ਸੀਵਰੇਜ ਸਮੱਸਿਆ ਕਾਰਨ ਨਰਕ ਭੋਗ ਰਹੇ ਖੰਨਾ ਵਾਸੀ, ਡਾਢੇ ਪਰੇਸ਼ਾਨ ਲੋਕਾਂ ਨੇ ਸਮੱਸਿਆ ਦੇ ਹੱਲ ਦੀ ਕੀਤੀ ਮੰਗ

author img

By

Published : May 26, 2023, 1:32 PM IST

People upset due to sewage problem in Khanna of Ludhiana

ਖੰਨਾ ਨਗਰ ਕੌਂਸਲ ਦੇ ਵਿੱਚ ਗਲੀ ਨੰਬਰ ਅੱਠ ਦੇ ਲੋਕ ਸੀਵਰੇਜ ਦੀ ਸਮੱਸਿਆ ਕਰਕੇ ਨਰਕ ਭਰੀ ਜ਼ਿੰਦਗੀ ਜਿਉਣ ਲਈ ਮਜਬੂਰ ਨੇ। ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਪਿਛਲੇ 20 ਸਾਲ ਤੋਂ ਗਲੀ ਦੇ ਅਜਿਹੇ ਹਾਲ ਨੇ। ਉਨ੍ਹਾਂ ਕਿਹਾ ਗੰਦੇ ਪਾਣੀ ਕਰਕੇ ਇਲਾਕੇ ਦੇ ਲੋਕ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ।

ਸੀਵੇਰਜ ਨੇ ਲੋਕਾਂ ਦੀ ਜ਼ਿੰਦਗੀ ਬਣਾਈ ਨਰਕ




ਲੁਧਿਆਣਾ:
ਖੰਨਾ ਦੀ ਨਗਰ ਕੌਂਸਲ ਏ ਸ਼੍ਰੇਣੀ ਦੀ ਕੌਂਸਲ ਹੈ ਅਤੇ ਇਸ ਦਾ ਕਰੋੜਾਂ ਰੁਪਏ ਦਾ ਬਜਟ ਹੈ। ਇਸ ਦੇ ਬਾਵਜੂਦ ਇਹ ਨਗਰ ਕੌਂਸਲ ਸ਼ਹਿਰਵਾਸੀਆਂ ਨੂੰ ਮੁੱਢਲੀਆਂ ਸਹੂਲਤਾਂ ਦੇਣ ਤੋਂ ਅਸਮਰੱਥ ਹੈ। ਸ਼ਹਿਰ ਦੇ ਅਮਲੋਹ ਰੋਡ ਸਬਜ਼ੀ ਮੰਡੀ ਪਿੱਛੇ ਸਥਿਤ ਗੁਰੂ ਨਾਨਕ ਨਗਰ ਵਿਖੇ ਰਹਿਣ ਵਾਲੇ ਵਧੇਰੇ ਲੋਕ ਸੀਵਰੇਜ ਸਮੱਸਿਆ ਤੋਂ ਪ੍ਰੇਸ਼ਾਨ ਹਨ। ਸਾਲ ਭਰ ਗੰਦਾ ਪਾਣੀ ਲੋਕਾਂ ਦੇ ਘਰਾਂ ਬਾਹਰ ਖੜ੍ਹਾ ਰਹਿੰਦਾ ਹੈ। ਇੱਥੋਂ ਤੱਕ ਕਿ ਸਕੂਲੀ ਬੱਚਿਆਂ ਨੂੰ ਗੰਦੇ ਪਾਣੀ ਵਿੱਚੋਂ ਨਿਕਲ ਕੇ ਜਾਣਾ ਪੈਂਦਾ ਹੈ। ਇਸ ਦੇ ਰੋਸ ਵਜੋਂ ਇਲਾਕੇ ਦੇ ਲੋਕਾਂ ਨੇ ਨਗਰ ਕੌਂਸਲ ਖਿਲਾਫ ਰੋਸ ਮੁਜਾਹਰਾ ਕੀਤਾ। ਸਮੱਸਿਆ ਦਾ ਹੱਲ ਨਾ ਹੋਣ ਦੀ ਸੂਰਤ 'ਚ ਸੜਕਾਂ 'ਤੇ ਉਤਰਨ ਦੀ ਚਿਤਾਵਨੀ ਦਿੱਤੀ।



ਮੱਛਰਾਂ ਦੀ ਭਰਮਾਰ: ਲੋਕਾਂ ਦਾ ਕਹਿਣਾ ਹੈ ਕਿ ਚਾਰੇ ਪਾਸੇ ਸੀਵਰੇਜ ਦਾ ਗੰਦਾ ਪਾਣੀ ਘਰਾਂ ਦੇ ਅੰਦਰ ਤੱਕ ਆ ਚੁੱਕਾ ਹੈ। ਦਿਨ ਰਾਤ ਬਦਬੂ ਫੈਲੀ ਰਹਿੰਦੀ ਹੈ। ਮੱਛਰਾਂ ਦੀ ਭਰਮਾਰ ਹੈ ਅਤੇ ਰੋਜ਼ਾਨਾ ਪਰਿਵਾਰ ਦਾ ਕੋਈ ਨਾ ਕੋਈ ਮੈਂਬਰ ਕਦੇ ਬੁਖਾਰ, ਕਦੇ ਜੁਕਾਮ, ਕਦੇ ਖਂਘ ਅਤੇ ਕਦੇ ਚਮੜੀ ਨਾਲ ਸਬੰਧਤ ਰੋਗ ਤੋਂ ਪੀੜਤ ਰਹਿੰਦਾ ਹੈ। ਲੋਕ ਘਰਾਂ ਤੋਂ ਬਾਹਰ ਨਹੀਂ ਨਿਕਲ ਸਕਦੇ। ਰਿਸ਼ਤੇਦਾਰਾਂ ਨੇ ਆਉਣਾ ਬੰਦ ਕਰ ਦਿੱਤਾ ਹੈ। ਇੱਥੋਂ ਤੱਕ ਕਿ ਕਈ ਘਰਾਂ ਦੇ ਮੁੰਡਿਆਂ ਦੇ ਰਿਸ਼ਤੇ ਵੀ ਇਸ ਕਰਕੇ ਨਹੀਂ ਹੋਏ ਕਿ ਇੱਥੋਂ ਦੀਆਂ ਗਲੀਆਂ ਸੀਵਰੇਜ ਦੇ ਗੰਦੇ ਪਾਣੀ ਨਾਲ ਭਰੀਆਂ ਰਹਿੰਦੀਆਂ ਹਨ। ਇਹ ਹਾਲ ਹੈ ਖੰਨਾ ਦੇ ਅਮਲੋਹ ਰੋਡ ਸਬਜ਼ੀ ਮੰਡੀ ਪਿੱਛੇ ਸਥਿਤ ਗੁਰੂ ਨਾਨਕ ਨਗਰ ਦੀਆਂ ਕਈ ਗਲੀਆਂ ਦਾ ਲੰਬੇ ਸਮੇਂ ਤੋਂ ਲੋਕ ਨਰਕ ਭਰੀ ਜਿੰਦਗੀ ਬਤੀਤ ਕਰ ਰਹੇ ਹਨ। ਬਹੁਤ ਵਾਰ ਇਲਾਕੇ ਦੇ ਕੌਂਸਲਰਾਂ ਕੋਲ ਜਾ ਚੁੱਕੇ ਹਨ। ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਫਰਿਆਦ ਕਰ ਚੁੱਕੇ ਹਨ। ਇਲਾਕੇ ਦੇ ਬੁਰੇ ਹਾਲਾਤਾਂ ਦੀ ਵੀਡੀਓ ਬਣਾ ਕੇ ਵੱਡੇ-ਵੱਡੇ ਅਧਿਕਾਰੀਆਂ ਨੂੰ ਭੇਜ ਚੁੱਕੇ ਹਨ। ਇਸ ਦੇ ਬਾਵਜੂਦ ਹਾਲਾਤ ਜਿਉਂ ਦੇ ਤਿਉਂ ਬਣੇ ਹੋਏ ਹਨ।

ਸਕੂਲੀ ਵੈਨਾਂ ਵੀ ਗਲੀਆਂ ਅੰਦਰ ਨਹੀਂ ਆਉਂਦੀਆਂ: ਆਖਿਰਕਾਰ ਲੋਕਾਂ ਨੇ ਗੁੱਸੇ 'ਚ ਆ ਕੇ ਨਗਰ ਕੌਂਸਲ ਅਤੇ ਪੰਜਾਬ ਸਰਕਾਰ ਖਿਲਾਫ ਰੋਸ ਮੁਜਾਹਰਾ ਕੀਤਾ। ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਗੁਰੂ ਨਾਨਕ ਨਗਰ ਦੀਆਂ ਵਧੇਰੇ ਗਲੀਆਂ ਅੰਦਰ ਕਈ ਸਾਲਾਂ ਤੋਂ ਸੀਵਰੇਜ ਦਾ ਗੰਦਾ ਪਾਣੀ ਜਮ੍ਹਾਂ ਰਹਿੰਦਾ ਹੈ। ਘਰਾਂ ਦੇ ਅੰਦਰ ਤੱਕ ਇਹ ਪਾਣੀ ਪਹੁੰਚ ਚੁੱਕਾ ਹੈ। ਹਾਲਾਤ ਇਹ ਹਨ ਕਿ ਸਕੂਲੀ ਵੈਨਾਂ ਵੀ ਗਲੀਆਂ ਅੰਦਰ ਨਹੀਂ ਆਉਂਦੀਆਂ। ਬੱਚੇ ਗੰਦੇ ਪਾਣੀ ਵਿੱਚੋਂ ਨਿਕਲ ਕੇ ਸਕੂਲ ਜਾਂਦੇ ਹਨ। ਕਈ ਬੱਚੇ ਇਸੇ ਕਾਰਨ ਸਕੂਲ ਵੀ ਨਹੀਂ ਜਾਂਦੇ ਕਿ ਗਲੀ ਅੰਦਰ ਗੰਦਾ ਪਾਣੀ ਜਮ੍ਹਾਂ ਹੈ। ਗੁੱਸੇ 'ਚ ਭਰੇ ਲੋਕਾਂ ਨੇ ਕਿਹਾ ਕਿ ਵੋਟਾਂ ਮੰਗਣ ਲਈ ਤਾਂ ਹਰੇਕ ਪਾਰਟੀ ਦੇ ਨੁਮਾਇੰਦੇ ਆਉਂਦੇ ਰਹੇ, ਪ੍ਰੰਤੂ ਵੋਟਾਂ ਮਗਰੋਂ ਕਿਸੇ ਨੇ ਸ਼ਕਲ ਨਹੀਂ ਦਿਖਾਈ। ਕੌਂਸਲਰ ਦਾ ਤਾਂ ਕੋਈ ਥਹੁੰ-ਠਿਕਾਣਾ ਹੀ ਨਹੀਂ ਹੈ। ਇਲਾਕਾ ਵਾਸੀਆਂ ਨੇ ਕਿਹਾ ਕਿ ਜੇਕਰ ਹੁਣ ਵੀ ਉਹਨਾਂ ਦੀ ਸੁਣਵਾਈ ਨਾ ਹੋਈ ਤਾਂ ਉਹ ਨਗਰ ਕੌਂਸਲ ਬਾਹਰ ਧਰਨੇ ਲਾਉਣਗੇ ਅਤੇ ਸੜਕਾਂ ਜਾਮ ਕਰਨਗੇ।

ਸਮੱਸਿਆ ਕਾਫੀ ਗੰਭੀਰ: ਦੂਜੇ ਪਾਸੇ ਨਗਰ ਕੌਂਸਲ ਪ੍ਰਧਾਨ ਕਮਲਜੀਤ ਸਿੰਘ ਲੱਧੜ ਨੇ ਸਵੀਕਾਰ ਕੀਤਾ ਕਿ ਇਹ ਸਮੱਸਿਆ ਕਾਫੀ ਗੰਭੀਰ ਹੈ। ਇਲਾਕੇ ਦੇ ਲੋਕਾਂ ਦੀਆਂ ਸ਼ਿਕਾਇਤਾਂ ਵੀ ਉਹਨਾਂ ਕੋਲ ਆ ਰਹੀਆਂ ਹਨ। ਇਸ ਦੇ ਹੱਲ ਲਈ ਨਗਰ ਕੌਂਸਲ ਵੱਲੋਂ 1 ਕਰੋੜ 31 ਲੱਖ ਰੁਪਏ ਦਾ ਟੈਂਡਰ ਸੀਵਰੇਜ ਬੋਰਡ ਨੂੰ ਦਿੱਤਾ ਗਿਆ ਹੈ, ਜਿਸ ਵਿੱਚੋਂ 1 ਕਰੋੜ ਰੁਪਏ ਸੀਵਰੇਜ ਬੋਰਡ ਨੂੰ ਜਾਰੀ ਕੀਤੇ ਜਾ ਚੁੱਕੇ ਹਨ। ਸੀਵਰੇਜ ਲਾਈਨਾਂ ਬੰਦ ਹੋਣ ਕਰਕੇ ਇਹ ਸਮੱਸਿਆ ਆ ਰਹੀ ਹੈ। ਸੀਵਰੇਜ ਲਾਈਨਾਂ ਦੀ ਸਫ਼ਾਈ ਕੀਤੀ ਜਾ ਰਹੀ ਹੈ। ਉਮੀਦ ਹੈ ਕਿ 10 ਦਿਨਾਂ ਅੰਦਰ ਇਸ ਸਮੱਸਿਆ ਦਾ ਹੱਲ ਹੋ ਜਾਵੇਗਾ।



ETV Bharat Logo

Copyright © 2024 Ushodaya Enterprises Pvt. Ltd., All Rights Reserved.