ETV Bharat / state

Yearender 2025: 'ਖਾਕੀ' ਨੂੰ ਲੱਗਾ ਦਾਗ਼ ! ਸਰਕਾਰ ਦਾ ਐਕਸ਼ਨ, ਜਾਣੋ ਕਿਵੇਂ ਰਿਹਾ ਪੰਜਾਬ ਪੁਲਿਸ ਦਾ ਇਹ ਸਾਲ ?

ਪੰਜਾਬ ਪੁਲਿਸ ਦੇ ਅਕਸ ਨੂੰ ਕਈ ਪੁਲਿਸ ਅਧਿਕਾਰੀਆਂ ਨੇ ਢਾਹ ਲਾਈ। CBI ਅਤੇ ਵਿਜੀਲੈਂਸ ਵੱਲੋਂ ਕਈ ਪੁਲਿਸ ਅਧਿਕਾਰੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਮਾਰੋ ਇੱਕ ਝਾਤ-

punjab police 2025
ਜਾਣੋ, ਕਿਵੇਂ ਰਿਹਾ ਪੰਜਾਬ ਪੁਲਿਸ ਦਾ ਸਾਲ 2025? (ETV Bharat)
author img

By ETV Bharat Punjabi Team

Published : December 31, 2025 at 3:20 PM IST

4 Min Read
Choose ETV Bharat

ਬਠਿੰਡਾ (ਅਮਨਦੀਪ ਗੋਸਲ): ਸਾਲ 2022 ਦੀ ਜੇਕਰ ਗੱਲ ਕੀਤੀ ਜਾਵੇ, ਤਾਂ ਇਹ ਪੰਜਾਬ ਪੁਲਿਸ ਲਈ ਬਹੁਤਾ ਚੰਗਾ ਸਾਲ ਨਹੀਂ ਰਿਹਾ, ਕਿਉਂਕਿ ਇਸ ਸਾਲ ਕਈ ਮਾਮਲੇ ਅਜਿਹੇ ਸੁਰਖੀਆਂ ਵਿੱਚ ਰਹੇ ਹਨ ਜਿਸ ਨੇ ਪੰਜਾਬ ਪੁਲਿਸ ਦੇ ਅਕਸ ਨੂੰ ਢਾਹ ਲਾਈ ਹੈ। ਉੱਥੇ ਹੀ ਕਈ ਸੀਨੀਅਰ ਪੁਲਿਸ ਅਧਿਕਾਰੀ ਕਿਸੇ ਨਾ ਕਿਸੇ ਮਾਮਲੇ ਵਿੱਚ ਗ੍ਰਿਫਤਾਰ ਹੋਏ ਅਤੇ ਕਈਆਂ ਨੂੰ ਆਪਣੇ ਸਰਵਿਸ ਦੌਰਾਨ ਕਾਨੂੰਨ ਹੱਥਾਂ ਵਿੱਚ ਲੈਣ ਦੇ ਚੱਲਦਿਆਂ ਜੇਲ੍ਹ ਦਾ ਮੂੰਹ ਤੱਕ ਵੇਖਣਾ ਪਿਆ ਅਤੇ ਕਈ ਛੋਟੇ ਪੁਲਿਸ ਕਰਮਚਾਰੀ ਵੀ ਨਸ਼ੇ ਅਤੇ ਭ੍ਰਿਸ਼ਟਾਚਾਰ ਦੇ ਮਾਮਲਿਆਂ ਵਿੱਚ ਗ੍ਰਿਫਤਾਰ ਹੋਏ ਹਨ।

ਜਾਣੋ ਕਿਵੇਂ ਰਿਹਾ ਪੰਜਾਬ ਪੁਲਿਸ ਦਾ ਸਾਲ 2025? (ETV Bharat)

ਕਰਨਲ ਪੁਸ਼ਪਿੰਦਰ ਸਿੰਘ ਬਾਠ ਅਤੇ ਪੁੱਤਰ ਨਾਲ ਕੁੱਟਮਾਰ ਮਾਮਲਾ

13-14 ਮਾਰਚ ਦੀ ਰਾਤ ਨੂੰ ਪਟਿਆਲਾ ਦੇ ਇੱਕ ਢਾਬੇ ’ਤੇ ਕਰਨਲ ਪੁਸ਼ਪਿੰਦਰ ਸਿੰਘ ਬਾਠ ਅਤੇ ਉਨ੍ਹਾਂ ਦੇ ਪੁੱਤਰ ਦੀ ਪੁਲਿਸ ਦੇ ਚਾਰ ਇੰਸਪੈਕਟਰਾਂ ਵੱਲੋਂ ਕੀਤੀ ਕੁੱਟਮਾਰ ਦਾ ਮਾਮਲਾ ਸਭ ਤੋਂ ਵੱਧ ਸੁਰਖੀਆਂ ਵਿੱਚ ਰਿਹਾ। ਇਸ ਮਾਮਲੇ ਵਿੱਚ ਹਾਈਕੋਰਟ ਨੂੰ ਸੀਬੀਆਈ ਜਾਂਚ ਦੇ ਹੁਕਮ ਦੇਣੇ ਪਏ।

punjab police 2025
ਕਰਨਲ ਪੁਸ਼ਪਿੰਦਰ ਸਿੰਘ ਬਾਠ ਤੇ ਪੁੱਤਰ ਨਾਲ ਕੁੱਟਮਾਰ ਮਾਮਲਾ (ETV Bharat)

ਇਸੇ ਤਰ੍ਹਾਂ ਹੀ ਪਟਿਆਲਾ ਜ਼ਿਲ੍ਹੇ ’ਚ ਪੁਲਿਸ ਨਾਲ ਮੁਕਾਬਲੇ ਦੌਰਾਨ ਹੋਈ ਇੱਕ ਨੌਜਵਾਨ ਦੀ ਮੌਤ ਵੀ ਵਿਵਾਦਾਂ ’ਚ ਰਹੀ ਅਤੇ ਪਰਿਵਾਰ ਨੇ ਇਹ ਮੁਕਾਬਲਾ ਫਰਜ਼ੀ ਕਰਾਰ ਦਿੱਤਾ। ਚਰਚਾ ਤਾਂ ਇਹ ਵੀ ਰਹੀ ਕਿ ਇਸ ਪੁਲਿਸ ਮੁਕਾਬਲੇ ਵਿੱਚ ਉਹੀ ਪੁਲਿਸ ਅਫਸਰ ਸ਼ਾਮਲ ਸਨ, ਜਿਨ੍ਹਾਂ ਨੇ ਇਹ ਮੁਕਾਬਲਾ ਹੋਣ ਪਿੱਛੋਂ ਵਾਪਿਸ ਪਰਤਣ ਮੌਕੇ ਕਰਨਲ ਬਾਠ ਅਤੇ ਉਨ੍ਹਾਂ ਦੇ ਲੜਕੇ ਦੀ ਕਥਿਤ ਤੌਰ ਉੱਤੇ ਕੁੱਟਮਾਰ ਕੀਤੀ ਸੀ।

ਥਾਰ ਵਾਲੀ ਪੁਲਿਸ ਕਾਂਸਟੇਬਲ ਅਮਨਦੀਪ ਕੌਰ

2 ਅਪ੍ਰੈਲ ਨੂੰ ਬਠਿੰਡਾ ਦੇ ਰਿੰਗ ਰੋਡ ਤੋਂ 17.71 ਗ੍ਰਾਮ ਚਿੱਟੇ ਨਾਲ ਗ੍ਰਿਫਤਾਰ ਕੀਤੀ ਗਈ ਥਾਰ ਸਵਾਰ ਮਹਿਲਾ ਪੁਲਿਸ ਕਾਂਸਟੇਬਲ ਅਮਨਦੀਪ ਕੌਰ ਦਾ ਮਾਮਲਾ ਚਰਚਾ ਵਿੱਚ ਰਿਹਾ। ਇਸ ਕੇਸ ਨੇ ਪੰਜਾਬ ਪੁਲਿਸ ਦੀ ਸਾਕ ਨੂੰ ਸਭ ਤੋਂ ਵੱਡੀ ਢਾਹ ਲਾਈ। ਲਗਜ਼ਰੀ ਲਾਈਫ ਅਤੇ ਸੋਸ਼ਲ ਮੀਡੀਆ ਉੱਤੇ ਐਕਟਿਵ ਰਹਿਣ ਵਾਲੀ ਅਮਨਦੀਪ ਕੌਰ ਦਾ ਮਾਮਲਾ ਕਰੀਬ ਇਕ ਮਹੀਨਾ ਸੁਰਖੀਆਂ ਵਿੱਚ ਰਿਹਾ ਹੈ।

punjab police 2025
ਨੌਕਰੀ ਤੋਂ ਡਿਸਮਿਸ ਪੁਲਿਸ ਕਾਂਸਟੇਬਲ ਅਮਨਦੀਪ ਕੌਰ (Picture Courtesy: ਸੋਸ਼ਲ ਮੀਡੀਆ)

ਗ੍ਰਿਫਤਾਰ ਕੀਤੀ ਗਈ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਨੂੰ ਜਿੱਥੇ ਵਿਭਾਗ ਵੱਲੋਂ ਨੌਕਰੀ ਤੋਂ ਡਿਸਮਿਸ ਕੀਤਾ ਗਿਆ, ਉੱਥੇ ਹੀ ਜ਼ਮਾਨਤ ਮਿਲਣ ਤੋਂ ਬਾਅਦ ਵਿਜੀਲੈਂਸ ਵੱਲੋਂ ਕੁਝ ਸਮੇਂ ਬਾਅਦ ਹੀ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਵਿੱਚ ਮੁੜ ਬਰਖਾਸਤ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਇਨੀਂ ਦਿਨੀਂ ਅਮਨਦੀਪ ਕੌਰ ਦੋਵੇਂ ਕੇਸਾਂ ਵਿੱਚੋਂ ਜ਼ਮਾਨਤ ਉੱਤੇ ਬਾਹਰ ਆਈ ਹੋਈ ਹੈ।

ਪੁਲਿਸ ਅਧਿਕਾਰੀਆਂ ਨੂੰ ਸਜ਼ਾ

ਸਾਲ 2007 ’ਚ ਵਾਪਰੇ ਪੰਜਾਬ ਦੇ ਚਰਚਿਤ ਮੋਗਾ ਸੈਕਸ ਸਕੈਂਡਲ ਮਾਮਲੇ ’ਚ 18 ਸਾਲ ਬਾਅਦ 7 ਅਪ੍ਰੈਲ 2025 ਨੂੰ ਮੋਹਾਲੀ ਸਥਿਤ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਤੱਤਕਾਲੀਨ ਐਸਐਸਪੀ ਮੋਗਾ ਦਵਿੰਦਰ ਸਿੰਘ ਗਰਚਾ, ਸਾਬਕਾ ਐੱਸਪੀ ਪਰਮਦੀਪ ਸਿੰਘ ਸੰਧੂ ,ਸਾਬਕਾ ਐਸਐਚਓ ਮੋਗਾ ਰਮਨ ਕੁਮਾਰ ਅਤੇ ਸਾਬਕਾ ਐਸਐਚਓ ਅਮਰਜੀਤ ਸਿੰਘ ਨੂੰ ਪੰਜ-ਪੰਜ ਸਾਲ ਦੀ ਕੈਦ ਦੀ ਸਜ਼ਾ ਸੁਣਾ ਦਿੱਤੀ।

punjab police 2025
ਪੰਜਾਬ ਪੁਲਿਸ ਦਾ ਸਾਲ 2025? (ETV Bharat)

ਫਰਜ਼ੀ ਪੁਲਿਸ ਮੁਕਾਬਲਾ

ਸਾਲ 1993 ਵਿੱਚ ਤਰਨਤਾਰਨ ਜ਼ਿਲ੍ਹੇ ’ਚ ਹੋਏ ਦੋ ਫਰਜ਼ੀ ਪੁਲਿਸ ਮੁਕਾਬਲਿਆਂ ’ਚ ਸੀਬੀਆਈ ਅਦਾਲਤ ਵੱਲੋਂ ਸਾਬਕਾ ਐੱਸਐੱਸਪੀ ਭੁਪਿੰਦਰਜੀਤ ਸਿੰਘ ਵਿਰਕ, ਸਾਬਕਾ ਡੀਐੱਸਪੀ ਦਵਿੰਦਰ ਸਿੰਘ, ਖੁਦ ਨੂੰ ਸੂਬਾ ਸਰਹਿੰਦ ਗਰਦਾਨਣ ਵਾਲੇ ਸਾਬਕਾ ਇੰਸਪੈਕਟਰ ਸੂਬਾ ਸਿੰਘ, ਇੰਸਪੈਕਟਰ ਗੁਲਬਰਗ ਸਿੰਘ ਅਤੇ ਰਘਬੀਰ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਸੁਣਾਉਣਾ ਵੀ ਇਸੇ ਸਾਲ ਲੇਖੇ ਲੱਗਿਆ। ਇਨ੍ਹਾਂ ਮੁਕਾਬਲਿਆਂ ’ਚ ਪੁਲਿਸ ਦੇ ਤਿੰਨ ਐੱਸਪੀਓਜ਼ ਸਮੇਤ 7 ਨੌਜਵਾਨ ਮਾਰੇ ਗਏ ਸਨ।

punjab police 2025
ਸਰਕਾਰ ਦਾ ਐਕਸ਼ਨ (ETV Bharat)

ਤਤਕਾਲੀ ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਗ੍ਰਿਫਤਾਰੀ

ਸੀਬੀਆਈ ਵੱਲੋਂ ਰੋਪੜ ਰੇਂਜ ਦੇ ਤੱਤਕਾਲੀ ਡੀਆਈਜੀ ਹਰਚਰਨ ਸਿੰਘ ਭੁੱਲਰ ਨੂੰ ਰਿਸ਼ਵਤ ਦੇ ਦੋਸ਼ਾਂ ਤਹਿਤ ਗ੍ਰਿਫਤਾਰੀ ਵੀ ਸਾਲ 2025 ’ਚ ਹੋਈ ਹੈ। ਭੁੱਲਰ ਦੇ ਘਰੋਂ 5 ਕਰੋੜ ਰੁਪਏ ਨਕਦ, ਡੇਢ ਕਿਲੋ ਸੋਨਾ, 22 ਮਹਿੰਗੀਆਂ ਘੜੀਆਂ, ਮਹਿੰਗੀ ਸ਼ਰਾਬ ਦੀਆਂ 40 ਬੋਤਲਾਂ, ਦੋ ਮਹਿੰਗੀਆਂ ਗੱਡੀਆਂ ਦੀਆਂ ਚਾਬੀਆਂ ਅਤੇ ਕੁੱਝ ਜਾਇਦਾਦਾਂ ਦੇ ਕਾਗ਼ਜ਼ ਬਰਾਮਦ ਹੋਣ ਕਾਰਨ ਪੰਜਾਬ ਪੁਲਿਸ ਨੂੰ ਬਦਨਾਮੀ ਦਿਵਾਉਣ ਵਾਲੇ ਇਸ ਕਾਂਡ ਨੇ ਸਮੁੱਚੇ ਪੁਲਿਸੀਆਂ ਤੰਤਰ ਨੂੰ ਧੁਰ ਅੰਦਰ ਤੱਕ ਹਿਲਾ ਦਿੱਤਾ ਸੀ। ਪੰਜਾਬ ਪੁਲਿਸ ਨੂੰ ਨਮੋਸ਼ੀ ਝੱਲਣੀ ਪਈ ਹੈ।

punjab police 2025
ਤੱਤਕਾਲੀ ਡੀਆਈਜੀ ਹਰਚਰਨ ਸਿੰਘ ਭੁੱਲਰ (Picture Courtesy: ANI)

ਕਈ ਪੁਲਿਸ ਅਧਿਕਾਰੀਆਂ ਉੱਤੇ ਐਕਸ਼ਨ

ਪੰਜਾਬ ਸਰਕਾਰ ਵੱਲੋਂ ਵਿਜੀਲੈਂਸ ਮੁਖੀ ਏਡੀਜੀਪੀ ਸੁਰਿੰਦਰ ਪਾਲ ਸਿੰਘ ਪਰਮਾਰ ਦੀ ਮੁਅੱਤਲੀ ਸੁਰਖੀਆਂ ਵਿੱਚ ਰਹੀ। ਸਾਲ ਖ਼ਤਮ ਹੁੰਦਿਆਂ ਹੁੰਦਿਆਂ ਸ਼ਨੀਵਾਰ ਨੂੰ ਪੰਜਾਬ ਸਰਕਾਰ ਨੇ ਅੰਮ੍ਰਿਤਸਰ ਦੇ ਐਸਐਸਪੀ ਵਿਜੀਲੈਂਸ ਲਖਬੀਰ ਸਿੰਘ ਨੂੰ ਮੁਅੱਤਲ ਕਰ ਦਿੱਤਾ ਹੈ। ਇਸ ਸਬੰਧ ਵਿੱਚ ਵੱਡਾ ਅਤੇ ਗੰਭੀਰ ਮਾਮਲਾ ਤਰਨ ਤਾਰਨ ਦੀ ਤੱਤਕਾਲੀ ਐਸਐਸਪੀ ਰਵਜੋਤ ਕੌਰ ਗਰੇਵਾਲ ਦਾ ਰਿਹਾ, ਜਿਨ੍ਹਾਂ ਨੂੰ ਚੋਣ ਕਮਿਸ਼ਨ ਨੇ ਜ਼ਿਮਨੀ ਚੋਣ ਦੇ ਚੱਲਦੇ ਅਮਲ ਦੌਰਾਨ ਮੁਅੱਤਲ ਕਰ ਦਿੱਤਾ ਸੀ।

punjab police 2025
ਤਰਨ ਤਾਰਨ ਦੀ ਤੱਤਕਾਲੀ ਐਸਐਸਪੀ ਰਵਜੋਤ ਕੌਰ ਗਰੇਵਾਲ (Picture Courtesy: Facebook- @Ravjot Kaur)

ਅਜੇ ਪੰਜਾਬ ਪੁਲਿਸ ਸਦਮੇ ਚੋਂ ਬਾਹਰ ਵੀ ਨਹੀਂ ਨਿਕਲੀ ਸੀ ਕਿ ਪੰਜਾਬ ਸਰਕਾਰ ਨੇ ਅੰਮ੍ਰਿਤਸਰ ਦਿਹਾਤੀ ਦੇ ਤੱਤਕਾਲੀ ਐਸਐਸਪੀ ਮਨਿੰਦਰ ਸਿੰਘ ਨੂੰ ਨਸ਼ਿਆਂ ਖਿਲਾਫ ਢੁੱਕਵੀਂ ਕਾਰਵਾਈ ਨਾਂ ਕਰਨ ਦੇ ਦੋਸ਼ਾਂ ਤਹਿਤ ਮੁਅੱਤਲ ਕਰ ਦਿੱਤਾ। ਫਾਜ਼ਿਲਕਾ ਦੇ ਐਸਐਸਪੀ ਵਰਿੰਦਰ ਬਰਾੜ ਅਤੇ ਵਿਜੀਲੈਂਸ ਦੇ ਇੱਕ ਏਆਈਜੀ ਵੀ ਮੁਅੱਤਲ ਹੋਏ। ਲਾਰੈਂਸ ਇੰਟਰਵਿਊ ਮਾਮਲੇ ’ਚ ਡੀਐਸਪੀ ਗੁਰਸ਼ੇਰ ਸਿੰਘ ਖਿਲਾਫ ਕਾਰਵਾਈ ਹੋਈ। ਇਹ ਕੁੱਝ ਮਹੱਤਵਪੂਰਨ ਮਾਮਲੇ ਹਨ, ਜਦਕਿ ਹੋਰ ਵੀ ਕਈ ਘਟਨਾਵਾਂ ਪੁਲਿਸ ਲਈ ਨਮੋਸ਼ੀਜਨਕ ਰਹੀਆਂ ਹਨ।

punjab police 2025
ਲਾਰੈਂਸ ਇੰਟਰਵਿਊ ਮਾਮਲੇ ’ਚ ਡੀਐਸਪੀ ਗੁਰਸ਼ੇਰ ਸਿੰਘ ਖਿਲਾਫ ਕਾਰਵਾਈ (ANI)

ਪੁਲਿਸ ਦੀ ਸਾਕ ਨੂੰ ਵੱਡੀ ਢਾਹ

ਸੀਨੀਅਰ ਪੱਤਰਕਾਰ ਸਵਰਨ ਸਿੰਘ ਦਾਨੇਵਾਲੀਆ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆ ਕਿਹਾ ਕਿ, ਸਾਲ 2025 ਪੰਜਾਬ ਪੁਲਿਸ ਵੱਲੋਂ ਜਿੱਥੇ ਵੱਡੇ ਵੱਡੇ ਨਸ਼ਾ ਤਸਕਰਾਂ ਖਿਲਾਫ ਕਾਰਵਾਈ ਕੀਤੀ ਗਈ, ਉੱਥੇ ਹੀ ਕਈ ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਕਈਆਂ ਦਾ ਐਨਕਾਊਂਟਰ ਕੀਤਾ ਗਿਆ। ਪਰ, ਇਹ ਸਾਲ ਪੰਜਾਬ ਪੁਲਿਸ ਲਈ ਨਮੋਸ਼ੀ ਦਾ ਸਾਲ ਵੀ ਰਿਹਾ ਕਿ ਇਸ ਸਾਲ ਦੌਰਾਨ ਪੁਲਿਸ ਦੇ ਕਈ ਅਧਿਕਾਰੀ ਗ੍ਰਿਫਤਾਰ ਹੋਏ। ਉੱਥੇ ਹੀ ਕਈ ਅਧਿਕਾਰੀਆਂ ਨੂੰ ਪੰਜਾਬ ਸਰਕਾਰ ਵੱਲੋਂ ਮੁਅਤਲ ਕੀਤਾ ਗਿਆ ਅਤੇ ਕਈ ਪੁਲਿਸ ਅਧਿਕਾਰੀਆਂ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਜੇਲ ਯਾਤਰਾ ਵੀ ਕਰਨੀ ਪਈ।

punjab police 2025
ਸਰਕਾਰ ਦਾ ਐਕਸ਼ਨ (Special Arrange)