gangster Lucky Patial: ਗੈਂਗਸਟਰ ਲੱਕੀ ਪਟਿਆਲ ਦੇ ਦੋ ਗੁਰਗੇ ਗ੍ਰਿਫ਼ਤਾਰ

gangster Lucky Patial: ਗੈਂਗਸਟਰ ਲੱਕੀ ਪਟਿਆਲ ਦੇ ਦੋ ਗੁਰਗੇ ਗ੍ਰਿਫ਼ਤਾਰ
ਪੰਜਾਬ ਪੁਲਿਸ ਦੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਐਸ.ਏ.ਐਸ.ਨਗਰ ਨੇ ਵਿਸ਼ੇਸ਼ ਆਪ੍ਰੇਸ਼ਨ ਦੌਰਾਨ ਅਰਮੀਨੀਆ ਅਧਾਰਿਤ ਗੈਂਗਸਟਰ ਲੱਕੀ ਪਟਿਆਲ ਦੇ ਦੋ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗੈਂਗਸਟਰ ਲੱਕੀ ਪਟਿਆਲ ਜੋ ਮੌਜੂਦਾ ਸਮੇਂ ਬੰਬੀਹਾ ਗੈਂਗ ਦਾ ਮੁਖੀ ਹੈ ਅਤੇ ਪੰਜਾਬ ਪੁਲਿਸ ਲਈ ਅਤਿ ਲੋੜੀਂਦਾ ਗੈਂਗਸਟਰ ਹੈ। ਗ੍ਰਿਫ਼ਤਾਰ ਕੀਤੇ ਗਏ ਗੈਂਗਸਟਰਾਂ ਦੀ ਪਛਾਣ ਕੁਲਦੀਪ ਸਿੰਘ ਕਿੰਗਰਾ ਅਤੇ ਹਰਿੰਦਰ ਸਿੰਘ ਵਾਸੀ ਕੋਟਕਪੁਰਾ ਵਜੋਂ ਹੋਈ ਹੈ।
ਚੰਡੀਗੜ੍ਹ: ਪੰਜਾਬ ਅੰਦਰ ਬੀਤੇ ਦਿਨੀ ਭਾਵੇਂ ਗੈਂਗਸਟਰਾਂ ਵੱਲੋਂ ਲਗਾਤਾਰ ਆਪਣੀਆਂ ਗੈਰਕਾਨੂੰਨੀ ਕਾਰਵਾਈਆਂ ਨੂੰ ਅੰਜਾਮ ਦਿੱਤਾ ਗਿਆ ਹੈ ਪਰ ਹੁਣ ਪੰਜਾਬ ਪੁਲਿਸ ਵੀ ਐਕਸ਼ਨ ਵਿੱਚ ਨਜ਼ਰ ਆਈ ਹੈ। ਪੰਜਾਬ ਪੁਲਿਸ ਦੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਐਸ.ਏ.ਐਸ.ਨਗਰ ਨੇ ਅਰਮੀਨੀਆ ਅਧਾਰਿਤ ਗੈਂਗਸਟਰ ਲੱਕੀ ਪਟਿਆਲ ਦੇ ਦੋ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮਾਮਲੇ ਸਬੰਧੀ ਵੇਰਵੇ ਦਿੰਦਿਆਂ ਏਆਈਜੀ ਨੇ ਦੱਸਿਆ ਕਿ ਇਸ ਸਬੰਧੀ ਪੁਲਿਸ ਸਟੇਸ਼ਨ ਐਸਐਸਓਸੀ ਅਤੇ ਐਸ.ਏ.ਐਸ. ਨਗਰ ਵਿਖੇ ਅਸਲਾ ਐਕਟ ਅਤੇ ਜਬਰੀ ਵਸੂਲੀ ਦੀਆਂ ਧਾਰਾਵਾਂ ਤਹਿਤ ਪਹਿਲਾਂ ਹੀ ਐਫਆਈਆਰ ਦਰਜ ਕੀਤੀ ਜਾ ਚੁੱਕੀ ਹੈ।
ਕਿੰਗਰਾ ਗ੍ਰਿਫ਼ਤਾਰ: ਉਹਨਾਂ ਅੱਗੇ ਦੱਸਿਆ ਕਿ ਜਾਂਚ ਦੌਰਾਨ ਛਾਪੇਮਾਰੀ ਕੀਤੀ ਗਈ ਅਤੇ ਪੁਲਿਸ ਪਾਰਟੀ ਨੇ ਐਤਵਾਰ ਨੂੰ ਕੁਲਦੀਪ ਸਿੰਘ ਕਿੰਗਰਾ ਨੂੰ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਦੱਸਿਆ ਕਿ ਮੁਲਜ਼ਮ ਕਿੰਗਰਾ ਮੁਲਜ਼ਮਾਂ ਅਤੇ ਬੰਬੀਹਾ ਗੁਰੱਪ ਦੇ ਮੈਂਬਰਾਂ ਨੂੰ ਸਿਰਸਾ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਛੁਪਣਗਾਹਾਂ ਮੁਹੱਈਆ ਕਰਵਾ ਕੇ ਮਦਦ ਕਰ ਰਿਹਾ ਸੀ। ਕਿੰਗਰਾ ਤੋਂ ਪੁੱਛ ਪੜਤਾਲ ਦੌਰਾਨ ਮਿਲੇ ਸੁਰਾਗਾਂ ਨਾਲ ਪੁਲਸ ਟੀਮਾਂ ਨੇ ਮੰਗਲਵਾਰ ਨੂੰ ਉਸ ਦੇ ਸਾਥੀ ਹਰਿੰਦਰ ਸਿੰਘ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਅਤੇ ਉਸ ਕੋਲੋਂ ਇਕ ਦੇਸੀ ਪਿਸਤੌਲ ਅਤੇ ਚਾਰ ਜਿੰਦਾ ਕਾਰਤੂਸ ਬਰਾਮਦ ਕੀਤੇ।
ਪੁਲਿਸ ਮੁਤਾਬਿਕ ਗ੍ਰਿਫ਼ਤਾਰ ਕੀਤੇ ਦੋਵਾਂ ਮੁਲਜ਼ਮਾਂ ਤੋਂ ਮੁੱਢਲੀ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਕੁਲਦੀਪ ਕਿੰਗਰਾ ਅਤੇ ਹਰਿੰਦਰ ਸਿੰਘ, ਮੋਗਾ ਦੇ ਰਹਿਣ ਵਾਲੇ ਜੈਕਪਾਲ ਸਿੰਘ ਉਰਫ਼ ਲਾਲੀ ਦੇ ਇਸ਼ਾਰੇ 'ਤੇ ਕੰਮ ਕਰਦੇ ਸਨ। ਜੈਕਪਾਲ ਲਾਲੀ ਗੈਂਗਸਟਰ ਲੱਕੀ ਪਟਿਆਲ ਦਾ ਪੁਰਾਣਾ ਸਾਥੀ ਹੈ। ਵਿਦੇਸ਼ ਅਧਾਰਤ ਸੰਚਾਲਕਾਂ ਦੇ ਨਿਰਦੇਸ਼ਾਂ 'ਤੇ ਮੁਲਜ਼ਮ ਹਰਿੰਦਰ ਸਿੰਘ ਪੰਜਾਬ ਦੇ ਕੁਝ ਕਾਰੋਬਾਰੀਆਂ ਅਤੇ ਹੋਰ ਸਖਸ਼ੀਅਤਾਂ ਨੂੰ ਧਮਕੀਆਂ ਦੇ ਕੇ ਉਨ੍ਹਾਂ ਤੋਂ ਜਬਰੀ ਪੈਸੇ ਵਸੂਲਣ ਵਿੱਚ ਸ਼ਾਮਲ ਸੀ, ਜਦਕਿ ਕੁਲਦੀਪ ਕਿੰਗਰਾ ਮੁਲਜ਼ਮਾਂ ਦੇ ਲੁਕਣ ਦਾ ਪ੍ਰਬੰਧ ਕਰ ਰਿਹਾ ਸੀ।
ਇਹ ਵੀ ਪੜ੍ਹੋ: BBC Documentary Controversy: PU ਵਿੱਚ ਡਾਕੂਮੈਂਟਰੀ ਨੂੰ ਲੈਕੇ ਹੰਗਾਮਾ, ਅਧਿਕਾਰੀਆਂ ਨੇ ਕਰਵਾਈ ਬੰਦ
ਲਾਰੈਂਸ ਬਿਸ਼ਨੋਈ ਗੈਂਗ: ਹਰਿਆਣਾ ਦੇ ਸਿਰਸਾ ਇਲਾਕੇ ਵਿਚ ਰਹਿਣ ਵਾਲੇ ਲਾਰੈਂਸ ਬਿਸ਼ਨੋਈ ਗੈਂਗ ਦੇ ਕੁਝ ਮੈਂਬਰ ਵੀ ਉਨ੍ਹਾਂ ਦੇ ਨਿਸ਼ਾਨੇ 'ਤੇ ਸਨ। ਜੈਕਪਾਲ ਲਾਲੀ ਨੇ ਹੀ ਹਰਿੰਦਰ ਸਿੰਘ ਨੂੰ ਹਥਿਆਰ ਅਤੇ ਗੋਲੀ ਸਿੱਕਾ ਮੁਹੱਈਆ ਕਰਵਾਇਆ ਸੀ। ਇਸ ਤੋਂ ਪਹਿਲਾਂ ਜੈਕਪਾਲ ਲਾਲੀ ਨੇ ਹਰਿੰਦਰ ਸਿੰਘ ਨੂੰ ਦੋ ਗੈਰ-ਕਾਨੂੰਨੀ ਹਥਿਆਰ ਵੀ ਮੁਹੱਈਆ ਕਰਵਾਏ ਸਨ ਜੋ ਉਸ ਨੇ ਅੱਗੇ ਆਪਣੇ ਸਾਥੀਆਂ ਨੂੰ ਦਿੱਤੇ ਸਨ। ਇਹਨਾਂ ਹਥਿਆਰਾਂ ਦੀ ਬਰਾਮਦਗੀ ਅਜੇ ਬਾਕੀ ਹਨ ਅਤੇ ਇਸ ਸਬੰਧੀ ਅਗਲੇਰੀ ਜਾਂਚ ਜਾਰੀ ਹੈ।
