ਇਸ ਗੀਤ ਨਾਲ ਸਾਹਮਣੇ ਆਵੇਗਾ ਚਰਚਿਤ ਗਾਇਕ ਚੰਦਰਾ ਬਰਾੜ, 17 ਨਵੰਬਰ ਨੂੰ ਹੋਵੇਗਾ ਰਿਲੀਜ਼
Published: Nov 15, 2023, 4:26 PM

ਇਸ ਗੀਤ ਨਾਲ ਸਾਹਮਣੇ ਆਵੇਗਾ ਚਰਚਿਤ ਗਾਇਕ ਚੰਦਰਾ ਬਰਾੜ, 17 ਨਵੰਬਰ ਨੂੰ ਹੋਵੇਗਾ ਰਿਲੀਜ਼
Published: Nov 15, 2023, 4:26 PM
Chandraa Brar New Song: ਗਾਇਕ ਚੰਦਰਾ ਬਰਾੜ ਇਸ ਸਮੇਂ ਆਪਣੇ ਨਵੇਂ ਗੀਤ 'ਐਕਸਕਿਊਜ' ਨੂੰ ਲੈ ਕੇ ਚਰਚਾ ਵਿੱਚ ਹੈ, ਇਹ ਗੀਤ 17 ਨਵੰਬਰ ਨੂੰ ਵੱਖ-ਵੱਖ ਪਲੇਟਫਾਰਮਾਂ ਉਤੇ ਰਿਲੀਜ਼ ਕੀਤਾ ਜਾਵੇਗਾ।
ਚੰਡੀਗੜ੍ਹ: ਪੰਜਾਬੀ ਸੰਗੀਤ ਜਗਤ ਵਿੱਚ ਚਰਚਿਤ ਨਾਂਅ ਬਣਦੇ ਜਾ ਰਹੇ ਗਾਇਕ ਆਪਣਾ ਨਵਾਂ ਗੀਤ 'ਐਕਸਕਿਊਜ' ਲੈ ਕੇ ਆਪਣੇ ਚਾਹੁੰਣ ਵਾਲਿਆਂ ਸਨਮੁੱਖ ਹੋਣ ਜਾ ਰਹੇ ਹਨ, ਜਿਸ ਨੂੰ 17 ਨਵੰਬਰ ਨੂੰ ਵੱਖ-ਵੱਖ ਸੰਗੀਤਕ ਪਲੇਟਫਾਰਮ 'ਤੇ ਰਿਲੀਜ਼ ਕੀਤਾ ਜਾ ਰਿਹਾ ਹੈ।
'ਮਿਕਸ ਇਟ ਅਪ ਰਿਕਾਰਡਜ਼' ਦੁਆਰਾ ਪੇਸ਼ ਕੀਤੇ ਜਾ ਰਹੇ ਇਸ ਗਾਣੇ ਦਾ ਸੰਗੀਤ ਮਿਕਸ ਸਿੰਘ ਵੱਲੋਂ ਤਿਆਰ ਕੀਤਾ ਗਿਆ ਹੈ, ਜਦਕਿ ਕਿ ਇਸ ਦੇ ਬੋਲ, ਆਵਾਜ਼ ਅਤੇ ਕੰਪੋਜੀਸ਼ਨ ਚੰਦਰਾ ਬਰਾੜ ਦੇ ਖੁਦ ਦੇ ਹਨ। ਹਾਲ ਹੀ ਵਿੱਚ ਜਾਰੀ ਹੋਏ ਅਤੇ ਭੈਣ ਭਰਾ ਦੇ ਪਵਿੱਤਰ ਰਿਸ਼ਤੇ ਵਿਚਕਾਰ ਦੀ ਭਾਵਨਾਤਮਕਤਾ ਅਤੇ ਨਿੱਘ ਨੂੰ ਬਿਆਨ ਕਰਦੇ ਆਪਣੇ ਗਾਣੇ 'ਵੀਰਾ' ਨਾਲ ਮਕਬੂਲੀਅਤ ਦੇ ਨਵੇਂ ਆਯਾਮ ਕਾਇਮ ਕਰਨ ਵਿੱਚ ਸਫਲ ਰਹੇ ਹਨ ਇਹ ਬਾਕਮਾਲ ਗਾਇਕ, ਜੋ ਉਮਦਾ ਗੀਤਕਾਰ ਦੇ ਤੌਰ ਵੀ ਸੰਗੀਤਕ ਗਲਿਆਰਿਆਂ ਵਿੱਚ ਵਿਲੱਖਣ ਭੱਲ ਸਥਾਪਿਤ ਕਰ ਚੁੱਕੇ ਹਨ।
ਉਨ੍ਹਾਂ ਉਕਤ ਟਰੈਕ ਸੰਬੰਧੀ ਹੋਰ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਨੌਜਵਾਨੀ ਵਲਵਲਿਅ੍ਹਾਂ ਦੀ ਤਰਜ਼ਮਾਨੀ ਕਰਦੇ ਇਸ ਨਵੇਂ ਗਾਣੇ ਦਾ ਮਿਊਜ਼ਿਕ ਵੀਡੀਓ ਵੀ ਬਹੁਤ ਖੂਬਸੂਰਤ ਤਿਆਰ ਕੀਤਾ ਗਿਆ ਹੈ, ਜਿਸ ਨੂੰ ਚਾਰ ਚੰਨ ਲਾਉਣ ਵਿੱਚ ਮਾਡਲ-ਅਦਾਕਾਰਾ ਰਿਆ ਠੁਕਰਾਲ ਵੀ ਅਹਿਮ ਭੂਮਿਕਾ ਨਿਭਾਵੇਗੀ, ਜਿੰਨ੍ਹਾਂ ਵੱਲੋਂ ਉਨ੍ਹਾਂ ਨਾਲ ਬਹੁਤ ਹੀ ਸ਼ਾਨਦਾਰ ਅਤੇ ਮਨਮੋਹਕ ਫ਼ੀਚਰਿੰਗ ਇਸ ਵਿੱਚ ਕੀਤੀ ਗਈ ਹੈ।
ਪੰਜਾਬ ਅਤੇ ਪੰਜਾਬੀਅਤ ਕਦਰਾਂ-ਕੀਮਤਾਂ ਨਾਲ ਅੋਤ ਪੋਤ ਗੀਤਾਂ ਦੀ ਰਚਨਾ ਕਰਨ ਅਤੇ ਉਨਾਂ ਨੂੰ ਗਾਉਣ ਵਿੱਚ ਮੋਹਰੀ ਯੋਗਦਾਨ ਪਾ ਰਹੇ ਇਸ ਉਮਦਾ ਫ਼ਨਕਾਰ ਦੇ ਹੁਣ ਤੱਕ ਦੇ ਗਾਇਕੀ ਸਫ਼ਰ ਵੱਲ ਧਿਆਨ ਕੇਂਦਰਰਿਤ ਕੀਤਾ ਜਾਵੇ ਤਾਂ ਉਨਾਂ ਵੱਲੋਂ ਸੰਗੀਤਕ ਮਾਰਕੀਟ ਵਿੱਚ ਜਾਰੀ ਕੀਤੇ 'ਪੇਪਰ ਰੋਲ', 'ਪਲੇ ਬੁਆਏ', 'ਆਈ ਡੋਂਟ ਕੇਅਰ', 'ਸਿਕੰਦਰ', 'ਅਨਐਕਸਪੈਕਟਿਡ', 'ਨਾਈਟਮੇਅਰ', 'ਦਾਦੀ ਮਾਂ', 'ਇਨਟੈਨਸਿਵ ਲਵ' ਆਦਿ ਜਿਹੇ ਹਰ ਗਾਣੇ ਨੂੰ ਸਰੋਤਿਆਂ ਅਤੇ ਦਰਸ਼ਕਾਂ ਦਾ ਭਰਪੂਰ ਪਿਆਰ, ਸਨੇਹ ਮਿਲਿਆ ਹੈ, ਜਿਸ ਨਾਲ ਉਤਸ਼ਾਹਿਤ ਹੋਇਆ ਇਹ ਪ੍ਰਤਿਭਾਵਾਨ ਮਲਵਈ ਨੌਜਵਾਨ ਹੁਣ ਹੋਰ ਜ਼ੋਰ-ਸ਼ੋਰ ਨਾਲ ਮਿਆਰੀ ਸੰਗੀਤਕ ਕੋਸ਼ਿਸ਼ਾਂ ਨੂੰ ਅੰਜਾਮ ਦੇਣ ਵਿੱਚ ਜੁਟਿਆ ਹੋਇਆ ਹੈ।
ਪੰਜਾਬੀ ਸੰਗੀਤ ਖਿੱਤੇ ਦੇ ਨਾਲ-ਨਾਲ ਆਉਣ ਵਾਲੇ ਦਿਨ੍ਹਾਂ ਵਿੱਚ ਫਿਲਮੀ ਦ੍ਰਿਸ਼ਾਵਲੀ ਵਿਚ ਵੀ ਬਤੌਰ ਗਾਇਕ ਅਤੇ ਅਦਾਕਾਰ ਨਵੀਆਂ ਪੈੜ੍ਹਾਂ ਸਿਰਜਣ ਵਾਲੇ ਇਸ ਬੇਹਤਰੀਨ ਗਾਇਕ-ਗੀਤਕਾਰ ਨੇ ਦੱਸਿਆ ਕਿ ਕੁਝ ਚੰਗੇ ਪ੍ਰੋੋਪੋਜਲ ਇਸ ਦਿਸ਼ਾ ਵਿਚ ਉਸ ਦੇ ਸਾਹਮਣੇ ਆਏ ਹਨ, ਜਿਸ ਸੰਬੰਧੀ ਪੂਰੀ ਨਜ਼ਰਸਾਨੀ ਉਪਰੰਤ ਹੀ ਉਹ ਇੰਨ੍ਹਾਂ ਪਾਸਿਆਂ ਵੱਲ ਆਪਣਾ ਕਦਮ ਅੱਗੇ ਵਧਾਵੇਗਾ।
