ਸਰਕਾਰ ਵੱਲੋਂ ਨਿੱਜੀ ਕਾਲਜ ਨੂੰ SC ਸਕਾਲਰਸ਼ਿਪ ਨਾ ਆਉਣ 'ਤੇ ਵਿਦਿਆਰਥੀਆਂ ਨੂੰ ਸੰਮਨ ਜਾਰੀ
Updated on: Jan 22, 2023, 12:58 PM IST

ਸਰਕਾਰ ਵੱਲੋਂ ਨਿੱਜੀ ਕਾਲਜ ਨੂੰ SC ਸਕਾਲਰਸ਼ਿਪ ਨਾ ਆਉਣ 'ਤੇ ਵਿਦਿਆਰਥੀਆਂ ਨੂੰ ਸੰਮਨ ਜਾਰੀ
Updated on: Jan 22, 2023, 12:58 PM IST
ਲੁਧਿਆਣਾ ਦੇ ਗੁਰੂ ਨਾਨਕ ਕਾਲਜ ਆਫ ਐਜੂਕੇਸ਼ਨ ਦੇ 2015 ਅਤੇ 2017 ਦੇ ਵਿਦਿਆਰਥੀ ਦਾ ਬੈਚ ਮੁਸ਼ਕਿਲ ਵਿੱਚ ਫਸ ਗਿਆ ਹੈ। ਸਕਾਲਰਸ਼ਿਪ ਦੀ ਆਸ ਵਿੱਚ ਵਿਦਿਆਰਥੀਆਂ ਨੇ ਕਾਲਜ ਵਿੱਚ ਦਾਖਲ ਲਿਆ, ਪਰ ਸਰਕਾਰ ਵੱਲੋਂ ਸਕਾਲਰਸ਼ਿਪ ਦੇ ਪੈਸੇ ਪਾਏ ਹੀ ਨਹੀਂ ਗਏ ਅਤੇ ਵਿਦਿਆਰਥੀਆਂ ਨੂੰ 420 ਦਾ ਸੰਮਨ ਜਾਰੀ ਹੋ ਗਿਆ ਹੈ। ਜਾਣੋ ਆਖਰ ਕੀ ਹੈ ਪੂਰਾ ਮਾਮਲਾ।
ਲੁਧਿਆਣਾ: ਗੁਰੂ ਨਾਨਕ ਕਾਲਜ ਆਫ ਐਜੂਕੇਸ਼ਨ ਦੇ 2015 ਅਤੇ 2017 ਦੇ ਵਿਦਿਆਰਥੀ ਦਾ ਬੈਚ ਮੁਸ਼ਕਿਲ ਵਿੱਚ ਫਸ ਗਿਆ ਹੈ। ਇਨ੍ਹਾਂ ਬੈਚ ਦੇ ਵਿਦਿਆਰਥੀਆਂ ਵੱਲੋਂ ਸਕਾਲਰਸ਼ਿਪ ਰਾਹੀਂ ਕਾਲਜ ਵਿੱਚ ਦਾਖਲਾ ਲਿਆ ਗਿਆ ਸੀ ਅਤੇ ਕਾਲਜ ਵਲੋਂ ਇਨ੍ਹਾਂ ਕੋਲੋਂ ਸੁਰੱਖਿਆ ਦੇ ਤੌਰ 'ਤੇ ਚੈੱਕ ਲਏ ਗਏ ਸਨ ਤੇ ਬੈਂਕ 'ਚ ਲਾਏ ਗਏ, ਪਰ ਸਰਕਾਰ ਵੱਲੋਂ ਸਕਾਲਰਸ਼ਿਪ ਦਾ ਪੈਸਾ ਨਾ ਆਉਣ ਕਰਕੇ ਵਿਦਿਆਰਥੀਆਂ ਨੂੰ 420 ਦੇ ਸਮੰਨ ਜਾਰੀ ਹੋ ਗਏ ਅਤੇ ਇਨ੍ਹਾਂ ਦਾ ਭਵਿੱਖ ਦਾਅ 'ਤੇ ਲੱਗ ਗਿਆ ਹੈ।
ਕੀ ਹੈ ਮਾਮਲਾ: ਮਾਮਲਾ ਐੱਸ.ਸੀ. ਸਕਾਲਰਸ਼ਿਪ ਦੇ ਪੈਸੇ ਨਾ ਮਿਲਣ ਦਾ ਹੈ। ਸਕਾਲਰਸ਼ਿਪ ਦੇ ਪੈਸੇ ਨਾ ਆਉਣ ਕਰਕੇ ਸਾਰਾ ਠੀਕਰਾ ਕਾਲਜ ਵਲੋਂ ਵਿਦਿਆਰਥੀਆਂ ਦੇ ਸਿਰ ਭੰਨ ਦਿੱਤਾ ਹੈ। ਐਸਸੀ ਸਕਾਲਰਸ਼ਿਪ ਦੇ ਤਹਿਤ ਵਿਦਿਆਰਥੀਆਂ ਨੂੰ ਵਜ਼ੀਫ਼ੇ ਦੇ ਪੈਸੇ ਪਾਸ ਹੋਣ ਤੋਂ ਬਾਅਦ ਚੈੱਕ ਦੇਣ ਦੀ ਗੱਲ ਕਹੀ ਗਈ ਸੀ, ਪਰ ਸਰਕਾਰ ਵੱਲੋਂ ਵਜ਼ੀਫ਼ੇ ਦੇ ਪੈਸੇ ਨਾ ਦੇਣ ਕਾਰਨ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਦੇ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਵੀ ਜਾਰੀ ਕੀਤੇ ਗਏ ਹਨ ਜਿਸ ਦਾ ਵਿਦਿਆਰਥੀਆਂ ਨੇ ਵਿਰੋਧ ਕੀਤਾ ਅਤੇ ਕਾਲਜ ਖਿਲਾਫ ਕਾਰਵਾਈ ਦੀ ਮੰਗ ਕੀਤੀ।
ਵਿਦਿਆਰਥੀਆਂ ਦਾ ਕੀ ਕਹਿਣਾ: ਇਸ ਦੌਰਾਨ ਗੱਲਬਾਤ ਕਰਦਿਆਂ ਕਾਲਜ ਦੀ ਵਿਦਿਆਰਥਣ ਨੇ ਦੱਸਿਆ ਕਿ ਉਹ ਗੁਰੂ ਨਾਨਕ ਕਾਲਜ ਆਫ਼ ਐਜੂਕੇਸ਼ਨ ਦੀ ਵਿਦਿਆਰਥਣ ਹੈ ਅਤੇ ਉਸ ਨੇ ਐਸਸੀ ਸਕਾਲਰਸ਼ਿਪ ਸਕੀਮ ਤਹਿਤ ਕਾਲਜ ਵਿੱਚ ਦਾਖ਼ਲਾ ਲਿਆ ਸੀ। ਇਸ ਤਹਿਤ ਕਾਲਜ ਨੇ ਉਸ ਤੋਂ ਚੈੱਕ ਲੈਕੇ ਕਿਹਾ ਸੀ ਕਿ ਜਦੋਂ ਵਜ਼ੀਫ਼ੇ ਦੇ ਪੈਸੇ ਆ ਜਾਣਗੇ, ਤਾਂ ਉਹ ਉਨ੍ਹਾ ਨੂੰ ਚੈੱਕ ਵਾਪਿਸ ਕਰ ਦੇਣਗੇ। ਪਰ, ਉਨ੍ਹਾਂ ਨੇ ਉਹ ਬੈਂਕ ਵਿੱਚ ਲਗਾ ਦਿੱਤੇ, ਕਿਉਂਕਿ ਕਾਲਜ ਨੂੰ ਵਜ਼ੀਫੇ ਦੇ ਪੈਸੇ ਹੀ ਨਹੀਂ ਆਏ। ਵਿਦਿਆਰਥਣ ਨੇ ਕਿਹਾ ਕਿ ਪੈਸੇ ਆਉਣ ਜਾਂ ਨਾ ਆਉਣ ਦੀ ਜ਼ਿੰਮੇਵਾਰੀ ਸਰਕਾਰ ਜਾਂ ਕਾਲਜ ਦੀ ਹੈ, ਪਰ ਇਸ ਦੇ ਬਾਵਜੂਦ ਸਾਨੂੰ ਇਸ ਵਿੱਚ ਪਾਰਟੀ ਬਣਾ ਕੇ ਸੰਮਨ ਜਾਰੀ ਕਰ ਦਿੱਤੇ ਗਏ ਹਨ। ਇਸ ਕਾਰਨ ਉਨ੍ਹਾਂ ਨੂੰ ਚਿੰਤਾ ਹੈ ਕਿ ਹੁਣ ਉਨ੍ਹਾਂ ਦੇ ਵਿਆਹ ਵੀ ਹੋ ਚੁੱਕੇ ਹਨ ਅਤੇ ਕਈਆਂ ਦੇ ਬੱਚੇ ਹੋ ਚੁੱਕੇ ਹਨ, ਇਸ ਮੁਸੀਬਤ ਤੋਂ ਕਿਵੇਂ ਨਿਕਲਿਆ ਜਾਵੇਗਾ।
ਭਵਿੱਖ ਹਨੇਰੇ ਵਿੱਚ: ਕਾਲਜ ਦੇ ਲਗਭਗ 70 ਦੇ ਕਰੀਬ ਅਜਿਹੇ ਵਿਦਿਆਰਥੀ ਹਨ, ਜਿਨ੍ਹਾਂ ਨੂੰ ਨਾ ਤਾਂ ਡਿਗਰੀ ਦਿੱਤੀ ਜਾ ਰਹੀ ਹੈ ਅਤੇ ਨਾ ਹੀ ਉਨ੍ਹਾਂ ਦੇ ਅਸਲੀ ਸਰਟੀਫਿਕੇਟ ਦਿੱਤੇ ਜਾ ਰਹੇ ਹਨ। ਇਸ ਕਾਰਨ ਉਨ੍ਹਾਂ ਦਾ ਭਵਿੱਖ ਹਨੇਰੇ 'ਚ ਰੱਖਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਵਿਦਿਆਰਥੀ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਤਾਂ ਸਰਕਾਰ ਜਾਂ ਕਾਲਜ ਨੂੰ ਦੇਖਣਾ ਚਾਹੀਦਾ ਹੈ। ਇਸ ਨਾਲ ਵਿਦਿਆਰਥੀ ਦਾ ਭਵਿੱਖ ਖਰਾਬ ਨਾ ਹੋਵੇ। ਉਨ੍ਹਾਂ ਇਹ ਵੀ ਕਿਹਾ ਕਿ ਉਸ ਨੂੰ ਸਿੱਖਿਆ ਦੇ ਕੇ ਅਪਰਾਧੀ ਬਣਾਇਆ ਗਿਆ ਹੈ।
ਪੰਜਾਬ ਭਾਜਪਾ ਪ੍ਰਧਾਨ ਨਾਲ ਮੁਲਾਕਾਤ: ਇਸ ਸਬੰਧੀ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਕਾਲਜ ਵੱਲੋਂ ਵਜ਼ੀਫ਼ੇ ਦੇ ਪੈਸੇ ਨਾ ਮਿਲਣ ਕਾਰਨ ਵਿਦਿਆਰਥੀ ਖ਼ਿਲਾਫ਼ ਕੇਸ ਦਰਜ ਕਰਨਾ ਬਹੁਤ ਦੁੱਖ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਉਹ ਇਸ ਸਬੰਧੀ ਮੁੱਖ ਮੰਤਰੀ ਅਤੇ ਰਾਜਪਾਲ ਪੰਜਾਬ ਨੂੰ ਪੱਤਰ ਲਿਖਣਗੇ, ਤਾਂ ਜੋ ਇਸ ਮਾਮਲੇ ਦਾ ਨੋਟਿਸ ਲਿਆ ਜਾ ਸਕੇ। ਉਨ੍ਹਾਂ ਨੇ ਮੌਜੂਦਾ ਸਰਕਾਰ ਦੌਰਾਨ ਹੋਏ ਅਜਿਹੇ ਵਜ਼ੀਫ਼ਾ ਘੁਟਾਲੇ ਦਾ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ ਇਸ ਵਿੱਚ ਜੋ ਵੀ ਦੋਸ਼ੀ ਹਨ, ਉਨ੍ਹਾਂ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ।
ਕਾਨੂੰਨੀ ਪੱਖ: ਪੀੜਤ ਵਿਦਿਆਰਥੀ ਦੇ ਵਕੀਲ ਰਾਹੁਲ ਆਦੀਆ ਨੇ ਕਿਹਾ ਕਿ ਇਸ ਸਬੰਧੀ ਮਾਮਲਾ ਉਨ੍ਹਾਂ ਦੇ ਧਿਆਨ 'ਚ ਆਇਆ ਹੈ ਅਤੇ ਵਿਦਿਆਰਥੀਆਂ ਦੀ ਗ੍ਰਿਫਤਾਰੀ 'ਤੇ ਸਟੇਅ ਵੀ ਲੈ ਲਿਆ ਹੈ, ਤਾਂ ਜੋ ਇਨ੍ਹਾਂ ਵਿਦਿਆਰਥੀਆਂ ਨੂੰ ਇਨਸਾਫ ਮਿਲ ਸਕੇ। ਇਸ ਦੌਰਾਨ ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਉਸ ਸਮੇਂ ਦੀ ਮੌਜੂਦਾ ਪੰਜਾਬ ਸਰਕਾਰ ਅਤੇ ਕਾਲਜ ਜ਼ਿੰਮੇਵਾਰ ਹੈ, ਵਿਦਿਆਰਥੀ ਨਹੀਂ।
ਇਹ ਵੀ ਪੜ੍ਹੋ: ਟਰੈਫਿਕ ਮੁਲਾਜ਼ਮ ਵੱਲੋਂ ਨਿਯਮ ਸਮਝਾਉਣ ਦਾ ਦਿਲਚਸਪ ਤਰੀਕਾ, ਆਵਾਜ਼ ਸੁਣ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ
