ਜ਼ੀਰਾ ਸ਼ਰਾਬ ਫੈਕਟਰੀ ਨੂੰ ਤਾਲਾ, ਕੀ ਬਾਕੀ ਸਰਾਬ ਫੈਕਟਰੀਆਂ ’ਤੇ ਵੀ ਹੋਵੇਗੀ ਕਾਰਵਾਈ! ਉੱਠੇ ਕਈ ਸਵਾਲ

author img

By

Published : Jan 18, 2023, 6:51 PM IST

Updated : Jan 18, 2023, 10:17 PM IST

The industrialists criticized the government regarding the Zeera Liquor Factory

ਜ਼ੀਰਾ ਸ਼ਰਾਬ ਫੈਕਟਰੀ ਨੂੰ ਪੰਜਾਬ ਸਰਕਾਰ ਵੱਲੋਂ ਤਾਲਾ ਜੜਨ ਦੇ ਐਲਾਨ ਤੋਂ ਬਾਅਦ ਹੋਰ ਵੀ ਕਈ ਸਵਾਲ ਖੜ੍ਹੇ ਹੋ ਰਹੇ ਨੇ। ਇਸ ਫੈਕਟਰੀ ਨੂੰ ਤਾਂ ਤਾਲਾ ਲੱਗ ਜਾਵੇਗਾ, ਪਰ ਪੰਜਾਬ ਦੇ ਹਵਾ ਪਾਣੀ ਨੂੰ ਪ੍ਰਦੂਸ਼ਿਤ ਕਰਨ ਵਾਲੀਆਂ ਸ਼ਰਾਬ ਦੀਆਂ ਹੋਰ ਫੈਕਟਰੀਆਂ ਉੱਤੇ ਸਰਕਾਰ ਕੀ ਕਾਰਵਾਈ ਕਰੇਗੀ ਅਤੇ ਇਸ ਕਾਰਵਾਈ ਦਾ ਪੰਜਾਬ ਦੇ ਉਦਯੋਗ ਉੱਤੇ ਕੀ ਅਸਰ ਪਵੇਗਾ। ਪੜ੍ਹੋ ਪੜਚੋਲ ਕਰਦੀ ਇਹ ਖ਼ਾਸ ਰਿਪੋਰਟ...

The industrialists criticized the government regarding the Zeera Liquor Factory

ਚੰਡੀਗੜ੍ਹ: ਪੰਜਾਬ ਸਰਕਾਰ ਦੇ ਹੁਕਮਾਂ ਤੋਂ ਬਾਅਦ ਹੁਣ ਜ਼ੀਰਾ ਸ਼ਰਾਬ ਫੈਕਟਰੀ ਨੂੰ ਤਾਲਾ ਲੱਗ ਜਾਵੇਗਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਇਕ ਵੀਡੀਓ ਜਾਰੀ ਕਰਕੇ ਕਿਹਾ ਕਿ ਪੰਜਾਬ ਦੀ ਆਬੋ-ਹਵਾ ਖਰਾਬ ਕਰਨ ਦਾ ਕਿਸੇ ਨੂੰ ਵੀ ਅਧਿਕਾਰ ਨਹੀਂ। ਜੇਕਰ ਭਵਿੱਖ ਵਿਚ ਕੋਈ ਅਜਿਹਾ ਕਰਨ ਬਾਰੇ ਸੋਚੇਗਾ ਤਾਂ ਉਸਨੂੰ ਬਖ਼ਸ਼ਿਆ ਨਹੀਂ ਜਾਵੇਗਾ। ਸਰਕਾਰ ਦੇ ਇਸ ਫ਼ੈਸਲੇ ਨਾਲ ਧਰਨਾ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਖੁਸ਼ੀ ਜ਼ਰੂਰ ਮਿਲੀ ਹੋਵੇਗੀ, ਪਰ ਇਸਦੇ ਨਾਲ ਕਈ ਸਵਾਲਾਂ ਦਾ ਘੇਰਾ ਵੀ ਵਿਸ਼ਾਲ ਹੋ ਗਿਆ ਹੈ। ਸਰਕਾਰ ਦੀ ਕਾਰਵਾਈ ਮਗਰੋਂ ਇਹ ਸਵਾਲ ਉੱਠੇ ਰਹੇ ਹਨ ਕਿ ਪੰਜਾਬ ਵਿੱਚ ਬਾਕੀ ਸ਼ਰਾਬ ਫੈਕਟਰੀਆਂ ਦਾ ਕੀ ਹੋਵੇਗਾ ? ਕੀ ਬਾਕੀ ਫੈਕਟਰੀਆਂ ਪ੍ਰਦੂਸ਼ਣ ਨਹੀਂ ਫੈਲਾਉਂਦੀਆਂ ? ਇਸ ਤੋਂ ਪਹਿਲਾਂ ਵੀ ਕਈ ਸ਼ਰਾਬ ਫੈਕਟਰੀਆਂ ਦਾ ਵਿਰੋਧ ਹੋ ਚੁੱਕਾ ਹੈ।

ਪੰਜਾਬ ਵਿਚ ਕਈ ਸ਼ਰਾਬ ਫੈਕਟਰੀਆਂ: ਪੰਜਾਬ ਵਿਚ ਜ਼ੀਰਾ ਸ਼ਰਾਬ ਫੈਕਟਰੀ ਦਾ ਮਸਲਾ ਇਸ ਲਈ ਵੱਡਾ ਹੋ ਗਿਆ ਕਿਉਂਕਿ ਕਈ ਪਿੰਡਾਂ ਦੇ ਲੋਕਾਂ ਦਾ ਇਸ ਫੈਕਟਰੀ ਖ਼ਿਲਾਫ਼ ਪ੍ਰਦਰਸ਼ਨ ਪੰਜਾਬ ਦੇ ਕੋਨੇ-ਕੋਨੇ 'ਚ ਪਹੁੰਚਿਆ। ਇਸ ਤੋਂ ਪਹਿਲਾਂ ਵੀ ਕਈ ਸ਼ਰਾਬ ਫੈਕਟਰੀਆਂ ਦਾ ਪੰਜਾਬ ਵਿੱਚ ਵਿਰੋਧ ਹੋ ਚੁੱਕਾ ਹੈ। ਪਟਿਆਲਾ ਦੇ ਰਾਜਪੁਰਾ ਵਿਚ ਸਥਿਤ ਸ਼ਰਾਬ ਫੈਕਟਰੀ ਲੰਮਾ ਸਮਾਂ ਵਿਵਾਦ ਵਿਚ ਘਿਰੀ ਰਹੀ ਅਤੇ ਆਲੇ ਦੁਆਲੇ ਦੇ ਪਿੰਡਾਂ ਦੇ ਲੋਕਾਂ ਨੇ ਫੈਕਟਰੀ ਖ਼ਿਲਾਫ਼ ਮੋਰਚਾ ਖੋਲਿਆ। ਲੋਕਾਂ ਨੇ ਪਟਿਆਲਾ ਪ੍ਰਸ਼ਾਸਨ ਨੂੰ ਲਿਖਤੀ ਸ਼ਿਕਾਇਤ ਵੀ ਕੀਤੀ ਸੀ ਕਿ ਸ਼ਰਾਬ ਫੈਕਟਰੀ ਵਿਚੋਂ ਨਿਕਲਦੀ ਰਾਖ ਉਹਨਾਂ ਲਈ ਮੁਸੀਬਤ ਬਣੀ ਹੋਈ ਹੈ। ਇਸ ਰਾਖ ਕਾਰਨ ਜ਼ਮੀਨ ਬੰਜਰ ਹੋ ਰਹੀ ਅਤੇ ਪਾਣੀ ਖਰਾਬ ਹੋ ਰਿਹਾ ਹੈ। ਫਾਜ਼ਿਲਕਾ ਦੇ ਪਿੰਡ ਹੀਰਾਂਵਾਲੀ ਵਿਚ ਸ਼ਰਾਬ ਫੈਕਟਰੀ ਦਾ ਵੀ ਸਥਾਨਕ ਲੋਕਾਂ ਵੱਲੋਂ ਵਿਰੋਧ ਕੀਤਾ ਗਿਆ। ਲੋਕਾਂ ਵੱਲੋਂ ਕਾਫ਼ੀ ਸਮਾਂ ਸ਼ਰਾਬ ਫੈਕਟਰੀ ਦੇ ਬਾਹਰ ਧਰਨਾ ਵੀ ਲਗਾਇਆ ਗਿਆ।



ਲਗਾਤਾਰ ਹੋਏ ਵਿਰੋਧ: ਅਪ੍ਰੈਲ 2020 ਵਿਚ ਖੰਨਾ ਦੇ ਪਿੰਡ ਬਹੁਮਾਜਰਾ ਵਿਚ ਨਕਲੀ ਸ਼ਰਾਬ ਬਣਾਉਣ ਵਾਲੀ ਫੈਕਟਰੀ ਦਾ ਭੇਦ ਖੁੱਲ੍ਹਿਆ। ਇਸ ਫੈਕਟਰੀ ਨੇ ਵੀ ਕਈ ਸਵਾਲਾਂ ਨੂੰ ਜਨਮ ਦਿੱਤਾ ਕਿ ਪੁਲਿਸ ਅਤੇ ਪ੍ਰਸ਼ਾਸਨ ਦੀ ਨੱਕ ਹੇਠ ਇਹ ਫੈਕਟਰੀ ਏਨਾ ਚਿਰ ਚੱਲਦੀ ਕਿਵੇਂ ਰਹੀ। ਇਹ ਫੈਕਟਰੀ ਇੰਝ ਹੀ ਨਹੀਂ ਚੱਲ ਰਹੀ ਸੀ ਬਲਕਿ ਕੱਚਾ ਮਾਲ ਫੈਕਟਰੀ ਵਿਚ ਲਿਆਂਦਾ ਜਾਂਦਾ ਸੀ ਅਤੇ ਵੱਡੀ ਗਿਣਤੀ ਵਿਚ ਸਪਲਾਈ ਵੀ ਹੁੰਦੀ ਸੀ। ਸਾਲ 2021 ਵਿਚ ਜਲੰਧਰ ਦੇ ਨੂਰਪੁਰ ਬਾਗੜੀ ਰੋਡ ਤੇ ਸਥਿਤ ਇੰਡੀਟਰੀਅਲ ਏਰੀਆ ਵਿਚ ਸਥਿਤ ਇਕ ਫੈਕਟਰੀ 'ਤੇ ਐਕਸਾਈਜ਼ ਵਿਭਾਗ ਵੱਲੋਂ ਰੇਡ ਮਾਰੀ ਗਈ ਜਿਥੋਂ ਪਤਾ ਲੱਗਾ ਕਿ ਇਹ ਫੈਕਟਰੀ ਨਕਲੀ ਸ਼ਰਾਬ ਬਣਾਉਣ ਦੀ ਤਿਆਰੀ ਕਰ ਰਹੀ ਸੀ। ਇਸ ਫੈਕਟਰੀ ਦਾ ਸਬੰਧ ਮੌਜੂਦਾ ਵਿਧਾਇਕ ਨਾਲ ਵੀ ਦੱਸਿਆ ਜਾ ਰਿਹਾ ਹੈ ਹਾਲਾਂਕਿ ਫੈਕਟਰੀ ਮਾਲਕ ਨੇ ਇਸਨੂੰ ਸੇਨੇਟਾਈਜ਼ਰ ਬਣਾਉਣ ਵਾਲੀ ਫੈਕਟਰੀ ਦੱਸਿਆ।




ਕੀ ਬਾਕੀ ਸ਼ਰਾਬ ਫੈਕਟਰੀਆਂ ਨਾਲ ਨਹੀਂ ਫੈਲਦਾ ਪ੍ਰਦੂਸ਼ਣ ?: ਪੰਜਾਬ ਦੇ ਵੱਡੇ ਸ਼ਰਾਬ ਕਾਰੋਬਾਰੀ ਅਰਮਾਨਜੋਤ ਬਰਾੜ ਨਾਲ ਸ਼ਰਾਬ ਫੈਕਟਰੀਆਂ ਰਾਹੀਂ ਪ੍ਰਦੂਸ਼ਣ ਫੈਲਾਏ ਜਾਣ ਬਾਰੇ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ— ਜਿੱਥੇ ਵੀ ਇੰਡਸਟਰੀ ਜਾਂ ਉਦਯੋਗ ਸਥਾਪਿਤ ਹੈ ਉੱਥੇ ਪ੍ਰਦੂਸ਼ਣ ਹੁੰਦਾ ਹੀ ਹੁੰਦਾ ਹੈ। ਵਿਸ਼ਵ ਪੱਧਰ 'ਤੇ ਵੀ ਇਹ ਧਾਰਨਾ ਪ੍ਰਚੱਲਿਤ ਹੈ ਕਿ ਉਦਯੋਗਾਂ ਤੋਂ ਪ੍ਰਦੂਸ਼ਣ ਪੈਦਾ ਹੁੰਦਾ ਹੈ। ਪ੍ਰਦੂਸ਼ਣ ਦਾ ਕਾਰਨ ਸਿਰਫ਼ ਸ਼ਰਾਬ ਫੈਕਟਰੀਆਂ ਹੀ ਨਹੀਂ ਹੁੰਦੀਆਂ। ਜਿੰਨੇ ਵੀ ਵਿਕਸਿਤ ਦੇਸ਼ ਹਨ ਉਹਨਾਂ ਦਾ ਵਿਕਾਸ ਉਦਯੋਗ ਉੱਤੇ ਨਿਰਭਰ ਕਰਦਾ ਹੈ ਅਤੇ ਉਦਯੋਗ ਦਾ ਪ੍ਰਦੂਸ਼ਣ ਨਾਲ ਸਿੱਧਾ ਸਬੰਧ ਹੈ। ਇਕ ਪਾਸੇ ਤਾਂ ਅਸੀਂ ਵਿਕਸਿਤ ਹੋਣਾ ਚਾਹੁੰਦੇ ਹਾਂ ਅਤੇ ਪੰਜਾਬ ਵਿਚ ਉਦਯੋਗ ਲਗਾਉਣਾ ਚਾਹੁੰਦੇ ਹਾਂ। ਉਹਨਾਂ ਆਖਿਆ ਕਿ ਸਾਰੇ ਵਿਸ਼ਵ ਵਿਚ ਪੋਲਿਊਟਰ ਟੂ ਪੇਅ ਦਾ ਨਿਯਮ ਲਾਗੂ ਹੈ ਤਾਂ ਫਿਰ ਪੰਜਾਬ ਵਿਚ ਕਿਉਂ ਨਹੀਂ। ਯੂ ਐਨ ਓ ਵੀ ਇਸਨੂੰ ਮਾਨਤਾ ਦਿੰਦਾ ਹੈ।




ਰਾਜਨੀਤੀ ਕਰਕੇ ਪੰਜਾਬ ਵਿਚੋਂ ਉਦਯੋਗ ਹੋਇਆ ਬਾਹਰ: ਸ਼ਰਾਬ ਕਾਰੋਬਾਰੀ ਅਰਮਨਾਜੋਤ ਬਰਾੜ ਦਾ ਕਹਿਣਾ ਹੈ ਕਿ ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ ਪੰਜਾਬ ਵਿਚੋਂ ਇੱਕ ਇੱਕ ਕਰਕੇ ਵੱਡੀਆਂ- ਵੱਡੀਆਂ ਇੰਡਸਟਰੀਆਂ ਪੰਜਾਬ ਵਿਚੋਂ ਬਾਹਰ ਹੋ ਗਈਆਂ। ਭਾਵੇਂ ਕਿ ਉਹ ਕਿਸੇ ਵੀ ਪਾਰਟੀ ਦੇ ਰਾਜਨੀਤਿਕ ਲੀਡਰ ਹੋਣ, ਮੌਜੂਦਾ ਭਾਵੇਂ ਸਾਬਕਾ, ਉਹਨਾਂ ਨੇ ਸੁਸਾਇਟੀ ਨੂੰ ਸਹੀ ਰਸਤੇ ਪਾਇਆ ਹੀ ਨਹੀਂ। ਬਾਕੀ ਸੂਬਿਆਂ ਵਿਚ ਇੰਡਸਟਰੀ ਨੂੰ ਟੈਕਸ ਬੈਨੀਫਿਟ ਮਿਲਦਾ ਹੈ ਪਰ ਪੰਜਾਬ ਵਿਚ ਤਾਕਤ ਦਾ ਗਲਤ ਇਸਤੇਮਾਲ ਕੀਤਾ ਜਾਂਦਾ ਹੈ। ਵਿਰੋਧੀ ਧਿਰਾਂ ਬਣਕੇ ਮੁੱਦਾ ਚੁੱਕਿਆ ਜਾਂਦਾ ਹੈ ਅਤੇ ਸੱਤਾ ਧਿਰਾਂ ਬਣਕੇ ਬਿਜਨਸ ਵਿਚ ਹਿੱਸੇਦਾਰੀਆਂ ਮੰਗੀਆਂ ਜਾਂਦੀਆਂ ਹਨ ਅਤੇ ਇਸੇ ਕਰਕੇ ਹੀ ਉਦਯੋਗ ਪੰਜਾਬ ਵਿਚੋਂ ਬਾਹਰ ਗਿਆ।

ਇਹ ਵੀ ਪੜ੍ਹੋ: ਜ਼ੀਰਾ ਸ਼ਰਾਬ ਫੈਕਟਰੀ ਮਾਮਲਾ: CM ਮਾਨ ਦੇ ਐਲਾਨ ਤੋਂ ਬਾਅਦ ਵੀ ਕਿਸਾਨਾਂ ਨੇ ਨਹੀਂ ਚੁੱਕਿਆ ਧਰਨਾ, ਲਿਖਤੀ ਨੋਟੀਫਿਕੇਸ਼ਨ ਦੀ ਕਰ ਰਹੇ ਮੰਗ



ਸਰਕਾਰ ਦੀ ਨੀਤੀ 'ਤੇ ਉਦਯੋਗਪਤੀ ਦੇ ਸਵਾਲ: ਨੈਸ਼ਨਲ ਪ੍ਰੈਜ਼ੀਡੈਂਟ ਇੰਡਸਟਰੀ ਅਤੇ ਟਰੇਡ ਦੇ ਪ੍ਰਧਾਨ ਬਦੀਸ਼ ਜਿੰਦਲ ਈਟੀਵੀ ਭਾਰਤ ਦੇ ਨਾਲ ਗੱਲ ਕਰਦਿਆਂ ਕਹਿੰਦੇ ਹਨ ਕਿਸੇ ਵੀ ਫੈਕਟਰੀ ਜਾਂ ਉਦਯੋਗ ਨੂੰ ਬੰਦ ਕਰਵਾਉਣਾ ਕਦੇ ਵੀ ਲੋਕ ਹਿੱਤ ਫ਼ੈਸਲਾ ਨਹੀਂ ਹੋ ਸਕਦਾ। ਕਿਸੇ ਵੀ ਦੇਸ਼ ਜਾਂ ਸੂਬੇ ਦੀ ਅਰਥ ਵਿਵਸਥਾ ਨੂੰ ਚਲਾਉਣ ਲਈ ਉਦਯੋਗ ਦੀ ਬਹੁਤ ਵੱਡੀ ਭੂਮਿਕਾ ਹੈ। ਸਰਕਾਰ ਇਹ ਵੀ ਦੇਖੇ ਉਦਯੋਗ ਰੁਜ਼ਗਾਰ ਵੀ ਦਿੰਦਾ ਹੈ ਅਤੇ ਜੇਕਰ ਉਦਯੋਗ ਬੰਦ ਹੁੰਦਾ ਹੈ ਤਾਂ ਅਰਥ ਵਿਵਸਥਾ ਨੂੰ ਨੁਕਸਾਨ ਹੁੰਦਾ ਹੈ।

ਬਦੀਸ਼ ਜਿੰਦਲ ਦਾ ਕਹਿਣਾ ਹੈ ਕਿ ਸਰਕਾਰ ਸੂਝ ਬੂਝ ਨਾਲ ਅਜਿਹੇ ਮਸਲੇ ਸੁਲਝਾਏ। ਜੇਕਰ ਕਿਧਰੇ ਕੋਈ ਕਮੀਆਂ ਨਜ਼ਰ ਆਉਂਦੀਆਂ ਹਨ ਤਾਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਇਸ ਮਸਲੇ ਉੱਤੇ ਰਣਨੀਤੀ ਬਣਾਵੇ ਅਤੇ ਉਦਯੋਗ ਨੂੰ ਸੁਧਾਰਨ ਵਿਚ ਮਦਦ ਕਰਕੇ ਸਹੀ ਹੱਲ ਦੱਸੇ। ਕਿਸੇ ਵੀ ਫੈਕਟਰੀ ਨੂੰ ਲਗਾਉਣ ਵਿਚ ਬਹੁਤ ਮਿਹਨਤ ਅਤੇ ਪੈਸਾ ਲੱਗਦਾ ਹੈ। ਉਹਨਾਂ ਆਖਿਆ ਕਿ ਵੈਸੇ ਤਾਂ ਸਰਕਾਰ ਭਿਖਾਰੀਆਂ ਵਾਂਗੂ ਪੰਜਾਬ ਵਿੱਚ ਉਦਯੋਗ ਲਗਾਉਣ ਦੀਆਂ ਮਿੰਨਤਾ ਕਰ ਰਹੀ ਹੈ। ਦੂਜੇ ਪਾਸੇ ਸਰਕਾਰ ਪੰਜਾਬ ਵਿਚ ਲੱਗੀਆਂ ਇੰਡਸਟਰੀਆਂ ਬੰਦ ਕਰ ਰਹੀ ਹੈ। ਉਨ੍ਹਾਂ ਕਿਹਾ ਪੰਜਾਬ ਵਿਚ ਮੌਜੂਦਾ ਸਮੇਂ 500 ਅਜਿਹੀਆਂ ਫੈਕਟਰੀਆਂ ਹਨ ਜੋ ਲੱਗਣ ਲਈ ਪੂਰੀ ਤਰ੍ਹਾਂ ਤਿਆਰ ਹਨ, ਪਰ ਸਰਕਾਰ ਉਹਨਾਂ ਨੂੰ ਬਿਜਲੀ ਦੇ ਕਨੈਕਸ਼ਨ ਨਹੀਂ ਦੇ ਰਹੀ ਅਤੇ ਜੇ ਪੰਜਾਬ ਨੂੰ ਬਚਾਉਣਾ ਹੈ ਤਾਂ ਸਰਕਾਰ ਨੂੰ ਆਪਣਾ ਰਵੱਈਆ ਬਦਲਣਾ ਪੈਣਾ ਹੈ।



ਬਦੀਸ਼ ਜਿੰਦਲ ਦਾ ਕਹਿਣਾ ਹੈ ਕਿ ਭੀੜ ਇਕੱਠੀ ਕਰਕੇ ਸ਼ਰਾਬ ਫੈਕਟਰੀ ਬੰਦ ਕਰਵਾਉਣ ਵਾਲੇ ਕਿਸਾਨ ਦੱਸਣ ਕਿ ਉਹ ਪ੍ਰਦੂਸ਼ਣ ਨਹੀਂ ਫੈਲਾਉਂਦੇ। ਫਸਲਾਂ ਉੱਤੇ ਕੈਮੀਕਲ ਅਤੇ ਪੈਸਟੀਸਾਈਟਸ ਦਾ ਇਸਤੇਮਾਲ ਕੀਤਾ ਜਾਂਦਾ ਹੈ ਜੋ ਧਰਤੀ ਹੇਠਲੇ ਪਾਣੀ ਨੂੰ ਪ੍ਰਦੂਸ਼ਿਤ ਕਰਦਾ ਹੈ। ਕਿਸਾਨਾਂ ਵੱਲੋਂ ਸਾੜੀ ਜਾ ਰਹੀ ਪਰਾਲੀ ਸਾਰੇ ਵਾਤਾਵਰਣ ਨੂੰ ਪ੍ਰਦੂਸ਼ਿਤ ਕਰਦੀ ਹੈ। ਕਿਸਾਨ ਧਰਨੇ ਲਾ ਕੇ ਆਪਣੀਆਂ ਗੱਲਾਂ ਮਨਵਾ ਲੈਂਦੇ ਹਨ। ਇਸਦਾ ਮਤਲਬ ਤਾਂ ਇਹੀ ਹੈ ਜੇ ਉਦਯੋਗਪਤੀ ਬੋਲਦੇ ਨਹੀਂ ਤਾਂ ਉਹਨਾਂ ਉੱਤੇ ਆਪਣੇ ਫ਼ੈਸਲੇ ਥੋਪਦੇ ਜਾਓ।



ਉਦਯੋਗ ਕਿਉਂ ਜਾ ਰਿਹਾ ਪੰਜਾਬ ਤੋਂ ਬਾਹਰ ?: ਬਦੀਸ਼ ਜਿੰਦਲ ਕਹਿੰਦੇ ਹਨ ਕਿ ਪੰਜਾਬ ਦੇ ਵਿਚ ਉਦਯੋਗ ਬਦਹਾਲ ਹੈ, 30 ਸਾਲ ਪਹਿਲਾਂ ਪੰਜਾਬ ਜੀਡੀਪੀ ਵਿਚ ਪਹਿਲੇ ਜਾਂ ਦੂਜੇ ਨੰਬਰ ਉੱਤੇ ਹੁੰਦਾ ਸੀ ਅਤੇ ਅੱਜ ਪੰਜਾਬ 18ਵੇਂ ਨੰਬਰ ਉੱਤੇ ਪਹੁੰਚ ਗਿਆ, ਪਰ ਕੇਪਿਟਾ ਇਨਕਮ ਵਿਚ ਪੰਜਾਬ ਬਿਹਾਰ ਤੋਂ ਵੀ ਪਿੱਛੇ ਹੈ। ਉਨ੍ਹਾਂ ਕਿਹਾ ਇਹ ਤਾਂ ਹੋਇਆ ਕਿਉਂਕਿ ਪੰਜਾਬ ਵਿੱਚ ਸਰਕਾਰਾਂ ਨੇ ਉਦਯੋਗ ਬੰਦ ਕਰਵਾਏ ਅਤੇ ਉਦਯੋਗਪਤੀਆਂ ਦੇ ਹਿੱਤ ਵਿਚ ਫ਼ੈਸਲੇ ਨਹੀਂ ਲਏ ਅਤੇ ਇਸੇ ਕਰਕੇ ਇਕ ਤੋਂ ਬਾਅਦ ਇਕ ਉਦਯੋਗ ਪੰਜਾਬ ਵਿਚੋਂ ਚਲੇ ਗਏ। ਉਨ੍ਹਾਂ ਕਿਹਾ ਉਦਯੋਗ ਰੁਜ਼ਗਾਰ ਵੀ ਦਿੰਦਾ ਹੈ, ਇੰਡਸਟਰੀ ਸਰਕਾਰ ਨੂੰ ਟੈਕਸ ਵੀ ਭਰਦੀ ਹੈ ਜਿਸ ਨਾਲ ਅਰਥ ਵਿਵਸਥਾ ਨੂੰ ਬਲ ਮਿਲਦਾ ਹੈ। ਸਰਕਾਰ ਨੇ ਉਦਯੋਗਾਂ ਨਾਲ ਵਿਤਕਰਾ ਕਰਕੇ ਅਰਥ ਵਿਵਸਥਾ ਦਾ ਵੀ ਭੱਠਾ ਬਿਠਾ ਦਿੱਤਾ।



ਈਟੀਵੀ ਭਾਰਤ ਵੱਲੋਂ ਪੰਜਾਬ ਦੇ ਸਾਬਕਾ ਉਦਯੋਗ ਮੰਤਰੀ ਅਨਿਲ ਜੋਸ਼ੀ ਨਾਲ ਵੀ ਗੱਲਬਾਤ ਕੀਤੀ ਗਈ। ਉਹਨਾਂ ਆਖਿਆ ਜ਼ੀਰਾ ਸ਼ਰਾਬ ਫੈਕਟਰੀ ਲੋਕ ਮੁੱਦਾ ਬਣ ਗਿਆ ਸੀ ਅਤੇ ਜਦੋਂ ਮੁੱਦਾ ਲੋਕਾਂ ਦਾ ਬਣ ਜਾਵੇ ਤਾਂ ਸਰਕਾਰ ਨੂੰ ਉਸ ਬਾਰੇ ਸੋਚਣਾ ਪੈਂਦਾ ਹੈ।ਪਰ ਸਹੀ ਮਾਇਨਿਆਂ ਵਿਚ ਜੇ ਗੱਲ ਕਰੀਏ ਤਾਂ ਮੌਜੂਦਾ ਸਰਕਾਰ ਉਦਯੋਗ ਦੀਆਂ ਧੱਜੀਆਂ ਉਡਾ ਰਹੀ ਹੈ। ਇਸੇ ਸਰਕਾਰ ਨੇ ਪਹਿਲਾਂ ਫੈਕਟਰੀ ਦੇ ਸਾਰੇ ਮਾਪਦੰਡਾਂ ਨੂੰ ਪਾਸ ਕੀਤਾ ਅਤੇ ਬਾਅਦ ਵਿਚ ਇਸੇ ਸਰਕਾਰ ਨੇ ਫੈਕਟਰੀ ਨੂੰ ਬੰਦ ਕਰਨ ਦੇ ਨਿਰਦੇਸ਼ ਦੇ ਦਿੱਤੇ। ਸਰਕਾਰ ਨੇ ਸਾਰੇ ਪੱਖ ਵਾਚੇ ਸਨ ਤਾਂ ਫਿਰ ਫ਼ੈਸਲਾ ਵੀ ਪਹਿਲਾਂ ਹੀ ਸੁਣਾ ਦਿੰਦੀ। ਅਨਿਲ ਜੋਸ਼ੀ ਦਾ ਕਹਿਣਾ ਹੈ ਕਿ ਸਰਕਾਰਾਂ ਦੀ ਵਿਲ ਪਾਵਰ 'ਚ ਹੁੰਦਾ ਹੈ ਕਿਸੇ ਮੁੱਦੇ ਨਾਲ ਕਿਵੇਂ ਡੀਲ ਕਰਦੀਆਂ ਹਨ। ਜੇ ਸਰਕਾਰਾਂ ਦੀ ਵਿਲ ਪਾਵਰ ਵਿਚ ਢਿੱਲ ਰਹੀ ਤਾਂ ਉਦਯੋਗ ਪੰਜਾਬ ਵਿਚੋਂ ਬਾਹਰ ਚਲਾ ਗਿਆ।


ਦੂਜੇ ਪਾਸੇ ਜ਼ੀਰਾ ਫੈਕਟਰੀ ਬੰਦ ਕਰਨ ਦੇ ਮਾਮਲੇ ਉੱਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਮਹੇਸ਼ਇੰਦਰ ਸਿੰਘ ਗਰੇਵਾਲ ਕਿਹਾ ਕਿ ਇਹ ਸਰਕਾਰ ਦੀ ਸੋਚੀ ਸਮਝੀ ਸਾਜ਼ਿਸ਼ ਨਾਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪਹਿਲਾਂ ਫੈਕਟਰੀ ਦੇ ਹੱਕ ਵਿੱਚ ਗਵਾਹੀ ਭਰਦੀ ਰਹੀ ਹੈ ਅਤੇ ਹੁਣ ਮਾਮਲਾ ਵਿਗੜਦਾ ਵੇਖ ਮੁੱਖ ਮੰਤਰੀ ਫੈਕਟਰੀ ਨੂੰ ਤਾਲੇ ਜੜਨ ਦੇ ਡਰਾਮੇ ਕਰ ਰਹੇ ਹਨ।

Last Updated :Jan 18, 2023, 10:17 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.