Girl Top In Punjabi Subject: ਪੰਜਾਬੀ ਵਿਸ਼ੇ ਵਿਚੋਂ ਟੌਪ ਕਰਨ ਵਾਲੀ ਸੀਮਾ ਗਰਗ ਦਾ ਮਾਣ-ਤਾਣ ਕਰਨਗੇ ਮੁੱਖ ਮੰਤਰੀ ਭਗਵੰਤ ਮਾਨ
Updated on: Jan 25, 2023, 12:35 PM IST

Girl Top In Punjabi Subject: ਪੰਜਾਬੀ ਵਿਸ਼ੇ ਵਿਚੋਂ ਟੌਪ ਕਰਨ ਵਾਲੀ ਸੀਮਾ ਗਰਗ ਦਾ ਮਾਣ-ਤਾਣ ਕਰਨਗੇ ਮੁੱਖ ਮੰਤਰੀ ਭਗਵੰਤ ਮਾਨ
Updated on: Jan 25, 2023, 12:35 PM IST
ਬਠਿੰਡਾ ਦੇ ਲੜਕੀ ਸੀਮਾ ਗਰਗ ਨੇ ਆਪਣੇ ਮਾਪਿਆਂ ਦਾ ਨਾਂ ਪੂਰੇ ਭਾਰਤ ਵਿਚ ਚਮਕਾਇਆ ਹੈ। ਉਕਤ ਲੜਕੀ ਨੇ 12ਵੀਂ ਜਮਾਤ ਵਿਚ ਪੰਜਾਬੀ ਵਿਸ਼ੇ ਵਿਚੋਂ ਟੌਪ ਕੀਤਾ ਹੈ। ਇਸ ਪ੍ਰਾਪਤੀ ਲਈ 26 ਜਨਵਰੀ ਨੂੰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਨਮਾਨਤ ਕੀਤਾ ਜਾਵੇਗਾ।
ਬਠਿੰਡਾ : ਹਲਕਾ ਮੌੜ ਮੰਡੀ ਦੇ ਪਿੰਡ ਘੁੰਮਣ ਕਲਾਂ ਦੀ ਰਹਿਣ ਵਾਲੀ ਸੀਮਾ ਗਰਗ ਨੂੰ 26 ਜਨਵਰੀ ਦੇ ਗਣਤੰਤਰ ਦਿਵਸ ਮੌਕੇ ਬਠਿੰਡਾ ਵਿਖੇ ਪੰਜਾਬ ਦੇ ਮੁਖ ਮੰਤਰੀ ਭਗਵੰਤ ਮਾਨ ਵੱਲੋਂ ਸਨਮਾਨਤ ਕੀਤਾ ਜਾਣਾ ਹੈ, ਕਿਉਂਕਿ ਸੀਮਾ ਗਰਗ ਵੱਲੋਂ ਪੂਰੇ ਭਾਰਤ ਵਿੱਚ 12ਵੀਂ ਕਲਾਸ ਵਿਚ ਪੰਜਾਬੀ ਵਿਸ਼ੇ ਵਿਚ ਟੌਪ ਕੀਤਾ ਗਿਆ ਹੈ। ਪਿੰਡ ਘੁੰਮਣ ਕਲਾਂ ਵਿਚ ਖਸਤਾ ਘਰ ਵਿੱਚ ਆਪਣੇ ਦੋ ਭੈਣ ਭਰਾਵਾਂ ਅਤੇ ਮਾਤਾ-ਪਿਤਾ ਨਾਲ ਰਹਿ ਰਹੀ ਸੀਮਾ ਗਰਗ ਨੇ ਦੱਸਿਆ ਕਿ ਉਹ ਕਲਾਸ ਤੋਂ ਬਾਅਦ ਕਾਨੂੰਨ ਦੀ ਪੜ੍ਹਾਈ ਲਈ ਫਰੀਦਕੋਟ ਵਿਖੇ ਬਾਬਾ ਫਰੀਦ ਲਾਅ ਕਾਲਜ ਵਿੱਚ ਦਾਖਲਾ ਲਿਆ ਹੈ ਪਰ ਘਰ ਦੇ ਮਾਲੀ ਹਾਲਾਤ ਠੀਕ ਨਾ ਹੋਣ ਕਾਰਨ ਕਾਲਜ ਦੀ ਫੀਸ ਭਰਨ ਵਿਚ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਕੋਈ ਸਾਧਨ ਨਾ ਹੋਣ ਕਾਰਨ ਸੀਮਾ ਵੱਲੋਂ ਰੋਜ਼ਾਨਾ ਫਰੀਦਕੋਟ ਤੋਂ ਆਉਣ-ਜਾਣ ਕਰਨਾ ਪੈ ਰਿਹਾ ਹੈ ਅਤੇ ਬੱਚਿਆਂ ਨੂੰ ਟਿਊਸ਼ਨ ਪੜ੍ਹਾ ਕੇ ਫੀਸ ਇਕੱਠੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਵੀ ਉਸਦੀ ਚੰਗੀ ਪੜ੍ਹਾਈ ਦੇ ਚਲਦਿਆਂ ਸਕੂਲ ਵੱਲੋਂ ਉਸ ਦੀ ਫੀਸ ਮਾਫ ਕੀਤੀ ਗਈ ਸੀ, ਜਿਸ ਕਾਰਨ ਉਹ ਪੂਰੇ ਭਾਰਤ ਵਿੱਚ ਪੰਜਾਬੀ ਵਿਸ਼ੇ ਵਿੱਚ ਟੌਪ ਕਰ ਸਕੀ। ਇਸੇ ਕਾਰਨ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ 26 ਜਨਵਰੀ ਮੌਕੇ ਬਠਿੰਡਾ ਵਿਖੇ ਸਨਮਾਨਤ ਕੀਤਾ ਜਾ ਰਿਹਾ ਹੈ। ਉਸ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਸ ਦੀ ਰੈਗੂਲਰ ਪੜ੍ਹਾਈ ਜਾਰੀ ਰੱਖਣ ਲਈ ਸਕਾਲਰਸ਼ਿਪ ਦਿੱਤੀ ਜਾਵੇ ਤਾਂ ਜੋ ਉਹ ਆਪਣੀ ਪੜ੍ਹਾਈ ਪੂਰੀ ਕਰਕੇ ਜੱਜ ਬਣ ਸਕੇ।
ਇਹ ਵੀ ਪੜ੍ਹੋ : ਹੁਸ਼ਿਆਰਪੁਰ ਦੇ ਪਿੰਡ ਬਿਲਾਸਪੁਰ ਵਿੱਚ ਪੁਲਿਸ ਮੁਲਾਜ਼ਮ ਦੀ ਗੁੰਡਾਗਰਦੀ ਦੀ ਵੀਡਿਓ ਵਾਇਰਲ
ਸੀਮਾ ਗਰਗ ਦੇ ਪਿਤਾ ਰਕੇਸ਼ ਕੁਮਾਰ ਬਿੱਟਾ ਨੇ ਕਿਹਾ ਕਿ ਉਨ੍ਹਾਂ ਦਾ ਮਕਾਨ ਬਾਰਸ਼ ਕਾਰਨ ਖ਼ਸਤਾ ਹਾਲ ਹੋ ਗਿਆ ਸੀ ਤੇ ਅੱਜ ਵੀ ਉਹ ਖਸਤਾਹਾਲ ਮਕਾਨ ਵਿਚ ਰਹਿ ਰਹੇ ਹਨ। ਪਰਿਵਾਰ ਦਾ ਗੁਜ਼ਾਰਾ ਚਲਾਉਣ ਲਈ ਛੋਟੀ ਜੀ ਦੁਕਾਨ ਤੋਂ ਆਪਣਾ ਰਿਜ਼ਕ ਕਮਾਂ ਰਹੇ ਹਨ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਸੀਮਾ ਗਰਗ ਦੀ ਪੜ੍ਹਾਈ ਲਈ ਸਕਾਲਰਸ਼ਿਪ ਦਿੱਤੀ ਜਾਵੇ ਤਾਂ ਜੋ ਉਹ ਆਪਣੇ ਜੱਜ ਬਣਨ ਦਾ ਸੁਪਨਾ ਪੂਰਾ ਕਰ ਸਕੇ।
