ਨਵੀਂ ਸੰਸਦ ਦੇ ਉਦਘਾਟਨੀ ਸਮਾਰੋਹ ਨੂੰ ਲੈ ਕੇ ਭਾਜਪਾ ਦੇ ਹੱਕ 'ਚ ਨਿੱਤਰਿਆ ਅਕਾਲੀ ਦਲ, ਜਾਣੋ ਕੀ ਹੈ ਅਕਾਲੀ ਦਲ ਦੀ ਸਿਆਸੀ ਮੰਸ਼ਾ ?
Published: May 26, 2023, 7:35 PM


ਨਵੀਂ ਸੰਸਦ ਦੇ ਉਦਘਾਟਨੀ ਸਮਾਰੋਹ ਨੂੰ ਲੈ ਕੇ ਭਾਜਪਾ ਦੇ ਹੱਕ 'ਚ ਨਿੱਤਰਿਆ ਅਕਾਲੀ ਦਲ, ਜਾਣੋ ਕੀ ਹੈ ਅਕਾਲੀ ਦਲ ਦੀ ਸਿਆਸੀ ਮੰਸ਼ਾ ?
Published: May 26, 2023, 7:35 PM
ਬਾਕੀਆਂ ਪਾਰਟੀਆਂ ਵੱਲੋਂ ਬਾਈਕਾਟ ਕਰਨ ਦੇ ਬਾਵਜੂਦ ਇਕ ਅਕਾਲੀ ਦਲ ਹੀ ਹੈ ਜੋ ਭਾਜਪਾ ਦੀ ਹਾਂ ਵਿਚ ਹਾਂ ਮਿਲਾ ਰਿਹਾ ਹੈ ਅਤੇ ਨਵੀਂ ਸੰਸਦ ਦੇ ਉਦਘਾਟਨ ਸਮਾਰੋਹ ਵਿਚ ਸ਼ਾਮਿਲ ਹੋ ਰਿਹਾ ਹੈ। ਅਕਾਲੀ ਦਲ ਦੇ ਇਸ ਫ਼ੈਸਲੇ ਦੇ ਕਈ ਸਿਆਸੀ ਮਾਇਨੇ ਕੱਢੇ ਜਾ ਰਹੇ ਹਨ, ਇਹ ਸਭ ਜਾਣ ਲਈ ਪੜ੍ਹੋ ਸਾਡੀ ਖਾਸ ਰਿਪੋਰਟ...
ਚੰਡੀਗੜ੍ਹ: ਦੇਸ਼ ਵਿਚ ਨਵੀਂ ਸੰਸਦ ਦੇ ਉਦਘਾਟਨ ਤੋਂ ਪਹਿਲਾਂ ਨਵੀਂ ਜੰਗ ਛਿੜ ਗਈ ਹੈ। ਜਿਸਦੇ ਦਰਮਿਆਨ ਕੁਝ ਨਵੇਂ ਸਿਆਸੀ ਸਮੀਕਰਨ ਬਣਦੇ ਵੀ ਨਜ਼ਰ ਆ ਰਹੇ ਹਨ। ਜਿੱਥੇ 19 ਵਿਰੋਧੀ ਧਿਰਾਂ ਨੇ ਸੰਸਦ ਦੇ ਉਦਘਾਟਨ ਦਾ ਪੂਰੀ ਤਰ੍ਹਾਂ ਬਾਈਕਾਟ ਕੀਤਾ ਹੈ। ਉੱਥੇ ਹੀ ਅਕਾਲੀ ਦਲ ਨੇ ਨਵੇਂ ਸੰਸਦ ਦੇ ਉਦਘਾਟਨ ਵੱਧ ਚੜ੍ਹ ਕੇ ਜਾਣ ਦੀ ਰੁਚੀ ਜ਼ਾਹਿਰ ਕੀਤੀ। ਭਾਜਪਾ ਦੇ ਨਾਲ ਅਕਾਲੀ ਦਲ ਇਸ ਉਦਘਾਟਨੀ ਸਮਾਰੋਹ ਵਿਚ ਸ਼ਾਮਲ ਹੋਵੇਗਾ। 28 ਮਈ ਨੂੰ ਨਵੇਂ ਸੰਸਦ ਦਾ ੳਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤਾ ਜਾਣਾ ਹੈ, ਜਿਸ ਵਿਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਸ਼ਿਰਕਤ ਕਰਨਗੇ।
ਇੰਨਾ ਹੀ ਨਹੀਂ ਸੰਸਦ ਦੇ ਉਦਘਾਟਨੀ ਸਮਾਰੋਹ ਦਾ ਬਾਈਕਾਟ ਕਰਨ ਵਾਲੀਆਂ ਵਿਰੋਧੀ ਧਿਰਾਂ ਨੂੰ ਵੀ ਅਕਾਲੀ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਨਸੀਹਤ ਵੀ ਦਿੱਤੀ ਕਿ ਨਵੇਂ ਸੰਸਦ ਭਵਨ ਦਾ ਉਦਘਾਟਨ ਇੱਕ ਮਾਣ ਵਾਲਾ ਪਲ ਹੈ ਅਤੇ ਇਸ ਮੌਕੇ ਦਾ ਸਿਆਸੀਕਰਨ ਨਹੀਂ ਕੀਤਾ ਜਾਣਾ ਚਾਹੀਦਾ। ਅਕਾਲੀ ਦਲ ਦਾ ਭਾਜਪਾ ਲਈ ਪ੍ਰੇਮ ਕਈ ਵਰਤਾਰਿਆਂ ਵੱਲ ਇਸ਼ਾਰਾ ਕਰ ਰਿਹਾ ਹੈ। ਇਸਤੋਂ ਪਹਿਲਾਂ ਅਕਾਲੀ ਦਲ ਨੇ ਰਾਸ਼ਟਰਪਤੀ ਦੀ ਚੋਣ ਮੌਕੇ ਦ੍ਰੋਪਦੀ ਮੁਰਮੂ ਦੇ ਹੱਕ ਵਿਚ ਵੋਟਿੰਗ ਵੀ ਕੀਤੀ ਸੀ।
ਭਾਜਪਾ ਦੇ ਸਮਰਥਨ 'ਚ ਅਕਾਲੀ ਦਲ ਦਾ 'ਆਪ' ਨੂੰ ਮਿਹਣਾ:- ਭਾਜਪਾ ਦੇ ਸਮਰਥਨ 'ਚ ਅਕਾਲੀ ਦਲ ਵਿਰੋਧੀ ਧਿਰਾਂ ਨਾਲ ਵੀ ਲੋਹਾ ਲੈ ਰਹੀ ਹੈ। ਪੰਜਾਬ ਦੀ ਸੱਤਾ ਧਿਰ ਆਮ ਆਦਮੀ ਪਾਰਟੀ ਲਈ ਅਕਾਲੀ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਤਿੱਖਾ ਤੰਜ਼ ਕੱਸਦਿਆਂ ਕਿਹਾ ਰਾਸ਼ਟਰਤਪਤੀ ਦਾ ਸਨਮਾਨ ਕਰਨ ਵਾਲੀ ਗੱਲ ਆਮ ਆਦਮੀ ਪਾਰਟੀ ਖੁਦ ਕਿਹੜੇ ਮੂੰਹ ਨਾਲ ਕਹਿ ਰਹੀ ਹੈ। ਜਦੋਂ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਪਹਿਲੀ ਵਾਰ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ 'ਚ ਏਅਰਫੋਰਸ ਪ੍ਰੋਗਰਾਮ 'ਚ ਪਹੁੰਚੇ ਤਾਂ ਸੀਐੱਮ ਭਗਵੰਤ ਮਾਨ ਉਨ੍ਹਾਂ ਦੇ ਸਵਾਗਤ ਲਈ ਨਹੀਂ ਗਏ। ਪੰਜਾਬ ਦੇ ਮੁੱਖ ਮੰਤਰੀ ਖੁਦ ਰਾਸ਼ਟਰਪਤੀ ਦਾ ਜਿੰਨਾ ਸਤਿਕਾਰ ਕਰਦੇ ਹਨ, ਉਹ ਸਭ ਨੂੰ ਪਤਾ ਹੈ। ਦੱਸ ਦਈਏ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਉਦਘਾਟਨੀ ਸਮਾਰੋਹ 'ਚ ਜਾਣ ਤੋਂ ਇਨਕਾਰ ਕੀਤਾ ਸੀ।
ਰਾਜਨੀਤਿਕ ਗਲਿਆਰਿਆਂ 'ਚ ਛਿੜੀ ਚਰਚਾ:- ਜਿਸ ਤਰ੍ਹਾਂ ਅਕਾਲੀ ਦਲ ਵੱਲੋਂ ਹਿੱਕ ਤਾਣ ਕੇ ਭਾਜਪਾ ਦਾ ਸਾਥ ਦਿੱਤਾ ਜਾ ਰਿਹਾ ਹੈ ਅਤੇ ਵਿਰੋਧੀ ਧਿਰਾਂ ਨੂੰ ਦੁਰਕਾਰਿਆ ਜਾ ਰਿਹਾ ਹੈ। ਉਸ ਉੱਤੇ ਸਿਆਸੀ ਗਲਿਆਰਿਆਂ ਵਿੱਚ ਵੀ ਚਰਚਾ ਸ਼ੁਰੂ ਹੋ ਗਈ ਹੈ। ਅਕਾਲੀ ਦਲ ਦਾ ਇਹ ਰਵੱਈਆ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਚੁੱਬ ਰਿਹਾ ਹੈ। ਪੰਜਾਬ ਕਾਂਗਰਸ ਦੇ ਬੁਲਾਰੇ ਕੰਵਰ ਹਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ "ਰਾਜਨੀਤੀ ਦੇ ਹਾਸ਼ੀਏ 'ਤੇ ਪਹੁੰਚਿਆ ਅਕਾਲੀ ਦਲ ਮੁੜ ਤੋਂ ਉੱਠਣ ਲਈ ਭਾਜਪਾ ਦਾ ਸਹਾਰਾ ਲੈਣਾ ਚਾਹੁੰਦਾ ਹੈ। ਅਕਾਲੀ ਭਾਜਪਾ ਅੱਗੇ ਆਪਣਾ ਆਪ ਸਰੰਡਰ ਕਰਨ ਨੂੰ ਤਿਆਰ ਹੈ, ਮੁੜ ਤੋਂ ਭਾਜਪਾ ਨਾਲ ਗੱਠਜੋੜ ਕਰਨ ਲਈ ਅਕਾਲੀ ਦਲ ਤਰਲੋ ਮੱਛੀ ਹੋ ਰਿਹਾ ਹੈ, ਹਰ ਤਰ੍ਹਾਂ ਦੇ ਸਮਝੌਤੇ ਕਰਕੇ ਅਕਾਲੀ ਦਲ ਭਾਜਪਾ ਦਾ ਮੁੜ ਤੋਂ ਸਾਥੀ ਬਣਨਾ ਚਾਹੁੰਦਾ ਹੈ। ਇਸੇ ਲਈ ਭਾਜਪਾ ਦੇ ਹੱਕ 'ਚ ਬੋਲਣਾ ਅਕਾਲੀ ਦਲ ਦੀ ਮਜ਼ਬੂਰੀ ਬਣਦੀ ਜਾ ਰਹੀ ਹੈ।"
- ਕਾਂਗਰਸ ਨੇ ਨਵੇਂ ਸੰਸਦ ਭਵਨ ਦੇ ਉਦਘਾਟਨ ਦਾ ਕੀਤਾ ਬਾਈਕਾਟ ਕਰਨ ਦਾ ਐਲਾਨ, ਸਾਬਕਾ ਮੁੱਖ ਮੰਤਰੀ ਨੇ ਕਾਂਗਰਸ ਨੂੰ ਕਿਹਾ 'ਪਖੰਡੀ'
- New Parliament Dispute: ਨਵੇਂ ਸੰਸਦ ਭਵਨ ਦੇ ਉਦਘਾਟਨ ਸਬੰਧੀ ਦਾਖਲ ਪਟੀਸ਼ਨ ਸੁਪਰੀਮ ਕੋਰਟ ਨੇ ਕੀਤੀ ਰੱਦ
- New Parliament Building: ਨਹੀਂ ਰੁਕ ਰਿਹਾ ਪਾਰਲੀਮੈਂਟ ਵਿਵਾਦ, 250 ਸੰਸਦ ਮੈਂਬਰ ਨਵੀਂ ਇਮਾਰਤ ਦੇ ਉਦਘਾਟਨ ਸਮਾਰੋਹ ਦਾ ਕਰਨਗੇ ਵਿਰੋਧ
ਅਕਾਲੀ ਦਲ ਦੇ ਇਸ ਫੈਸਲੇ ਪਿੱਛੇ ਕੀ ਹੈ ਸਿਆਸੀ ਮੰਸ਼ਾ ? ਅਕਾਲੀ ਦਲ ਅਤੇ ਭਾਜਪਾ ਦੇ ਗੱਠਜੋੜ ਬਾਰੇ ਇਕ ਕਿੱਸਾ ਬਹੁਤ ਮਸ਼ਹੂਰ ਸੀ ਕਿ ਅਕਾਲੀ ਦਲ ਅਤੇ ਭਾਜਪਾ ਦਾ ਨਹੁੰ ਮਾਸ ਦਾ ਰਿਸ਼ਤਾ ਹੈ ਜੋ ਕਿ ਕਦੇ ਵੱਖ ਨਹੀਂ ਹੋ ਸਕਦੇ। ਕਿਸਾਨੀ ਅੰਦੋਲਨ ਦੌਰਾਨ ਇਸ ਰਿਸ਼ਤੇ ਵਿਚ ਤਰੇੜ ਆਈ ਅਤੇ ਪ੍ਰਕਾਸ਼ ਸਿੰਘ ਬਾਦਲ ਦੀ ਮੌਤ ਤੋਂ ਬਾਅਦ ਇਸ ਰਿਸ਼ਤੇ ਦੀਆਂ ਗੰਢਾਂ ਮੁੜ ਤੋਂ ਬੱਝਣ ਦੇ ਕਿਆਸ ਸ਼ੁਰੂ ਹੋ ਗਏ ਹਨ। ਜਲੰਧਰ ਜ਼ਿਮਨੀ ਚੋਣਾਂ ਤੋਂ ਬਾਅਦ ਅਕਾਲੀ ਦਲ ਦੇ ਕਈ ਸੀਨੀਅਰ ਲੀਡਰ ਮੁੜ ਤੋਂ ਇਸ ਗੱਠਜੋੜ ਨੂੰ ਸੁਰਜੀਤ ਕਰਨ ਦੀ ਇੱਛਾ ਜ਼ਾਹਿਰ ਕਰ ਚੁੱਕੇ ਹਨ।
ਹਾਲਾਂਕਿ ਭਾਜਪਾ ਵੱਲੋਂ ਅਜੇ ਇਹਨਾਂ ਤਮਾਮ ਚਰਚਾਵਾਂ ਅਤੇ ਕਿਆਸਾਂ ਨੂੰ ਦਰਕਿਨਾਰ ਕੀਤਾ ਹੈ। ਪਰ ਫਿਰ ਵੀ ਅਕਾਲੀ ਦਲ ਮੁੜ ਤੋਂ ਇਸ ਗੱਠਜੋੜ ਲਈ ਪੂਰੀ ਤਰ੍ਹਾਂ ਆਸਵੰਦ ਹੈ। ਕਿਸਾਨੀ ਅੰਦੋਲਨ ਖ਼ਤਮ ਹੋਣ ਤੋਂ ਬਾਅਦ ਅਜਿਹੇ ਕਈ ਮੌਕੇ ਆਏ ਜਦੋਂ ਭਾਜਪਾ ਦੀ ਹਾਂ ਵਿਚ ਅਕਾਲੀ ਦਲ ਨੇ ਹਾਂ ਮਿਲਾਈ। ਹੁਣ 2024 ਲੋਕ ਸਭਾ ਚੋਣਾਂ ਤੋਂ ਪਹਿਲਾਂ ਅਕਾਲੀ ਭਾਜਪਾ ਦੇ ਸਿਆਸੀ ਸਮੀਕਰਨ ਸੁਖਾਵੇਂ ਬਣਾ ਸਕਦਾ ਹੈ ਅਕਾਲੀ ਦਲ ਦੇ ਇਸ ਫ਼ੈਸਲੇ ਪਿੱਛੇ ਇਹ ਮੰਸ਼ਾ ਕੰਮ ਕਰ ਰਹੀ ਹੈ। ਪਾਰਟੀ ਦੇ ਨਜ਼ਦੀਕੀ ਸੂਤਰ ਤਾਂ ਇਹ ਕਹਿੰਦੇ ਹਨ ਦੋਵਾਂ ਵਿਚ ਗੱਠਜੋੜ ਦੀਆਂ ਕੋਸ਼ਿਸ਼ਾਂ ਪੂਰੇ ਜ਼ੋਰਾਂ 'ਤੇ ਹਨ।
