ਤਾਲਾਬੰਦੀ ਦੌਰਾਨ ਸਾਈਬਰ ਅਪਰਾਧ ਦੇ ਵਧੇ ਮਾਮਲੇ, ਜਾਣੋ ਕਿਵੇਂ ਰਹਿਣਾ ਹੈ ਚੌਕਸ
Updated on: Sep 2, 2020, 4:26 PM IST

ਤਾਲਾਬੰਦੀ ਦੌਰਾਨ ਸਾਈਬਰ ਅਪਰਾਧ ਦੇ ਵਧੇ ਮਾਮਲੇ, ਜਾਣੋ ਕਿਵੇਂ ਰਹਿਣਾ ਹੈ ਚੌਕਸ
Updated on: Sep 2, 2020, 4:26 PM IST
ਕੋਰੋਨਾ ਮਹਾਂਮਾਰੀ ਦੌਰਾਨ ਲਗਾਤਾਰ ਸਾਈਬਰ ਅਪਰਾਧ ਦੇ ਮਾਮਲੇ ਵਧੇ ਹਨ। ਇਸ ਦੇ ਨਾਲ ਹੀ ਉਹ ਲੋਕ ਵੀ ਸਾਈਬਰ ਕ੍ਰਾਈਮ ਦਾ ਸ਼ਿਕਾਰ ਹੋਏ ਜਿਨ੍ਹਾਂ ਨੂੰ ਇਨਟਰਨੈਟ ਸਬੰਧੀ ਘੱਟ ਜਾਣਕਾਰੀ ਸੀ।
ਲੁਧਿਆਣਾ: ਕੋਰੋਨਾ ਮਹਾਂਮਾਰੀ ਦੌਰਾਨ ਲਗਾਤਾਰ ਸਾਈਬਰ ਅਪਰਾਧ ਦੇ ਮਾਮਲਿਆਂ 'ਚ ਵਾਧਾ ਹੋਇਆ ਹੈ ਕਿਉਂਕਿ ਖਾਲੀ ਟਾਇਮ 'ਚ ਨੌਜਵਾਨਾਂ ਵੱਲੋਂ ਮੋਬਾਈਲ ਦੀ ਵਰਤੋਂ ਜ਼ਿਆਦਾ ਕੀਤੀ ਗਈ ਹੈ। ਸਾਈਬਰ ਸੈੱਲ 'ਚ ਰੋਜ਼ਾਨਾ 8-9 ਫਰਾਡ ਸਬੰਧੀ ਸ਼ਿਕਾਇਤਾਂ ਮਿਲ ਰਹੀਆਂ ਹਨ।
ਇਸ ਮਾਮਲੇ ਸਬੰਧੀ ਲੁਧਿਆਣਾ ਦੇ ਏ.ਡੀ.ਸੀ.ਪੀ. ਦੀਪਕ ਪਾਰਿਕ ਨੇ ਦੱਸਿਆ ਕਿ ਸਾਈਬਰ ਅਪਰਾਧ ਇੱਕ ਜਾਲ ਹੈ ਜੋ ਲੋਕਾਂ ਨੂੰ ਟਾਰਗੇਟ ਕਰਦਾ ਹੈ ਅਤੇ ਉਨ੍ਹਾਂ ਦੇ ਆਨਲਾਈਨ ਟਰਾਂਜੈਕਸ਼ਨ ਕਰਵਾ ਕੇ ਠੱਗੀਆਂ ਮਾਰਦਾ ਹੈ। ਉਨ੍ਹਾਂ ਦੱਸਿਆ ਕਿ ਅਕਸਰ ਘੱਟ ਜਾਣਕਾਰੀ ਵਾਲੇ, ਘੱਟ ਉਮਰ ਵਾਲੇ, ਅਤੇ ਗਲਤ ਸਾਈਟਾਂ ਦੇ ਲਿੰਕ ਖੋਲ੍ਹਣ ਵਾਲੇ ਵਿਅਕਤੀ ਇਨ੍ਹਾਂ ਠੱਗੀਆਂ ਦਾ ਸ਼ਿਕਾਰ ਹੁੰਦੇ ਹਨ। ਉਨ੍ਹਾਂ ਸਾਈਬਰ ਅਪਰਾਧ ਸਬੰਧੀ ਚਾਰਟ ਬਣਾ ਕੇ ਦੱਸਿਆ ਕਿ ਕਿਵੇਂ ਇਹ ਪੂਰਾ ਅਪਰਾਧ ਸਾਡੇ ਸਮਾਜਿਕ ਤਾਣੇ ਬਾਣੇ ਦੇ ਨਾਲ ਜੁੜਿਆ ਹੋਇਆ ਹੈ।
ਉਨ੍ਹਾਂ ਦੱਸਿਆ ਕਿ ਜ਼ਿਆਦਾਤਰ ਨੌਜਵਾਨ ਡੇਟਿੰਗ ਸਾਈਟ, ਆਨਲਾਈਨ ਗੇਮਸ ਆਦਿ ਤੇ ਆਪਣੇ ਪੈਸੇ ਉਡਾਉਂਦੇ ਹਨ ਅਤੇ ਇਸ ਦੇ ਚੱਲਦਿਆਂ ਕਈ ਵਾਰ ਸਾਈਬਰ ਅਪਰਾਧ ਇੰਨਾ ਗੰਭੀਰ ਹੋ ਜਾਂਦਾ ਹੈ ਕਿ ਉਨ੍ਹਾਂ ਸਾਹਮਣੇ ਕਤਲ ਦੇ ਮਾਮਲੇ ਵੀ ਆਉਂਦੇ ਹਨ।
ਦੀਪਕ ਪਾਰਿਕ ਸਾਈਬਰ ਅਪਰਾਧ ਬਾਰੇ ਵਿਸਥਾਰ ਜਾਣਕਾਰੀ ਦਿੱਤੀ ਅਤੇ ਉਸ ਤੋਂ ਬਚਣ ਬਾਰੇ ਵੀ ਲੋਕਾਂ ਨੂੰ ਜਾਗਰੂਕ ਕੀਤਾ :
⦁ ਆਨਲਾਈਨ ਮਿਲਣ ਵਾਲੇ ਕਿਸੇ ਵੀ ਲਿੰਕ ਨੂੰ ਬਿਨਾਂ ਜਾਂਚ ਤੋਂ ਨਾ ਖੋਲ੍ਹਿਆ ਜਾਵੇ
⦁ ਏ.ਟੀ.ਐਮ. ਕ੍ਰੇਡਿਟ ਕਾਰਡ ਆਦਿ ਬਾਰੇ ਕੋਈ ਵੀ ਜਾਣਕਾਰੀ ਸਾਂਝੀ ਨਾ ਕੀਤੀ ਜਾਵੇ
⦁ ਬੈਂਕ ਖਾਤੇ ਨੂੰ ਸੁਰੱਖਿਅਤ ਰੱਖਿਆ ਜਾਵੇ ਅਤੇ ਇੱਕ ਵੱਖਰਾ ਅਕਾਉਂਟ ਖੋਲ੍ਹਿਆ ਜਾਵੇ ਜਿਸ ਰਾਹੀਂ ਆਨਲਾਈਨ ਲੈਣ-ਦੇਣ ਕਰਨਾ ਹੈ ਉਸ ਵਿੱਚ ਬਹੁਤਾ ਕੈਸ਼ ਨਾ ਰੱਖਿਆ ਜਾਵੇ
⦁ ਆਪਣੇ ਮੋਬਾਈਲ ਐਪ ਨੂੰ ਅਪਡੇਟ ਰੱਖੋ
ਉਨ੍ਹਾਂ ਦੱਸਿਆ ਕਿ ਸਾਈਬਰ ਅਪਰਾਧ ਜ਼ਿਆਦਾ ਬਿਹਾਰ ਅਤੇ ਝਾਰਖੰਡ ਤੋਂ ਹੁੰਦਾ ਸੀ ਪਰ ਕੋਰੋਨਾ ਕਾਲ ਦੌਰਾਨ ਇਸ ਵਿੱਚ ਵਾਧਾ ਹੋ ਗਿਆ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਸਾਈਬਰ ਸੈੱਲ ਬਾਕਾਇਦਾ ਕੰਮ ਕਰਦਾ ਹੈ ਜਿਸ ਲਈ ਵਿਸ਼ੇਸ਼ ਟੀਮਾਂ ਦਾ ਵੀ ਗਠਨ ਕੀਤਾ ਗਿਆ ਹੈ।
ਇਸ ਬਾਰੇ ਨੌਜਵਾਨਾਂ ਨੇ ਵੀ ਦੱਸਿਆ ਕਿ ਕਰਫਿਊ ਦੌਰਾਨ ਉਹ ਸੋਸ਼ਲ ਮੀਡੀਆ ਵਰਤਣ ਲਈ ਅਤੇ ਗੇਮਾਂ ਖੇਡਣ ਲਈ ਮੋਬਾਈਲ ਦੀ ਵਧੇਰੇ ਵਰਤੋਂ ਕਰਦੇ ਸਨ। ਕੁੱਝ ਨੌਜਵਾਨਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਆਨਲਾਈਨ ਟਰਾਂਜ਼ੈਕਸ਼ਨ ਦੇ ਅਕਸਰ ਲਿੰਕ ਵੀ ਆਉਂਦੇ ਰਹਿੰਦੇ ਸਨ ਜਿਨ੍ਹਾਂ ਰਾਹੀਂ ਉਨ੍ਹਾਂ ਦੇ ਕੁੱਝ ਦੋਸਤਾਂ ਨਾਲ ਠੱਗੀ ਵੀ ਹੋਈ ਹੈ।
ਜ਼ਿਕਰਯੋਗ ਹੈ ਕਿ ਸਾਈਬਰ ਅਪਰਾਧ ਵਿੱਚ ਜ਼ਿਆਦਾ ਵਾਧਾ ਉਦੋਂ ਹੋਇਆ ਜਦੋਂ ਨੌਜਵਾਨ ਕਰਫਿਊ ਦੇ ਦੌਰਾਨ ਮੋਬਾਈਲ ਦੀ ਵਧੇਰੇ ਵਰਤੋਂ ਕਰਦੇ ਸਨ। ਕਈ ਸਾਈਟਾਂ ਵੱਲੋਂ ਉਨ੍ਹਾਂ ਨੂੰ ਲਾਲਚ ਦੇ ਕੇ ਠੱਗੀ ਦਾ ਸ਼ਿਕਾਰ ਬਣਾਇਆ ਜਾਂਦਾ ਸੀ। ਭਾਰਤ ਵਿੱਚ ਅਜਿਹੇ ਮਾਮਲਿਆਂ ਵਿੱਚ ਵਾਧਾ ਹੋਇਆ ਹੈ ਇਸ ਦੀ ਤਾਜ਼ਾ ਮਿਸਾਲ ਬੀਤੇ ਦਿਨੀ ਮੋਹਾਲੀ ਤੋਂ ਵੀ ਸਾਹਮਣੇ ਆਈ ਸੀ ਜਿੱਥੇ ਇੱਕ ਨੌਜਵਾਨ ਨਾਲ ਗੇਮ ਖੇਡਣ 'ਤੇ ਲੱਖਾਂ ਰੁਪਏ ਦੀ ਠੱਗੀ ਮਾਰ ਲਈ ਗਈ ਸੀ।
