ਅੱਠਵੀਂ ਦੇ ਨਤੀਜਿਆਂ ਦਾ ਐਲਾਨ, ਬਰਨਾਲਾ ਦੇ ਪਿੰਡ ਗੁੰਮਟੀ ਦਾ ਮਨਪ੍ਰੀਤ ਸਿੰਘ ਸੂਬੇ ਭਰ ਵਿੱਚੋਂ ਅੱਵਲ

author img

By

Published : Jun 2, 2022, 6:07 PM IST

ਅੱਠਵੀਂ ਦੇ ਨਤੀਜਿਆਂ ਦਾ ਐਲਾਨ

ਬਰਨਾਲਾ ਜ਼ਿਲ੍ਹੇ ਦੇ ਪਿੰਡ ਗੁੰਮਟੀ ਦੇ ਵਿਦਿਆਰਥੀ ਮਨਪ੍ਰੀਤ ਸਿੰਘ ਨੇ ਅੱਠਵੀਂ ਕਲਾਸ ਦੇ ਨਤੀਜਿਆਂ 'ਚ ਸੋ ਫੀਸਦੀ ਅੰਕ ਲੈਕੇ ਸੂਬੇ ਭਰ 'ਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ।

ਬਰਨਾਲਾ: ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਅੱਜ ਅੱਠਵੀਂ ਕਲਾਸ ਦੇ ਵਿਦਿਆਰਥੀਆਂ ਦਾ ਨਤੀਜਾ ਘੋਸ਼ਿਤ ਕੀਤਾ ਗਿਆ ਹੈ। ਜਿਸ ਵਿੱਚ ਬਰਨਾਲਾ ਜ਼ਿਲ੍ਹੇ ਦੇ ਵਿਦਿਆਰਥੀ ਮਨਪ੍ਰੀਤ ਸਿੰਘ ਨੇ ਪੰਜਾਬ ਭਰ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ।

ਸੋ ਫੀਸਦੀ ਨੰਬਰ ਕੀਤੇ ਹਾਸਲ: ਵਿਦਿਆਰਥੀ ਮਨਪ੍ਰੀਤ ਸਿੰਘ ਜ਼ਿਲ੍ਹੇ ਦੇ ਪਿੰਡ ਗੁੰਮਟੀ ਦਾ ਰਹਿਣ ਵਾਲਾ ਹੈ ਅਤੇ ਆਪਣੇ ਹੀ ਪਿੰਡ ਦੇ ਸਰਕਾਰੀ ਮਿਡਲ ਸਕੂਲ ਵਿੱਚ ਪੜ੍ਹਾਈ ਕਰ ਰਿਹਾ ਹੈ। ਮਨਪ੍ਰੀਤ ਸਿੰਘ ਨੇ ਅੱਠਵੀਂ ਕਲਾਸ ਵਿੱਚੋਂ 600 ਵਿੱਚੋਂ 600 ਨੰਬਰ ਹਾਸਲ ਕੀਤੇ ਹਨ।

ਪਰਿਵਾਰ 'ਚ ਖੁਸ਼ੀ ਦਾ ਮਾਹੌਲ: ਇਸ ਸਬੰਧੀ ਜਾਣਕਾਰੀ ਦਿੰਦਿਆਂ ਮਨਪ੍ਰੀਤ ਦੀ ਮਾਤਾ ਕਿਰਨਜੀਤ ਨੇ ਦੱਸਿਆ ਕਿ ਉਸਨੂੰ ਆਪਣੇ ਬੱਚੇ ਦੇ ਪੰਜਾਬ ਭਰ ਵਿੱਚੋਂ ਪਹਿਲੇ ਨੰਬਰ 'ਤੇ ਆਉਣ ਦੀ ਬੇਹੱਦ ਖੁਸ਼ੀ ਹੈ। ਉਹ ਬਹੁਤ ਮੁਸ਼ਕਿਲਾਂ ਭਰੇ ਦਿਨ ਕੱਟਣ ਦੇ ਬਾਵਜੂਦ ਆਪਣੇ ਬੱਚੇ ਨੂੰ ਪੜ੍ਹਾਈ ਕਰਵਾ ਰਹੀ ਹੈ।

ਪਿਤਾ ਦੀ ਹੋ ਚੁੱਕੀ ਮੌਤ: ਉਹਨਾਂ ਦੱਸਿਆ ਕਿ ਭਾਵੇਂ ਉਹ ਕਿਸਾਨੀ ਪਰਿਵਾਰ ਨਾਲ ਸਬੰਧਤ ਹਨ, ਪ੍ਰੰਤੂ ਉਹਨਾਂ ਕੋਲ ਜ਼ਮੀਨ ਬਹੁਤ ਘੱਟ ਹੈ। ਮਨਪ੍ਰੀਤ ਦੇ ਪਿਤਾ ਦੀ 2014 ਵਿੱਚ ਮੌਤ ਹੋ ਗਈ ਸੀ। ਜਦਕਿ ਉਹ ਖ਼ੁਦ ਕੱਪੜੇ ਸਿਲਾਈ ਦਾ ਕੰਮ ਕਰਕੇ ਆਪਣੇ ਘਰ ਦਾ ਗੁਜ਼ਾਰਾ ਚਲਾ ਰਹੀ ਹੈ ਅਤੇ ਆਪਣੇ ਬੱਚੇ ਦੀ ਪੜ੍ਹਾਈ ਕਰਵਾ ਰਹੀ ਹੈ। ਪਰਿਵਾਰ ਦੇ ਘਰ ਵਿੱਚ ਮਨਪ੍ਰੀਤ ਦਾ ਇੱਕ ਹੋਰ ਵੱਡਾ ਭਰਾ ਅਰਸ਼ਦੀਪ ਸਿੰਘ ਹੈ।

ਅੱਠਵੀਂ ਦੇ ਨਤੀਜਿਆਂ ਦਾ ਐਲਾਨ
ਅੱਠਵੀਂ ਦੇ ਨਤੀਜਿਆਂ ਦਾ ਐਲਾਨ

ਆਈਏਐਸ ਬਨਣਾ ਚਾਹੁੰਦਾ ਹੈ ਮਨਪ੍ਰੀਤ: ਉਸਦੀ ਮਾਤਾ ਨੇ ਦੱਸਿਆ ਕਿ ਉਸਦਾ ਬੇਟਾ ਆਈਏਐਸ ਬਣਨਾ ਚਾਹੁੰਦਾ ਹੈ। ਆਪਣੇ ਬੱਚੇ ਦੇ ਇਸ ਮੁਕਾਮ 'ਤੇ ਪਹੁੰਚਣ ਲਈ ਉਸਨੂੰ ਜੋ ਵੀ ਯਤਨ ਕਰਨੇ ਪਏ ਉਹ ਕਰਨਗੇ।

ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਦੇ ਕਤਲਕਾਂਡ ਤੋਂ ਬਾਅਦ ਮਾਨ ਸਰਕਾਰ ਨੇ ਸੁਰੱਖਿਆ ਕੀਤੀ ਬਹਾਲ, ਪਰ...

'ਮਾਂ ਅਤੇ ਅਧਿਆਪਕਾਂ ਦਾ ਧੰਨਵਾਦ': ਇਸ ਮੌਕੇ ਗੱਲਬਾਤ ਕਰਦਿਆਂ ਵਿਦਿਆਰਥੀ ਮਨਪ੍ਰੀਤ ਸਿੰਘ ਨੇ ਕਿਹਾ ਕਿ ਉਸਨੂੰ ਆਪਣੇ ਪਰਿਵਾਰ ਦੇ ਨਾਲ-ਨਾਲ ਆਪਣੇ ਸਕੂਲ ਦੇ ਸਾਰੇ ਅਧਿਆਪਕਾਂ ਦਾ ਪੂਰਾ ਸਾਥ ਰਿਹਾ ਹੈ। ਸਕੂਲ ਇੰਚਾਰਜ਼ ਦਰਸ਼ਨ ਸਿੰਘ ਤੋਂ ਲੈ ਕੇ ਹਰ ਵਿਸ਼ੇ ਦੇ ਅਧਿਆਪਕਾਂ ਨੇ ਪੜ੍ਹਾਈ ਵਿੱਚ ਹਰ ਮੱਦਦ ਕੀਤੀ ਹੈ। ਉਸਨੇ ਆਪਣੀ ਇਸ ਪ੍ਰਾਪਤੀ ਲਈ ਆਪਣੀ ਮਾਤਾ, ਸਕੂਲ ਅਧਿਆਪਕਾਂ ਦਾ ਧੰਨਵਾਦ ਕੀਤਾ।

ਡੀਈਓ ਵਲੋਂ ਵਧਾਈ: ਇਸ ਮੌਕੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਸਰਬਜੀਤ ਸਿੰਘ ਤੂਰ ਨੇ ਵਿਦਿਆਰਥੀ ਮਨਪ੍ਰੀਤ ਸਿੰਘ, ਉਸਦੇ ਪਰਿਵਾਰ ਅਤੇ ਉਸਦੇ ਸਕੂਲ ਦੇ ਅਧਿਆਪਕਾਂ ਨੂੰ ਇਸ ਪ੍ਰਾਪਤੀ ਦੀ ਵਧਾਈ ਦਿੱਤੀ। ਉਹਨਾਂ ਦੱਸਿਆ ਕਿ ਮਨਪ੍ਰੀਤ ਸਿੰਘ ਨੇ ਅੱਠਵੀਂ ਸਕੂਲ ਦੇ ਨਤੀਜਿਆਂ ਵਿੱਚੋਂ ਪੰਜਾਬ ਵਿੱਚੋਂ ਪਹਿਲਾ ਸਥਾਨ ਹਾਸਲ ਕਰਕੇ ਆਪਣਾ, ਆਪਣੇ ਮਾਪਿਆਂ, ਪਿੰਡ, ਸਕੂਲ ਦੇ ਨਾਲ-ਨਾਲ ਪੂਰੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ। ਉਹਨਾਂ ਕਿਹਾ ਕਿ ਸਰਕਾਰੀ ਸਕੂਲ ਪੜ੍ਹਾਈ ਅਤੇ ਸਹੂਲਤਾਂ ਦੇ ਪੱਖ ਤੋਂ ਅੱਗੇ ਹਨ, ਜਿਸਦੀ ਮਨਪ੍ਰੀਤ ਸਿੰਘ ਇੱਕ ਪ੍ਰਤੱਖ ਮਿਸ਼ਾਲ ਹੈ।

ਡਿਪਟੀ ਕਮਿਸ਼ਨਰ ਨੇ ਵੀ ਕੀਤੀ ਸ਼ਲਾਘਾ: ਉਥੇ ਇਸ ਮੌਕੇ ਡਿਪਟੀ ਕਮਿਸ਼ਨਰ ਬਰਨਾਲਾ ਹਰੀਸ਼ ਨਈਅਰ ਨੇ ਮਨਪ੍ਰੀਤ ਅਤੇ ਉਸਦੇ ਮਾਪਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਪੂਰੇ ਬਰਨਾਲਾ ਜ਼ਿਲ੍ਹੇ ਲਈ ਮਾਣ ਵਾਲੀ ਗੱਲ ਹੈ। ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਵਿਦਿਆਰਥੀ ਮਨਪ੍ਰੀਤ ਸਿੰਘ ਨੂੰ ਜਲਦ ਹੀ ਇਸ ਪ੍ਰਾਪਤੀ ਲਈ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਜਾਵੇਗਾ।

ਇਹ ਵੀ ਪੜ੍ਹੋ: ਸੁਖਬੀਰ ਬਾਦਲ ਤੇ ਹਰਸਿਮਰਤ ਬਾਦਲ ਨੇ ਮੂਸੇਵਾਲਾ ਦੇ ਪਰਿਵਾਰ ਨਾਲ ਵੰਡਾਇਆ ਦੁੱਖ, ਕਹੀਆਂ ਇਹ ਗੱਲਾਂ

ETV Bharat Logo

Copyright © 2024 Ushodaya Enterprises Pvt. Ltd., All Rights Reserved.