'ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜਨ ਲਈ ਸਿੱਖ ਵਿਰੋਧੀ ਸ਼ਕਤੀਆਂ ਇਕਜੁੱਟ ਹੋ ਕੇ ਕਰ ਰਹੀਆਂ ਹਨ ਕੰਮ'

author img

By

Published : Sep 30, 2022, 8:15 PM IST

Khalsa Panthi will fight unitedly under the leadership of Sri Akal Takht Sahib

Shiromani Gurdwara Parbandhak Committee ਵੱਲੋਂ ਅੱਜ ਅੰਮ੍ਰਿਤਸਰ ਵਿੱਚ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਮੀਡੀਆ ਨਾਲ ਗੱਲਬਾਤ ਕੀਤੀ। ਇਸ ਮੀਟਿੰਗ ਵਿੱਚ ਐਸਜੀਪੀਸੀ ਵੱਲੋਂ ਕੁੱਝ ਮਤੇ ਪਾਸ ਕੀਤੇ ਗਏ ਤੇ ਉਨ੍ਹਾਂ ਤੇ ਵਿਚਾਰ ਚਰਚਾ ਕੀਤੀ ਗਈ।

ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਅੰਮ੍ਰਿਤਸਰ ਵਿੱਚ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਮੀਡੀਆ ਨਾਲ ਗੱਲਬਾਤ ਕੀਤੀ। ਇਸ ਮੀਟਿੰਗ ਵਿੱਚ SGPC ਵੱਲੋਂ ਕੁੱਝ ਮਤੇ ਪਾਸ ਕੀਤੇ ਗਏ ਤੇ ਉਨ੍ਹਾਂ ਤੇ ਵਿਚਾਰ ਚਰਚਾ ਕੀਤੀ ਗਈ। ਉਨ੍ਹਾਂ ਕਿਹਾ ਕਿ ਹਰਿਆਣਾ ਸਿੱਖ ਗੁਰਦੁਆਰਾ ਕਮੇਟੀ ਦੇ ਸਬੰਧ ਵਿਚ ਸੁਪਰੀਮ ਕੋਰਟ ਦਾ ਫੈਸਲਾ ਰੱਦ ਕਰਨ ਸਬੰਧੀ ਪਾਸ ਕੀਤੇ ਮਤੇ ਦੀ ਪ੍ਰੋੜ੍ਹਤਾ ਕਰਦਾ ਹੈ।

ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੂਹ ਮੈਂਬਰਾਂ ਦਾ ਇਹ ਇਕੱਠ ਸ਼੍ਰੋਮਣੀ ਕਮੇਟੀ ਦੀ ਅਤ੍ਰਿੰਗ ਕਮੇਟੀ ਇਕੱਤਰਤਾ (ਮਿਤੀ 23 ਸਤੰਬਰ 2022) ਵੱਲੋਂ ਹਰਿਆਣਾ ਸਿੱਖ ਗੁਰਦੁਆਰਾ ਕਮੇਟੀ ਦੇ ਸੰਬੰਧ ਵਿਚ ਸੁਪਰੀਮ ਕੋਰਟ ਦਾ ਫੈਸਲਾ ਰੱਦ ਕਰਨ ਸਬੰਧੀ ਪਾਸ ਕੀਤੇ ਮਤੇ ਦੀ ਪ੍ਰੋੜ੍ਹਤਾ ਕਰਦਾ ਹੈ। ਵੱਖਰੀ ਹਰਿਆਣਾ ਸਿੱਖ ਗੁਰਦੁਆਰਾ ਕਮੇਟੀ ਸਥਾਪਿਤ ਕਰਨ ਦੀ ਕੋਸ਼ਿਸ਼ ਸਿੱਖ ਸ਼ਕਤੀ ਨੂੰ ਕਮਜ਼ੋਰ ਕਰਨ ਦਾ ਕੋਝਾ ਯਤਨ ਹੈ। ਜਿਸ ਨੂੰ ਕਦੇ ਵੀ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ। ਇਸ ਸੰਬੰਧੀ ਹਰ ਪੱਧਰ 'ਤੇ ਵਿਰੋਧ ਕੀਤਾ ਜਾਵੇਗਾ ਅਤੇ ਸਮੁੱਚੇ ਖ਼ਾਲਸਾ ਪੰਥ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਵਿਚ ਇੱਕਜੁੱਟ ਹੋ ਕੇ ਸੰਘਰਸ਼ ਲੜਿਆ ਜਾਵੇਗਾ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦਾ ਅੱਜ ਦਾ ਇਹ ਇਕੱਠ ਮਹਿਸੂਸ ਕਰਦਾ ਹੈ ਕਿ ਵੱਡੀਆਂ ਕੁਰਬਾਨੀਆਂ ਤੋਂ ਬਾਅਦ ਹੋਂਦ ਵਿਚ ਆਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜਨ ਲਈ ਸਿੱਖ ਵਿਰੋਧੀ ਸ਼ਕਤੀਆਂ ਇਕਜੁੱਟ ਹੋ ਕੇ ਕੰਮ ਕਰ ਰਹੀਆਂ ਹਨ। ਕਾਂਗਰਸ ਜਮਾਤ ਤਾਂ ਮੁੱਢ ਤੋਂ ਹੀ ਸਿੱਖ ਵਿਰੋਧੀ ਰਹੀ ਹੈ ਪਰੰਤੂ ਦੁੱਖ ਦੀ ਗੱਲ ਹੈ ਕਿ ਭਾਰਤੀ ਜਨਤਾ ਪਾਰਟੀ ਅਤੇ ਉਸ ਨੂੰ ਚਲਾਉਣ ਵਾਲੀ RSS ਵੀ ਕਾਂਗਰਸ ਦੇ ਨਕਸ਼ੇ ਕਦਮਾਂ 'ਤੇ ਚੱਲ ਰਹੀਆਂ ਹਨ। ਸਾਹਮਣੇ ਆ ਰਿਹਾ ਹੈ ਕਿ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਐਕਟ 2014 ਨੂੰ ਸੁਪਰੀਮ ਕੋਰਟ ਵੱਲੋਂ
ਮਾਨਤਾ RSS ਦੀ ਸ਼ਹਿ 'ਤੇ ਦਿੱਤੀ ਗਈ ਹੈ।

ਜੇਕਰ ਵੱਖਰੀ ਹਰਿਆਣਾ ਕਮੇਟੀ ਦੀ ਸਥਾਪਨਾ ਲਈ ਹਰਿਆਣਾ ਦੀ ਤਤਕਾਲੀ ਕਾਂਗਰਸ ਸਰਕਾਰ ਨੇ ਬੀਜ ਬੀਜਿਆ ਸੀ ਤਾਂ ਇਸ ਨੂੰ ਪਾਣੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਪਾਇਆ ਹੈ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਭਾਵੇਂ ਕਾਂਗਰਸ ਅਤੇ ਭਾਜਪਾ ਦੀ ਰਾਜਸੀ ਵਿਚਾਰਧਾਰਾ ਵੱਖੋ-ਵੱਖ ਹੈ, ਪਰ ਸਿੱਖ ਸ਼ਕਤੀ ਨੂੰ ਕਮਜ਼ੋਰ ਕਰਨ ਲਈ ਦੋਹਾਂ ਨੇ ਇਕਸੁਰ ਹੋ ਕੇ ਕੰਮ ਕੀਤਾ ਹੈ। ਇਸ ਦੇ ਨਾਲ ਹੀ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਤੇ ਮੌਜੂਦਾ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੇ ਵੀ ਸੁਪਰੀਮ ਕੋਰਟ ਅੰਦਰ ਹਰਿਆਣਾ ਕਮੇਟੀ ਦੇ ਹੱਕ ਵਿਚ ਭੁਗਤ ਕੇ ਸਿੱਖ ਵਿਰੋਧੀ ਹੋਣ ਦਾ ਸਬੂਤ ਦਿੱਤਾ ਹੈ।



ਅੱਜ ਦਾ ਇਕੱਠ ਸਿੱਖ ਵਿਰੋਧੀ ਸ਼ਕਤੀਆਂ ਨੂੰ ਚੇਤਾਵਨੀ ਦਿੰਦਾ ਹੈ ਕਿ ਉਹ ਸਿੱਖ ਮਾਮਲਿਆਂ ਵਿਚ ਦਖ਼ਲ ਨਾ ਦੇਣ। ਸਿੱਖ ਜਗਤ ਨੂੰ ਵੀ ਅਪੀਲ ਹੈ ਕਿ ਉਹ ਅਜਿਹੀਆਂ ਸਿੱਖ ਵਿਰੋਧੀ ਤਾਕਤਾਂ ਦੇ ਨਾਲ-ਨਾਲ ਇਨ੍ਹਾਂ ਦੇ ਹੱਥਾਂ ਦੇ ਖੇਡਣ ਵਾਲੇ ਸਿੱਖ ਚਿਹਰਿਆਂ ਤੋਂ ਵੀ ਸੁਚੇਤ ਰਹਿਣ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੂਹ ਮੈਂਬਰਾਂ ਦਾ ਅੱਜ ਦਾ ਇਹ ਇਕੱਠ ਭਾਰਤ ਦੇ ਚੀਫ ਜਸਟਿਸ ਸ੍ਰੀ ਯੂ.ਯੂ. ਲਲਿਤ ਪਾਸੋਂ ਮੰਗ ਕਰਦਾ ਹੈ ਕਿ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਐਕਟ 2014 ਨੂੰ ਸੁਪਰੀਮ ਕੋਰਟ ਵੱਲੋਂ ਮਾਨਤਾ ਦਾ ਫੈਸਲਾ ਸਿਆਸਤ ਤੋਂ ਪ੍ਰੇਰਿਤ ਹੈ। ਇਸ 'ਤੇ ਮੁੜ ਵਿਚਾਰ ਲਈ ਹੁਕਮ ਜਾਰੀ ਕੀਤੇ ਜਾਣ। ਪੰਥਕ ਇਕੱਠ ਮਹਿਸੂਸ ਕਰਦਾ ਹੈ ਕਿ ਸਿੱਖਾਂ ਵੱਲੋਂ 1920 ਵਿਚ ਲਹੂ-ਮਿਝ ਨਾਲ ਸਥਾਪਿਤ ਕੀਤੀ ਗਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦੇਸ਼ ਦੀ ਆਜ਼ਾਦੀ ਦਾ ਮੁੱਢ ਬੰਨ੍ਹਿਆ। ਪਰ ਅੱਜ ਕੁਝ ਸ਼ਕਤੀਆਂ ਇਸ ਨੂੰ ਤੋੜਨ ਦੇ ਮਨਸੂਬੇ ਬਣਾ ਰਹੀਆਂ ਹਨ। ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਐਕਟ 2014 ਬਿਲਕੁਲ ਗੈਰਸੰਵਿਧਾਨਕ ਹੈ, ਜੋ ਸਿੱਖ ਗੁਰਦੁਆਰਾ ਐਕਟ 1925 ਵਿਚ ਸਿੱਧਾ ਦਖ਼ਲ ਹੈ।

ਅੱਜ ਦੀ ਜਨਰਲ ਇਕੱਤਰਤਾ ਭਾਰਤ ਦੇ ਚੀਫ ਜਸਟਿਸ ਪਾਸੋਂ ਮੰਗ ਕਰਦੀ ਹੈ ਕਿ ਸੁਪਰੀਮ ਕੋਰਟ ਦਾ ਵੱਖਰੀ ਹਰਿਆਣਾ ਕਮੇਟੀ ਸਬੰਧੀ ਫੈਸਲਾ 5 ਮੈਂਬਰੀ ਸੰਵਿਧਾਨਕ ਬੈਂਚ ਨੂੰ ਦੇ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪੱਖ ਸੁਣਿਆ ਜਾਵੇ ਕਿਉਂਕਿ ਇਸ ਤੋਂ ਪਹਿਲਾਂ 2 ਮੈਂਬਰੀ ਪੈਨਲ ਦੇ ਫੈਸਲੇ ਵਿਚ ਸ਼੍ਰੋਮਣੀ ਕਮੇਟੀ ਦੇ ਪੱਖ ਨੂੰ ਅਣਗੌਲਿਆ ਗਿਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੂਹ ਮੈਂਬਰਾਂ ਦਾ ਅੱਜ ਦਾ ਇਹ ਇਕੱਠ ਭਾਰਤ ਦੇ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਪਾਸੋਂ ਮੰਗ ਕਰਦਾ ਹੈ ਕਿ ਸਿੱਖ ਗੁਰਦੁਆਰਾ ਐਕਟ 1925 ਵਿਚ ਦਖ਼ਲ ਦੇਣ ਵਾਲੇ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਐਕਟ 2014 ਨੂੰ ਰੱਦ ਕਰਨ ਲਈ ਸੰਸਦ ਅੰਦਰ ਆਰਡੀਨੈਂਸ ਲਿਆਂਦਾ ਜਾਵੇ।

ਇਸ ਦੇ ਨਾਲ ਹੀ ਭਾਰਤ ਸਰਕਾਰ ਤਰਫੋਂ ਵੀ ਸੁਪਰੀਮ ਕੋਰਟ ਅੰਦਰ ਨਜ਼ਰਸਾਨੀ ਪਟੀਸ਼ਨ ਦਾਇਰ ਕੀਤੀ ਜਾਵੇ ਤਾਂ ਜੋ ਸਿੱਖਾਂ ਦਾ ਨਿਆਂ ਪ੍ਰਣਾਲੀ 'ਤੇ ਭਰੋਸਾ ਬਣਿਆ ਰਹੇ। ਪੰਥਕ ਇਕੱਠ ਇਹ ਵੀ ਮੰਗ ਕਰਦਾ ਹੈ ਕਿ ਆਲ ਇੰਡੀਆ ਸਿੱਖ ਗੁਰਦੁਆਰਾ ਐਕਟ ਦੀ ਸਥਾਪਨਾ ਲਈ ਕਾਰਵਾਈ ਅੱਗੇ ਵਧਾਈ ਜਾਵੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੂਹ ਮੈਂਬਰਾਂ ਦਾ ਅੱਜ ਦਾ ਇਹ ਇਕੱਠ ਹਰਿਆਣਾ ਸਿੱਖ ਗੁਰਦੁਆਰਾ ਐਕਟ 2014 ਨੂੰ ਸੁਪਰੀਮ ਕੋਰਟ ਵੱਲੋਂ ਮਾਨਤਾ ਵਿਰੁੱਧ 4 ਅਕਤੂਬਰ 2022 ਨੂੰ ਸ੍ਰੀ ਦਰਬਾਰ ਸਾਹਿਬ ਤੋਂ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਤੱਕ ਰੋਸ ਮਾਰਚ ਕਰਨ ਦਾ ਫੈਸਲਾ ਕਰਦਾ ਹੈ। ਇਸ ਦੌਰਾਨ ਡਿਪਟੀ ਕਮਿਸ਼ਨਰ ਨੂੰ ਮੈਮੋਰੰਡਮ ਸੌਂਪਿਆ ਜਾਵੇਗਾ।

ਇਸ ਮੰਗ ਪੱਤਰ ਵਿਚ ਸ਼੍ਰੋਮਣੀ ਕਮੇਟੀ ਨੂੰ ਤੋੜਨ ਲਈ ਆਰਐਸਐਸ, ਕਾਂਗਰਸ, ਭਾਜਪਾ ਤੇ ਆਮ ਆਦਮੀ ਪਾਰਟੀ ਦੀਆਂ ਚਾਲਾਂ ਨੂੰ ਨਸ਼ਰ ਕੀਤਾ ਜਾਵੇਗਾ। ਸਪੱਸ਼ਟ ਹੋ ਚੁੱਕਾ ਹੈ ਕਿ ਇਹ ਸਾਰੀਆਂ ਧਿਰਾਂ ਰਲ ਕੇ ਆਰਐਸਐਸ ਦੇ ਇਸ਼ਾਰੇ 'ਤੇ ਕੰਮ ਕਰ ਰਹੀਆਂ ਹਨ। ਹਾਲ ਹੀ ਵਿਚ ਆਰਐਸਐਸ
ਮੁਖੀ ਵੱਲੋਂ ਇਹ ਕਹਿਣਾ ਕਿ ਇਸ ਦੇਸ਼ ਦਾ ਹਰ ਨਾਗਰਿਕ ਧਰਮ ਤਬਦੀਲ ਕੀਤੇ ਬਿਨ੍ਹਾਂ ਹੀ ਹਿੰਦੂ ਹੈ, ਘੱਟ ਗਿਣਤੀਆਂ ਨੂੰ ਵੱਡੀ ਚੁਣੌਤੀ ਹੈ। ਸਿੱਖ ਸੰਸਥਾ ਸ਼੍ਰੋਮਣੀ ਕਮੇਟੀ ਇਨ੍ਹਾਂ ਚਾਲਾਂ ਨੂੰ ਕਦੇ ਵੀ ਸਫ਼ਲ ਨਹੀਂ ਹੋਣ ਦੇਵੇਗੀ।



ਇਸ ਦੇ ਨਾਲ ਹੀ ਅੱਜ ਦਾ ਇਕੱਠ ਇਹ ਵੀ ਫੈਸਲਾ ਕਰਦਾ ਹੈ ਕਿ ਸਿੱਖ ਵਿਰੋਧੀ ਫੈਸਲੇ ਪ੍ਰਤੀ ਸੰਗਤ ਵਿਚ ਚੇਤਨਾ ਫੈਲਾਉਣ ਲਈ 7 ਅਕਤੂਬਰ 2022 ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ (ਬਠਿੰਡਾ) ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੱਕ ਮਾਰਚ ਆਯੋਜਤ ਕੀਤੇ ਜਾਣਗੇ। ਹਰਿਆਣਾ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਹਰਿਆਣਾ ਸਰਕਾਰ ਵੱਲੋਂ ਸ਼੍ਰੋਮਣੀ ਕਮੇਟੀ ਤੋੜਨ ਦੇ ਵਿਰੋਧ ਵਿਚ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਖੱਟਰ ਦੇ ਘਿਰਾਉ ਦਾ ਪ੍ਰੋਗਰਾਮ ਉਲਕਿਆ ਜਾਵੇਗਾ।



ਇਸ ਤੋਂ ਇਲਾਵਾ ਪੰਜਾਬ ਤੇ ਹਰਿਆਣਾ ਦੇ ਸਮੂਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ ਦਿੱਲੀ ਵਿਖੇ ਵੀ ਧਰਨਾ ਪ੍ਰਦਰਸ਼ਨ ਕਰਨਗੇ ਅਤੇ ਜੇਕਰ ਸਰਕਾਰਾਂ ਦੇ ਕੰਨ ਨਾ ਖੁੱਲ੍ਹੇ ਤਾਂ ਦਿੱਲੀ ਵਿਖੇ ਕਰੜੇ ਸੰਘਰਸ਼ ਦਾ ਪ੍ਰੋਗਰਾਮ ਉਲੀਕਿਆ ਜਾਵੇਗਾ।

ਇਹ ਵੀ ਪੜ੍ਹੋ: ਮੰਦਰ ਦੀ ਗੋਲਕ ਵਿੱਚੋਂ ਮਿਲਿਆ ਪਾਕਿਸਤਾਨੀ ਨੋਟ, ਦਿੱਤੀ ਮੰਦਰ ਦੇ ਸੇਵਾਦਾਰ ਨੂੰ ਧਮਕੀ ਅਤੇ ਮੰਗੀ ਫਿਰੌਤੀ

ETV Bharat Logo

Copyright © 2024 Ushodaya Enterprises Pvt. Ltd., All Rights Reserved.