ਟੁਕੜਿਆਂ ਵਿੱਚ ਮਿਲੀ ਨੌਜਵਾਨ ਦੀ ਲਾਸ਼, ਡਰੰਮ 'ਚੋਂ ਮਿਲਿਆ ਸਿਰ
ਜਲੰਧਰ ਬਾਈਪਾਸ ਨੇੜੇ ਇੱਕ ਖਾਲੀ ਪਲਾਟ ਵਿੱਚੋਂ ਨੌਜਵਾਨ ਦੀ ਲਾਸ਼ ਟੁਕੜਿਆਂ ਵਿੱਚ ਮਿਲੀ। ਜਾਣੋ ਕੀ ਹੈ ਮਾਮਲਾ...

Published : January 8, 2026 at 2:28 PM IST
ਲੁਧਿਆਣਾ: ਲੁਧਿਆਣਾ ਦੇ ਜਲੰਧਰ ਬਾਈਪਾਸ ਨੇੜੇ ਪੈਂਦੇ ਸਲੇਮ ਟਾਬਰੀ ਪੁਲਿਸ ਸਟੇਸ਼ਨ ਦੇ ਅਧੀਨ ਆਉਂਦੇ ਇਲਾਕੇ ਦੇ ਇੱਕ ਖਾਲੀ ਪਲਾਟ ਵਿੱਚੋਂ ਇੱਕ ਨੌਜਵਾਨ ਦੀ ਲਾਸ਼ ਕੱਟੀ ਹੋਈ ਮਿਲੀ ਹੈ। ਇੱਕ ਰਾਹਗੀਰ ਨੇ ਲਾਸ਼ ਦੇਖ ਕੇ ਤੁਰੰਤ ਰੌਲਾ ਪਾਇਆ ਅਤੇ ਪੁਲਿਸ ਨੂੰ ਇਸ ਦੀ ਸੂਚਿਤ ਦਿੱਤੀ। ਸਲੇਮ ਟਾਬਰੀ ਥਾਣੇ ਦੀ ਪੁਲਿਸ ਘਟਨਾ ਦੀ ਜਾਂਚ ਕਰ ਰਹੀ ਹੈ। ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ।
ਤਿੰਨ ਟੁਕੜਿਆਂ ਵਿੱਚ ਮਿਲੀ ਲਾਸ਼
ਦੱਸ ਦਈਏ ਕਿ ਲਾਸ਼ ਨੂੰ ਕਈ ਟੁਕੜਿਆਂ ਦੇ ਵਿੱਚ ਕੱਟਿਆ ਗਿਆ ਅਤੇ ਫਿਰ ਪਲਾਟ ਦੇ ਵਿੱਚ ਸੁੱਟ ਦਿੱਤਾ ਗਿਆ। ਖਾਲੀ ਡਰੰਮ ਦੇ ਵਿੱਚ ਲਾਸ਼ ਦੇ ਟੁਕੜੇ ਬਰਾਮਦ ਹੋਏ ਹਨ ਬੜੀ ਹੀ ਬੇਰਹਿਮੀ ਦੇ ਨਾਲ ਇਹ ਕਤਲ ਕੀਤਾ ਗਿਆ। ਜਿਸ ਦਾ ਧੜ ਅਲੱਗ ਅਤੇ ਸਰੀਰ ਦੇ ਬਾਕੀ ਹਿੱਸੇ ਅਲੱਗ-ਅਲੱਗ ਕੀਤੇ ਹੋਏ ਹਨ। ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਤਫਤੀਸ਼ ਕੀਤੀ ਜਾ ਰਹੀ ਹੈ।
2 ਦਿਨ ਪਹਿਲਾਂ ਹੀ ਮੁੰਬਈ ਤੋਂ ਵਾਪਿਸ ਆਇਆ ਸੀ ਘਰ
ਮ੍ਰਿਤਕ ਦੀ ਪਛਾਣ ਦਵਿੰਦਰ ਵਜੋਂ ਹੋਈ ਹੈ ਜੋ ਕਿ ਕੁਝ ਦਿਨ ਪਹਿਲਾਂ ਮੁੰਬਈ ਤੋਂ ਵਾਪਿਸ ਲੁਧਿਆਣੇ ਕੰਮ ਦੇ ਸਿਲਸਿਲੇ ਦੇ ਵਿੱਚ ਆਇਆ ਸੀ। ਪਰ ਲਾਪਤਾ ਹੋ ਗਿਆ ਸੀ। ਲਾਪਤਾ ਹੋਣ ਦੇ ਮਾਮਲੇ ਵਿੱਚ ਪੁਲਿਸ ਨੂੰ ਵੀ ਸ਼ਿਕਾਇਤ ਦਰਜ ਕਰਵਾਈ ਗਈ ਸੀ। ਜਿਸ ਤੋਂ ਬਾਅਦ ਪੁਲਿਸ ਉਸ ਦੀ ਭਾਲ ਕਰ ਹੀ ਰਹੀ ਸੀ ਕਿ ਅੱਜ ਸਵੇਰੇ ਉਸ ਦੀ ਲਾਸ਼ ਇਸ ਇਲਾਕੇ ਤੋਂ ਬਰਾਮਦ ਹੋਈ ਹੈ। ਇਸ ਤਰ੍ਹਾਂ ਬੇਰਹਿਮੀ ਦੇ ਨਾਲ ਕਤਲ ਕਰਨ ਤੋਂ ਬਾਅਦ ਲਾਸ਼ ਨੂੰ ਕਈ ਟੁਕੜਿਆਂ ਦੇ ਵਿੱਚ ਕੱਟ ਕੇ ਪਲਾਟ ਦੇ ਵਿੱਚ ਸੁੱਟ ਦਿੱਤਾ ਗਿਆ। ਮ੍ਰਿਤਕ ਦਾ ਸਿਰ ਇੱਕ ਡਰੰਮ ਦੇ ਵਿੱਚੋਂ ਬਰਾਮਦ ਹੋਇਆ ਹੈ। ਜਿਸਦੀਆਂ ਤਸਵੀਰਾਂ ਬਹੁਤ ਹੀ ਖੌਫਨਾਕ ਹਨ ਅਤੇ ਹਰ ਇੱਕ ਦੇਖਣ ਵਾਲੇ ਦੀ ਰੂਹ ਕੰਬ ਗਈ।
'ਘਰ ਆ ਕੇ ਪਾਣੀ ਵੀ ਨਹੀਂ ਪੀਤਾ, ਆਪਣੇ ਦੋਸਤ ਦੇ ਘਰ ਚਲਾ ਗਿਆ'
ਮ੍ਰਿਤਕ ਦਵਿੰਦਰ ਕੁਮਾਰ ਦੇ ਮਾਸੜ ਚਰਨਦਾਸ ਨੇ ਦੱਸਿਆ ਕਿ "ਤਿੰਨ ਦਿਨ ਪਹਿਲਾਂ ਦਵਿੰਦਰ ਕੁਮਾਰ ਮੁੰਬਈ ਤੋਂ ਕਿਸੇ ਕੰਮ ਦੇ ਸਿਲਸਿਲੇ ਵਿੱਚ ਗਿਆ ਸੀ, ਜਿਸ ਤੋਂ ਬਾਅਦ ਉਹ ਪਰਸੋਂ ਹੀ ਵਾਪਸ ਆਇਆ। ਪਰਿਵਾਰ ਨਾਲ ਕੋਈ ਗੱਲਬਾਤ ਜਿਆਦਾ ਨਹੀਂ ਕੀਤੀ ਅਤੇ ਜਦੋਂ ਉਹ ਘਰ ਤੋਂ ਬਾਹਰ ਗਿਆ ਤਾ ਉਸ ਤੋਂ ਬਾਅਦ ਵਾਪਿਸ ਹੀ ਨਹੀਂ ਆਇਆ, ਜਿਸ ਤੋਂ ਬਾਅਦ ਲਗਾਤਾਰ ਉਸ ਦੀ ਭਾਲ ਕੀਤੀ ਜਾ ਰਹੀ ਸੀ ਅਤੇ ਪੁਲਿਸ ਨੂੰ ਸ਼ਿਕਾਇਤ ਵੀ ਦਰਜ ਕਰਵਾਈ ਗਈ। ਉਨ੍ਹਾਂ ਨੇ ਕਿਹਾ ਕਿ ਉਹ ਨਿਟਿੰਗ ਦਾ ਕੰਮ ਕਰਦਾ ਹੈ। ਕਿਸੇ ਨੇ ਉਸ ਦਾ ਬਹੁਤ ਹੀ ਬੇਰਹਿਮੀ ਨਾਲ ਕਤਲ ਕੀਤਾ, ਇਸ ਦੀ ਬਾਰੀਕੀ ਨਾਲ ਜਾਂਚ ਹੋਣੀ ਚਾਹੀਦੀ ਹੈ ਅਤੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨਾ ਚਾਹੀਦਾ ਹੈ।"
"ਮੇਰਾ ਭਾਣਜਾ ਤਿੰਨ ਦਿਨ ਪਹਿਲਾਂ ਹੀ ਮੁੰਬਈ ਤੋਂ ਵਾਪਿਸ ਘਰ ਆਇਆ ਸੀ। ਘਰ ਆਕੇ ਉਸਨੇ ਆਪਣੀ ਕਿੱਟ ਰੱਖੀ ਅਤੇ ਕੱਪੜੇ ਬਦਲੇ, ਉਸਨੇ ਘਰੇ ਪਾਣੀ ਵੀ ਨਹੀਂ ਪੀਤਾ ਅਤੇ ਆਪਣੇ ਦੋਸਤ ਸੇਰੇ ਦਾ ਘਰ ਚਲਿਆ ਗਿਆ। ਉਸਤੋਂ ਬਾਅਦ ਉਹ ਘਰ ਵਾਪਿਸ ਹੀ ਨਹੀਂ ਆਇਆ। ਸਾਨੂੰ ਸ਼ੱਕ ਹੈ ਕਿ ਸੇਰੇ ਨੇ ਹੀ ਮੇਰੇ ਭਾਣਜੇ ਦਾ ਕਤਲ ਕੀਤਾ ਹੈ"।- ਚਰਨਦਾਸ, ਮ੍ਰਿਤਕ ਦਾ ਮਾਸੜ
ਜਾਂਚ ਵਿੱਚ ਜੁਟੀ ਪੁਲਿਸ
ਮੌਕੇ ਤੇ ਪਹੁੰਚੇ ਪੁਲਿਸ ਸਟੇਸ਼ਨ ਸਲੇਮ ਟਾਬਰੀ ਦੇ ਐਸਐਚਓ ਹਰਸ਼ਵੀਰ ਸਿੰਘ ਨੇ ਕਿਹਾ ਹੈ ਕਿ "ਸਾਨੂੰ ਤਿੰਨ ਦਿਨ ਪਹਿਲਾਂ ਦਵਿੰਦਰ ਸਿੰਘ ਦੇ ਨਾਮ ਦੇ ਗੁੰਮ ਹੋਣ ਦੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਅਸੀਂ ਪਰਚਾ ਦਰਜ ਕੀਤਾ ਸੀ। ਜਿਸ ਤੋਂ ਬਾਅਦ ਅੱਜ ਸਾਨੂੰ ਸੂਚਨਾ ਮਿਲੀ ਕਿ ਇੱਕ ਲਾਸ਼ ਬਰਾਮਦ ਹੋਈ ਹੈ। ਅਸੀਂ ਫੌਰੈਂਸਿਕ ਟੀਮ ਨੂੰ ਬੁਲਾ ਕੇ ਬਾਰੀਕੀ ਨਾਲ ਜਾਂਚ ਕਰ ਰਹੇ ਹਾਂ। ਪਰਿਵਾਰ ਦੇ ਬਿਆਨਾਂ ਮੁਤਾਬਿਕ ਮਾਮਲਾ ਦਰਜ ਕਰ ਲਿਆ ਗਿਆ ਹੈ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਜੋ ਵੀ ਇਸ ਮਾਮਲੇ ਵਿੱਚ ਦੋਸ਼ੀ ਪਾਇਆ ਗਿਆ ਉਸਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।"

