ਪੰਜਾਬ

punjab

3 ਵੈਸਾਖ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ - Daily Hukamnama

By ETV Bharat Punjabi Team

Published : Apr 15, 2024, 6:15 AM IST

Daily Hukamnama: 'ਹੁਕਮਨਾਮਾ' ਸ਼ਬਦ 'ਹੁਕਮ' ਤੇ 'ਨਾਮਾ' ਨੂੰ ਮਿਲ ਕੇ ਬਣਿਆ ਹੈ। 'ਹੁਕਮ' ਦਾ ਮਤਲਬ ਹੈ- ਆਗਿਆ, ਫ਼ੁਰਮਾਨ, ਫ਼ਤਵਾ, ਪਰਵਾਨਾ, ਅਮਰ, ਸ਼ਬਦ ਆਦਿ ਹੈ। 'ਨਾਮਾ' ਦਾ ਮਤਲਬ, ਖਤ, ਪੱਤਰ ਜਾਂ ਚਿੱਠੀ ਹੈ। ਆਮ ਬੋਲਚਾਲ ਦੀ ਭਾਸ਼ਾ ਵਿੱਚ ਹੁਕਮਨਾਮਾ ਉਹ ਲਿਖਤੀ ਸੰਦੇਸ਼ ਜਾਂ ਹੁਕਮ ਹੈ। ਇਸ ਨੂੰ ਮੰਨਣਾ ਵੀ ਲਾਜ਼ਮੀ ਹੁੰਦਾ ਹੈ। ਇਸ ਦੇ ਲਿਖ਼ਤੀ ਸਰੂਪ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਹੈ।

Daily Hukamnama Golden Temple 15 April 2024
Daily Hukamnama Golden Temple 15 April 2024

ਜੁੱਗੋ ਜੁਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਆਇਆ ਅੱਜ ਦਾ ਫੁਰਮਾਨ:ਰਾਮਕਲੀ ਮਹਲਾ ੫ ॥ ਕਾਹੂ ਬਿਹਾਵੈ ਰੰਗ ਰਸ ਰੂਪ ॥ ਕਾਹੂ ਬਿਹਾਵੈ ਮਾਇ ਬਾਪ ਪੂਤ ॥ ਕਾਹੂ ਬਿਹਾਵੈ ਰਾਜ ਮਿਲਖ ਵਾਪਾਰਾ ॥ ਸੰਤ ਬਿਹਾਵੈ ਹਰਿ ਨਾਮ ਅਧਾਰਾ ॥੧॥ ਰਚਨਾ ਸਾਚੁ ਬਨੀ ॥ ਸਭ ਕਾ ਏਕੁ ਧਨੀ ॥੧॥ ਰਹਾਉ ॥ ਕਾਹੂ ਬਿਹਾਵੈ ਬੇਦ ਅਰੁ ਬਾਦਿ ॥ ਕਾਹੂ ਬਿਹਾਵੈ ਰਸਨਾ ਸਾਦਿ ॥ ਕਾਹੂ ਬਿਹਾਵੈ ਲਪਟਿ ਸੰਗਿ ਨਾਰੀ ॥ ਸੰਤ ਰਚੇ ਕੇਵਲ ਨਾਮ ਮੁਰਾਰੀ ॥੨॥ ਕਾਹੂ ਬਿਹਾਵੈ ਖੇਲਤ ਜੂਆ ॥ ਕਾਹੂ ਬਿਹਾਵੈ ਅਮਲੀ ਹੂਆ ॥ ਕਾਹੂ ਬਿਹਾਵੈ ਪਰ ਦਰਬ ਚੁੋਰਾਏ ॥ ਹਰਿ ਜਨ ਬਿਹਾਵੈ ਨਾਮ ਧਿਆਏ ॥੩॥ ਕਾਹੂ ਬਿਹਾਵੈ ਜੋਗ ਤਪ ਪੂਜਾ ॥ ਕਾਹੂ ਰੋਗ ਸੋਗ ਭਰਮੀਜਾ ॥ ਕਾਹੂ ਪਵਨ ਧਾਰ ਜਾਤ ਬਿਹਾਏ ॥ ਸੰਤ ਬਿਹਾਵੈ ਕੀਰਤਨੁ ਗਾਏ ॥੪॥ ਕਾਹੂ ਬਿਹਾਵੈ ਦਿਨੁ ਰੈਨਿ ਚਾਲਤ ॥ ਕਾਹੂ ਬਿਹਾਵੈ ਸੋ ਪਿੜੁ ਮਾਲਤ ॥ ਕਾਹੂ ਬਿਹਾਵੈ ਬਾਲ ਪੜਾਵਤ ॥ ਸੰਤ ਬਿਹਾਵੈ ਹਰਿ ਜਸੁ ਗਾਵਤ ॥੫॥ ਕਾਹੂ ਬਿਹਾਵੈ ਨਟ ਨਾਟਿਕ ਨਿਰਤੇ ॥ ਕਾਹੂ ਬਿਹਾਵੈ ਜੀਆਇਹ ਹਿਰਤੇ ॥ ਕਾਹੂ ਬਿਹਾਵੈ ਰਾਜ ਮਹਿ ਡਰਤੇ ॥ ਸੰਤ ਬਿਹਾਵੈ ਹਰਿ ਜਸੁ ਕਰਤੇ ॥੬॥ ਕਾਹੂ ਬਿਹਾਵੈ ਮਤਾ ਮਸੂਰਤਿ ॥ ਕਾਹੂ ਬਿਹਾਵੈ ਸੇਵਾ ਜਰੂਰਤਿ ॥ ਕਾਹੂ ਬਿਹਾਵੈ ਸੋਧਤ ਜੀਵਤ ॥ ਸੰਤ ਬਿਹਾਵੈ ਹਰਿ ਰਸੁ ਪੀਵਤ ॥੭॥ ਜਿਤੁ ਕੋ ਲਾਇਆ ਤਿਤ ਹੀ ਲਗਾਨਾ ॥ ਨਾ ਕੋ ਮੂੜੁ ਨਹੀ ਕੋ ਸਿਆਨਾ ॥ ਕਰਿ ਕਿਰਪਾ ਜਿਸੁ ਦੇਵੈ ਨਾਉ ॥ ਨਾਨਕ ਤਾ ਕੈ ਬਲਿ ਬਲਿ ਜਾਉ ॥੮॥੩॥ ਸੋਮਵਾਰ, ੩ ਵੈਸਾਖ (ਸੰਮਤ ੫੫੬ ਨਾਨਕਸ਼ਾਹੀ) ੧੫ ਅਪ੍ਰੈਲ, ੨੦੨੪ (ਅੰਗ : ੯੧੩)

ਅੱਜ ਦਾ ਹੁਕਮਨਾਮਾ
ਅੱਜ ਦਾ ਹੁਕਮਨਾਮਾ

ਪੰਜਾਬੀ ਵਿਅਖਿਆ :ਰਾਮਕਲੀ ਮਹਲਾ ੫ ॥ ਭਾਵੇਂ ਪਰਮਾਤਮਾ ਹੀ ਹਰੇਕ ਜੀਵ ਦਾ ਮਾਲਕ ਹੈ ਫਿਰ ਭੀ ਕਿਸੇ ਮਨੁੱਖ ਦੀ ਉਮਰ ਦੁਨੀਆ ਦੇ ਰੰਗ-ਤਮਾਸ਼ਿਆਂ, ਦੁਨੀਆ ਦੇ ਸੋਹਣੇ ਰੂਪਾਂ ਅਤੇ ਪਦਾਰਥਾਂ ਦੇ ਰਸਾਂ-ਸੁਆਦਾਂ ਵਿਚ ਬੀਤ ਰਹੀ ਹੈ; ਕਿਸੇ ਦੀ ਉਮਰ ਮਾਂ ਪਿਉ ਪੁੱਤਰ ਆਦਿਕ ਪਰਵਾਰ ਦੇ ਮੋਹ ਵਿਚ ਗੁਜ਼ਰ ਰਹੀ ਹੈ; ਕਿਸੇ ਮਨੁੱਖ ਦੀ ਉਮਰ ਰਾਜ ਮਾਣਨ, ਭੁਇਂ ਦੀ ਮਾਲਕੀ, ਵਪਾਰ ਆਦਿਕ ਕਰਨ ਵਿਚ ਲੰਘ ਰਹੀ ਹੈ। ਹੇ ਭਾਈ! ਸਿਰਫ਼ ਸੰਤ ਦੀ ਉਮਰ ਪਰਮਾਤਮਾ ਦੇ ਨਾਮ ਦੇ ਆਸਰੇ ਬੀਤਦੀ ਗੁਜਰਦੀ ਹੈ।੧। ਹੇ ਭਾਈ! ਪਰਮਾਤਮਾ ਸਦਾ ਕਾਇਮ ਰਹਿਣ ਵਾਲਾ ਹੈ। ਇਹ ਸਾਰੀ ਸ੍ਰਿਸ਼ਟੀ ਉਸੇ ਦੀ ਪੈਦਾ ਕੀਤੀ ਹੋਈ ਹੈ। ਇਕ ਉਹੀ ਹਰੇਕ ਜੀਵ ਦਾ ਮਾਲਕ ਹੈ।੧।ਰਹਾਉ। ਹੇ ਭਾਈ! ਕਿਸੇ ਮਨੁੱਖ ਦੀ ਉਮਰ ਵੇਦ ਆਦਿਕ ਧਰਮ-ਪੁਸਤਕ ਪੜ੍ਹਨ ਅਤੇ ਧਾਰਮਿਕ ਚਰਚਾ ਵਿਚ ਗੁਜ਼ਰ ਰਹੀ ਹੈ; ਕਿਸੇ ਮਨੁੱਖ ਦੀ ਜ਼ਿੰਦਗੀ ਜੀਭ ਦੇ ਸੁਆਦ ਵਿਚ ਬੀਤ ਰਹੀ ਹੈ; ਕਿਸੇ ਦੀ ਉਮਰ ਇਸਤ੍ਰੀ ਨਾਲ ਕਾਮ-ਪੂਰਤੀ ਵਿਚ ਲੰਘਦੀ ਜਾਂਦੀ ਹੈ। ਹੇ ਭਾਈ! ਸੰਤ ਹੀ ਸਿਰਫ਼ ਪਰਮਾਤਮਾ ਦੇ ਨਾਮ ਵਿਚ ਮਸਤ ਰਹਿੰਦੇ ਹਨ।੨। ਹੇ ਭਾਈ! ਕਿਸੇ ਮਨੁੱਖ ਦੀ ਉਮਰ ਜੂਆ ਖੇਡਦਿਆਂ ਲੰਘ ਜਾਂਦੀ ਹੈ; ਕੋਈ ਮਨੁੱਖ ਅਫ਼ੀਮ ਆਦਿਕ ਨਸ਼ੇ ਦਾ ਆਦੀ ਹੋ ਜਾਂਦਾ ਹੈ ਉਸ ਦੀ ਉਮਰ ਨਸ਼ਿਆਂ ਵਿਚ ਹੀ ਗੁਜ਼ਰਦੀ ਹੈ; ਕਿਸੇ ਦੀ ਉਮਰ ਪਰਾਇਆ ਧਨ ਚੁਰਾਂਦਿਆ ਬੀਤਦੀ ਹੈ; ਪਰ ਪ੍ਰਭੂ ਦੇ ਭਗਤਾਂ ਦੀ ਉਮਰ ਪ੍ਰਭੂ ਦਾ ਨਾਮ ਸਿਮਰਦਿਆਂ ਗੁਜ਼ਰਦੀ ਹੈ।੩। ਹੇ ਭਾਈ! ਕਿਸੇ ਮਨੁੱਖ ਦੀ ਉਮਰ ਜੋਗ-ਸਾਧਨ ਕਰਦਿਆਂ, ਕਿਸੇ ਦੀ ਧੂਣੀਆਂ ਤਪਾਂਦਿਆਂ, ਕਿਸੇ ਦੀ ਦੇਵ-ਪੂਜਾ ਕਰਦਿਆਂ ਗੁਜ਼ਰਦੀ ਹੈ; ਕਿਸੇ ਬੰਦੇ ਦੀ ਉਮਰ ਰੋਗਾਂ ਵਿਚ, ਗ਼ਮਾਂ ਵਿਚ, ਅਨੇਕਾਂ ਭਟਕਣਾਂ ਵਿਚ ਬੀਤਦੀ ਹੈ; ਕਿਸੇ ਮਨੁੱਖ ਦੀ ਸਾਰੀ ਉਮਰ ਪ੍ਰਾਣਾਯਾਮ ਕਰਦਿਆਂ ਲੰਘ ਜਾਂਦੀ ਹੈ; ਪਰ ਸੰਤ ਦੀ ਉਮਰ ਗੁਜ਼ਰਦੀ ਹੈ ਪਰਮਾਤਮਾ ਦੀ ਸਿਫ਼ਤਿ ਸਾਲਾਹ ਦੇ ਗੀਤ ਗਾਉਂਦਿਆਂ।੪। ਹੇ ਭਾਈ! ਕਿਸੇ ਦੀ ਉਮਰ ਬੀਤਦੀ ਹੈ ਦਿਨੇ ਰਾਤ ਤੁਰਦਿਆਂ; ਪਰ ਕਿਸੇ ਦੀ ਲੰਘਦੀ ਹੈ ਇਕੋ ਥਾਂ ਮੱਲ ਕੇ ਬੈਠੇ ਰਿਹਾਂ; ਕਿਸੇ ਮਨੁੱਖ ਦੀ ਉਮਰ ਮੁੰਡੇ ਪੜਾਂਦਿਆ ਲੰਘ ਜਾਂਦੀ ਹੈ; ਸੰਤ ਦੀ ਉਮਰ ਬੀਤਦੀ ਹੈ ਪਰਮਾਤਮਾ ਦੀ ਸਿਫ਼ਤਿ ਸਾਲਾਹ ਦੇ ਗੀਤ ਗਾਉਂਦਿਆਂ।੫। ਕਿਸੇ ਮਨੁੱਖ ਦੀ ਜ਼ਿੰਦਗੀ ਨਟਾਂ ਵਾਲੇ ਨਾਟਕ ਅਤੇ ਨਾਚ ਕਰਦਿਆਂ ਗੁਜ਼ਰਦੀ ਹੈ; ਕਿਸੇ ਮਨੁੱਖ ਦੀ ਇਹ ਉਮਰ ਡਾਕੇ ਮਾਰਦਿਆਂ ਲੰਘ ਜਾਂਦੀ ਹੈ; ਕਿਸੇ ਮਨੁੱਖ ਦੀ ਜ਼ਿੰਦਗੀ ਰਾਜ-ਦਰਬਾਰ ਵਿਚ ਰਹਿ ਕੇ ਥਰ-ਥਰ ਕੰਬਦਿਆਂ ਹੀ ਗੁਜ਼ਰਦੀ ਹੈ; ਸੰਤ ਦੀ ਉਮਰ ਪ੍ਰਭੂ ਦੀ ਸਿਫ਼ਤਿ ਸਾਲਾਹ ਕਰਦਿਆਂ ਲੰਘਦੀ ਹੈ।੬। ਦੁਨੀਆਂ ਦੀਆਂ ਔਖਿਆਈਆਂ ਦੇ ਕਾਰਨ ਕਿਸੇ ਦੀ ਉਮਰ ਗਿਣਤੀਆਂ ਗਿਣਦਿਆਂ ਲੰਘ ਜਾਂਦੀ ਹੈ; ਜ਼ਿੰਦਗੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਕਿਸੇ ਦੀ ਜ਼ਿੰਦਗੀ ਨੌਕਰੀ ਕਰਦਿਆਂ ਗੁਜ਼ਰ ਜਾਂਦੀ ਹੈ; ਕਿਸੇ ਮਨੁੱਖ ਦੀ ਸਾਰੀ ਉਮਰ ਖੋਜ-ਭਾਲ ਕਰਦਿਆਂ ਬੀਤਦੀ ਹੈ; ਸੰਤ ਦੀ ਉਮਰ ਬੀਤਦੀ ਹੈ ਪਰਮਾਤਮਾ ਦਾ ਨਾਮ-ਅੰਮ੍ਰਿਤ ਪੀਂਦਿਆਂ।੭। ਪਰ, ਹੇ ਭਾਈ! ਨਾਂਹ ਕੋਈ ਜੀਵ ਮੂਰਖ ਹੈ ਨਾਂਹ ਕੋਈ ਸਿਆਣਾ ਹੈ; ਜਿਸ ਕੰਮ ਵਿਚ ਪਰਮਾਤਮਾ ਨੇ ਕਿਸੇ ਨੂੰ ਲਾਇਆ ਹੈ ਉਸੇ ਵਿਚ ਉਹ ਲੱਗਾ ਹੋਇਆ ਹੈ। ਹੇ ਨਾਨਕ ਆਖ- ਪ੍ਰਭੂ ਮਿਹਰ ਕਰ ਕੇ ਜਿਸ ਮਨੁੱਖ ਨੂੰ ਆਪਣਾ ਨਾਮ ਬਖ਼ਸ਼ਦਾ ਹੈ, ਮੈਂ ਉਸ ਤੋਂ ਸਦਕੇ ਜਾਂਦਾ ਹਾਂ ਕੁਰਬਾਨ ਜਾਂਦਾ ਹਾਂ।੮।੩। (ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ)

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ

ABOUT THE AUTHOR

...view details