ਅਕਾਲੀ-ਬਸਪਾ ਗਠਜੋੜ ‘ਚ ਨਹੀਂ ਹੈ ਸਭ ਕੁਝ ਠੀਕ, ਜਾਣੋ ਕਿੱਥੇ-ਕਿੱਥੇ ਹੈ ਵਿਰੋਧ

author img

By

Published : Sep 14, 2021, 12:40 PM IST

Updated : Sep 14, 2021, 8:54 PM IST

ਸ਼੍ਰੋਮਣੀ ਅਕਾਲੀ ਦਲ ਨੂੰ ਸ੍ਰੀ ਚਮਕੌਰ ਸਾਹਿਬ ਤੋਂ ਝਟਕਾ

ਫਸਵੇਂ ਹਾਲਾਤ ਵਿੱਚ ਜਿਥੇ ਸ਼੍ਰੋਮਣੀ ਅਕਾਲੀ ਦਲ ਨੇ ਕਿਸਾਨਾਂ ਦੀ ਦੁਤਕਾਰੀ ਆਪਣੀ ਭਾਈਵਾਲ ਪਾਰਟੀ ਭਾਜਪਾ ਛੱਡ ਕੇ ਬਹੁਜਨ ਸਮਾਜ ਪਾਰਟੀ ਨੂੰ ਇਸ ਆਸ ਨਾਲ ਗਲੇ ਲਗਾਇਆ ਸੀ ਕਿ ਭਾਜਪਾ ਦੀ ਘਾਟ ਪੂਰੀ ਕਰਕੇ ਉਹ ਇਸ ਗਠਜੋੜ ਨਾਲ ਪੰਜਾਬ ਦੀ ਸੱਤਾ ‘ਤੇ ਕਾਬਜ ਹੋ ਜਾਏਗੀ, ਉਥੇ ਜਿਵੇਂ-ਜਿਵੇਂ ਟਿਕਟਾਂ ਤੇ ਦੀ ਵੰਡ ਹੋ ਰਹੀ ਹੈ, ਉਸ ਨਾਲ ਫਿਲਹਾਲ ਇਹ ਜਾਪ ਰਿਹਾ ਹੈ ਕਿ ਗਠਜੋੜ ਦੀਆਂ ਦੋਵੇਂ ਪਾਰਟੀਆਂ ਵਿੱਚ ਸਭ ਕੁਝ ਠੀਕ ਨਹੀੰ ਹੈ। ਇਸ ਗੱਠਜੋੜ ਦੇ ਵਿੱਚ ਸ੍ਰੀ ਚਮਕੌਰ ਸਾਹਿਬ (Chamkaur Sahib) ਦੀ ਸੀਟ ਅਕਾਲੀ ਦਲ (shiromani akali dal) ਤੋਂ ਬਹੁਜਨ ਸਮਾਜ ਪਾਰਟੀ ਨੂੰ ਸ਼ਿਫਟ ਕੀਤੀ ਗਈ ਹੈ ਪਰ ਇਥੇ ਅਕਾਲੀ ਦਲ ਵਿੱਚ ਵਿਰੋਧ ਹੋ ਗਿਆ ਹੈ। ਇਸੇ ਤਰ੍ਹਾਂ ਬਹੁਜਨ ਸਮਾਜ ਪਾਰਟੀ ਵੀ ਕਈ ਸੀਟਾਂ ‘ਤੇ ਅੰਦਰੂਨੀ ਵਿਰੋਧ ਝੱਲ ਰਹੀ ਹੈ।

ਸ੍ਰੀ ਚਮਕੌਰ ਸਾਹਿਬ: 2022 ਦੀਆਂ ਵਿਧਾਨਸਭਾ ਚੌਣਾਂ ਲਈ ਅਕਾਲੀ ਦਲ ਵੱਲੋਂ ਉਮੀਦਵਾਰਾਂ ਦਾ ਵੱਡੇ ਪੱਧਰ ‘ਤੇ ਐਲਾਨ ਕੀਤੇ ਜਾਣ ਦੇ ਨਾਲ ਹੀ ਹਲਕਾ ਚਮਕੌਰ ਸਾਹਿਬ ਤੋਂ ਇਸ ਪਾਰਟੀ ਨਾਲ ਪਿਛਲੀ ਤਿੰਨ ਪੀੜ੍ਹੀਆਂ ਤੋਂ ਜੁੜੇ ਪਰਿਵਾਰ ਦੇ ਮੌਜੂਦਾ ਸਰਗਰਮ ਆਗੂ ਹਰਮੋਹਣ ਸਿੰਘ ਸੰਧੂ ਨੇ ਅਸਤੀਫਾ ਦੇ ਦਿੱਤਾ ਹੈ। ਬਸਪਾ ਨਾਲ ਗਠਜੋੜ ਤੋਂ ਬਾਅਦ ਅਕਾਲੀ ਦਲ ਨੇ ਕਈ ਸੀਟਾਂ ‘ਤੇ ਅਦਲਾ ਬਦਲੀ ਕੀਤੀ ਸੀ ਤੇ ਸ਼ਾਇਦ ਸੰਧੂ ਵੀ ਇਸੇ ਉਮੀਦ ਵਿੱਚ ਸਨ ਕਿ ਇਥੇ ਵੀ ਕੋਈ ਫੇਰ ਬਦਲ ਹੋ ਜਾਏ ਪਰ ਅਜਿਹਾ ਨਹੀਂ ਹੋਇਆ ਤੇ ਸੰਧੂ ਨੇ ਅਸਤੀਫਾ ਦੇ ਦਿੱਤਾ। ਦੂਜੇ ਪਾਸੇ ਬਸਪਾ ਕੋਲ ਇਥੋਂ ਪਹਿਲਾਂ ਵੀ ਮਜਬੂਤ ਉਮੀਦਵਾਰ ਨਹੀਂ ਸੀ ਤੇ ਹੁਣ ਇਹ ਵੇਖਣਾ ਹੋਵੇਗਾ ਕਿ ਪਾਰਟੀ ਪੁਰਾਣੇ ਚਿਹਰੇ ਰਾਜਾ ਨਰਿੰਦਰ ਸਿੰਘ ਨਨਹੇੜੀਆਂ ‘ਤੇ ਦਾਅ ਖੇਡਦੀ ਹੈ ਜਾਂ ਕੋਈ ਹੋਰ ਚਿਹਰਾ ਲਿਆਵੇਗੀ। ਬਸਪਾ ਨੂੰ ਅਕਾਲੀ ਦਲ ਤੋਂ ਮਦਦ ਦੀ ਭਰਪੂਰ ਉਮੀਦ ਹੈ।

ਕਈ ਸੀਟਾਂ ‘ਤੇ ਹੈ ਅਕਾਲੀ ਦਲ ਵਰਕਰਾਂ ‘ਚ ਨਰਾਜਗੀ

ਉਪਰੋਕਤ ਤੋਂ ਸਪਸ਼ਟ ਨਜਰ ਆ ਰਿਹਾ ਹੈ ਕਿ ਜਿਨ੍ਹਾਂ ਸੀਟਾਂ ‘ਤੇ ਅਕਾਲੀ ਦਲ ਮਜਬੂਤ ਸਥਿਤੀ ਵਿੱਚ ਰਿਹਾ ਹੈ, ਉਹ ਸੀਟਾਂ ਬਸਪਾ ਦੇ ਖਾਤੇ ਜਾਣ ਨਾਲ ਇਨ੍ਹਾਂ ਸੀਟਾਂ ‘ਤੇ ਅਕਾਲੀ ਆਗੂਆਂ ਵਿੱਚ ਨਰਾਜਗੀ ਜੱਗ ਜਾਹਰ ਹੈ ਤੇ ਉਂਜ ਵੀ ਕਈ ਸੀਟਾਂ ‘ਤੇ ਅੰਦਰੂਨੀ ਵਿਰੋਧ ਜਾਰੀ ਹੈ। ਉਧਰ ਮੁਹਾਲੀ ਸੀਟ ਹਾਲਾਂਕਿ ਪਿਛਲੇ ਡੇਢ ਦਹਾਕਿਆਂ ਤੋਂ ਭਾਵੇਂ ਅਕਾਲੀ ਦਲ ਜਿੱਤ ਦਰਜ ਨਹੀਂ ਕਰਵਾ ਸਕਿਆ ਹੈ ਪਰ ਐਂਤਕੀ ਇਥੋਂ ਅਕਾਲੀ ਦਲ ਨੇ ਬਸਪਾ ਨੂੰ ਸੀਟ ਦੇ ਕੇ ਸਾਰੇ ਅਕਾਲੀ ਆਗੂਆਂ ਨੂੰ ਹੈਰਾਨ ਕਰ ਦਿੱਤਾ ਹੈ। ਇਸ ਵੇਲੇ ਇਸ ਹਲਕੇ ਤੋਂ ਅਕਾਲੀ ਦਲ ਦਾ ਉਮੀਦਵਾਰ ਨਾ ਹੋਣ ਕਾਰਨ ਵਰਕਰਾਂ ਵਿੱਚ ਨਿਰਾਸ਼ਾ ਹੈ। ਦੂਜੇ ਪਾਸੇ ਸੀਨੀਅਰ ਆਗੂ ਮਲੂਕਾ ਨੂੰ ਮਨਾਉਣ ਲਈ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਆਪ ਉਨ੍ਹਾਂ ਦੇ ਘਰ ਜਾਣਾ ਪਿਆ ਤੇ ਉਨ੍ਹਾਂ ਦੇ ਬੇਟੇ ਨੂੰ ਪਾਰਟੀ ਵਿੱਚ ਵੱਡਾ ਅਹੁਦਾ ਦੇਣ ‘ਤੇ ਹੀ ਮਲੂਕਾ ਚੋਣ ਲੜਨ ਲਈ ਰਾਜੀ ਹੋਏ। ਇਸ ਤੋਂ ਪਹਿਲਾਂ ਉਨ੍ਹਾਂ ਨੇ ਐਲਾਨੀ ਟਿਕਟ ਵਾਪਸ ਮੋੜ ਦਿੱਤੀ ਸੀ। ਅਕਾਲੀ ਦਲ ਨੂੰ ਇਸ ਤੋਂ ਪਹਿਲਾਂ ਆਪਣੇ ਪਰਿਵਾਰਕ ਮੈਂਬਰ ਆਦੇਸ਼ ਪ੍ਰਤਾਪ ਸਿੰਘ ਕੈਰੋਂ ਤੋਂ ਵੀ ਨਰਾਜਗੀ ਝੱਲਣੀ ਪਈ ਸੀ, ਉਨ੍ਹਾਂ ਦਾ ਵਿਰਸਾ ਸਿੰਘ ਵਲਟੋਹਾ ਨਾਲ ਖੇਮਕਰਣ ਸੀਟ ਦਾ ਰੌਲਾ ਰਿਹਾ ਹੈ।

ਰੋਸ ਦੇ ਬਾਵਜੂਦ ਅਦਲਾ ਬਦਲੀ ‘ ਮਜਬੂਤ ਹੋ ਰਿਹੈ ਬਸਪਾ ਦਾ ਦੋਆਬਾ

ਦੋਆਬੇ ਵਿੱਚ ਬਹੁਜਨ ਸਮਾਜ ਪਾਰਟੀ ਮਜਬੂਤ ਸਥਿਤੀ ਵਿੱਚ ਰਹੀ ਹੈ। ਗਠਜੋੜ ਵਿੱਚ ਸੀਟਾਂ ਦੀ ਵੰਡ ਦੌਰਾਨ ਪਾਰਟੀ ਆਗੂਆਂ ਵੱਲੋਂ ਫਿਲੌਰ, ਬੰਗਾ ਤੇ ਆਦਮਪੁਰ ਸੀਟਾਂ ਦੀ ਮੰਗ ਕੀਤੀ ਗਈ ਤੇ ਇਸ ਨੂੰ ਲੈ ਕੇ ਪਾਰਟੀ ਵਿੱਚ ਅੰਦਰ ਖਾਤੇ ਅਜੇ ਵੀ ਵਿਰੋਧ ਜਾਰੀ ਹੈ। ਦੂਜੇ ਪਾਸੇ ਅਕਾਲੀ ਦਲ ਇਨ੍ਹਾਂ ਸੀਟਾਂ ‘ਤੇ ਆਪਣੇ ਮੌਜੂਦਾ ਵਿਧਾਇਕਾਂ ਖਹਿਰਾ, ਡਾਕਟਰ ਸੁੱਖੀ ਅਤੇ ਪਵਨ ਟੀਨੂੰ ਕਾਰਨ ਇਹ ਸੀਟਾਂ ਗੁਆਉਣਾ ਨਹੀਂ ਚਾਹੁੰਦਾ। ਸੂਤਰ ਦੱਸਦੇ ਹਨ ਕਿ ਭਾਰੀ ਵਿਰੋਧ ਉਪਰੰਤ ਆਦਮਪੁਰ ਤੇ ਬੰਗਾ ਵਿੱਚ ਬਸਪਾ ਵਰਕਰਾਂ ਤੇ ਆਗੂਆਂ ਦਾ ਵਿਰੋਧ ਕੁਝ ਹੱਦ ਤੱਕ ਸ਼ਾਂਤ ਹੋਇਆ ਹੈ ਪਰ ਫਿਲੌਰ ਸੀਟ ‘ਤੇ ਅਜੇ ਵੀ ਮੁਹਿੰਮ ਜਾਰੀ ਹੈ ਕਿ ਇਹ ਸੀਟ ਬਸਪਾ ਦੇ ਖਾਤੇ ਲਿਆਂਦੀ ਜਾਵੇ। ਹਾਲਾਂਕਿ ਭਾਜਪਾ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਲ ਹੋਏ ਅਨਿਲ ਜੋਸ਼ੀ ਲਈ ਅੰਮ੍ਰਿਤਸਰ ਉੱਤਰੀ ਅਤੇ ਸੂਜਾਨਪੁਰ ਸੀਟ ‘ਤੇ ਮਜਬੂਤ ਉਮੀਦਵਾਰ ਮਿਲਣ ਕਾਰਨ ਅਕਾਲੀ ਦਲ ਨੇ ਇਨ੍ਹਾਂ ਸੀਟਾਂ ‘ਤੇ ਬਸਪਾ ਨਾਲ ਅਦਲਾ ਬਦਲੀ ਕੀਤੀ ਹੈ। ਮਾਝੇ ਦੀਆਂ ਇਨ੍ਹਾਂ ਸੀਟਾਂ ਦੇ ਬਦਲੇ ਬਸਪਾ ਨੂੰ ਦੋਆਬੇ ਵਿੱਚ ਸ਼ਾਮ ਚੁਰਾਸੀ ਤੇ ਕਪੂਰਥਲਾ ਸੀਟਾਂ ਦੇ ਦਿੱਤੀਆਂ ਹਨ। ਇਸ ਨਾਲ ਦੋਆਬੇ ਵਿੱਚ ਬਸਪਾ ਆਪਣੇ ਆਪ ਨੂੰ ਮਜਬੂਤ ਮਹਿਸੂਸ ਕਰ ਰਹੀ ਹੈ।

ਟਕਸਾਲੀ ਪਰਿਵਾਰ ਨੇ ਅਕਾਲੀ ਦਲ ਤੋਂ ਤੋੜਿਆ ਰਿਸ਼ਤਾ

ਦੱਸ ਦਈਏ ਕਿ ਸਤਵੰਤ ਕੌਰ ਸੰਧੂ ਟਕਸਾਲੀ ਆਗੂ ਮੰਨੇ ਜਾਂਦੇ ਸਨ ਅਤੇ ਉਨ੍ਹਾਂ ਦਾ ਪੂਰਾ ਪਰਿਵਾਰ ਅਕਾਲੀ ਦਲ ਵੱਲੋਂ ਇਲਾਕੇ ਦੀ ਸੇਵਾ ਕਰਨ ਦੇ ਲਈ ਜੁਟਿਆ ਰਹਿੰਦਾ ਸੀ ਪਰ ਇਨ੍ਹਾਂ ਵਿਚਾਲੇ ਰਿਸ਼ਤੇ ’ਚ 2017 ਦੀਆਂ ਚੋਣਾਂ ’ਚ ਪਹਿਲੀ ਵਾਰ ਦਿਖਾਈ ਦਿੱਤਾ ਜਿੱਥੇ ਉਨ੍ਹਾਂ ਦੇ ਪਰਿਵਾਰ ਨੂੰ ਟਿਕਟ ਦਿੰਦੇ ਹੋਏ ਕਿਸੇ ਹੋਰ ਨੂੰ ਟਿਕਟ ਦੇ ਦਿੱਤੀ ਗਈ। ਸ੍ਰੀ ਚਮਕੌਰ ਸਾਹਿਬ ਵਿਧਾਨਸਭਾ ਸੀਟ ਟਕਸਾਲੀ ਪਰਿਵਾਰ ਸਤਵੰਤ ਕੌਰ ਸੰਧੂ ਪੰਜ ਵਾਰ ਵਿਧਾਇਕ ਅਤੇ ਦੋ ਵਾਰ ਮੰਤਰੀ ਰਹਿ ਚੁੱਕੇ ਹਨ। ਇਸ ਸੀਟ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ 2017 ਦੀਆਂ ਚੋਣਾਂ ਚ ਉਮੀਦਵਾਰ ਬਦਲਣ ਤੋਂ ਬਾਅਦ ਜਸਟਿਸ ਨਿਰਮਲ ਸਿੰਘ ਨੂੰ ਸੀਟ ’ਤੇ ਉਤਾਰਿਆ ਗਿਆ ਸੀ ਜਿਨ੍ਹਾਂ ਨੂੰ ਹਾਰ ਮਿਲੀ ਸੀ।

ਕੌਣ ਹਨ ਹਰਮੋਹਣ ਸਿੰਘ ਸੰਧੂ

ਹਰਮੋਹਣ ਸਿੰਘ ਸੰਧੂ (Harmohan Sandhu quits party) ਸਾਬਕਾ ਕੈਬਨਿਟ ਮੰਤਰੀ ਸਤਵੰਤ ਕੌਰ ਸੰਧੂ ਦੇ ਪੁੱਤਰ ਹਨ ਜਿਨ੍ਹਾਂ ਨੇ ਐੱਸਐੱਸਪੀ ਦੀ ਨੌਕਰੀ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਚ ਸ਼ਾਮਲ ਹੋਏ ਸੀ। ਸੂਤਰਾਂ ਦੇ ਹਵਾਲੇ ਤੋਂ ਸਾਹਮਣੇ ਆਇਆ ਹੈ ਕਿ ਸੁਖਬੀਰ ਸਿੰਘ ਬਾਦਲ ਵੱਲੋਂ ਵਾਅਦਾ ਕੀਤਾ ਗਿਆ ਸੀ ਕਿ ਉਹ ਉਨ੍ਹਾਂ ਨੂੰ ਵਿਧਾਨਸਭਾ ਚੋਣ ਦੀ ਟਿਕਟ ਦੇਣਗੇ। ਜਿਸ ਤੋਂ ਬਾਅਦ ਉਨ੍ਹਾਂ ਨੇ ਸਾਲ 2016 ’ਚ ਐੱਸਐੱਸਪੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਪਰ ਉਸ ਸਮੇਂ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਕਹਿਣ ਤੋਂ ਅਸਤੀਫਾ ਵਾਪਸ ਲੈ ਲਿਆ ਸੀ ਅਤੇ 2017 ਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਸੇ ਸੀਟ ਤੋਂ ਜਸਟਿਸ ਨਿਰਮਲ ਸਿੰਘ ਨੂੰ ਉਤਾਰ ਦਿੱਤਾ ਗਿਆ ਸੀ।

ਸ੍ਰੀ ਚਮਕੌਰ ਸਾਹਿਬ ’ਚ ਬਦਲੇ ਸਿਆਸੀ ਸਮੀਕਰਨ

ਦੱਸ ਦਈਏ ਕਿ ਹਰਮੋਹਣ ਸਿੰਘ ਸੰਧੂ ਵੱਲੋਂ ਸ਼੍ਰੋਮਣੀ ਅਕਾਲੀ ਦਲ ਤੋਂ ਅਸਤੀਫਾ ਦੇ ਦਿੱਤਾ ਹੈ। ਹਰਮੋਹਣ ਸਿੰਘ ਸੰਧੂ ਆਪਣੀ ਐੱਸਐੱਸਪੀ ਦੀ ਨੌਕਰੀ ਛੱਡ ਕੇ ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਲ ਹੋਏ ਸੀ। ਹਰਮੋਹਣ ਸਿੰਘ ਸੰਧੂ ਨੇ ਆਪਣੇ ਅਸਤੀਫਾ ਦੀ ਜਾਣਕਾਰੀ ਫੇਸਬੁੱਕ ਪੋਸਟ (Facebook page) ਰਾਹੀ ਦਿੱਤੀ। ਰਾਜਨੀਤੀ ਚ ਆਉਣ ਤੋਂ ਬਾਅਦ ਕਰੀਬ ਸਾਢੇ ਚਾਰ ਸਾਲ ਤੋਂ ਹਲਕੇ ਦੇ ਵੀ ਸਰਗਰਮ ਨਜ਼ਰ ਆ ਰਹੇ ਸੀ। ਇਸ ਦੌਰਾਨ ਉਨ੍ਹਾਂ ਵੱਲੋਂ ਆਪਣਾ ਨਵਾਂ ਕੈਡਰ ਵੀ ਬਣਾ ਲਿਆ ਗਿਆ ਸੀ। ਖੈਰ ਹੁਣ ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਕਹਿਣ ਤੋਂ ਬਾਅਦ ਵਿਧਾਨਸਭਾ ਸ੍ਰੀ ਚਮਕੌਰ ਸਾਹਿਬ ਦੇ ਸਿਆਸੀ ਸਮੀਕਰਨ ਬਦਲੇ ਨਜਰ ਆ ਰਹੇ ਹਨ ਹੁਣ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਹਰਮੋਹਣ ਸਿੰਘ ਸੰਧੂ ਰਾਜਨੀਤੀਕ ਪਾਰਟੀ ਵੱਲ ਜਾਣਗੇ ਜਾਂ ਨਹੀਂ।

ਫੇਸਬੁੱਕ ਪੋਸਟ ਰਾਹੀ ਲੋਕਾਂ ਨੂੰ ਕਹੀ ਇਹ ਗੱਲ

ਅਸਤੀਫੇ ਤੋਂ ਬਾਅਦ ਹਰਮੋਹਣ ਸਿੰਘ ਸੰਧੂ ਨੇ ਆਪਣੇ ਵਿਟਾਰ ਸੋਸ਼ਲ ਮੀਡੀਆ ’ਤੇ ਸਾਂਝੇ ਕੀਤੇ। ਉਨ੍ਹਾਂ ਨੇ ਲੋਕਾਂ ਨੂੰ ਕਿਹਾ ਕਿ ਸਮੂਹ ਸੰਗਤ ਪੰਜਾਬ ਨੂੰ ਕਾਂਗਰਸ ਅਤੇ ਸ਼੍ਰੀ ਚਮਕੌਰ ਸਾਹਿਬ ਨੂੰ ਸ.ਚਰਨਜੀਤ ਸਿੰਘ ਚੰਨੀ ਤੋਂ ਮੁਕਤ ਕਰਾਉਣ ਲਈ ਮਨ ਬਣਾ ਚੁੱਕੀ ਹੈ, ਸੋ ਉਪਰੋਕਤ ਦੀ ਰੌਸ਼ਨੀ ਵਿੱਚ ਮੰਤਰੀ ਚੰਨੀ ਨੂੰ ਹਰਾਉਣ ਲਈ ਸਮੂਹ ਸੰਗਤ ਦਾ ਜੋ ਵੀ ਫੈਸਲਾ ਹੋਵੇਗਾ ਉਸਨੂੰ ਅਮਲੀ ਜਾਮਾ ਪਹਿਨਾਉਣ ਲਈ ਹਰ ਹੀਲਾ ਵਸੀਲਾ ਵਰਤਿਆ ਜਾਵੇਗਾ।

ਜ਼ਿਕਰਯੋਗ ਹੈ ਕਿ ਵਿਧਾਨਸਬਾ ਚੋਣਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਗੱਠਜੋੜ ਹੋਇਆ, ਜਿਸ ਬਾਬਤ ਸ੍ਰੀ ਚਮਕੌਰ ਸਾਹਿਬ ਵਿਧਾਨ ਸਭਾ ਹਲਕਾ ਬਹੁਜਨ ਸਮਾਜ ਪਾਰਟੀ ਦੇ ਖਾਤੇ ਵਿੱਚ ਆਇਆ ਇਸ ਵਿਧਾਨ ਸਭਾ ਸੀਟ ਉੱਤੇ ਮੌਜੂਦਾ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਵਿਧਾਇਕ ਹਨ ਜੋ ਕਿ ਕਾਂਗਰਸ ਪਾਰਟੀ ਨਾਲ ਤਾਲੁਕ ਰੱਖਦੇ ਹਨ।

ਇਹ ਵੀ ਪੜੋ: ਸੀਐੱਮ ਕੈਪਟਨ ਦੇ ਬਿਆਨ ’ਤੇ ਅਨਿਲ ਵਿਜ ਦਾ ਪਲਟਵਾਰ, ਕਿਹਾ...

Last Updated :Sep 14, 2021, 8:54 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.