ਚਰਨਜੀਤ ਚੰਨੀ ਨੇ ਮੋਗਾ 'ਚ ਵੰਡੇ ਵਿਕਾਸ ਕਾਰਜਾਂ ਦੇ ਗੱਫ਼ੇ

author img

By

Published : Dec 1, 2021, 10:42 PM IST

ਚਰਨਜੀਤ ਚੰਨੀ ਨੇ ਮੋਗਾ 'ਚ ਵੰਡੇ ਵਿਕਾਸ ਕਾਰਜਾਂ ਦੇ ਗੱਫ਼ੇ

ਚਰਨਜੀਤ ਚੰਨੀ (Charanjit Channi) ਬੁੱਧਵਾਰ ਨੂੰ ਨਿਹਾਲ ਸਿੰਘ ਵਾਲਾ ਵਿੱਚ ਡਿਗਰੀ ਕਾਲਜ ਖੋਲ੍ਹਣ ਅਤੇ ਸਰਬਪੱਖੀ ਵਿਕਾਸ ਲਈ 15 ਕਰੋੜ ਰੁਪਏ ਦਾ ਐਲਾਨ ਕੀਤਾ ਤੇ ਮੋਗਾ ਜ਼ਿਲ੍ਹੇ ਦੇ 1294 ਲਾਭਪਾਤਰੀਆਂ ਨੂੰ 5-5 ਮਰਲੇ ਦੇ ਪਲਾਂਟਾ ਦੀਆਂ ਸੰਨਦਾ ਜਾਰੀ ਕੀਤੀਆਂ।

ਮੋਗਾ: ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Charanjit Channi) ਵੱਲੋਂ ਪੰਜਾਬ ਡੋਰ ਸੰਭਾਲਣ ਤੋਂ ਬਾਅਦ ਪੰਜਾਬ ਵਿੱਚ ਵਿਕਾਸ ਕਾਰਜਾਂ ਦੇ ਅੰਬਾਰ ਲਗਾ ਰਹੇ ਹਨ। ਵਿਕਾਸ ਕਾਰਜਾਂ ਦੇ ਐਲਾਨ ਕਰਨ ਲਈ ਚਰਨਜੀਤ ਚੰਨੀ ਬੁੱਧਵਾਰ ਨੂੰ ਨਿਹਾਲ ਸਿੰਘ ਵਾਲਾ ਵਿੱਚ ਡਿਗਰੀ ਕਾਲਜ ਖੋਲ੍ਹਣ ਅਤੇ ਸਰਬਪੱਖੀ ਵਿਕਾਸ ਲਈ 15 ਕਰੋੜ ਰੁਪਏ ਦਾ ਐਲਾਨ ਕੀਤਾ ਤੇ ਮੋਗਾ ਜ਼ਿਲ੍ਹੇ ਦੇ 1294 ਲਾਭਪਾਤਰੀਆਂ ਨੂੰ 5-5 ਮਰਲੇ ਦੇ ਪਲਾਂਟਾ ਦੀਆਂ ਸੰਨਦਾ ਜਾਰੀ ਕੀਤੀਆਂ।

ਇੱਥੇ ਅਨਾਜ ਮੰਡੀ ਵਿਖੇ ਰਾਜ ਪੱਧਰੀ ਸਮਾਗਮ ਮੌਕੇ ਸੂਬੇ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Charanjit Channi) ਨੇ ਸੰਬੋਧਨ ਦੌਰਾਨ ਕੈਪਟਨ ਅਤੇ ਬਾਦਲਾਂ ਨੂੰ ਆੜੇ ਹੱਥੀ ਲੈਂਦਿਆਂ ਕਿਹਾ ਕਿ ਇਹ ਪਰਿਵਾਰ ਆਪਣੇ ਨਿੱਜੀ ਸੁਆਰਥਾਂ ਲਈ ਪੰਜਾਬ ਨੂੰ ਤਬਾਹ ਕਰਨ ਲਈ ਮੋਦੀ ਅਗਵਾਈ ਵਾਲੀ ਕੇਂਦਰ ਸਰਕਾਰ ਨਾਲ ਰਲੇ ਹੋਏ ਹਨ।
ਲੋਕਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਚੰਨੀ (Charanjit Channi) ਨੇ ਕਿਹਾ ਕਿ ਪਹਿਲਾਂ ਬਾਦਲਾਂ ਨੇ ਸੂਬੇ ਵਿੱਚ ਖੇਤੀ ਕਾਨੂੰਨ ਲਾਗੂ ਕੀਤੇ ਅਤੇ ਫਿਰ ਇਹੀ ਕਾਨੂੰਨ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੂੰ ਸਲਾਹ ਦੇ ਕੇ ਦੇਸ਼ ਭਰ ਵਿੱਚ ਲਾਗੂ ਕਰਵਾਉਣ ਲਈ ਅਹਿਮ ਭੂਮਿਕਾ ਨਿਭਾਈ।

ਹਰਸਿਮਰਤ ਕੌਰ ਦੀ ਵਜ਼ੀਰੀ ਬਚਾਉਣ ਲਈ ਹੀ ਬਾਦਲਾਂ ਨੇ ਇੰਨ੍ਹਾ ਕਾਨੂੰਨਾਂ ਦੇ ਹੱਕ ਵਿੱਚ ਪ੍ਰਚਾਰ ਤੱਕ ਕੀਤਾ। ਹਰਸਿਮਰਤ ਨੇ ਆਪਣੀ ਮਰਜ਼ੀ ਨਾਲ ਕੇਂਦਰੀ ਵਜ਼ਾਰਤ ਤੋਂ ਅਸਤੀਫ਼ਾ ਨਹੀਂ ਦਿੱਤਾ, ਬਲਕਿ ਲੋਕਾਂ ਦੇ ਭਾਰੀ ਵਿਰੋਧ ਨੇ ਉਸ ਨੂੰ ਅਸਤੀਫ਼ਾ ਦੇਣ ਲਈ ਮਜਬੂਰ ਕੀਤਾ।

ਚਰਨਜੀਤ ਚੰਨੀ ਨੇ ਮੋਗਾ 'ਚ ਵੰਡੇ ਵਿਕਾਸ ਕਾਰਜਾਂ ਦੇ ਗੱਫ਼ੇ

ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਆੜੇ ਹੱਥੀ ਲੈਂਦਿਆਂ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਕੈਪਟਨ ਵੀ ਮੋਦੀ ਸਰਕਾਰ ਨਾਲ ਰਲ ਕੇ ਪੰਜਾਬ ਅਤੇ ਪੰਜਾਬੀਆਂ ਨਾਲ ਧ੍ਰੋਹ ਕਮਾ ਰਿਹਾ ਹੈ ਅਤੇ ਕੇਂਦਰ ਦੀ ਮੋਦੀ ਸਰਕਾਰ ਵਲੋਂ ਬੀ.ਐਸ.ਐਫ ਦਾ ਘੇਰਾ 50 ਕਿਲੋਮੀਟਰ ਤੱਕ ਵਧਾਉਣ ਦੇ ਕੇਂਦਰ ਸਰਕਾਰ ਦੇ ਫ਼ੈਸਲੇ ਨੂੰ ਸਹੀ ਠਹਿਰਾ ਰਿਹਾ ਜੋ ਕਿ ਸਿੱਧਮ-ਸਿੱਧਾ ਸੂਬਿਆਂ ਦੇ ਸੰਘੀ ਢਾਂਚੇ ‘ਤੇ ਹਮਲਾ ਹੈ, ਜਿਸ ਨੂੰ ਪੰਜਾਬੀ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ।

ਉਨ੍ਹਾਂ ਬਾਦਲਾਂ ਅਤੇ ਕੈਪਟਨ ਪਰਿਵਾਰਾਂ ਦੇ ਰਲੇ ਹੋਣ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਨ੍ਹਾਂ ਦੀ ਸਾਂਝ ਕਰਕੇ ਹੀ ਪੰਜਾਬ ਵਿੱਚ ਟ੍ਰਾਂਸਪੋਰਟ ਅਤੇ ਕੇਬਲ ਮਾਫੀਏ ਰਾਹੀਂ ਪੰਜਾਬ ਦੇ ਲੋਕਾਂ ਦੀ ਲੁੱਟ ਹੁੰਦੀ ਰਹੀ ਹੈ। ਮੁੱਖ ਮੰਤਰੀ (Charanjit Channi) ਨੇ ਕਿਹਾ ਕਿ ਭਾਵੇਂ ਉਨ੍ਹਾਂ ਨੂੰ ਮੁੱਖ ਮੰਤਰੀ ਬਣਿਆ ਸਿਰਫ 2 ਕੁ ਮਹੀਨੇ ਹੀ ਹੋਏ ਹਨ। ਪਰ ਉਨ੍ਹਾਂ ਨੇ ਬਾਦਲਾਂ ਦੀ ਸਰਪ੍ਰਸਤੀ ਹੇਠ ਚੱਲਦੇ ਟ੍ਰਾਂਸਪੋਰਟ ਮਾਫ਼ੀਏ ਨੂੰ ਪੂਰੀ ਠੱਲ੍ਹ ਪਾ ਦਿੱਤੀ ਹੈ ਅਤੇ ਹੁਣ ਇੰਨਾਂ ਦੀ ਹੀ ਸਰਪ੍ਰਸਤੀ ਹੇਠ ਚੱਲ ਰਹੇ ਕੇਬਲ ਮਾਫੀਏ ਨੂੰ ਨਕੇਲ ਪਾਉਣ ਲਈ ਸਰਕਾਰ ਕਾਰਵਾਈ ਕਰ ਰਹੀ ਹੈ।

ਉਧਰ ਕੇਜਰੀਵਾਲ ‘ਤੇ ਹੱਲਾ ਬੋਲਦਿਆਂ ਮੁੱਖ ਮੰਤਰੀ ਚੰਨੀ (Charanjit Channi) ਨੇ ਕਿਹਾ ਕਿ ਕੇਜਰੀਵਾਲ ਅਤੇ ਉਸ ਦੀ ਜੁੰਡਲੀ ਆਮ ਆਦਮੀ ਦਾ ਨਕਾਬ ਪਾ ਕੇ ਬਾਹਰੋਂ ਆਏ ਧਾੜਵੀਆਂ ਦੀ ਤਰ੍ਹਾਂ ਪੰਜਾਬੀਆਂ ਨੂੰ ਲੁੱਟਣ ਦੀਆਂ ਸਾਜ਼ਿਸਾਂ ਘੜ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸੂਝਵਾਨ ਲੋਕ ਅਜਿਹੇ ਬਹਿਰੂਪੀਆਂ ਦੀਆਂ ਚਾਲਾਂ ਸਫ਼ਲ ਨਹੀਂ ਹੋਣ ਦੇਣਗੇ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਸਿਰਫ਼ ਪੰਜਾਬ ਦੇ ਲੋਕਾਂ ਦਾ ਹੀ ਰਾਜ ਰਹੇਗਾ। ਕਿਉਂਕਿ ਬਾਹਰੋਂ ਆਏ ਕੇਜਰੀਵਾਲ ਵਰਗਿਆਂ ਨੂੰ ਪੰਜਾਬ ਦੇ ਆਮ ਲੋਕਾਂ ਦੀਆਂ ਸਮੱਸਿਆਵਾਂ ਅਤੇ ਲੋੜਾਂ ਦੀ ਸਮਝ ਹੀ ਨਹੀਂ। ਮੁੱਖ ਮੰਤਰੀ ਨੇ ਕਿਹਾ ਕਿ ਕੇਜਰੀਵਾਲ ਤਾਂ ਸਿਰਫ਼ ਡਰਾਮੇ ਕਰਕੇ ਅਤੇ ਝੂਠੀਆਂ ਗਾਰੰਟੀਆਂ ਦੇ ਕੇ ਪੰਜਾਬ ਵਿਚ ਸੱਤਾ ‘ਤੇ ਕਾਬਜ਼ ਹੋਣਾ ਚਾਹੁੰਦਾ ਹੈ, ਇਸ ਤੋਂ ਵੱਧ ਉਸ ਦਾ ਪੰਜਾਬ ਨਾਲ ਕੋਈ ਸਰੋਕਾਰ ਨਹੀਂ ਹੈ।

ਇਸ ਮੌਕੇ ਮੁੱਖ ਮੰਤਰੀ ਚੰਨੀ (Charanjit Channi) ਨੇ ਨਿਹਾਲ ਸਿੰਘ ਵਾਲਾ ਹਲਕੇ ਦੇ ਸਰਬਪੱਖੀ ਵਿਕਾਸ ਲਈ 15 ਕਰੋੜ ਰੁਪਏ ਦੀ ਗ੍ਰਾਂਟ ਅਤੇ ਸਾਰੇ ਕੱਚੇ ਰਸਤੇ ਪੱਕੇ ਕਰਨ ਦਾ ਐਲਾਨ ਕੀਤਾ। ਇਲਾਕੇ ਦੀ ਚਿਰਾਂ ਤੋਂ ਲਟਕਦੀ ਮੰਗ ਨੂੰ ਪੂਰਾ ਕਰਦਿਆਂ ਮੁੱਖ ਮੰਤਰੀ ਨੇ ਨਿਹਾਲ ਸਿੰਘ ਵਾਲਾ ਹਲਕੇ ਵਿਚ ਇੱਕ ਡਿਗਰੀ ਕਾਲਜ ਖੋਲ੍ਹਣ ਦਾ ਵੀ ਐਲਾਨ ਕੀਤਾ। ਇਸ ਮੌਕੇ ਮੁੱਖ ਮੰਤਰੀ ਨੇ ਇਲਾਕੇ ਦੇ ਲੋਕਾਂ ਨੂੰ ਅਗਾਮੀ ਵਿਧਾਨ ਸਭਾ ਚੋਣਾਂ ਵਿਚ ਧੜੇਬੰਦੀ ਤੋਂ ਉਪਰ ਉੱਠ ਕੇ ਇਕਜੁੱਟਤਾ ਨਾਲ ਸੂਬੇ ਵਿਚ ਕਾਂਗਰਸ ਪਾਰਟੀ ਨੂੰ ਵੋਟਾਂ ਪਾ ਕੇ ਆਮ ਲੋਕਾਂ ਦਾ ਰਾਜ ਬਹਾਲ ਕਰਨ ਦੀ ਅਪੀਲ ਕੀਤੀ ਅਤੇ ਭਰੋਸਾ ਦਿੱਤਾ ਕਿ ਲੋਕਾਂ ਦੇ ਪਸੰਦੀਦਾ ਆਗੂ ਨੂੰ ਹੀ ਪਾਰਟੀ ਵਲੋਂ ਟਿਕਟ ਨਾਲ ਨਿਵਾਜਿਆ ਜਾਵੇਗਾ।

ਇਸ ਸਮਾਗਮ ਮੌਕੇ ਮੁੱਖ ਮੰਤਰੀ ਨੇ 2 ਲਾਭਪਾਤਰੀਆਂ ਨੂੰ ਰਸਮੀ ਤੌਰ ‘ਤੇ 5-5 ਮਰਲੇ ਦੇ ਪਲਾਟਾਂ ਦੀਆਂ ਸੰਨਦਾ ਦੇ ਕੇ ਮਾਲਕਾਨਾ ਹੱਕ ਦੇਣ ਦੀ ਸ਼ੁਰੂਆਤ ਕੀਤੀ।ਅੱਜ ਮੋਗਾ ਜ਼ਿਲ੍ਹੇ ਦੇ ਕੁੱਲ 1294 ਲਾਭਪਾਤਰੀਆਂ ਨੂੰ 5-5 ਮਰਲੇ ਦੇ ਪਲਾਟਾਂ ਦੀਆਂ ਸੰਨਦਾ ਸੌਂਪੀਆਂ ਗਈਆਂ। ਇਸ ਮੌਕੇ ਰਾਣਾ ਗੁਰਜੀਤ ਸਿੰਘ ਕੈਬਨਿਟ ਮੰਤਰੀ ਅਤੇ ਮੁਹੰਮਦ ਸਦੀਕ ਲੋਕ ਸਭਾ ਮੈਂਬਰ ਨੇ ਵੀ ਸੰਬੋਧਨ ਕੀਤਾ ਅਤੇ ਕੈਪਟਨ ਸੰਦੀਪ ਸਿੰਘ ਸੰਧੂ ਨੇ ਆਏ ਮਹਿਮਾਨਾਂ ਦਾ ਸੁਆਗਤ ਕੀਤਾ।

ਇਨ੍ਹਾਂ ਤੋਂ ਇਲਾਵਾ ਇਸ ਮੌਕੇ ਅਜੀਤ ਸਿੰਘ ਸ਼ਾਂਤ ਸਾਬਕਾ ਵਿਧਾਇਕ, ਬੀਬੀ ਰਾਜਵਿੰਦਰ ਕੌਰ ਭਾਗੀਕੇ ਸਾਬਕਾ ਵਿਧਾਇਕ, ਬੀਬੀ ਜਗਦਰਸ਼ਨ ਕੌਰ, ਭੁਪਿੰਦਰ ਸਿੰਘ ਸਾਹੋਕੇ, ਅਮਰਜੀਤ ਕੌਰ ਸਾਹੋਕੇ, ਮੁਖਤਿਆਰ ਸਿੰਘ ਰਿਟਾ. ਐਸ.ਪੀ, ਹਰੀ ਸਿੰਘ ਖਾਈ ਡਾਇਰੈਕਟਰ ਮੰਡੀ ਬੋਰਡ, ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਮੋਗਾ, ਵਿਨੋਦ ਬਾਸ਼ਲ ਚੇਅਰਮੈਨ ਨਗਰ ਸੁਧਾਰ ਟਰੱਸਟ ਮੋਗਾ, ਹਰੀਸ਼ ਨਈਅਰ ਡਿਪਟੀ ਕਮਿਸ਼ਨਰ, ਸੁਰਜੀਤ ਸਿੰਘ ਡੀ.ਆਈ.ਜੀ ਫਿਰੋਜਪੁਰ ਰੇਂਜ ਅਤੇ ਸੁਰਿੰਦਰਜੀਤ ਸਿੰਘ ਮੰਡ ਜ਼ਿਲ੍ਹਾ ਪੁਲਿਸ ਮੁਖੀ ਵੀ ਹਾਜ਼ਰ ਸਨ।

ਇਹ ਵੀ ਪੜੋ:- ਬਦਜ਼ੁਬਾਨੀ ਹੈ ਚੰਨੀ ਵੱਲੋਂ ਕੇਜਰੀਵਾਲ ਨੂੰ ਕਾਲ਼ਾ ਅੰਗਰੇਜ਼ ਕਹਿਣਾ: ਰਾਘਵ ਚੱਢਾ

ETV Bharat Logo

Copyright © 2024 Ushodaya Enterprises Pvt. Ltd., All Rights Reserved.