ਕੀ ਹੁਣ AI ਦੱਸੇਗਾ ਮਰੀਜ਼ ਦਾ ਹਰ ਦਰਦ? ਵਿਦਿਆਰਥੀਆਂ ਨੇ ਕੀਤੀ ਵੱਡੀ ਖੋਜ, ਜਾਣ ਕੇ ਰਹਿ ਜਾਓਗੇ ਹੈਰਾਨ!
ਮੋਹਾਲੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਇੱਕ ਹੈਰਾਨ ਕਰ ਦੇਣ ਵਾਲੀ ਖੋਜ ਕੀਤੀ। ਆਓ ਜਾਣਦੇ ਹਾਂ...

Published : February 22, 2026 at 2:55 PM IST
|Updated : February 22, 2026 at 7:43 PM IST
ਮੋਹਾਲੀ (ਬਲਵਿੰਦਰ ਸਿੰਘ) : ਅੱਜ ਕੱਲ੍ਹ AI ਦਾ ਰੁਝਾਨ ਤੇਜ਼ੀ ਨਾਲ ਵਧਦਾ ਜਾ ਰਿਹਾ ਹੈ। ਇੱਕ ਪਾਸੇ ਜਿੱਥੇ AI ਲੋਕਾਂ ਦੀਆਂ ਨੌਕਰੀਆਂ ਖੋਹ ਰਿਹਾ ਹੈ ਉੱਥੇ ਹੀ ਦੂਜੇ ਪਾਸੇ ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਇੱਕ ਅਜਿਹੀ ਖੋਜ ਕਰ ਦਿੱਤੀ, ਜੋ ਤੁਹਾਨੂੰ ਸਭ ਨੂੰ ਹੈਰਾਨ ਕਰ ਦੇਵੇਗੀ। ਜੀ ਹਾਂ...ਅੱਜ ਦੇ ਸਮੇਂ ਵਿੱਚ ਗਲਤ ਖੁਰਾਕ ਅਤੇ ਜੀਵਨਸ਼ੈਲੀ ਕਰਕੇ ਛੋਟੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਕੋਈ ਕਿਸੇ ਨਾ ਕਿਸੇ ਦਰਦ ਦਾ ਸਾਹਮਣਾ ਕਰ ਰਿਹਾ ਹੈ। ਅਜਿਹੇ ਵਿੱਚ ਹੁਣ ਵਿਦਿਆਰਥੀਆਂ ਨੇ ਨਾ ਦੱਸਣਯੋਗ ਮਰੀਜ਼ਾਂ ਦੇ ਦਰਦ ਦਾ ਪਤਾ ਲਗਾਉਣ ਲਈ GeoPathos ਨਾਮ ਦਾ ਸਟਾਰਅੱਪ ਸ਼ੁਰੂ ਕੀਤਾ।
ਏਆਈ ਫੈਸਟ 2026
ਦਰਅਸਲ, ਚੰਡੀਗੜ੍ਹ ਯੂਨੀਵਰਸਿਟੀ ਨੇ 19 ਤੋਂ 21 ਫਰਵਰੀ 2026 ਤੱਕ ਆਪਣੇ ਕੈਂਪਸ ਵਿੱਚ 'ਏਆਈ ਫੈਸਟ 2026' ਕਰਵਾਇਆ, ਜਿਸ ਦੇ ਅਖੀਰਲੇ ਦਿਨ ਯੂਨੀਵਰਸਿਟੀ-ਆਧਾਰਿਤ ਸਟਾਰਟਅੱਪ ਲਾਂਚਪੈੱਡ 'ਕੈਂਪਸ ਟੈਂਕ' ਦਾ ਗ੍ਰੈਂਡ ਫਿਨਾਲੇ ਕਰਵਾਇਆ ਗਿਆ। ਇਸ ਸਮਾਗਮ ਵਿੱਚ ਸਿਖਰਲੀਆਂ 10 ਟੀਮਾਂ ਨੇ ਆਪਣੇ ਸਟਾਰਟਅੱਪ ਆਈਡੀਆਜ਼ ਪੇਸ਼ ਕੀਤੇ ਅਤੇ ਯੂਨੀਵਰਸਿਟੀ ਦਾ ਦਾਅਵਾ ਹੈ ਕਿ ਇਨ੍ਹਾਂ ਨੇ 6 ਮਿਲੀਅਨ ਡਾਲਰ ਦੀ ਫੰਡਿੰਗ ਪੂਲ ਤੱਕ ਪਹੁੰਚ ਬਣਾ ਲਈ ਹੈ। ਉਨ੍ਹਾਂ ਅਨੁਸਾਰ, 'ਕੈਂਪਸ ਟੈਂਕ' ਦਾ ਮੁੱਖ ਉਦੇਸ਼ ਨੌਜਵਾਨ ਉੱਦਮੀਆਂ ਨੂੰ ਉਤਸ਼ਾਹਿਤ ਕਰਨਾ, ਸਟਾਰਟਅੱਪ ਈਕੋਸਿਸਟਮ ਨੂੰ ਮਜ਼ਬੂਤ ਬਣਾਉਣਾ ਅਤੇ ਦੇਸ਼ ਦੇ ਆਰਥਿਕ ਵਿਕਾਸ ਵਿੱਚ ਯੋਗਦਾਨ ਪਾਉਣਾ ਹੈ।

ਕਈ ਵਾਰ ਕੁਝ ਮਰੀਜ਼, ਜਿਵੇਂ ਕਿ ਛੋਟਾ ਬੱਚਾ ਜਾਂ ਬਜ਼ਰੁਗ ਆਪਣਾ ਦਰਦ ਦੱਸਣਯੋਗ ਨਹੀਂ ਹੁੰਦਾ ਅਤੇ ਸਾਹਮਣੇ ਵਾਲੇ ਵਿਅਕਤੀ ਨੂੰ ਵੀ ਪਤਾ ਨਹੀਂ ਲੱਗਦਾ। ਇਸ ਲਈ ਕੁਝ ਲੋਕ ਸੋਚਦੇ ਹਨ ਕਿ ਕੋਈ ਅਜਿਹੀ ਤਕਨੀਕ ਹੋਣੀ ਚਾਹੀਦੀ ਹੈ, ਜੋ ਬਿਨ੍ਹਾਂ ਦੱਸੇ ਸਾਹਮਣੇ ਵਾਲੇ ਦਾ ਦਰਦ ਸਮਝਣ ਵਿੱਚ ਮਦਦ ਕਰੇ। ਇਸ ਲਈ ਹੁਣ ਚੰਡੀਗੜ੍ਹ ਯੂਨਿਵਰਸਿਟੀ ਦੇ ਵਿਦਿਆਰਥੀਆਂ ਨੇ ਇਸ ਤਕਨੀਕ ਵੱਲ ਆਪਣੇ ਕਦਮ ਰੱਖ ਲਏ ਹਨ ਅਤੇ ਉਨ੍ਹਾਂ ਨੇ ਇੱਕ GeoPathos ਨਾਮ ਦਾ ਸਟਾਰਅੱਪ ਸ਼ੁਰੂ ਕੀਤਾ ਹੈ, ਜੋ ਕਿ ਛੋਟੇ ਬੱਚਿਆਂ, ਬਜ਼ੁਰਗਾਂ ਜਾਂ ਕਿਸੇ ਵੀ ਮਰੀਜ਼ ਦਾ ਧਿਆਨ ਰੱਖਣ ਵਾਲਿਆ ਲਈ ਵਰਦਾਨ ਸਾਬਿਤ ਹੋ ਸਕਦਾ ਹੈ।

ਕੀ ਹੈ GeoPathos ਤਕਨੀਕ?
ਇਹ ਇੱਕ ਅਜਿਹਾ ਏਆਈ ਮਾਡਲ ਹੈ ਜੋ ਸੈਂਸਰ ਰਾਹੀਂ ਕਿਸੇ ਦੇ ਵੀ ਦਰਦ ਦੀ ਪਛਾਣ ਕਰ ਸਕਦਾ ਹੈ। ਜੇਕਰ ਕੋਈ ਮਰੀਜ਼ ਖ਼ੁਦ ਬੋਲ ਕੇ ਆਪਣਾ ਦਰਦ ਨਹੀਂ ਦੱਸ ਪਾਉਂਦਾ, ਤਾਂ ਇਹ ਨਵਾਂ ਏਆਈ ਮਾਡਲ ਤੁਹਾਨੂੰ ਦੱਸੇਗਾ ਕਿ ਸਾਹਮਣੇ ਵਾਲੇ ਵਿਅਕਤੀ ਨੂੰ ਕਿੰਨਾ ਦਰਦ ਹੋ ਰਿਹਾ ਹੈ। ਹਾਲਾਂਕਿ, ਇਹ ਮਾਡਲ ਅਜੇ ਹੌਲੀ-ਹੌਲੀ ਵਿਕਸਿਤ ਹੋ ਰਿਹਾ ਹੈ। ਇਸ ਲਈ GeoPathos ਰਾਹੀਂ ਅਜੇ ਸਿਰਫ਼ ਕਿੰਨਾ ਦਰਦ ਹੈ, ਬਾਰੇ ਹੀ ਪਤਾ ਲਗਾਇਆ ਜਾ ਸਕਦਾ ਹੈ ਅਤੇ ਕਿਹੜੀ ਜਗ੍ਹਾਂ ਦਰਦ ਹੋ ਰਿਹਾ ਹੈ, ਬਾਰੇ ਅਜੇ ਪਤਾ ਨਹੀਂ ਲੱਗੇਗਾ।
"ਜਦੋਂ ਮੇਰੇ ਨਾਨਾ ਜੀ ਬਿਮਾਰ ਹੋਏ ਸੀ, ਤਾਂ ਉਹ ਖ਼ੁਦ ਬੋਲ ਕੇ ਆਪਣਾ ਦਰਦ ਨਹੀਂ ਦੱਸ ਪਾ ਰਹੇ ਸੀ। ਉਦੋਂ ਹੀ ਸਾਡੇ ਦਿਮਾਗ ਵਿੱਚ ਆਇਆ ਕਿ ਜੇਕਰ ਕੋਈ ਅਜਿਹੀ ਚੀਜ਼ ਹੁੰਦੀ, ਜੋ ਦੱਸ ਸਕਦੀ ਕਿ ਉਨ੍ਹਾਂ ਨੂੰ ਦਰਦ ਹੋ ਰਿਹਾ ਹੈ ਜਾਂ ਨਹੀਂ, ਤਾਂ ਕਿ ਅਸੀ ਉਨ੍ਹਾਂ ਨੂੰ ਦਵਾਈ ਦੇ ਸਕਦੇ। ਅਜੇ ਸਾਡਾ ਮਾਡਲ ਸਿਰਫ ਦਰਦ ਦਾ ਪੈਮਾਨਾ ਦੱਸਦਾ ਹੈ। ਪਰ ਅਸੀਂ ਭਵਿੱਖ ਵਿੱਚ ਇਸਨੂੰ ਅਜਿਹਾ ਟ੍ਰੇਨ ਕਰਾਂਗੇ, ਤਾਂਕਿ ਇਹ ਦੱਸ ਸਕੇ ਕਿ ਸਰੀਰ ਦੇ ਕਿਸ ਹਿੱਸੇ ਵਿੱਚ ਦਰਦ ਹੋ ਰਿਹਾ ਹੈ। ਮੈਂ ਖ਼ੁਦ ਇਸ ਏਆਈ ਦਾ ਰੀਅਲ ਟਾਈਮ ਟੈਸਟ ਕੀਤਾ ਹੈ ਅਤੇ ਇਸ ਨੇ ਮੇਰੇ ਦਰਦ ਨੂੰ 10 ਵਿੱਚੋਂ 3.61 ਨੰਬਰ ਦਿੱਤੇ। ਜੇਕਰ 6-7 ਤੋਂ ਵੱਧ ਨੰਬਰ ਆਉਦਾ ਹੈ, ਤਾਂ ਮਤਲਬ ਡਾਕਟਰ ਨੂੰ ਮਿਲਣ ਦੀ ਲੋੜ ਹੈ।"- ਹਰਸ਼, GeoPathos ਦਾ ਸੰਸਥਾਪਕ ਅਤੇ ਬੀਟੈਕ ਤੀਜੇ ਸਾਲ ਦਾ ਵਿਦਿਆਰਥੀ
ਫੂਡ ਡਿਲੀਵਰੀ ਐਪਾਂ ਨਾਲ ਮੁਕਾਬਲਾ ਕਰੇਗੀ ਇਹ ਐਪ
ਹੁਣ ਤੁਹਾਨੂੰ ਵਿਦਿਆਰਥੀਆਂ ਵਲੋਂ ਬਣਾਈ ਇੱਕ ਹੋਰ ਐਪ ਬਾਰੇ ਦੱਸਣ ਜਾ ਰਹੇ ਹਾਂ, ਜੋ ਫੂਡ ਡਿਲੀਵਰੀ ਦੀਆਂ ਵੱਡੀਆਂ ਕੰਪਨੀਆਂ ਨੂੰ ਚੁਣੌਤੀ ਦੇ ਸਕਦੀ ਹੈ। ਚੰਡੀਗੜ੍ਹ ਯੂਨੀਵਰਸਿਟੀ ਦੇ ਕੈਂਪਸ ਵਿੱਚ ਚੱਲ ਰਹੀ ਇਸ ਐਪ ਦਾ ਨਾਮ Hostego ਹੈ, ਜੋ ਕੰਪਿਊਟਰ ਸਾਇੰਸ ਦੇ ਦੂਜੇ ਸਾਲ ਦੇ ਵਿਦਿਆਰਥੀ ਹਨੁਮੰਤ ਸ਼ਰਣ ਆਪਣੇ ਜਮਾਤੀਆਂ ਅਤੇ ਜੂਨੀਅਰਸ ਨਾਲ ਮਿਲ ਕੇ ਚਲਾ ਰਹੇ ਹਨ।
"ਇਸ ਨਾਲ ਵਿਦਿਆਰਥੀਆਂ ਅਤੇ ਦੁਕਾਨਦਾਰਾਂ ਦੋਵਾਂ ਨੂੰ ਫਾਇਦਾ ਹੋ ਰਿਹਾ ਹੈ, ਕਿਉਂਕਿ ਕੈਂਪਸ ਦੇ ਵਿਦਿਆਰਥੀ ਆਪਣੇ ਫੋਨ ਤੋਂ ਜਮਾਤ ਵਿੱਚ ਬੈਠੇ ਹੀ ਖਾਣਾ ਆਰਡਰ ਕਰ ਸਕਦੇ ਹਨ। ਜਦੋਂ ਖਾਣਾ ਤਿਆਰ ਹੋ ਜਾਂਦਾ ਹੈ ਤਾਂ ਵਿਦਿਆਰਥੀਆਂ ਨੂੰ ਮੈਸੇਜ ਚਲਾ ਜਾਂਦਾ ਹੈ। ਇਸ ਤਰ੍ਹਾਂ ਦੁਕਾਨਦਾਰਾਂ ਨੂੰ ਵੀ ਸਮੇਂ ਸਿਰ ਪੈਸੇ ਮਿਲ ਜਾਂਦੇ ਹਨ ਅਤੇ ਕਾਉਂਟਰ 'ਤੇ ਭੀੜ ਵੀ ਇਕੱਠੀ ਨਹੀਂ ਹੁੰਦੀ। ਬਾਕੀ ਵੱਡੀਆਂ ਫੂਡ ਡਿਲੀਵਰੀ ਐਪਾਂ ਸਿਰਫ ਡਿਲੀਵਰੀ ਸਿਸਟਮ 'ਤੇ ਕੰਮ ਕਰ ਰਹੀਆਂ ਹਨ ਪਰ ਅਸੀਂ ਕਾਊਂਟਰ 'ਤੇ ਖਾਣਾ ਲੈਣ ਵਾਲਿਆਂ ਦੀ ਭੀੜ ਨੂੰ ਕਾਬੂ ਕਰਨ 'ਤੇ ਕੰਮ ਰਹੇ ਹਾਂ। ਬਾਕੀ ਵੱਡੀਆਂ ਐਪਾਂ ਲੱਖਾਂ ਰੁਪਏ ਵਸੂਲਦੀਆਂ ਹਨ ਪਰ ਅਸੀਂ ਸਿਰਫ ਆਰਡਰ ਦਾ 10-15 ਫੀਸਦੀ ਕਮਿਸ਼ਨ ਲੈਂਦੇ ਹਾਂ, ਜੋ ਕਿ ਦੁਕਾਨਦਾਰਾਂ ਨੂੰ ਵੀ ਚੰਗਾ ਲੱਗ ਰਿਹਾ ਹੈ। ਅਸੀਂ ਇਸ ਐਪ ਨੂੰ ਹੋਰ ਕੈਂਪਸ ਅਤੇ ਬਾਹਰ ਦੀਆਂ ਦੁਕਾਨਾਂ ਤੱਕ ਵੀ ਲੈਕੇ ਜਾਣਾ ਚਾਹੁੰਦੇ ਹਾਂ, ਜਿਸ ਲਈ ਫੰਡਿੰਗ ਦੀ ਕਮੀ ਹੈ।"- ਹਨੁਮੰਤ ਸ਼ਰਣ
ਇਹ ਵੀ ਪੜ੍ਹੋ:-

