ਸੰਗਰੂਰ: ਪਿੰਡ ਸਾਦੀਹਰੀ 'ਚ ਨਜ਼ੂਲ ਜ਼ਮੀਨ ਦਾ ਮਾਮਲਾ ਪਿਛਲੇ ਤਕਰੀਬਨ 2 ਸਾਲ ਤੋਂ ਭੱਖਿਆ ਹੋਇਆ ਹੈ। ਜਿੱਥੇ ਪਿੰਡ ਦੇ ਹੀ ਐਸ.ਸੀ ਪਰਿਵਾਰਾਂ ਦੇ ਦੋ ਗਰੁੱਪ ਬਣ ਹਨ,ਜਿੰਨਾ ਵਿੱਚ ਇਸ ਜ਼ਮੀਨ ਨੂੰ ਲੈ ਕੇ ਆਏ ਦਿਨ ਮਾਹੌਲ਼ ਤਣਾਅਪੂਰਨ ਬਣ ਜਾਂਦਾ ਹੈ ਅਤੇ ਪ੍ਰਸਾਸ਼ਨ ਨੂੰ ਹੱਥਾਂ ਪੈਰਾਂ ਦੀਆਂ ਪੈ ਜਾਂਦੀਆਂ ਹਨ। ਇਸੇ ਨੂੰ ਲੈ ਕੇ ਪਿੰਡ ਦੀ ਇੱਕ ਧਿਰ ਵੱਲੋਂ ਸ਼ਾਂਤ ਮਈ ਰੋਸ ਪ੍ਰਦਰਸ਼ਨ ਕਰਦੇ ਹੋਏ ਦੂਜੀ ਧਿਰ ਦੇ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ।
ਸ਼ਿਕਾਇਤ ਕਰਤਾ ਦਾ ਬਿਆਨ: ਇਸ ਮੌਕੇ ਸਤਿਗੁਰ ਸਿੰਘ ਅਤੇ ਸੁਖਵਿੰਦਰ ਸਿੰਘ ਨੇ ਕਿਹਾ ਕਿ ਸਾਡੇ ਪੁਰਖਿਆਂ ਦੀ ਜ਼ਮੀਨ ਹੈ ਕੋਈ ਪੰਚਾਇਤੀ ਜ਼ਮੀਨ ਨਹੀਂ ਹੈ। ਇਸ ਲਈ ਸਾਡਾ ਇਸ ਜ਼ਮੀਨ 'ਤੇ ਪੂਰਾ ਹੱਕ ਹੈ। ਇਸ ਨਜ਼ੂਲ ਜ਼ਮੀਨ ਦੇ 26 ਕਿੱਲੇ ਹਨ। ਜਿਸ 'ਤੇ ਦੂਜੀ ਧਿਰ ਨੇ ਆਪਣਾ ਕਬਜ਼ਾ ਕੀਤਾ ਹੋਇਆ ਹੈ। ਉਨ੍ਹਾਂ ਆਖਿਆ ਕਿ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਸਾਡੇ ਨਾਲ ਧੱਕਾ ਕਰ ਰਹੀ ਹੈ । ਪੱਤਰਕਾਰਾਂ ਨਾਲ ਗੱਲ ਕਰਦੇ ਉਨ੍ਹਾਂ ਆਖਿਆ ਕਿ ਦੂਜੀ ਧਿਰ ਗੈਰਕਾਨੂੰਨੀ ਤਰੀਕੇ ਨਾਲ ਜ਼ਮੀਨ 'ਤੇ ਕਬਜ਼ਾ ਕਰੀ ਬੈਠੀ ਹੈ ਜਦਕਿ ਸਾਡੇ ਕੋਲ ਸਟੇਅ ਆਰਡਰ ਵੀ ਹਨ, ਫਿਰ ਵੀ ਇਹ ਲੋਕ ਗੁੰਡਾਗਰਦੀ ਕਰਦੇ ਹਨ ਅਤੇ ਔਰਤਾਂ ਨਾਲ ਗਾਲੀ ਗਲੋਚ ਕਰਦੇ ਹਨ।
ਪ੍ਰਸਾਸ਼ਨ 'ਤੇ ਇਲਜ਼ਾਮ: ਸਤਿਗੁਰ ਸਿੰਘ ਅਤੇ ਸੁਖਵਿੰਦਰ ਸਿੰਘ ਵੱਲੋਂ ਪ੍ਰਸਾਸ਼ਨ 'ਤੇ ਵੀ ਗੰਭੀਰ ਇਲਜ਼ਾਮ ਲਗਾਏ ਹਨ। ਉਨ੍ਹਾਂ ਆਖਿਆ ਕਿ ਦੂਜੀ ਧਿਰ ਨੂੰ ਪੁਲਿਸ ਦੀ ਪੂਰੀ ਸ਼ੈਅ ਹੈ ਜਿਸ ਕਾਰਨ ਉਨ੍ਹਾਂ ਨੂੰ ਹੌਂਸਲਾ ਮਿਲ ਰਿਹਾ ਹੈ ਅਤੇ ਉਹ ਬੇਖੌਫ਼ ਹੋ ਕੇ ਆਪਣੀ ਮਨਮਰਜ਼ੀ ਕਰ ਰਹੇ ਹਨ। ਇੰਨਾਂ ਹੀ ਨਹੀਂ ਇਨ੍ਹਾਂ ਵੱਲੋਂ ਪ੍ਰਸਾਸ਼ਨ 'ਤੇ ਵੀ ਧਮਕੀਆਂ ਦੇਣ ਦੇ ਇਲਜ਼ਾਮ ਲਗਾਏ ਗਏ ਹਨ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਜਲਦ ਇਸ ਮਾਮਲੇ ਵੱਲ ਧਿਆਨ ਦੇਕੇ ਇਸ ਦਾ ਹੱਲ ਕਰਵਾਇਆਂ ਜਾਵੇ ਨਹੀਂ ਤਾਂ ਜੇਕਰ ਕੋਈ ਜਾਨੀ ਨੁਕਸਾਨ ਹੁੰਦਾ ਹੈ ਤਾਂ ਉਸ ਦੀ ਜ਼ਿੰਮੇਵਾਰ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਸਾਰੇ ਆਗੂ ਹੋਣਗੇ।
ਕਬਜ਼ਾਕਰਤਾ ਦਾ ਪੱਖ: ਇਸ ਮੌਕੇ ਜਦੋਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂ ਮੱਖਣ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਜ਼ਮੀਨ 'ਤੇ ਸਾਡਾ ਕਬਜ਼ਾ ਹੈ ਅਤੇ ਅਸੀਂ ਆਪਣਾ ਹੱਕ ਨਹੀਂ ਛੱਡਾਂਗੇ। ਦੂਜੇ ਪਾਸੇ ਉਨ੍ਹਾਂ ਵੱਲੋਂ ਲਾਏ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਗਿਆ।
ਜਾਂਚ ਅਧਿਕਾਰੀ ਦਾ ਬਿਆਨ: ਜਦ ਇਸ ਮਾਮਲੇ ਸੰਬੰਧੀ ਚੌਂਕੀ ਇੰਚਾਰਜ ਗੁਰਦੇਵ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਮਾਮਲਾ ਪਿਛਲੇ ਦੋ ਸਾਲ ਤੋਂ ਚਲਦਾ ਆ ਰਿਹਾ ਹੈ ਜਦ ਕਿ ਇਹਨਾਂ ਦੋਵੇਂ ਧਿਰਾਂ ਦਾ ਰੋਲਾ ਕੋਰਟ ਵਿੱਚ ਚੱਲ ਰਿਹਾ ਹੈ। ਪੁਲਿਸ ਪ੍ਰਸਾਸ਼ਨ ਦੀ ਇਸ ਮਾਮਲੇ ਤੇ ਪਲ ਪਲ ਦੀ ਨਿਗਰਾਨੀ ਹੈ ਅਤੇ ਕਿਸੇ ਨੂੰ ਵੀ ਕਾਨੂੰਨ ਦੀ ਉਲੰਘਣਾ ਨਹੀਂ ਕਰਨ ਦਿੱਤੀ ਜਾਵੇਗੀ।