Jassie Gill Song Soulmate: ਅੱਜ ਰਿਲੀਜ਼ ਹੋਵੇਗਾ ਜੱਸੀ ਗਿੱਲ ਦਾ ਇਹ ਨਵਾਂ ਗੀਤ, ਹੈਪੀ ਰਾਏਕੋਟੀ ਕਰਨਗੇ ਪੇਸ਼
Published: Nov 15, 2023, 12:41 PM

Jassie Gill Song Soulmate: ਅੱਜ ਰਿਲੀਜ਼ ਹੋਵੇਗਾ ਜੱਸੀ ਗਿੱਲ ਦਾ ਇਹ ਨਵਾਂ ਗੀਤ, ਹੈਪੀ ਰਾਏਕੋਟੀ ਕਰਨਗੇ ਪੇਸ਼
Published: Nov 15, 2023, 12:41 PM
Jassie Gill New Song Soulmate: ਗਾਇਕ ਜੱਸੀ ਗਿੱਲ ਕਾਫੀ ਸਮੇਂ ਤੋਂ ਆਪਣੇ ਨਵੇਂ ਗੀਤ 'ਸੋਲਮੇਟ' ਨਾਲ ਸੁਰਖ਼ੀਆਂ ਬਟੋਰ ਰਹੇ ਹਨ, ਗਾਇਕ ਦਾ ਇਹ ਗੀਤ ਅੱਜ 15 ਨਵੰਬਰ ਨੂੰ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਜ਼ ਉਤੇ ਰਿਲੀਜ਼ ਕਰ ਦਿੱਤਾ ਜਾਵੇਗਾ।
ਚੰਡੀਗੜ੍ਹ: ਪੰਜਾਬੀ ਗਾਇਕੀ ਜਗਤ ਦੀਆਂ ਦੋ ਨਾਮਵਰ ਅਤੇ ਕਾਮਯਾਬ ਹਸਤੀਆਂ ਜੱਸੀ ਗਿੱਲ ਅਤੇ ਹੈਪੀ ਰਾਏਕੋਟੀ ਇੱਕ ਹੋਰ ਮਿਊਜ਼ਿਕਲ ਟਰੈਕ ਲਈ ਇਕੱਠੀਆਂ ਹੋਈਆਂ ਹਨ, ਜਿੰਨ੍ਹਾਂ ਦਾ ਇਹ ਸਦਾ ਬਹਾਰ ਟਰੈਕ ਅੱਜ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਅਤੇ ਚੈਨਲਜ਼ 'ਤੇ ਵੱਡੇ ਪੱਧਰ ਉਤੇ ਜਾਰੀ ਹੋਵੇਗਾ।
ਪੰਜਾਬੀ ਗੀਤਕਾਰੀ ਦੇ ਖੇਤਰ ਵਿੱਚ ਮਾਣਮੱਤੀ ਪਹਿਚਾਣ ਰੱਖਦੇ ਹੈਪੀ ਰਾਏਕੋਟੀ ਵੱਲੋਂ ਪੇਸ਼ ਕੀਤਾ ਜਾ ਰਿਹਾ ਉਕਤ ਟਰੈਕ ਸੋਲਮੇਟ ਟਾਈਟਲ ਅਧੀਨ ਰਿਲੀਜ਼ ਹੋਵੇਗਾ, ਜਿਸ ਨੂੰ ਆਪਣੀ ਸੁਰੀਲੀ ਆਵਾਜ਼ ਨਾਲ ਸ਼ਿੰਗਾਰਿਆ ਹੈ ਜੱਸੀ ਗਿੱਲ ਨੇ, ਜਦ ਕਿ ਇਸ ਦੇ ਬੋਲ ਹੈਪੀ ਰਾਏਕੋਟੀ ਨੇ ਰਚੇ ਹਨ ਅਤੇ ਮਨ ਨੂੰ ਮੋਹ ਲੈਣ ਵਾਲਾ ਇਸ ਦਾ ਸੰਗੀਤ ਟਰੂ ਮੇਕਰਜ਼ ਨੇ ਤਿਆਰ ਕੀਤਾ ਹੈ।
ਰਿਲੀਜ਼ ਤੋਂ ਪਹਿਲਾਂ ਹੀ ਚਰਚਾ ਅਤੇ ਉਤਸੁਕਤਾ ਦਾ ਕੇਂਦਰ ਬਿੰਦੂ ਬਣੇ ਇਸ ਗਾਣੇ ਦਾ ਮਿਊਜ਼ਿਕ ਵੀਡੀਓ ਵੀ ਬਹੁਤ ਸ਼ਾਨਦਾਰ ਬਣਾਇਆ ਗਿਆ, ਜਿਸ ਨੂੰ ਖੂਬਸੂਰਤ ਮੁਹਾਂਦਰਾ ਦੇਣ ਵਿੱਚ ਵੀਡੀਓ ਨਿਰਦੇਸ਼ਕ ਅਵੀ ਸਰਾਂ ਨੇ ਅਹਿਮ ਭੂਮਿਕਾ ਨਿਭਾਈ ਹੈ, ਜਿਸ ਅਨੁਸਾਰ ਇਸ ਗਾਣੇ ਦੇ ਮਿਊਜ਼ਿਕ ਵੀਡੀਓ ਵਿੱਚ ਜੱਸੀ ਗਿੱਲ ਨਾਲ ਸਰਗੀ ਮਾਨ ਵੱਲੋਂ ਫੀਚਰਿੰਗ ਕੀਤੀ ਗਈ ਹੈ, ਜਿਨ੍ਹਾਂ ਦਾ ਬੇਮਿਸਾਲ ਸੁਮੇਲ ਇਸ ਗਾਣੇ ਨੂੰ ਵਿਲੱਖਣ ਅਤੇ ਬੇਹਤਰੀਨ ਰੂਪ ਦੇਣ ਵਿੱਚ ਅਹਿਮ ਯੋਗਦਾਨ ਪਾਵੇਗਾ।
ਹਾਲ ਹੀ ਵਿੱਚ ਰਿਲੀਜ਼ ਹੋਈ ਆਪਣੀ ਬਿੱਗ ਸੈਟਅੱਪ ਅਤੇ ਸਲਮਾਨ ਖਾਨ ਸਟਾਰਰ ਹਿੰਦੀ ਫਿਲਮ 'ਕਿਸੀ ਕਾ ਭਾਈ ਕਿਸੀ ਕੀ ਜਾਨ' ਨਾਲ ਖਾਸੀ ਚਰਚਾ ਅਤੇ ਸਲਾਹੁਤਾ ਹਾਸਿਲ ਕਰ ਚੁੱਕੇ ਇਹ ਉਮਦਾ ਗਾਇਕ ਅਤੇ ਅਦਾਕਾਰ ਇੰਨੀਂ ਦਿਨੀਂ ਬਤੌਰ ਐਕਟਰ ਵੀ ਕਾਫ਼ੀ ਉਤਸ਼ਾਹਿਤ ਅਤੇ ਸਰਗਰਮ ਨਜ਼ਰ ਆ ਰਹੇ ਹਨ, ਜਿਨ੍ਹਾਂ ਦੱਸਿਆ ਕਿ ਸਿਨੇਮਾ ਰੁਝੇਵਿਆਂ ਦੇ ਮੱਦੇਨਜ਼ਰ ਹੀ ਉਹ ਗਿਣੇ ਚੁਣੇ ਸੰਗੀਤਕ ਪ੍ਰੋਜੈਕਟਾਂ ਦੁਆਰਾ ਸੰਗੀਤ ਪ੍ਰੇਮੀਆਂ ਸਨਮੁੱਖ ਆਪਣੀ ਹਾਜ਼ਰੀ ਲਵਾ ਪਾ ਰਹੇ ਹਨ, ਪਰ ਹੁਣ ਇਸ ਖਲਾਅ ਨੂੰ ਪੂਰੀ ਤਰ੍ਹਾਂ ਭਰਦਿਆਂ ਉਹ ਕਈ ਗਾਣੇ ਆਪਣੇ ਚਾਹੁੰਣ ਵਾਲਿਆਂ ਦੇ ਸਨਮੁੱਖ ਪੇਸ਼ ਕਰਨਗੇ, ਜਿਸ ਦੀ ਹੀ ਲੜੀ ਵਜੋਂ ਸਾਹਮਣੇ ਆਵੇਗਾ, ਉਹਨਾਂ ਦਾ ਰਿਲੀਜ਼ ਹੋਣ ਜਾ ਰਿਹਾ ਨਵਾਂ ਗਾਣਾ।
ਆਪਣੀਆਂ ਅਗਾਮੀ ਯੋਜਨਾਵਾਂ ਸੰਬੰਧੀ ਚਰਚਾ ਕਰਦਿਆਂ ਉਹਨਾਂ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਕੁਝ ਹੋਰ ਹਿੰਦੀ ਅਤੇ ਪੰਜਾਬੀ ਫਿਲਮਾਂ ਦਾ ਵੀ ਉਹ ਪ੍ਰਮੁੱਖ ਹਿੱਸਾ ਬਣਨ ਜਾ ਰਹੇ ਹਾਂ, ਜਿਨ੍ਹਾਂ ਵਿੱਚ ਉਹ ਕਾਫੀ ਵਰਸਟਾਈਲ ਅਤੇ ਲੀਡਿੰਗ ਕਿਰਦਾਰ ਅਦਾ ਕਰਨ ਜਾ ਰਹੇ ਹਨ। ਇਸ ਤੋਂ ਇਲਾਵਾ ਵੱਖ-ਵੱਖ ਮੁਲਕਾਂ ਵਿੱਚ ਉਹਨਾਂ ਦੇ ਕੁਝ ਸੰਗੀਤਕ ਕੰਨਸਰਟ ਵੀ ਆਯੋਜਿਤ ਹੋਣ ਜਾ ਰਹੇ ਹਨ, ਜਿਨ੍ਹਾਂ ਦੀਆਂ ਤਿਆਰੀਆਂ ਪ੍ਰਬੰਧਕਾਂ ਵੱਲੋਂ ਜ਼ੋਰਾਂ-ਸ਼ੋਰਾਂ ਨਾਲ ਜਾਰੀ ਹਨ।
