ਸਿੱਧੂ ਮੂਸੇਵਾਲਾ ਦੇ ਬੁੱਤ ਨੂੰ ਕੁੜੀਆਂ ਨੇ ਨਮ ਅੱਖਾਂ ਨਾਲ ਬੰਨ੍ਹੀਆਂ ਰੱਖੜੀਆਂ
ਮਾਨਸਾ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਨੂੰ ਦੋ ਮਹੀਨੇ ਤੋਂ ਜ਼ਿਆਦਾ ਹੋ ਚੁੱਕੇ ਹਨ, ਪਰ ਸਿੱਧੂ ਮੂਸੇਵਾਲਾ ਨੂੰ ਚਾਹੁਣ ਵਾਲੇ ਲੋਕਾਂ ਦੇ ਦਿਲਾਂ ਵਿੱਚ ਪਿਆਰ ਦੀ ਭਾਵਨਾ ਘੱਟ ਨਹੀਂ ਹੋਈ ਹੈ। ਲੋਕ ਜਿੱਥੇ ਸਿੱਧੂ ਮੂਸੇਵਾਲਾ ਦੀ ਯਾਦਗਾਰ ਤੇ ਸ਼ਰਧਾ ਨਾਲ ਸਿਰ ਝੁਕਾਉਂਦੇ ਹਨ, ਉੱਥੇ ਯਾਦਗਾਰ ਤੇ ਪਹੁੰਚਣ ਵਾਲੀਆਂ ਕੁੜੀਆਂ ਰੱਖੜੀ ਦੇ ਤਿਉਹਾਰ ਦੀ ਆਮਦ ਤੋਂ ਪਹਿਲਾਂ ਹੀ ਨਮ ਅੱਖਾਂ ਨਾਲ ਸਿੱਧੂ ਮੂਸੇਵਾਲਾ ਦੇ ਗੁੱਟ ਤੇ ਰੱਖੜੀਆਂ ਸਜਾ ਵਿਛੁੜ ਚੁੱਕੇ ਭਰਾ ਨਾਲ ਰਿਸ਼ਤੇ ਨੂੰ ਮਜ਼ਬੂਤ ਕਰ ਰਹੀਆਂ ਹਨ। ਇਸ ਮੌਕੇ ਰੱਖੜੀਆਂ ਬੰਨ੍ਹਣ ਆਈਆਂ ਲੜਕੀਆਂ ਅਤੇ ਬੱਚੀਆਂ ਨੇ ਕਿਹਾ ਕਿ ਅਜਿਹਾ ਪੁੱਤਰ ਹਰੇਕ ਮਾਂ ਨੂੰ ਮਿਲੇ ਤੇ ਅਜਿਹਾ ਭਰਾ ਹਰੇਕ ਭੈਣ ਨੂੰ ਮਿਲੇ। ਉਨ੍ਹਾਂ ਕਿਹਾ ਕਿ ਕੋਈ ਇਨਸਾਨ ਹੀ ਅਜਿਹਾ ਹੋਵੇਗਾ, ਜੋ ਹਰ ਮਾਂ ਅਤੇ ਭੈਣ ਨੂੰ ਇੰਨੀ ਇੱਜ਼ਤ ਦੇਵੇਗਾ ਜਿੰਨੀ ਇੱਜ਼ਤ ਸਿੱਧੂ ਮੂਸੇਵਾਲਾ ਹਰ ਮਾਂ, ਭੈਣ ਅਤੇ ਬੇਟੀ ਨੂੰ ਦਿੰਦਾ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਸਿੱਧੂ ਮੂਸੇਵਾਲਾ ਦੀ ਸਮਾਧ ਤੇ ਆ ਕੇ ਬਹੁਤ ਖੁਸ਼ੀ ਹੋਈ ਹੈ।