ਬਠਿੰਡੇ ਦਾ ਪਿੰਡ ਬੁਰਜ ਗਿੱਲ ਸਾਂਭ ਰਿਹਾ ਵਿਰਾਸਤੀ ਚੀਜਾਂ, ਦੋ ਏਕੜ ਜ਼ਮੀਨ 'ਚ ਬਣ ਰਿਹਾ ਅਜਾਇਬ ਘਰ
Published: Nov 19, 2023, 5:56 PM

ਬਠਿੰਡੇ ਦਾ ਪਿੰਡ ਬੁਰਜ ਗਿੱਲ ਸਾਂਭ ਰਿਹਾ ਵਿਰਾਸਤੀ ਚੀਜਾਂ, ਦੋ ਏਕੜ ਜ਼ਮੀਨ 'ਚ ਬਣ ਰਿਹਾ ਅਜਾਇਬ ਘਰ
Published: Nov 19, 2023, 5:56 PM
ਵਿਰਾਸਤੀ ਚੀਜਾਂ ਨੂੰ ਸਾਂਭਣ ਲਈ ਬਠਿੰਡਾ ਦੇ ਪਿੰਡ ਬੁਰਜ ਗਿੱਲ ਵਿੱਚ ਅਜਾਇਬ ਘਰ ਬਣਾਇਆ ਜਾ ਰਿਹਾ ਹੈ। ਨੌਜਵਾਨ ਪੀੜ੍ਹੀ ਨੂੰ ਜਾਣਕਾਰੀ ਦੇਣ ਲਈ ਇਹ ਉੱਦਮ ਕੀਤਾ ਜਾ ਰਿਹਾ ਹੈ। Museum in Bathinda village Burj Gill
ਬਠਿੰਡਾ : ਅੱਜ ਦੀ ਨੌਜਵਾਨ ਪੀੜੀ ਨੂੰ ਪਿਛਲੇ 100 ਸਾਲਾਂ ਤੋਂ ਉੱਪਰ ਦੀਆਂ ਪੁਰਾਣੀਆਂ ਵਸਤਾਂ ਤੋਂ ਜਾਣੂ ਕਰਵਾਉਣ ਲਈ ਬਠਿੰਡਾ ਦੇ ਪਿੰਡ ਬੁਰਜ ਗਿੱਲ ਦੇ ਰਹਿਣ ਵਾਲੇ ਸਵਰਨ ਸਿੰਘ ਨੇ ਆਪਣੀ ਹਾਈਵੇ ਉੱਤੇ ਲੱਗਦੀ ਦੋ ਏਕੜ ਜਮੀਨ ਵਿੱਚ ਅਜਾਇਬ ਘਰ ਤਿਆਰ ਕੀਤਾ ਹੈ। ਇਸ ਨੂੰ ਦੇਖਣ ਲਈ ਜਿੱਥੋਂ ਦੂਰੋਂ ਦੂਰੋਂ ਲੋਕ ਆਉਂਦੇ ਹਨ, ਉਥੇ ਹੀ ਸਵਰਨ ਸਿੰਘ ਵੱਲੋਂ ਇਸ ਮਿਊਜ਼ੀਅਮ ਨੂੰ ਦੇਖਣ ਲਈ ਕਿਸੇ ਤਰ੍ਹਾਂ ਦੀ ਕੋਈ ਵੀ ਫੀਸ ਨਹੀਂ ਰੱਖੀ ਗਈ ਹੈ।
ਦੋ ਏਕੜ ਵਿੱਚ ਬਣਾਇਆ ਅਜਾਇਬ ਘਰ : ਸਵਰਨ ਸਿੰਘ ਨੇ ਈਟੀਵੀ ਭਾਰਤ ਦੀ ਟੀਮ ਨਾਲ ਵਿਸ਼ੇਸ਼ ਗੱਲਬਾਤ ਕਰਦੇ ਹੋਏ ਦੱਸਿਆ ਕਿ ਅੱਜ ਦੇ ਤੇਜ਼ ਰਫਤਾਰ ਯੁੱਗ ਵਿੱਚ ਨੌਜਵਾਨ ਪੀੜੀ ਆਪਣੇ ਇਤਿਹਾਸ ਅਤੇ ਸੱਭਿਆਚਾਰ ਤੋਂ ਦੂਰ ਹੁੰਦੀ ਜਾ ਰਹੀ ਹੈ। ਉਨ੍ਹਾਂ ਦੇ ਮਨ ਵਿੱਚ ਇਹ ਵਿਚਾਰ ਆਇਆ ਕਿ ਹਰ ਇੱਕ ਮਨੁੱਖ ਇਸ ਧਰਤੀ ਉੱਤੇ ਆਉਂਦਾ ਹੈ ਅਤੇ ਕੁਝ ਨਾ ਕੁਝ ਜ਼ਰੂਰ ਕਰਦਾ ਹੈ ਪਰ ਉਹਨਾਂ ਦਾ ਵਿਚਾਰ ਸੀ ਕਿ ਉਹ ਆਪਣੀ ਨੌਜਵਾਨ ਪੀੜੀ ਲਈ ਕੁਝ ਅਜਿਹਾ ਕਰਕੇ ਜਾਣ, ਜਿਸ ਨਾਲ ਉਹ ਆਪਣੇ ਇਤਿਹਾਸ ਤੋਂ ਜਾਣੂ ਹੋ ਸਕਣ। ਉਹਨਾਂ ਵੱਲੋਂ ਆਪਣੀ ਹਾਈਵੇ ਉੱਤੇ ਲੱਗਦੀ ਜਮੀਨ ਵਿੱਚ ਦੋ ਏਕੜ ਵਿੱਚ ਅਜਿਹਾ ਮਿਊਜ਼ੀਅਮ ਤਿਆਰ ਕੀਤਾ ਹੈ ਜਿਸ ਵਿੱਚ ਪੁਰਾਤਨ ਸਮੇਂ ਦੀਆਂ ਵਸਤੂਆਂ ਰੱਖੀਆਂ ਗਈਆਂ ਹਨ।
ਗਾਂਧੀ ਦਾ ਚਰਖਾ ਖਿੱਚ ਦਾ ਕੇਂਦਰ : ਉਨ੍ਹਾਂ ਦੱਸਿਆ ਕਿ ਅਜਾਇਬ ਘਰ ਵਿੱਚ ਪ੍ਰਮੁੱਖ ਤੌਰ ਉੱਤੇ ਗਾਂਧੀ ਦਾ ਚਰਖਾ ਖਿੱਚ ਦਾ ਕੇਂਦਰ ਹੈ। ਇਹ ਚਰਖਾ ਇਕ ਰਾਹਗੀਰ ਵੱਲੋਂ ਉਨਾਂ ਨੂੰ ਭੇਂਟ ਕੀਤਾ ਗਿਆ ਸੀ। ਉਹ ਇਹ ਮਿਊਜ਼ਅਮ ਦੇਖਣ ਆਇਆ ਸੀ। ਇਸ ਚਰਖੇ ਦੀ ਖਾਸੀਅਤ ਹੈ ਕਿ ਇਹ ਡੱਬੇ ਵਿੱਚ ਬੰਦ ਹੋ ਜਾਂਦਾ ਹੈ ਅਤੇ ਇਸ ਦਾ ਸਾਈਜ਼ ਬਹੁਤ ਛੋਟਾ ਹੈ। ਇਸ ਤੋਂ ਇਲਾਵਾ ਪੁਰਾਣੇ ਸਮੇਂ ਦੀਆਂ ਚੱਕੀਆਂ ਜਿਸ ਰਾਹੀਂ ਆਟਾ ਪੀਸਿਆ ਜਾਂਦਾ ਸੀ ਅਤੇ ਚਰਖੇ ਰੱਖੇ ਗਏ ਹਨ ਅਤੇ ਇਹਨਾਂ ਚਰਖਿਆਂ ਦੇ ਵੱਖ ਵੱਖ ਹਿੱਸਿਆਂ ਦੇ ਨਾਮ ਪ੍ਰਦਰਸ਼ਿਤ ਕੀਤੇ ਗਏ ਹਨ ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਜਦੋਂ ਪੰਜਾਬ ਵਿੱਚ ਬਿਜਲੀ ਨਹੀਂ ਆਈ ਸੀ ਅਤੇ ਮਨੁੱਖ ਵੱਲੋਂ ਗਰਮੀ ਤੋਂ ਬਚਣ ਲਈ ਹੱਥੀ ਖਿੱਚਣ ਵਾਲੇ ਪੱਖੇ ਤਿਆਰ ਕੀਤੇ ਗਏ ਸਨ, ਉਨ੍ਹਾਂ ਨੂੰ ਵੀ ਲਗਾਇਆ ਗਿਆ ਹੈ। ਇਸ ਤੋਂ ਇਲਾਵਾ ਪੁਰਾਤਨ ਸਮੇਂ ਦੇ ਦਰਵਾਜ਼ਿਆਂ ਸੰਦੂਕਾਂ ਆਦਿ ਦੀ ਪ੍ਰਦਰਸ਼ਨੀ ਲਗਾਈ ਗਈ ਹੈ।
ਮੇਰੇ ਕੋਲ ਜਿਆਦਾਤਰ ਵਸਤੂਆਂ ਲੋਕਾਂ ਵੱਲੋਂ ਭੇਂਟ ਕੀਤੀਆਂ ਗਈਆਂ ਹਨ ਤਾਂ ਜੋ ਅੱਜ ਦੀ ਨੌਜਵਾਨ ਪੀੜੀ ਨੂੰ ਇਨਾਂ ਵਸਤੂਆਂ ਬਾਰੇ ਜਾਣਕਾਰੀ ਦਿੱਤੀ ਜਾ ਸਕੇ। ਵੱਡੀ ਗਿਣਤੀ ਵਿੱਚ ਨੌਜਵਾਨ ਇਹਨਾਂ ਪੁਰਾਤਨ ਵਸਤੂਆਂ ਨੂੰ ਵੇਖਣ ਲਈ ਆਉਂਦੇ ਹਨ ਅਤੇ ਕਈ ਲੋਕਾਂ ਕੋਲ ਵੀ ਇਹ ਪੁਰਾਣੀਆਂ ਵਸਤੂਆਂ ਸਾਂਭੀਆਂ ਹੋਈਆਂ ਹਨ। ਸਵਰਨ ਸਿੰਘ, ਅਜਾਇਬ ਘਰ ਬਣਾਉਣ ਵਾਲੇ
ਇਹ ਵਸਤਾਂ ਵੀ ਰੱਖੀਆਂ : ਸਵਰਨ ਸਿੰਘ ਨੇ ਇਸ ਤੋਂ ਇਲਾਵਾ ਇੱਕ ਵੱਡਾ ਖਜ਼ਾਨਾ ਪੁਰਾਤਨ ਸਿੱਕਿਆ ਦਾ ਪ੍ਰਦਰਸ਼ਿਤ ਕੀਤਾ ਹੋਇਆ ਹੈ। ਇਹ ਸਿੱਕੇ ਅੰਗਰੇਜ਼ ਕਾਰਜ ਕਾਲ ਦੌਰਾਨ ਮਨੁੱਖ ਵੱਲੋਂ ਵਰਤੇ ਜਾਂਦੇ ਸਨ। ਇਸ ਤੋਂ ਇਲਾਵਾ ਅੰਗਰੇਜ਼ਾਂ ਵੱਲੋਂ ਜਾਰੀ ਕੀਤੇ ਗਏ ਸਰਟੀਫਿਕੇਟ ਅਤੇ ਮੈਡਲ ਸਵਰਨ ਸਿੰਘ ਵੱਲੋਂ ਸੰਭਾਲ ਕੇ ਰੱਖੇ ਗਏ ਹਨ ਤਾਂ ਜੋ ਅੱਜ ਦੀ ਪੀੜੀ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਜਾ ਸਕੇ।
