ਪੰਜਾਬ

punjab

22 ਫੱਗਣ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ

By ETV Bharat Punjabi Team

Published : Mar 5, 2024, 6:26 AM IST

Daily Hukamnama: 'ਹੁਕਮਨਾਮਾ' ਸ਼ਬਦ 'ਹੁਕਮ' ਤੇ 'ਨਾਮਾ' ਨੂੰ ਮਿਲ ਕੇ ਬਣਿਆ ਹੈ। 'ਹੁਕਮ' ਦਾ ਮਤਲਬ ਹੈ- ਆਗਿਆ, ਫ਼ੁਰਮਾਨ, ਫ਼ਤਵਾ, ਪਰਵਾਨਾ, ਅਮਰ, ਸ਼ਬਦ ਆਦਿ ਹੈ। 'ਨਾਮਾ' ਦਾ ਮਤਲਬ, ਖਤ, ਪੱਤਰ ਜਾਂ ਚਿੱਠੀ ਹੈ। ਆਮ ਬੋਲਚਾਲ ਦੀ ਭਾਸ਼ਾ ਵਿੱਚ ਹੁਕਮਨਾਮਾ ਉਹ ਲਿਖਤੀ ਸੰਦੇਸ਼ ਜਾਂ ਹੁਕਮ ਹੈ। ਇਸ ਨੂੰ ਮੰਨਣਾ ਵੀ ਲਾਜ਼ਮੀ ਹੁੰਦਾ ਹੈ। ਇਸ ਦੇ ਲਿਖ਼ਤੀ ਸਰੂਪ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਹੈ।

Daily Hukamnama Golden Temple 5 March 2024
ਅੱਜ ਦਾ ਹੁਕਮਨਾਮਾ

ਜੁੱਗੋ ਜੁਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਆਇਆ ਅੱਜ ਦਾ ਫੁਰਮਾਨ:ਰਾਗੁ ਸੋਰਠਿ ਬਾਣੀ ਭਗਤ ਕਬੀਰ ਜੀ ਕੀ ਘਰੁ ੧ ੴ ਸਤਿਗੁਰ ਪ੍ਰਸਾਦਿ ॥ ਜਬ ਜਰੀਐ ਤਬ ਹੋਇ ਭਸਮ ਤਨੁ ਰਹੈ ਕਿਰਮ ਦਲ ਖਾਈ ॥ ਕਾਚੀ ਗਾਗਰਿ ਨੀਰੁ ਪਰਤੁ ਹੈ ਇਆ ਤਨ ਕੀ ਇਹੈ ਬਡਾਈ ॥੧॥ ਕਾਹੇ ਭਈਆ ਫਿਰਤੌ ਫੂਲਿਆ ਫੂਲਿਆ ॥ ਜਬ ਦਸ ਮਾਸ ਉਰਧ ਮੁਖ ਰਹਤਾ ਸੋ ਦਿਨੁ ਕੈਸੇ ਭੂਲਿਆ ॥੧॥ ਰਹਾਉ ॥ ਜਿਉ ਮਧੁ ਮਾਖੀ ਤਿਉ ਸਠੋਰਿ ਰਸੁ ਜੋਰਿ ਜੋਰਿ ਧਨੁ ਕੀਆ ॥ ਮਰਤੀ ਬਾਰ ਲੇਹੁ ਲੇਹੁ ਕਰੀਐ ਭੂਤੁ ਰਹਨ ਕਿਉ ਦੀਆ ॥੨॥ ਦੇਹੁਰੀ ਲਉ ਬਰੀ ਨਾਰਿ ਸੰਗਿ ਭਈ ਆਗੈ ਸਜਨ ਸੁਹੇਲਾ ॥ ਮਰਘਟ ਲਉ ਸਭੁ ਲੋਗੁ ਕੁਟੰਬੁ ਭਇਓ ਆਗੈ ਹੰਸੁ ਅਕੇਲਾ ॥੩॥ ਕਹਤੁ ਕਬੀਰ ਸੁਨਹੁ ਰੇ ਪ੍ਰਾਨੀ ਪਰੇ ਕਾਲ ਗ੍ਰਸ ਕੂਆ ॥ ਝੂਠੀ ਮਾਇਆ ਆਪੁ ਬੰਧਾਇਆ ਜਿਉ ਨਲਨੀ ਭ੍ਰਮਿ ਸੂਆ ॥੪॥੨॥ ਮੰਗਲਵਾਰ, ੨੨ ਫੱਗਣ (ਸੰਮਤ ੫੫੫ ਨਾਨਕਸ਼ਾਹੀ) ੫ ਮਾਰਚ, ੨੦੨੪ (ਅੰਗ: ੬੫੪)

ਅੱਜ ਦਾ ਹੁਕਮਨਾਮਾ

ਪੰਜਾਬੀ ਵਿਆਖਿਆ:ਰਾਗੁ ਸੋਰਠਿ ਬਾਣੀ ਭਗਤ ਕਬੀਰ ਜੀ ਕੀ ਘਰੁ ੧ ੴ ਸਤਿਗੁਰ ਪ੍ਰਸਾਦਿ ॥ ਮਰਨ ਪਿਛੋਂ ਜੇ ਸਰੀਰ ਚਿਖਾ ਵਿਚ ਸਾੜਿਆ ਜਾਏ ਤਾਂ ਇਹ ਸੁਆਹ ਹੋ ਜਾਂਦਾ ਹੈ, ਜੇ ਕਬਰ ਵਿਚ ਟਿਕਿਆ ਰਹੇ ਤਾਂ ਕੀੜਿਆਂ ਦਾ ਦਲ ਇਸ ਨੂੰ ਖਾ ਜਾਂਦਾ ਹੈ। ਜਿਵੇਂ ਕੱਚੇ ਘੜੇ ਵਿਚ ਪਾਣੀ ਪੈਂਦਾ ਹੈ ਤੇ ਘੜਾ ਗਲ ਕੇ ਪਾਣੀ ਬਾਹਰ ਨਿਕਲ ਜਾਂਦਾ ਹੈ, ਤਿਵੇਂ ਸੁਆਸ ਮੁੱਕ ਜਾਣ ਤੇ ਸਰੀਰ ਵਿਚੋਂ ਭੀ ਜਿੰਦ ਨਿਕਲ ਜਾਂਦੀ ਹੈ, ਸੋ, ਇਸ ਸਰੀਰ ਦਾ ਇਤਨਾ ਕੁ ਹੀ ਮਾਣ ਹੈ ਜਿਹੜਾ ਕੱਚੇ ਘੜੇ ਦਾ।੧। ਹੇ ਭਾਈ! ਤੂੰ ਕਿਸ ਗੱਲੇ ਹੰਕਾਰ ਵਿਚ ਆਫਰਿਆ ਫਿਰਦਾ ਹੈਂ? ਤੈਨੂੰ ਉਹ ਸਮਾਂ ਕਿਉਂ ਭੁਲ ਗਿਆ ਹੈ ਜਦੋਂ ਤੂੰ ਮਾਂ ਦੇ ਪੇਟ ਵਿਚ ਦਸ ਮਹੀਨੇ ਉਲਟਾ ਟਿਕਿਆ ਰਿਹਾ ਸੈਂ ? ਰਹਾਉ। ਜਿਵੇਂ ਮੱਖੀ ਫੁਲਾਂ ਦਾ ਰਸ ਜੋੜ ਜੋੜ ਕੇ ਸ਼ਹਿਦ ਇਕੱਠਾ ਕਰਦੀ ਹੈ, ਤਿਵੇਂ ਮੂਰਖ ਬੰਦੇ ਨੇ ਸਰਫ਼ੇ ਕਰ ਕਰ ਕੇ ਧਨ ਜੋੜਿਆ ਪਰ ਆਖ਼ਰ ਉਹ ਬਿਗਾਨਾ ਹੀ ਹੋ ਗਿਆ। ਮੌਤ ਆਈ, ਤਾਂ ਸਭ ਇਹੀ ਆਖਦੇ ਹਨ – ਲੈ ਚੱਲੋ, ਲੈ ਚੱਲੋ, ਹੁਣ ਇਹ ਬੀਤ ਚੁਕਿਆ ਹੈ, ਬਹੁਤਾ ਚਿਰ ਘਰ ਰੱਖਣ ਦਾ ਕੋਈ ਲਾਭ ਨਹੀਂ।੨। ਘਰ ਦੀ ਬਾਹਰਲੀ ਦਲੀਜ਼ ਤਕ ਵਹੁਟੀ ਉਸ ਮੁਰਦੇ ਦੇ ਨਾਲ ਜਾਂਦੀ ਹੈ, ਅਗਾਂਹ ਸੱਜਣ ਮਿੱਤਰ ਚੁੱਕ ਲੈਂਦੇ ਹਨ, ਮਸਾਣਾਂ ਤਕ ਪਰਵਾਰ ਦੇ ਬੰਦੇ ਤੇ ਹੋਰ ਲੋਕ ਜਾਂਦੇ ਹਨ, ਪਰ ਪਰਲੋਕ ਵਿਚ ਤਾਂ ਜੀਵ-ਆਤਮਾ ਇਕੱਲਾ ਹੀ ਜਾਂਦਾ ਹੈ।੩। ਕਬੀਰ ਆਖਦਾ ਹੈ-ਹੇ ਬੰਦੇ! ਸੁਣ, ਤੂੰ ਉਸ ਖੂਹ ਵਿਚ ਡਿੱਗਾ ਪਿਆ ਹੈਂ ਜਿਸ ਨੂੰ ਮੌਤ ਨੇ ਘੇਰਿਆ ਹੋਇਆ ਹੈ ਭਾਵ, ਮੌਤ ਅਵੱਸ਼ ਆਉਂਦੀ ਹੈ। ਪਰ, ਤੂੰ ਆਪਣੇ ਆਪ ਨੂੰ ਇਸ ਮਾਇਆ ਨਾਲ ਬੰਨ੍ਹ ਰੱਖਿਆ ਹੈ ਜਿਸ ਨਾਲ ਸਾਥ ਨਹੀਂ ਨਿਭਣਾ, ਜਿਵੇਂ ਤੋਤਾ ਮੌਤ ਦੇ ਡਰ ਤੋਂ ਆਪਣੇ ਆਪ ਨੂੰ ਨਲਨੀ ਨਾਲ ਚੰਬੋੜ ਰੱਖਦਾ ਹੈ (ਨੋਟ-ਨਲਨੀ ਨਾਲ ਚੰਬੜਨਾ ਤੋਤੇ ਦੀ ਫਾਹੀ ਦਾ ਕਾਰਨ ਬਣਦਾ ਹੈ, ਮਾਇਆ ਨਾਲ ਚੰਬੜੇ ਰਹਿਣਾ ਮਨੁੱਖ ਦੀ ਆਤਮਕ ਮੌਤ ਦਾ ਕਾਰਨ ਬਣਦਾ ਹੈ।੪।੨।


ਸ਼ਬਦ ਦਾ ਭਾਵ:ਮਾਇਆ ਦਾ ਮਾਣ ਕੂੜਾ ਹੈ, ਕਿਸੇ ਚੀਜ਼ ਨਾਲ ਭੀ ਸਾਥ ਸਦਾ ਨਹੀਂ ਨਿਭਦਾ। ਮਾਇਆ ਦਾ ਮੋਹ ਸਗੋਂ ਮਨੁੱਖ ਦੀ ਆਤਮਕ ਮੌਤ ਦਾ ਕਾਰਨ ਬਣਦਾ ਹੈ, ਜਿਵੇਂ ਨਲਨੀ ਨਾਲ ਚੰਬੜ ਕੇ ਤੋਤਾ ਬਿਗਾਨੀ ਕੈਦ ਵਿਚ ਫਸਦਾ ਹੈ। (ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ)

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ

ABOUT THE AUTHOR

...view details