ਨੌਜਵਾਨ ਨੇ ਮਾਲਕ ਤੋਂ ਮੰਗੀ ਦਿਹਾੜੀ ਤਾਂ ਮਿਲੀ ਮੌਤ, ਪਰਿਵਾਰ ਨੇ ਮੰਗਿਆ ਇਨਸਾਫ਼
ਪਰਿਵਾਰ ਨੇ ਇਲਜ਼ਾਮ ਲਗਾਏ ਹਨ ਕਿ ਮਾਲਕ ਨੇ ਪੈਸੇ ਦੇਣ ਦੀ ਬਜਾਏ ਆਪਣੀ ਪਤਨੀ ਅਤੇ ਕੁਝ ਬੰਦਿਆਂ ਨਾਲ ਮਿਲ ਕੇ ਸਾਰੇ ਪੁੱਤ ਨੂੰ ਮਾਰ ਦਿੱਤਾ।


Published : March 3, 2026 at 3:20 PM IST
ਅੰਮ੍ਰਿਤਸਰ: ਗੁਰੂ ਨਗਰੀ ਅੰਮ੍ਰਿਤਸਰ ਤੋਂ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇੱਕ ਨੌਜਵਾਨ ਮੌਤ ਹੋ ਗਈ। ਘਟਨਾ ਤੋਂ ਬਾਅਦ ਮ੍ਰਿਤਕ ਨੌਜਵਾਨ ਦੇ ਪਰਿਵਾਰ ਨੇ ਉਸ ਦੇ ਠੇਕੇਦਾਰ ਉੱਤੇ ਕਤਲ ਕਰਨ ਦੇ ਇਲਜ਼ਾਮ ਲਗਾਏ ਹਨ। ਪਰਿਵਾਰ ਨੇ ਕਿਹਾ ਕਿ ਗੁਰਜੀਤ ਸਿੰਘ ਨੇ ਆਸ਼ੀਆਨਾ ਨਗਰ ਦੇ ਇੱਕ ਘਰ ਵਿੱਚ ਪੇਂਟ ਦਾ ਕੰਮ ਕੀਤਾ ਸੀ ਪਰ ਉਸ ਨੂੰ ਪੈਸੇ ਨਹੀਂ ਮਿਲੇ ਸਨ। ਜਦੋਂ ਉਹ ਆਪਣੇ ਪੈਸੇ ਲੈਣ ਲਈ ਗਿਆ ਤਾਂ ਅੱਗੋਂ ਮਾਲਕ ਨੇ ਉਸ ਨਾਲ ਬਹਿਸਬਾਜ਼ੀ ਕੀਤੀ ਅਤੇ ਉਸ ਨੂੰ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ। ਪਰਿਵਾਰ ਨੇ ਪੁਲਿਸ ਤੋਂ ਇਨਸਾਫ਼ ਦੀ ਮੰਗ ਕੀਤੀ ਹੈ।
ਪੈਸੇ ਲੈਣ ਗਿਆ ਸੀ ਨੌਜਵਾਨ
ਪਰਿਵਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 'ਸਾਡਾ ਪੁੱਤ ਗੁਰਜੀਤ ਸਿੰਘ ਆਸ਼ੀਆਨਾ ਕਾਲੋਨੀ ਇਲਾਕੇ 'ਚ ਤਕਰੀਬਨ 25 ਦਿਨ ਤੋਂ ਕੰਮ ਕਰ ਰਿਹਾ ਸੀ ਪਰ ਮਾਲਕ ਨੇ ਅਜੇ ਤੱਕ ਉਸ ਦੇ ਪੈਸੇ ਨਹੀਂ ਦਿੱਤੇ ਸਨ। ਗੁਰਜੀਤ ਨੇ ਅੱਜ ਸ੍ਰੀ ਅਨੰਦਪੁਰ ਸਾਹਿਬ ਜਾਣਾ ਸੀ, ਜਿਸ ਲਈ ਉਹ ਠੇਕੇਦਾਰ ਤੋਂ ਪੈਸੇ ਲੈਣ ਗਿਆ ਪਰ ਉੱਥੇ ਠੇਕੇਦਾਰ ਨੇ ਆਪਣੀ ਪਤਨੀ ਅਤੇ ਕੁਝ ਬੰਦਿਆਂ ਨਾਲ ਮਿਲ ਕੇ ਗੁਰਜੀਤ ਨਾਲ ਬਹਿਸ ਕੀਤੀ। ਇਸ ਦੌਰਾਨ ਉੱਥੇ ਮੌਜੂਦ ਲੋਕਾਂ ਨਾਲ ਉਸ ਦੀ ਤਕਰਾਰ ਹੋ ਗਈ, ਜੋ ਕੁਝ ਹੀ ਸਮੇਂ ਵਿੱਚ ਹਿੰਸਕ ਝਗੜੇ ‘ਚ ਤਬਦੀਲ ਹੋ ਗਈ। ਮੌਕੇ 'ਤੇ ਮੌਜੂਦ ਕੁਝ ਵਿਅਕਤੀਆਂ ਨੇ ਗੁਰਜੀਤ 'ਤੇ ਲੋਹੇ ਦੀਆਂ ਰਾਡਾਂ ਅਤੇ ਡੰਡਿਆਂ ਨਾਲ ਜਾਨਲੇਵਾ ਹਮਲਾ ਕਰ ਦਿੱਤਾ ਅਤੇ ਉਸ ਨੂੰ ਮਿਹਨਤ ਦੀ ਕਮਾਈ ਦੇਣ ਦੀ ਬਜਾਏ ਮੌਤ ਦੇ ਘਾਟ ਉਤਾਰ ਦਿੱਤਾ। ਪਰਿਵਾਰ ਨੇ ਮੁਲਜ਼ਮਾਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ ਅਤੇ ਅਪੀਲ ਕੀਤੀ ਹੈ ਕਿ ਜਲਦ ਤੋਂ ਜਲਦ ਉਨ੍ਹਾਂ ਨੂੰ ਕਾਬੂ ਕਰਕੇ ਸਖ਼ਤ ਸਜ਼ਾ ਦਿੱਤੀ ਜਾਵੇ।
ਪੁਲਿਸ ਨੇ ਦਿੱਤਾ ਭਰੋਸਾ
ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ ‘ਤੇ ਪਹੁੰਚੀ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਪੁਲਿਸ ਅਧਿਕਾਰੀਆਂ ਮੁਤਾਬਕ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। CCTV ਕੈਮਰਿਆਂ ਦੀ ਫੁਟੇਜ ਖੰਗਾਲੇ ਜਾ ਰਹੇ ਹਨ। ਜਲਦ ਹੀ ਗਵਾਹਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਇਸ ਦੇ ਨਾਲ ਹੀ ਨਾਮਜਦ ਲੋਕਾਂ ਨੂੰ ਕਾਬੂ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ।

