪਣੇ ਵਿਧਾਇਕ ਅਤੇ ਕੈਬਨਿਟ ਮੰਤਰੀਆਂ 'ਤੇ ਖੇਡ ਸਕਦੀ ਹੈ ਦਾਅ !

ਬਠਿੰਡਾ:2024 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਸਾਰੀਆਂ ਸਿਆਸੀ ਪਾਰਟੀਆਂ ਪੂਰੀ ਤਰ੍ਹਾਂ ਸਰਗਰਮ ਹਨ ਉੱਥੇ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ ਸਿਆਸੀ ਪਾਰਟੀਆਂ ਵੱਲੋਂ ਉਮੀਦਵਾਰਾਂ ਦੀ ਚਰਚਾ ਸ਼ੁਰੂ ਕਰ ਦਿੱਤੀ ਗਈ ਹੈ। ਪੰਜਾਬ ਵਿੱਚ ਸਤਾਧਾਰੀ ਧਿਰ ਆਮ ਆਦਮੀ ਪਾਰਟੀ ਵੱਲੋਂ ਆਪਣੇ ਕੈਬਨਿਟ ਮੰਤਰੀਆਂ ਅਤੇ ਵਿਧਾਇਕਾਂ 'ਤੇ ਦਾਅ ਖੇਡਣ ਦੀਆਂ ਚਰਚਾਵਾਂ ਜ਼ੋਰਾਂ 'ਤੇ ਹਨ। ਜੇਕਰ ਪੰਜਾਬ ਵਿੱਚ ਮੌਜੂਦਾ ਲੋਕ ਸਭਾ ਮੈਂਬਰਾਂ ਦੀ ਗੱਲ ਕੀਤੀ ਜਾਵੇ, ਤਾਂ ਇਨ੍ਹਾਂ ਲੋਕ ਸਭਾ ਮੈਂਬਰਾਂ ਵਿੱਚ ਆਮ ਆਦਮੀ ਪਾਰਟੀ ਦਾ ਸਿਰਫ ਇੱਕ ਲੋਕ ਸਭਾ ਮੈਂਬਰ ਜਲੰਧਰ ਤੋਂ ਸੁਸ਼ੀਲ ਕੁਮਾਰ ਰਿੰਕੂ, ਜੋ ਜ਼ਿਮਨੀ ਚੋਣ ਜਿੱਤ ਕੇ ਬਣੇ ਸਨ।

ਸਾਲ 2014 ਦੀਆਂ ਚੋਣਾਂ ਵਿੱਚ 'ਆਪ':ਆਮ ਆਦਮੀ ਪਾਰਟੀ ਦੇ ਹੋਂਦ ਵਿੱਚ ਆਉਣ ਤੋਂ ਬਾਅਦ ਪਹਿਲੀ ਵਾਰ ਪੰਜਾਬ ਵਿੱਚ ਚਾਰ ਲੋਕ ਸਭਾ ਮੈਂਬਰ 2014 ਵਿੱਚ ਚੁਣੇ ਗਏ ਸਨ। ਸੰਗਰੂਰ ਤੋਂ ਭਗਵੰਤ ਮਾਨ ਪਟਿਆਲਾ ਤੋਂ ਡਾਕਟਰ ਧਰਮਵੀਰ ਗਾਂਧੀ ਫ਼ਰੀਦਕੋਟ ਤੋਂ ਪ੍ਰੋਫੈਸਰ ਸਾਧੂ ਸਿੰਘ ਅਤੇ ਫ਼ਤਿਹਗੜ੍ਹ ਸਾਹਿਬ ਤੋਂ ਹਰਿੰਦਰ ਸਿੰਘ ਖਾਲਸਾ ਨੂੰ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਜੋਂ ਸਫਲਤਾ ਹਾਸਿਲ ਹੋਈ ਸੀ। 2014 ਵਿੱਚ ਆਮ ਆਦਮੀ ਪਾਰਟੀ ਦੀ ਟਿਕਟ 'ਤੇ ਪਹਿਲੀ ਵਾਰ ਚੋਣ ਲੜਨ ਵਾਲੇ ਕਈ ਉਮੀਦਵਾਰਾਂ ਵੱਲੋਂ ਸਿਆਸਤ ਦੇ ਪੁਰਾਣੇ ਖਿਡਾਰੀਆਂ ਨੂੰ ਚਿੱਤ ਕੀਤਾ ਸੀ, ਜਿਨ੍ਹਾਂ ਵਿੱਚੋਂ ਪ੍ਰਮੁੱਖ ਤੌਰ ਉੱਤੇ ਡਾਕਟਰ ਧਰਮਵੀਰ ਗਾਂਧੀ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਰਹੇ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪਰਨੀਤ ਕੌਰ ਨੂੰ ਵੱਡੇ ਫ਼ਰਕ ਨਾਲ ਹਰਾਇਆ ਸੀ।

2012 ਦੀਆਂ ਵਿਧਾਨ ਸਭਾ ਚੋਣਾਂਵਿੱਚ ਪੰਜਾਬ ਵਿੱਚ ਮੁੜ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਭਾਜਪਾ ਦੀ ਸਰਕਾਰ ਬਣਨ ਤੋਂ ਬਾਅਦ 2014 ਵਿੱਚ ਹੋਈਆਂ ਲੋਕ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਮਿਲੀ ਵੱਡੀ ਸਫਲਤਾ ਨੂੰ ਆਮ ਲੋਕ ਬਦਲਾਅ ਦੇਖਦੇ ਸਨ, ਪਰ ਹੌਲੀ ਹੌਲੀ ਆਮ ਆਦਮੀ ਪਾਰਟੀ ਵਿਚਲੀ ਆਪਸੀ ਖਿੱਚੋਤਾਣ ਵੱਧਦੀ ਗਈ ਅਤੇ 2019 ਵਿੱਚ ਸੰਗਰੂਰ ਲੋਕ ਸਭਾ ਸੀਟ ਤੋਂ ਸਿਰਫ ਭਗਵੰਤ ਮਾਨ ਹੀ ਦੂਜੀ ਵਾਰ ਸਫਲਤਾ ਹਾਸਲ ਕਰ ਸਕੇ, ਪਰ ਉਨਾਂ ਵੱਲੋਂ ਵੀ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਗ ਲੈਣ ਤੋਂ ਬਾਅਦ ਮੁੱਖ ਮੰਤਰੀ ਬਣਦਿਆਂ ਹੀ ਸੰਗਰੂਰ ਲੋਕ ਸਭਾ ਸੀਟ ਤੋਂ ਅਸਤੀਫਾ ਦੇ ਦਿੱਤਾ।

ਲੋਕ ਸਭਾ ਚੋਣਾਂ 2024

2022 ਲੋਕ ਸਭਾ ਜ਼ਿਮਨੀ ਚੋਣ ਦੌਰਾਨ ਸੰਗਰੂਰ ਤੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਲੋਕ ਸਭਾ ਮੈਂਬਰ ਬਣੇ ਅਤੇ 2022 ਵਿੱਚ ਪੰਜਾਬ ਵਿੱਚੋਂ ਆਮ ਆਦਮੀ ਪਾਰਟੀ ਦਾ ਕੋਈ ਵੀ ਨੁਮਾਇੰਦਾ ਲੋਕ ਸਭਾ ਦਾ ਮੈਂਬਰ ਨਹੀਂ ਰਿਹਾ, ਪਰ 2023 ਵਿੱਚ ਜਲੰਧਰ ਤੋਂ ਲੋਕ ਸਭਾ ਮੈਂਬਰ ਸੰਤੋਖ ਸਿੰਘ ਚੌਧਰੀ ਦੀ ਮੌਤ ਤੋਂ ਬਾਅਦ ਹੋਈਆਂ ਜ਼ਿਮਨੀ ਚੋਣਾਂ ਵਿੱਚ ਆਮ ਆਦਮੀ ਪਾਰਟੀ ਵੱਲੋਂ ਕਾਂਗਰਸ ਤੋਂ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਸੁਸ਼ੀਲ ਕੁਮਾਰ ਰਿੰਕੂ ਨੂੰ ਉਮੀਦਵਾਰ ਐਲਾਨਿਆ ਗਿਆ ਅਤੇ ਸੁਸ਼ੀਲ ਕੁਮਾਰ ਰਿੰਕੂ ਵੱਲੋਂ ਕਾਂਗਰਸ ਦੇ ਗੜ੍ਹ ਜਲੰਧਰ ਤੋਂ ਜ਼ਿਮਣੀ ਚੋਣ ਜਿੱਤੀ ਅਤੇ ਲੋਕ ਸਭਾ ਮੈਂਬਰ ਬਣੇ।

ਇਸ ਵਾਰ ਚਰਚਾ 'ਚ ਇਹ ਨਾਮ: 2024 ਦੀਆਂ ਲੋਕ ਸਭਾ ਚੋਣਾਂ ਦੀ ਜੇਕਰ ਗੱਲ ਕੀਤੀ ਜਾਵੇ, ਤਾਂ ਆਮ ਆਦਮੀ ਪਾਰਟੀ ਦੇ ਮੌਜੂਦਾ ਕੈਬਨਿਟ ਮੰਤਰੀ ਅਮਨ ਅਰੋੜਾ, ਕੈਬਿਨਟ ਮੰਤਰੀ ਮੀਤ ਹੇਅਰ, ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ, ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਅਤੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦਾ ਨਾਂ ਚਰਚਾ ਵਿੱਚ ਹੈ। ਪੰਜਾਬ ਵਿਧਾਨ ਸਭਾ ਵਿੱਚ ਆਮ ਆਦਮੀ ਪਾਰਟੀ ਕੋਲ ਵੱਡਾ ਬਹੁਮਤ ਹੋਣ ਕਾਰਨ ਆਪਣੇ ਕੈਬਨਿਟ ਮੰਤਰੀਆਂ ਅਤੇ ਵਿਧਾਇਕਾਂ ਉੱਤੇ ਲੋਕ ਸਭਾ ਚੋਣਾਂ ਦੌਰਾਨ ਦਾਅ ਖੇਡਣ ਦੀਆਂ ਚਰਚਾਵਾਂ ਜ਼ੋਰਾਂ ਉੱਤੇ ਹਨ। ਇਨ੍ਹਾਂ ਕੈਬਨਿਟ ਮੰਤਰੀਆਂ ਵੱਲੋਂ ਵੱਖ-ਵੱਖ ਲੋਕ ਸਭਾ ਹਲਕਿਆਂ ਵਿੱਚ ਆਪਣੀਆਂ ਸਰਗਰਮੀਆਂ ਵੱਡੀ ਪੱਧਰ 'ਤੇ ਆਰੰਭੀਆਂ ਹੋਈਆਂ ਹਨ। ਸਮਾਜਿਕ ਅਤੇ ਰਾਜਨੀਤਿਕ ਪ੍ਰੋਗਰਾਮਾਂ ਵਿੱਚ ਵੱਧ ਚੜ ਕੇ ਹਿੱਸਾ ਲਿਆ ਜਾ ਰਿਹਾ ਹੈ।

ਮਾਹਿਰਾਂ ਦਾ ਕੀ ਕਹਿਣਾ ? : ਜੇਕਰ ਰਾਜਨੀਤਿਕ ਮਾਹਿਰਾਂ ਦੀ ਗੱਲ ਮੰਨੀਏ, ਤਾਂ ਸਾਲ 2022 ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਨੂੰ ਵੱਡਾ ਬਹੁਮਤ ਮਿਲਿਆ ਸੀ, ਉਸ ਤਰ੍ਹਾਂ ਦਾ ਵੱਡਾ ਬਹੁਮਤ 2024 ਵਿੱਚ ਮਿਲਣ ਦੀ ਉਮੀਦ ਘੱਟ ਜਤਾਈ ਜਾ ਰਹੀ ਹੈ। ਕਿਉਂਕਿ, ਪੰਜਾਬ ਸਰਕਾਰ ਵੱਲੋਂ ਲੋਕਾਂ ਨਾਲ ਕੀਤੇ ਹੋਏ ਵਾਅਦਿਆਂ ਨੂੰ ਪੂਰਾ ਕਰਨ ਵਿੱਚ ਦੇਰੀ ਕੀਤੀ ਜਾ ਰਹੀ ਹੈ। ਪੰਜਾਬ ਦੇ ਭੱਖ਼ਦੇ ਮੁੱਦਿਆਂ ਦੀ ਜੇਕਰ ਗੱਲ ਕੀਤੀ ਜਾਵੇ, ਤਾਂ ਸਤਾ ਵਿੱਚ ਆਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਵੱਲੋਂ ਨਸ਼ਾ, ਗੈਂਗਸਟਰਵਾਦ ਅਤੇ ਵੱਖ-ਵੱਖ ਤਰ੍ਹਾਂ ਦੇ ਮਾਫੀਆਂ ਦਾ ਜ਼ਿਕਰ ਕਰਦੇ ਹੋਏ ਜੜ ਤੋਂ ਖ਼ਤਮ ਕਰਨ ਦਾ ਵਾਅਦਾ ਕੀਤਾ ਗਿਆ ਸੀ, ਪਰ ਇਨ੍ਹਾਂ ਵਾਅਦਿਆਂ ਨੂੰ ਲੈ ਕੇ ਆਮ ਲੋਕਾਂ ਵਿੱਚ ਕਾਫੀ ਨਿਰਾਸ਼ਾ ਪਾਈ ਜਾ ਰਹੀ ਹੈ, ਕਿਉਂਕਿ ਆਮ ਆਦਮੀ ਪਾਰਟੀ ਦੇ ਕਾਰਜਕਾਲ ਵਿੱਚ ਜਿੱਥੇ ਗੈਂਗਸਟਰਾਂ ਦੀਆਂ ਵੱਡੀ ਪੱਧਰ ਦੀ ਗਤੀਵਿਧੀਆਂ ਵਧੀਆਂ, ਉਥੇ ਹੀ ਨਸ਼ੇ ਨਾਲ ਆਏ ਦਿਨ ਪੰਜਾਬ ਦੇ ਨੌਜਵਾਨਾਂ ਦੀ ਮੌਤ ਹੋ ਰਹੀ ਹੈ।

'ਆਪ' ਕੋਲ ਯੋਗ ਉਮੀਦਵਾਰਾਂ ਦੀ ਘਾਟ': ਸੀਨੀਅਰ ਜਰਨਲਿਸਟ ਵਿੱਚ ਚੰਦਰ ਪ੍ਰਕਾਸ਼ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਕੋਲ ਮੌਜੂਦਾ ਸਮੇਂ ਵਿੱਚ ਸਿਰਫ ਇੱਕ ਹੀ ਲੋਕ ਸਭਾ ਮੈਂਬਰ ਸੁਸ਼ੀਲ ਕੁਮਾਰ ਹੈ, ਜੋ ਕਿ ਕਿਸੇ ਸਮੇਂ ਕਾਂਗਰਸ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਸਨ। ਮੌਜੂਦਾ ਸਮੇਂ ਵਿੱਚ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਵੱਲੋਂ ਆਪਣੇ ਹੀ ਕੈਬਨਿਟ ਮੰਤਰੀਆਂ ਅਤੇ ਵਿਧਾਇਕਾਂ ਉੱਤੇ ਲੋਕ ਸਭਾ ਚੋਣਾਂ ਦੌਰਾਨ ਦਾ ਖੇਡਣ ਦੀਆਂ ਚਰਚਾਵਾਂ ਚੱਲ ਰਹੀਆਂ ਹਨ। ਉਸ ਤੋਂ ਸਾਫ ਜ਼ਾਹਿਰ ਹੈ ਆਮ ਆਦਮੀ ਪਾਰਟੀ ਨਵੇਂ ਚਿਹਰਿਆਂ 'ਤੇ ਦਾਅ ਲਾਉਣ ਨੂੰ ਤਿਆਰ ਨਹੀਂ ਅਤੇ ਸਾਫ ਸੁਥਰੀ ਇਮੇਜ ਵਾਲੇ ਪਹਿਲਾਂ ਹੀ ਚੁਣੇ ਹੋਏ ਵਿਧਾਇਕਾਂ ਅਤੇ ਕੈਬਨਿਟ ਮੰਤਰੀਆਂ ਨੂੰ ਲੋਕ ਸਭਾ ਚੋਣਾਂ ਦੌਰਾਨ ਮੈਦਾਨ ਵਿੱਚ ਉਤਾਰਨ ਦਾ ਵਿਚਾਰ ਕਰ ਰਹੀ ਹੈ। ਜੇਕਰ ਲੋਕ ਸਭਾ ਚੋਣਾਂ ਵਿੱਚ ਬਹੁਮਤ ਹਾਸਲ ਕਰਨਾ ਹੈ, ਤਾਂ ਕਿਤੇ ਨਾ ਕਿਤੇ ਪੰਜਾਬ ਸਰਕਾਰ ਨੂੰ ਆਮ ਪਬਲਿਕ ਦੀਆਂ ਸਮੱਸਿਆਵਾਂ ਦੇ ਹੱਲ ਲਈ ਫੈਸਲੇ ਜਲਦ ਤੋਂ ਜਲਦ ਲੈਣੇ ਚਾਹੀਦੇ ਹਨ।

ABOUT THE AUTHOR

...view details