ਜਿੱਤ ਤੋਂ ਬਾਅਦ ਸਿਮਰਨਜੀਤ ਮਾਨ ਦਾ ਵਿਰੋਧੀਆਂ ’ਤੇ ਹਮਲਾ, ਸੁਣੋ ਲੋਕਸਭਾ 'ਚ ਕਿਹੜੇ ਮੁੱਦੇ ਚੁੱਕਣਗੇ ਮਾਨ ?

author img

By

Published : Jun 26, 2022, 3:51 PM IST

Updated : Jun 26, 2022, 4:13 PM IST

ਸੰਗਰੂਰ ਜ਼ਿਮਨੀ ਚੋਣ ਵਿੱਚ ਜਿੱਤ ਤੋਂ ਬਾਅਦ ਸਿਮਰਨਜੀਤ ਮਾਨ ਵੱਲੋਂ ਪ੍ਰੈਸ ਕਾਨਫਰੰਸ

ਸੰਗਰੂਰ ਦੀ ਲੋਕਸਭਾ ਜ਼ਿਮਨੀ ਚੋਣ ਜਿੱਤਣ ਤੋਂ ਬਾਅਦ ਸਿਮਰਨਜੀਤ ਮਾਨ ਨੇ ਸੂਬੇ ਦੀਆਂ ਵਿਰੋਧੀ ਪਾਰਟੀਆਂ ਨੂੰ ਠੋਕਵਾਂ ਜਵਾਬ ਦਿੱਤਾ ਹੈ। ਇਸਦੇ ਨਾਲ ਹੀ ਉਨ੍ਹਾਂ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਵੀ ਜੰਮਕੇ ਭੜਾਸ ਕੱਢੀ ਹੈ। ਇਸ ਦੌਰਾਨ ਉਨ੍ਹਾਂ ਨੇ ਪੰਜਾਬ ਦੇ ਮੁੱਦਿਆਂ ਬਾਰੇ ਵੀ ਅਹਿਮ ਗੱਲਾਂ ਦੱਸੀਆਂ ਹਨ।

ਸੰਗਰੂਰ: ਲੋਕਸਭਾ ਦੀ ਜ਼ਿਮਨੀ ਚੋਣ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੀ ਵੱਡੀ ਜਿੱਤ ਹੋਈ ਹੈ। ਇਸ ਜਿੱਤ ਤੋਂ ਬਾਅਦ ਸਿਮਰਨਜੀਤ ਸਿੰਘ ਵੱਲੋਂ ਸੰਗਰੂਰ ਵਿਖੇ ਪ੍ਰੈੱਸ ਕਾਨਫਰੰਸ ਕੀਤੀ ਗਈ ਹੈ। ਮਾਨ ਵੱਲੋਂ ਪ੍ਰੈੱਸ ਕਾਨਫਰੰਸ ਕਰ ਸੂਬੇ ਦੀਆਂ ਵਿਰੋਧੀ ਪਾਰਟੀਆਂ ਉੱਪਰ ਤਿੱਖਾ ਸ਼ਬਦੀ ਹਮਲਾ ਕੀਤਾ ਗਿਆ ਹੈ। ਉਨ੍ਹਾਂ ਵਿਰੋਧੀ ਪਾਰਟੀਆਂ ’ਤੇ ਵਰ੍ਹਦਿਆਂ ਕਿਹਾ ਕਿ ਬੜੇ ਸਮੇਂ ਬਾਅਦ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ ਜਿੱਤ ਹਾਸਿਲ ਹੋਈ ਹੈ।

ਆਪ,ਕਾਂਗਰਸ, ਅਕਾਲੀ ਦਲ ਤੇ ਭਾਜਪਾ ’ਤੇ ਵਰ੍ਹੇ ਮਾਨ: ਮਾਨ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਆਪ, ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਭਾਜਪਾ ਦਾ ਸੰਗਰੂਰ ਦੇ ਲੋਕਾਂ ਨੇ ਲੱਕ ਤੋੜ ਦਿੱਤਾ ਹੈ। ਮਾਨ ਨੇ ਕਿਹਾ ਕਿ ਇੱਕ ਛੋਟੇ ਜਿਹੇ ਬੰਦੇ ਵੱਲੋਂ ਪੰਜਾਬ ਦੇ ਵੱਡੇ ਸਿਆਸੀ ਲੋਕਾਂ ਨੂੰ ਹਰਾਇਆ ਗਿਆ ਹੈ। ਇਸ ਦੌਰਾਨ ਸਿਮਰਨਜੀਤ ਮਾਨ ਵੱਲੋਂ ਪੰਜਾਬ ਦੇ ਖਜਾਨਾ ਮੰਤਰੀ ਹਰਪਾਲ ਚੀਮਾ ਨੂੰ ਠੋਕਵਾਂ ਜਵਾਬ ਦਿੱਤਾ ਗਿਆ ਹੈ। ਹਰਪਾਲ ਚੀਮਾ ਨੇ ਚੋਣ ਪ੍ਰਚਾਰ ਦੌਰਾਨ ਕਿਹਾ ਸੀ ਕਿ ਸਿਮਰਨਜੀਤ ਮਾਨ ਇਸ ਵਾਰ ਹਾਰਨ ਦਾ ਰਿਕਾਰਡ ਕਾਇਮ ਕਰਨਗੇ। ਮਾਨ ਨੇ ਕਿਹਾ ਕਿ ਜੇਕਰ ਖਜਾਨਾ ਮੰਤਰੀ ਨੂੰ ਇਹ ਨਹੀਂ ਪਤਾ ਕਿ ਕੌਣ ਜਿੱਤ ਰਿਹਾ ਤਾਂ ਉਸਨੂੰ ਖਜਾਨਾ ਮੰਤਰੀ ਨਹੀਂ ਹੋਣਾ ਚਾਹੀਦਾ। ਉਨ੍ਹਾਂ ਕਿਹਾ ਕਿ ਹਰਪਾਲ ਚੀਮਾ ਨੇ ਖਜਾਨਾ ਮੰਤਰੀ ਦੇ ਪਦ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ।

ਮਾਨ ਵੱਲੋਂ ਦੀਪ ਸਿੱਧੂ ਤੇ ਮੂਸੇਵਾਲਾ ਦਾ ਜ਼ਿਕਰ: ਸਿਮਰਨਜੀਤ ਮਾਨ ਨੇ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਜ਼ਿਕਰ ਕਰਦਿਆ ਕਿਹਾ ਹੈ ਕਿ ਉਹ ਭਿੰਡਰਾਂਵਾਲਿਆਂ ਦੀ ਸੇਧ ’ਤੇ ਚੱਲੇ ਹਨ। ਉਨ੍ਹਾਂ ਕਿਹਾ ਕਿ ਅਮਨ ਪਸੰਦ ਦੀ ਰਾਹ ’ਤੇ ਚੱਲਦਿਆਂ ਉਹ ਸੰਘਰਸ਼ ਵਿੱਚ ਰਹੇ ਹਨ ਜਿਸ ਦੀ ਬਦੌਲਤ ਜਿੱਤ ਹਾਸਿਲ ਹੋਈ ਹੈ। ਇਸ ਮੌਕੇ ਉਨ੍ਹਾਂ ਸਿੱਧੂ ਮੂਸੇਵਾਲਾ ਅਤੇ ਦੀਪ ਸਿੱਧੂ ਦੀ ਮੌਤ ਦਾ ਜ਼ਿਕਰ ਵੀ ਕੀਤਾ ਹੈ।

ਘੱਟ ਗਿਣਤੀਆਂ 'ਤੇ ਬੋਲੇ ਮਾਨ: ਉਨ੍ਹਾਂ ਕਿਹਾ ਦੀਪ ਸਿੱਧੂ ਤੇ ਮੂਸੇਵਾਲਾ ਦੀ ਸ਼ਹਾਦਤ ਨਾਲ ਸਿੱਖ ਕੌਮ ਜਾਗਰੂਕ ਹੋਈ ਹੈ। ਮਾਨ ਨੇ ਕੇਂਦਰ ਸਰਕਾਰ ’ਤੇ ਵਰ੍ਹਦਿਆਂ ਕਿਹਾ ਕਿ ਹਕੂਮਤ ਘੱਟ ਗਿਣਤੀਆਂ ਨਾਲ ਧੱਕਾ ਨਹੀਂ ਕਰ ਸਕਦੀ ਜੋ ਪਿਛਲੇ ਲੰਮੇ ਸਮੇਂ ਘੱਟ ਗਿਣਤੀ ’ਤੇ ਜ਼ਬਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਸ਼ਮੀਰ ਵਿੱਚ ਵੀ ਅਜਿਹਾ ਹੀ ਹੋ ਰਿਹਾ ਹੈ। ਉਨ੍ਹਾਂ ਕਿਹਾ ਮੁਸਲਮਾਨ ਭਾਈਚਾਰੇ ਨਾਲ ਲਗਾਤਾਰ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਇਸਦੇ ਨਾਲ ਹੀ ਮਾਨ ਨੇ ਕਿਹਾ ਕਿ ਦੇਸ਼ ਵਿੱਚ ਘੱਟ ਗਿਣਤੀਆਂ ਸੁਰੱਖਿਅਤ ਨਹੀਂ ਹਨ।

ਸੰਗਰੂਰ ਜ਼ਿਮਨੀ ਚੋਣ ਵਿੱਚ ਜਿੱਤ ਤੋਂ ਬਾਅਦ ਸਿਮਰਨਜੀਤ ਮਾਨ ਵੱਲੋਂ ਪ੍ਰੈਸ ਕਾਨਫਰੰਸ

ਆਦਿਵਾਸੀਆਂ ਬਾਰੇ ਕੀ ਬੋਲੇ ਮਾਨ?: ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਦੇਸ਼ ਦੇ ਕਈ ਹਿੱਸਿਆਂ ਵਿੱਚ ਵਸ ਰਹੇ ਆਦਿਵਾਸੀਆਂ ਨੂੰ ਨਕਸਲੀ ਕਹਿ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਜੋ ਕਿ ਸਰਾਸਰ ਗਲਤ ਹੈ। ਮਾਨ ਨੇ ਕਿਹਾ ਕਿ ਇਸ ਮਸਲੇ ਨੂੰ ਲੈਕੇ ਉਹ ਐਨਡੀਏ ਦੀ ਰਾਸ਼ਟਰਪਤੀ ਦੀ ਉਮੀਦਵਾਰ ਅਤੇ ਆਦਿਵਾਸੀਆਂ ਦੀ ਆਗੂ ਨਾਲ ਮੁਲਾਕਾਤ ਕਰਨਗੇ ਅਤੇ ਇਸ ਮੁੱਦੇ ਸਬੰਧੀ ਉਨ੍ਹਾਂ ਨਾਲ ਚਰਚਾ ਕਰਨਗੇ।

ਕਿਹੜੇ ਮੁੱਦੇ ਚੁੱਕਗਣਗੇ ਮਾਨ?: ਇਸ ਦੌਰਾਨ ਮਾਨ ਨੇ ਪਾਕਿਸਤਾਨੀ ਬਾਰਡਰ ਨੂੰ ਖੁੱਲ੍ਹਵਾਉਣ ਦੀ ਗੱਲ ਵੀ ਕਹੀ। ਉਨ੍ਹਾਂ ਕਿਹਾ ਕਿ ਵਾਹਗਾ ਸਰਹੱਦ ਨੂੰ ਖੋਲ੍ਹਵਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਤਾਂ ਕਿ ਪਾਕਿਸਤਾਨ ਸਮੇਤ ਹੋਰ ਦੇਸ਼ਾਂ ਦੇ ਨਾਲ ਵਪਾਰ ਚਲਾ ਕੇ ਪੰਜਾਬ ਨੂੰ ਖੁਸ਼ਹਾਲ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਅਜਿਹੇ ਸਾਰਿਆਂ ਮੁੱਦਿਆਂ ਨੂੰ ਲੋਕਸਭਾ ਵਿੱਚ ਦਲੀਲ ਨਾਲ ਚੁੱਕਿਆ ਜਾਵੇਗਾ। ਸਿਮਰਨਜੀਤ ਮਾਨ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਪਰ ਜੰਮਕੇ ਨਿਸ਼ਾਨੇ ਸਾਧੇ ਗਏ ਹਨ। ਉਨ੍ਹਾਂ ਪੀਐਮ ’ਤੇ ਵਰ੍ਹਦਿਆਂ ਕਿਹਾ ਕਿ ਉਨ੍ਹਾਂ ਨੇ ਕਦੇ ਚੀਨ ਵਿਰੁੱਧ ਨਹੀਂ ਬੋਲਿਆ ਕਿ ਉਹ ਲੱਦਾਖ ਵਿੱਚ ਲਗਾਤਾਰ ਕਬਜ਼ਾ ਕੀਤਾ ਜਾ ਰਿਹਾ ਹੈ।

5800 ਤੋਂ ਵੱਧ ਦੀ ਲੀਡ ਤੇ ਜਿੱਤੇ ਮਾਨ: ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਿਮਰਨਜੀਤ ਸਿੰਘ ਮਾਨ ਪੰਜਾਬ ਦੀ ਸੰਗਰੂਰ ਲੋਕ ਸਭਾ ਸੀਟ ਤੋਂ ਜਿੱਤ ਗਏ ਹਨ। ਉਨ੍ਹਾਂ ਨੂੰ 2,52,898 ਵੋਟਾਂ ਮਿਲੀਆਂ। ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਸਰਪੰਚ ਗੁਰਮੇਲ ਸਿੰਘ ਨੂੰ 5822 ਵੋਟਾਂ ਨਾਲ ਹਰਾਇਆ। ਗੁਰਮੇਲ ਨੂੰ 2,46,828 ਵੋਟਾਂ ਮਿਲੀਆਂ। ਚੋਣ ਕਮਿਸ਼ਨ ਨੇ ਮਾਨ ਦੀ ਜਿੱਤ ਦਾ ਰਸਮੀ ਐਲਾਨ ਕਰ ਦਿੱਤਾ ਹੈ। ਤੀਜੇ ਨੰਬਰ 'ਤੇ ਕਾਂਗਰਸ ਦੇ ਦਲਵੀਰ ਗੋਲਡੀ ਹਨ, ਜਿੰਨ੍ਹਾਂ ਨੂੰ 79,526 ਵੋਟਾਂ ਮਿਲੀਆਂ ਹਨ। ਇਸ ਦੇ ਨਾਲ ਹੀ ਭਾਜਪਾ ਦੇ ਕੇਵਲ ਢਿੱਲੋਂ ਚੌਥੇ ਨੰਬਰ 'ਤੇ ਰਹੇ ਜਿੰਨ੍ਹਾਂ ਨੂੰ 66,171 ਵੋਟਾਂ ਮਿਲੀਆਂ ਹਨ। ਪੰਜਵੇਂ ਨੰਬਰ 'ਤੇ ਅਕਾਲੀ ਦਲ ਦੀ ਕਮਲਦੀਪ ਕੌਰ ਰਾਜੋਆਣਾ ਰਹੀ ਹੈ। ਉਨ੍ਹਾਂ ਨੂੰ 44,323 ਵੋਟਾਂ ਮਿਲੀਆਂ ਹਨ।

ਇਹ ਵੀ ਪੜ੍ਹੋ: ਸੰਗਰੂਰ ਦਾ ਨਵਾਂ 'ਮਾਨ', ਜ਼ਿਮਨੀ ਚੋਣ ਜਿੱਤੇ ਸਿਮਰਨਜੀਤ ਮਾਨ

Last Updated :Jun 26, 2022, 4:13 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.