ਨਿਰਮਲ ਰਿਸ਼ੀ ਦਾ ਭਰਾ ਰੌਸ਼ਨ ਲਾਲ ਰਿਸ਼ੀ ਨਾਲ ਹੋਇਆ ਵਿਵਾਦ, ਕਿਸਾਨਾਂ ਨੇ ਅਦਾਕਾਰਾ ਖਿਲਾਫ਼ ਕੀਤਾ ਧਰਨਾ ਪ੍ਰਦਰਸ਼ਨ

ਨਿਰਮਲ ਰਿਸ਼ੀ ਦਾ ਭਰਾ ਰੌਸ਼ਨ ਲਾਲ ਰਿਸ਼ੀ ਨਾਲ ਹੋਇਆ ਵਿਵਾਦ, ਕਿਸਾਨਾਂ ਨੇ ਅਦਾਕਾਰਾ ਖਿਲਾਫ਼ ਕੀਤਾ ਧਰਨਾ ਪ੍ਰਦਰਸ਼ਨ
ਮਕਾਨ ਦੀ ਜ਼ਮੀਨ ਨੂੰ ਲੈ ਕੇ ਦਿੱਗਜ ਅਦਾਕਾਰਾ ਨਿਰਮਲ ਰਿਸ਼ੀ ਅਤੇ ਉਸਦੇ ਭਰਾ ਰੌਸ਼ਨ ਲਾਲ ਰਿਸ਼ੀ ਵਿੱਚ ਵਿਵਾਦ ਹੋ ਗਿਆ, ਇਥੇ ਸੁਣੋ ਇਸ ਬਾਰੇ ਅਦਾਕਾਰਾ ਦਾ ਕੀ ਕਹਿਣਾ ਹੈ...।
ਮਾਨਸਾ: ਪਾਲੀਵੁੱਡ ਦੀ ਦਿੱਗਜ ਅਦਾਕਾਰਾ ਨਿਰਮਲ ਰਿਸ਼ੀ ਆਪਣੀ ਅਦਾਕਾਰੀ ਨੂੰ ਲੈ ਕੇ ਆਏ ਦਿਨ ਚਰਚਾ ਵਿੱਚ ਰਹਿੰਦੀ ਹੈ, ਅਤੇ ਹੁਣ ਆਪਣੇ ਨਿੱਜੀ ਮਾਮਲੇ ਨੂੰ ਲੈ ਕੇ ਸੁਰਖ਼ੀਆਂ ਵਿੱਚ ਆ ਗਈ ਹੈ।
ਜੀ ਹਾਂ...ਦਰਅਸਲ, ਨਿਰਮਲ ਰਿਸ਼ੀ ਅਤੇ ਉਸਦਾ ਭਰਾ ਰੌਸ਼ਨ ਲਾਲ ਦੇ ਵਿਚਕਾਰ ਜ਼ਮੀਨ ਨੂੰ ਲੈ ਕੇ ਝਗੜਾ ਹੋ ਗਿਆ, ਅਦਾਕਾਰਾ ਨੇ ਆਪਣੇ ਭਰਾ ਦੇ ਖਿਲਾਫ਼ ਸ਼ਿਕਾਇਤ ਦਰਜ ਕਰਵਾਈ ਅਤੇ ਉਧਰ ਅਦਾਕਾਰਾ ਦੇ ਭਰਾ ਨੇ ਕਿਸਾਨ ਯੂਨੀਅਨ ਦਾ ਸਹਾਰਾ ਲੈ ਕੇ ਅਦਾਕਾਰਾ ਦੇ ਖਿਲਾਫ਼ ਧਰਨਾ ਪ੍ਰਦਰਸ਼ਨ ਕੀਤਾ ਹੈ।
ਪੂਰਾ ਮਾਮਲਾ ਜਾਣੋ: ਆਪਣੀ ਅਦਾਕਾਰੀ ਨਾਲ ਸਭ ਦਾ ਦਿਲ ਜਿੱਤਣ ਵਾਲੀ ਅਦਾਕਾਰਾ ਨਿਰਮਲ ਰਿਸ਼ੀ ਅਤੇ ਉਸ ਦੇ ਭਰਾ ਰੌਸ਼ਨ ਲਾਲ ਨੇ ਮੀਡੀਆ ਨਾਲ ਗੱਲਬਾਤ ਕਰਦੇ ਸਮੇਂ ਆਪਣੀ ਆਪਣੀ ਰਾਇ ਰੱਖੀ...।
ਜਾਣੋ, ਨਿਰਮਲ ਰਿਸ਼ੀ ਦੇ ਭਰਾ ਰੌਸ਼ਨ ਲਾਲ ਦਾ ਕੀ ਹੈ ਕਹਿਣਾ: ਅਦਾਕਾਰਾ ਦੇ ਭਰਾ ਰੌਸ਼ਨ ਲਾਲ ਨੇ ਦੱਸਿਆ ਕਿ 'ਉਸਦੀ ਭੈਣ ਨਿਰਮਲ ਰਿਸ਼ੀ ਜੋ ਲੁਧਿਆਣਾ ਵਿਖੇ ਰਹਿੰਦੀ, ਉਹ ਮੇਰੇ ਮਕਾਨ ਵਿਚੋਂ ਗਲੀ ਮੰਗਦੀ ਹੈ, ਪਹਿਲਾਂ ਮੈਂ 5 ਫੁੱਟ ਜਗ੍ਹਾਂ ਦੇ ਚੁੱਕਾ ਹਾਂ, ਹੁਣ ਫਿਰ 3 ਫੁੱਟ ਜਗਾ ਮੰਗ ਰਹੀ ਹੈ ਅਤੇ ਮੇਰੇ 'ਤੇ ਕੇਸ ਕਰ ਦਿੱਤਾ।' ਅੱਗੇ ਉਸ ਨੇ ਕਿਹਾ ਕਿ 'ਇਹ ਮਕਾਨ ਲਾਲ ਲਕੀਰ ਦੇ ਅੰਦਰ ਹੈ ਅਤੇ ਮੈਂ 1975 ਦਾ ਮਕਾਨ ਬਣਾਇਆ ਹੈ, ਖਾਲੀ ਜਗ੍ਹਾਂ ਦਿਖਾ ਕੇ ਵਾਰੰਟ ਕਢਵਾਉਣ ਵਾਲੇ ਕਨਗੋ 'ਤੇ ਕਾਰਵਾਈ ਕੀਤੀ ਜਾਵੇ ਅਤੇ ਮੈਨੂੰ ਇਨਸਾਫ਼ ਦਿੱਤਾ ਜਾਵੇ।'
ਇਸ ਮਾਮਲੇ ਉਤੇ ਨਿਰਮਲ ਰਿਸ਼ੀ ਦਾ ਬਿਆਨ: ਅਦਾਕਾਰ ਨਿਰਮਲ ਰਿਸ਼ੀ ਨੇ ਭਰਾ ਰੌਸ਼ਨ ਲਾਲ ਵੱਲੋਂ ਲਗਾਏ ਇਲਜ਼ਾਮਾਂ ਨੂੰ ਨਕਾਰਦਿਆਂ ਕਿਹਾ ਕਿ ਉਹ ਬਜੁਰਗ ਹੋ ਗਈ ਹੈ ਅਤੇ ਆਪਣੇ ਘਰ ਰਹਿਣਾ ਚਾਹੁੰਦੀ ਹੈ ਪਰ ਭਰਾ ਰਸਤਾ ਨਹੀਂ ਦੇ ਰਿਹਾ। ਜਿਸ ਕਾਰਨ ਉਸਨੇ ਕੋਰਟ ਦਾ ਸਹਾਰਾ ਲਿਆ ਹੈ ਅਤੇ ਹੁਣ ਰੌਸ਼ਨ ਲਾਲ ਕਿਸਾਨ ਯੂਨੀਅਨ ਦਾ ਸਹਾਰਾ ਲੈ ਕੇ ਜਗ੍ਹਾਂ ਦੇਣ ਤੋਂ ਮੁਕਰ ਰਿਹਾ ਹੈ।
ਇਸ ਦੇ ਨਾਲ ਹੀ ਅਦਾਕਾਰਾ ਨੇ ਰੌਸ਼ਨ ਲਾਲ ਦੇ ਬੇਟੇ ਬਾਰੇ ਵੀ ਕਈ ਗੱਲਾਂ ਕੀਤੀਆਂ ਅਤੇ ਕਿਹਾ ਕਿ ਇਹ ਸਭ ਕੁੱਝ ਉਸ ਦੀ ਬਦੌਲਤ ਹੀ ਹੋ ਰਿਹਾ ਹੈ।
ਤੁਹਾਨੂੰ ਦੱਸ ਦਈਏ ਕਿ ਨਿਰਮਲ ਰਿਸ਼ੀ ਦਾ ਪੰਜਾਬੀ ਫਿਲਮ ਜਗਤ ਵਿੱਚ ਬਹੁਤ ਹੀ ਖਾਸ ਸਥਾਨ ਹੈ, ਲੋਕ ਰਿਸ਼ੀ ਦੀ ਅਦਾਕਾਰੀ ਦੇ ਫੈਨ ਹਨ, ਅਦਾਕਾਰਾ ਆਪਣੇ ਗੁੱਸੇ, ਰੋਹਬਦਾਰ ਅਦਾਕਾਰੀ ਨਾਲ ਹਰ ਕਿਸੇ ਨੂੰ ਆਪਣੇ ਵੱਲ ਖਿੱਚ ਲੈਂਦੀ ਹੈ।
ਨਿਰਮਲ ਰਿਸ਼ੀ ਦੇ ਵਰਕਫੰਟ ਦੀ ਗੱਲ ਕਰੀਏ ਤਾਂ ਅਦਾਕਾਰਾ ਦੀ ਬਿਨੂੰ ਢਿਲੋਂ ਨਾਲ ਫਿਲਮ 'ਮਾਨ ਬਨਾਮ ਖਾਨ' ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ, ਇਸ ਫਿਲਮ ਵਿੱਚ ਬਿਨੂੰ ਢਿਲੋਂ ਨਾਲ ਅਦਾਕਾਰ ਕਰਮਜੀਤ ਅਨਮੋਲ ਅਤੇ ਨਿਸ਼ਾ ਬਾਨੋ ਵੀ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ। ਇਸ ਤੋਂ ਇਲਾਵਾ ਅਦਾਕਾਰਾ ਫਿਲਮ 'ਗੋਡੇ ਗੋਡੇ ਚਾਅ' ਨੂੰ ਲੈ ਕੇ ਵੀ ਚਰਚਾ ਵਿੱਚ ਹੈ।
ਇਹ ਵੀ ਪੜ੍ਹੋ:ਗਾਇਕੀ ਤੋਂ ਅਦਾਕਾਰੀ ਵੱਲ ਕਿਵੇਂ ਮੁੜੇ ਸਤਿੰਦਰ ਸਰਤਾਜ, 'ਦਿ ਕਪਿਲ ਸ਼ਰਮਾ ਸ਼ੋਅ' ਵਿੱਚ ਕੀਤਾ ਖੁਲਾਸਾ
