'ਦਿੱਲੀ ਦੀਆਂ ਧੁਨਾਂ ਉੱਤੇ ਨੱਚਦੇ ਹਨ CM ਭਗਵੰਤ ਮਾਨ', ਪੜ੍ਹੋ ਮਾਨ ਉੱਤੇ ਪ੍ਰਤਾਪ ਬਾਜਵਾ ਦੇ ਤਿੱਖੇ ਤੰਜ

author img

By

Published : Jan 20, 2023, 3:45 PM IST

Politics flares up after Pratap Singh Bajwa's statement

ਕਾਂਗਰਸ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਵਲੋਂ ਦਿੱਤਾ ਗਿਆ ਬਿਆਨ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਬਾਜਵਾ ਨੇ ਕਿਹਾ ਕਿ ਕਾਂਗਰਸ ਵਿਚਲੇ ਫਰਜ਼ੀ ਲੋਕਾਂ ਨੂੰ ਬਿਨਾਂ ਦੇਰੀ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਿ ਜਿਹੜੇ ਪਾਰਟੀ ਛੱਡ ਗਏ ਸਨ, ਉਹ ਪਹਿਲਾਂ ਹੀ ਸਾਡੇ ਦਿਲ ਵਿੱਚ ਨਹੀਂ ਸਨ। ਉਨ੍ਹਾਂ ਦੇ ਬਿਆਨ ਨੇ ਇਕ ਵੱਡੀ ਸਿਆਸੀ ਚਰਚਾ ਛੇੜ ਦਿੱਤੀ ਹੈ।

ਚੰਡੀਗੜ੍ਹ: ਸੂਬੇ ਵਿੱਚ ਵਿਰੋਧੀ ਧਿਰ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਵਲੋਂ ਦਿੱਤਾ ਗਿਆ ਬਿਆਨ ਫਸਾਦ ਬਣਦਾ ਜਾ ਰਿਹਾ ਹੈ। ਬਾਜਵਾ ਨੇ ਭਾਰਤ ਜੋੜੋ ਰੈਲੀ ਵਿੱਚ ਕਿਹਾ ਸੀ ਕਿ ਕਾਂਗਰਸ ਵਿੱਚੋਂ ਮਾੜੇ ਬੰਦੇ ਬਾਹਰ ਕੱਢੇ ਜਾਣ ਤੇ ਉਨ੍ਹਾਂ ਦੀ ਥਾਂ ਸਾਫ ਸੁਥਰੇ ਲੋਕ ਸ਼ਾਮਿਲ ਕੀਤੇ ਜਾਣ। ਬਾਜਵਾ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਜਿਨ੍ਹਾਂ ਨੇ ਕਾਂਗਰਸ ਪਾਰਟੀ ਛੱਡੀ ਹੈ, ਉਹ ਸਾਡੇ ਨਹੀਂ ਸਨ। ਉਨ੍ਹਾਂ ਮਨਪ੍ਰੀਤ ਬਾਦਲ ਬਾਰੇ ਕਿਹਾ ਕਿ ਮਨਪ੍ਰੀਤ ਨੇ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੂੰ ਖ਼ਤਮ ਕੀਤਾ ਹੁਣ ਕਾਂਗਰਸ ਨੂੰ।

ਬਾਜਵਾ ਨੇ ਕਿਹਾ ਕਿ ਕਾਂਗਰਸ ਵਿੱਚ ਫਰਜ਼ੀ ਲੋਕਾਂ ਲਈ ਕੋਈ ਥਾਂ ਨਹੀਂ ਹੈ ਤੇ ਅਜਿਹੇ ਲੋਕ ਬਿਨਾਂ ਦੇਰੀ ਪਾਰਟੀ ਵਿੱਚੋਂ ਕੱਢ ਦਿੱਤੇ ਜਾਣਗੇ। ਜਿਹੜੇ ਪਾਰਟੀ ਨੂੰ ਛੱਡ ਕੇ ਗਏ ਹਨ, ਉਹ ਪਹਿਲਾਂ ਹੀ ਦਿਲੋਂ ਸਾਡੇ ਨਹੀਂ ਸਨ। ਦੱਸ ਦਈਏ ਕਿ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੌਰਾਨ ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਪਾਰਟੀ ਤੋਂ ਅਸਤੀਫਾ ਦੇ ਕੇ ਭਾਜਪਾ ਵਿਚ ਸ਼ਾਮਲ ਹੋ ਗਏ ਹਨ। ਅਜਿਹੇ ਵਿਚ ਸੀਨੀਅਰ ਆਗੂਆਂ ਵੱਲੋਂ ਮੰਗ ਉਠਾਈ ਜਾ ਰਹੀ ਹੈ ਕਿ ਪਾਰਟੀ ਵਿਚ ਜਿਹੜੇ ਵੀ ਲੋਕ ਆਪਣੇ ਮਤਲਬ ਲਈ ਜੁੜੇ ਹੋਏ ਹਨ, ਉਨ੍ਹਾਂ ਨੂੰ ਬਾਹਰ ਦਾ ਰਸਤਾ ਵਿਖਾਇਆ ਜਾਣਾ ਚਾਹੀਦਾ ਹੈ।

ਇਹ ਵੀ ਪੜ੍ਹੋ:ਸਿੱਖ ਇਤਿਹਾਸ ਨਾਲ ਕਿਉਂ ਜੁੜਦਾ ਹੈ ਚਾਬੀਆਂ ਦਾ ਮੋਰਚਾ, ਪੜ੍ਹੋ ਇਸਦੀਆਂ ਅਣਸੁਣੀਆਂ ਗੱਲਾਂ

ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਬਦਲਾਖੋਰੀ ਵਾਲੇ ਬਿਆਨ ਦਾ ਹਵਾਲਾ ਦਿੰਦੇ ਹੋਏ ਕਿਹਾ ਹੈ ਕਿ ਸਚਾਈ ਹਮੇਸ਼ਾ ਕੌੜੀ ਹੁੰਦੀ ਹੈ। ਜ਼ਿਕਰਯੋਗ ਹੈ ਕਿ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਪੰਜਾਬ 'ਚ ਆਪ ਸਰਕਾਰ ਨੂੰ ਕਰੜੇ ਹੱਥੀਂ ਲੈਂਦਿਆਂ ਇੱਕ ਬਿਆਨ ਦਿੱਤਾ ਸੀ, ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਪੰਜਾਬ ਨੂੰ ਦਿੱਲੀ ਵਿੱਚ ਬੈਠੀ 'ਆਪ' ਲੀਡਰਸ਼ਿਪ ਦੇ ਨਿਰਦੇਸ਼ਾਂ 'ਤੇ ਨਹੀਂ ਚਲਾਇਆ ਜਾਣਾ ਚਾਹੀਦਾ ਹੈ।

CM ਮਾਨ ਉੱਤੇ ਤਿੱਖਾ ਤੰਜ: ਵਿਰੋਧੀ ਧਿਰ ਦੇ ਨੇਤਾ ਨੇ ਇੱਕ ਬਿਆਨ ਵਿੱਚ ਇਹ ਵੀ ਕਿਹਾ ਸੀ ਰਾਹੁਲ ਗਾਂਧੀ ਦੇ ਇਸ ਦਾਅਵੇ ਵਿੱਚ ਕੋਈ ਅਤਿਕਥਨੀ ਜਾਂ ਗ਼ਲਤ ਬਿਆਨੀ ਨਹੀਂ ਹੈ। ਇਹ ਸਾਬਤ ਕਰਨ ਲਈ ਬਹੁਤ ਸਾਰੀਆਂ ਉਦਾਹਰਨਾਂ ਹਨ। ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਇੱਕ ਕਠਪੁਤਲੀ ਤੋਂ ਵੱਧ ਕੁੱਝ ਨਹੀਂ ਹੈ, ਜੋ ਦਿੱਲੀ ਵਿੱਚ ਬੈਠੇ ਆਪਣੇ ਆਕਾਵਾਂ ਦੀਆਂ ਧੁਨਾਂ 'ਤੇ ਨੱਚ ਰਿਹਾ ਹੈ। ਬਾਜਵਾ ਨੇ ਕਿਹਾ ਕਿ ਰਾਘਵ ਚੱਢਾ, ਜਿਸ ਨੂੰ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦਾ ਨਜ਼ਦੀਕੀ ਮੰਨਿਆ ਜਾਂਦਾ ਹੈ, ਨੂੰ ਪਹਿਲਾਂ ਪੰਜਾਬ ਤੋਂ ਰਾਜ ਸਭਾ ਮੈਂਬਰ ਬਣਾਇਆ ਗਿਆ ਸੀ, ਫਿਰ ਉਸ ਨੂੰ ਪੰਜਾਬ ਦੀ ਅੰਤਰਿਮ ਸਲਾਹਕਾਰ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਸੀ।

ਬਾਜਵਾ ਨੇ ਕਿਹਾ ਕਿ ਪੰਜਾਬ ਵਿੱਚ ਹਰ ਕੋਈ ਜਾਣਦਾ ਹੈ ਕਿ ਰਾਜ ਸਭਾ ਸਾਂਸਦ ਰਾਘਵ ਚੱਢਾ ਪੰਜਾਬ ਵਿੱਚ ਸਮਾਨੰਤਰ ਸਰਕਾਰ ਚਲਾ ਰਿਹਾ ਹੈ। ਕਾਦੀਆਂ ਦੇ ਵਿਧਾਇਕ ਬਾਜਵਾ ਨੇ ਕਿਹਾ ਕਿ 'ਆਪ' ਦੀ ਚੋਟੀ ਦੀ ਲੀਡਰਸ਼ਿਪ ਦੇ ਚਹੇਤੇ ਨਵਲ ਅਗਰਵਾਲ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਸਰਕਾਰੀ ਫਾਈਲਾਂ ਦੀ ਨਿਗਰਾਨੀ ਕਰਨ ਲਈ ਚੰਡੀਗੜ੍ਹ ਵਿੱਚ ਤਾਇਨਾਤ ਕੀਤਾ ਗਿਆ ਹੈ। ਉਹ ਮੁੱਖ ਸਕੱਤਰ ਵੀ.ਕੇ. ਜੰਜੂਆ ਦੀਆਂ ਅਹਿਮ ਮੀਟਿੰਗਾਂ ਵਿੱਚ ਵੀ ਸ਼ਾਮਲ ਹੁੰਦਾ ਹੈ।

ਮਾਨ ਨੂੰ ਕਿਹਾ ਸਤੌਜ ਦਾ ਮਹਾਰਾਜਾ: ਬਾਜਵਾ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਇਹ ਵੀ ਯਾਦ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ਲਈ ਭਗਵੰਤ ਮਾਨ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਪਹਿਲੀ ਪਸੰਦ ਨਹੀਂ ਸਨ। ਉਨ੍ਹਾਂ ਨੇ ਆਖ਼ਰੀ ਸਮੇਂ 'ਤੇ ਮਾਨ ਦੀ ਚੋਣ ਕੀਤੀ ਜਦੋਂ ਕੋਈ ਹੋਰ ਬਦਲ ਨਹੀਂ ਬਚਿਆ ਸੀ। ਵਿਰੋਧੀ ਧਿਰ ਦੇ ਆਗੂ ਨੇ ਅੱਗੇ ਕਿਹਾ ਕਿ ਬੀਤੀ ਰਾਤ ਪ੍ਰੈਸ ਨੂੰ ਜਾਰੀ ਮੁੱਖ ਮੰਤਰੀ ਦੇ ਬਿਆਨ ਦਾ ਸਮਾਂ ਆਪਣੇ ਆਪ ਵਿੱਚ ਸ਼ੱਕੀ ਹੈ। "ਮੁੱਖ ਮੰਤਰੀ ਦਾ ਬਦਲਾਖੋਰੀ ਵਾਲਾ ਬਿਆਨ ਕਲ ਦੇਰ ਰਾਤ ਜਾਰੀ ਕੀਤਾ ਗਿਆ ਸੀ। "ਸਤੌਜ ਦਾ ਮਹਾਰਾਜਾ" ਰਾਤ ਦੇ ਉਸ ਸਮੇਂ ਦੌਰਾਨ ਪ੍ਰੈਸ ਬਿਆਨ ਜਾਰੀ ਕਰਨ ਦੀ ਸਥਿਤੀ ਵਿੱਚ ਨਹੀਂ ਰਹਿੰਦਾ। ਬਾਜਵਾ ਨੇ ਸੀਐੱਮ ਮਾਨ ਦਾ ਮਜ਼ਾਕ ਉਡਾਇਆ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.