International Womens Day: ਮਿਲੋ ਇਨ੍ਹਾਂ 'ਲੇਡੀਜ਼ ਕੁਲੀਆਂ' ਨੂੰ, ਪਤੀ ਦੀ ਮੌਤ ਤੋਂ ਬਾਅਦ ਖੁਦ ਡਟੀਆਂ, ਜਾਣੋ ਕਾਰਨ
International Womens Day Special: ਮਹਿਲਾ ਦਿਵਸ 'ਤੇ ਇਨ੍ਹਾਂ ਔਰਤਾਂ ਦੇ ਜਜ਼ਬੇ ਨੂੰ ਸਲਾਮ। ਪਰਿਵਾਰ ਪਾਲਣ ਲਈ ਚੁਕਦੀਆਂ ਯਾਤਰੀਆਂ ਦਾ ਵਜ਼ਨ, ਇਹ ਨਾ ਥੱਕਦੀਆਂ, ਨਾ ਝੁੱਕਦੀਆਂ...

Published : March 3, 2026 at 1:57 PM IST
|Updated : March 8, 2026 at 7:09 AM IST
ਲੁਧਿਆਣਾ (ਵਰਿੰਦਰ ਥਿੰਦ): ਵਿਸ਼ਵ ਭਰ ਵਿੱਚ 8 ਮਾਰਚ ਨੂੰ ਮਹਿਲਾ ਦਿਵਸ ਮਨਾਇਆ ਜਾਂਦਾ ਹੈ। ਮਹਿਲਾ ਸ਼ਕਤੀ ਦਾ ਪ੍ਰਤੀਕ ਇਹ ਦਿਨ ਵਿਸ਼ਵ ਦੀਆਂ ਸਾਰੀਆਂ ਮਹਿਲਾਵਾਂ ਨੂੰ ਸਮਰਪਿਤ ਹੈ। ਇਸ ਦਿਨ ਨੂੰ ਮਨਾਉਣ ਦੀ ਸ਼ੁਰੂਆਤ 1908 ਵਿੱਚ ਹੋਈ ਜਦੋਂ ਨਿਊਯਾਰਕ ਵਿੱਚ 15000 ਤੋਂ ਵੱਧ ਔਰਤਾਂ ਨੇ ਪਰੇਡ ਕੱਢੀ ਸੀ। ਖੱਬੇ ਪੱਖੀ ਕਾਰਕੁਨ ਕਲਾਰਾ ਜੇਟਕਿਨ ਨੇ 1910 ਦੇ ਵਿੱਚ ਡੈਨਮਾਰਕ ਦੀ ਰਾਜਧਾਨੀ ਅੰਦਰ ਕੰਮ ਕਾਜ਼ੀ ਔਰਤਾਂ ਦੀ ਅੰਤਰਰਾਸ਼ਟਰੀ ਸੰਮੇਲਨ ਵਿੱਚ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਉਣ ਦਾ ਸੁਝਾਅ ਦਿੱਤਾ। ਜਿਸ ਤੋਂ ਬਾਅਦ ਇਸ ਦੀ ਸ਼ੁਰੂਆਤ ਹੋਈ। ਮਹਿਲਾ ਦਿਵਸ ਔਰਤਾਂ ਦੇ ਅਧਿਕਾਰ, ਸਮਾਜ ਦੀ ਉਹਨਾਂ ਪ੍ਰਤੀ ਨੈਤਿਕ ਜ਼ਿੰਮੇਵਾਰੀ ਦਾ ਪ੍ਰਤੀਕ ਹੈ। ਪੰਜਾਬ ਦੇ ਲੁਧਿਆਣਾ ਰੇਲਵੇ ਸਟੇਸ਼ਨ ਉੱਤੇ ਵੀ ਕੁਝ ਅਜਿਹੀਆਂ ਔਰਤਾਂ ਹਨ, ਜੋ ਕਿ ਬਾਕੀਆਂ ਲਈ ਜਜ਼ਬੇ ਅਤੇ ਸ਼ਕਤੀ ਦਾ ਪ੍ਰਤੀਕ ਹਨ।
ਯਾਤਰੀਆਂ ਦਾ ਭਾਰ ਢਾਹੁੰਦੀਆਂ ਇਹ 'ਮਹਿਲਾ ਕੁਲੀ'
ਲੁਧਿਆਣਾ ਰੇਲਵੇ ਸਟੇਸ਼ਨ 'ਤੇ ਔਰਤਾਂ ਕੁਲੀ ਹਨ, ਜਿਨ੍ਹਾਂ ਦੀ ਆਪਣੀ ਵੱਖ-ਵੱਖ ਕਹਾਣੀ ਹੈ। ਮੌਜੂਦਾ ਸਮੇਂ ਵਿੱਚ ਲੁਧਿਆਣਾ ਦੇ ਰੇਲਵੇ ਸਟੇਸ਼ਨ ਉੱਤੇ 4 ਔਰਤਾਂ ਕੁਲੀ ਦਾ ਕੰਮ ਕਰ ਰਹੀਆਂ ਹਨ, ਜਿਨ੍ਹਾਂ ਦੇ ਵਿੱਚ ਮਾਇਆ, ਸੁਸ਼ਮਾ, ਨਿਸ਼ਾ ਅਤੇ ਲੱਜਾ ਸ਼ਾਮਿਲ ਹੈ। ਇਹਨਾਂ ਸਾਰਿਆਂ ਦੀ ਕਹਾਣੀ ਇੱਕ ਦੂਜੀ ਦੇ ਨਾਲ ਮਿਲਦੀ-ਜੁਲਦੀ ਹੈ ਅਤੇ ਮਜਬੂਰੀਆਂ ਅਤੇ ਪਰਿਵਾਰ ਦੀ ਜ਼ਿੰਮੇਵਾਰੀ ਇੱਕ ਦੂਜੇ ਤੋਂ ਵੀ ਵੱਧ ਕੇ ਹੈ। ਇਹ ਚਾਰੇ ਔਰਤਾਂ ਆਪਣੇ-ਆਪਣੇ ਪਤੀ ਦੀ ਮੌਤ ਤੋਂ ਬਾਅਦ, ਉਹਨਾਂ ਦਾ ਕੰਮ ਸੰਭਾਲ ਰਹੀਆਂ ਹਨ। ਪਰਿਵਾਰ ਦੀ ਜ਼ਿੰਮੇਵਾਰੀ ਦੇ ਨਾਲ ਰੇਲਵੇ ਸਟੇਸ਼ਨ ਉੱਤੇ ਸਫ਼ਰ ਕਰਨ ਵਾਲੇ ਯਾਤਰੀਆਂ ਦਾ ਭਾਰ ਵੀ ਇਹ ਔਰਤਾਂ ਆਪਣੇ ਮੋਢਿਆਂ ਉੱਤੇ ਚੁੱਕਦੀਆਂ ਹਨ।
ਔਖਾਂ ਤਾਂ ਹੁੰਦਾ, ਪਰ ਮਜਬੂਰੀ ਹੈ...
ਨਿਸ਼ਾ ਰਾਣੀ ਪਿਛਲੇ ਡੇਢ ਸਾਲ ਤੋਂ ਲੁਧਿਆਣਾ ਰੇਲਵੇ ਸਟੇਸ਼ਨ ਉੱਤੇ ਕੁਲੀ ਦਾ ਕੰਮ ਕਰ ਰਹੀ ਹੈ। ਉਸ ਦੇ ਪਤੀ ਦੀ ਬਿਮਾਰੀ ਨਾਲ ਮੌਤ ਹੋ ਗਈ ਸੀ। ਉਸ ਦੇ 2 ਮੁੰਡੇ ਅਤੇ 1 ਕੁੜੀ ਹੈ ਅਤੇ ਸਾਰੇ ਬੱਚੇ ਛੋਟੇ ਹਨ। ਨਿਸ਼ਾ ਨੇ ਦੱਸਿਆ ਕਿ "2024 ਵਿੱਚ ਉਸ ਦੇ ਪਤੀ ਦੀ ਮੌਤ ਹੋ ਗਈ ਸੀ। ਮੈਂ 9ਵੀਂ ਪਾਸ ਹਾਂ। ਪਤੀ ਦੀ ਮੌਤ ਤੋਂ ਬਾਅਦ ਜਦੋਂ ਕਮਾਈ ਦਾ ਕੋਈ ਸਾਧਨ ਨਹੀਂ ਰਿਹਾ, ਤਾਂ ਖੁਦ ਹੀ ਪਤੀ ਦੀ ਥਾਂ ਉੱਤੇ ਕੁਲੀ ਬਣ ਗਈ। ਉਸ ਦਾ ਬਿੱਲਾ ਆਪਣੀ ਬਾਂਹ ਉੱਤੇ ਪਾਇਆ ਅਤੇ ਲੋਕਾਂ ਦਾ ਭਾਰ ਚੁੱਕ ਕੇ ਆਪਣੇ ਘਰ ਦਾ ਭਾਰ ਹਲਕਾ ਕਰਨਾ ਸ਼ੁਰੂ ਕਰ ਦਿੱਤਾ।"

ਪਤੀ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ ਨੌਕਰੀ ਮੈਨੂੰ ਮਿਲੀ। ਉਹ ਵੀ ਇੱਥੇ ਹੀ ਨੌਕਰੀ ਕਰਦੇ ਸਨ। ਬੱਚੇ ਛੋਟੇ ਹਨ, ਇਸ ਲਈ ਇਹ ਕੰਮ ਕਰਨਾ ਪੈ ਰਿਹਾ ਹੈ। ਵਜ਼ਨ ਚੁੱਕਣਾ, ਲੈ ਕੇ ਜਾਣਾ ਅਤੇ ਰੇਲਗੱਡੀ ਵਿੱਚ ਰੱਖਣਾ ਔਖਾ ਤਾਂ ਹੁੰਦਾ ਹੈ, ਪਰ ਮਜਬੂਰੀ ਹੈ। ਜੇਕਰ ਜ਼ਿਆਦਾ ਭਾਰ ਹੁੰਦਾ ਹੈ, ਤਾਂ ਟਰਾਲੀਆਂ ਦੀ ਵਰਤੋਂ ਕਰਦੀਆਂ ਹਾਂ। ਖ਼ਰਚਾ ਪਾਣੀ ਨਿਕਲ ਜਾਵੇ, ਇੰਨਾਂ ਕੁ ਗੁਜ਼ਾਰਾ ਹੋ ਜਾਂਦਾ ਹੈ। ਕਈ ਯਾਤਰੀ ਕਹਿ ਦਿੰਦੇ ਹਨ ਕਿ ਔਰਤਾਂ ਕੋਲੋਂ ਭਾਰ ਨਹੀਂ ਚੁੱਕਵਾਉਣਾ, ਕਈ ਚੁੱਕਣ ਲਈ ਮਨ ਵੀ ਜਾਂਦੇ ਹਨ। ਸਰਕਾਰ ਅਤੇ ਮਹਿਕਮੇ ਵੱਲੋਂ ਪਤੀ ਦੀ ਨੌਕਰੀ ਹੀ ਦਿੱਤੀ ਗਈ ਹੈ। - ਨਿਸ਼ਾ, ਕੁਲੀ
ਨਿਸ਼ਾ ਨੇ ਕਿਹਾ, "ਕਿਸੇ ਵੀ ਸਰਕਾਰੀ ਮਹਿਕਮੇ ਵੱਲੋਂ ਪਤੀ ਦੀ ਮੌਤ ਤੋਂ ਬਾਅਦ ਕੋਈ ਮਦਦ ਨਹੀਂ ਕੀਤੀ ਗਈ। ਹੁਣ ਘਰ ਦਾ ਖ਼ਰਚਾ ਚੱਲ ਜਾਂਦਾ ਹੈ। ਅਕਸਰ ਹੀ ਲੋਕ ਜਦੋਂ ਵੇਖਦੇ ਹਨ ਕਿ ਇੱਕ ਔਰਤ ਕੁਲੀ ਹੈ, ਤਾਂ ਸੋਚਾਂ ਵਿੱਚ ਪੈ ਜਾਂਦੇ ਹਨ ਕਿ ਇਹ ਵਜ਼ਨ ਕਿਵੇਂ ਚੁੱਕੇਗੀ ਜਾਂ ਢੋਵੇਗੀ, ਫਿਰ ਜਦੋਂ ਨਾਲ ਦੇ ਕੰਮ ਕਰਨ ਵਾਲੇ ਵਿਸ਼ਵਾਸ ਦਵਾਉਂਦੇ ਹਨ, ਤਾਂ ਫਿਰ ਕੰਮ ਮਿਲਦਾ ਹੈ।"
50 ਸਾਲ ਦੀ ਉਮਰ ਵਿੱਚ ਭਾਰ ਚੁੱਕਣਾ ਮਜਬੂਰੀ
ਇਸੇ ਤਰ੍ਹਾਂ ਦੀ ਹੀ ਕਹਾਣੀ ਮਾਇਆ ਦੀ ਹੈ, ਜੋ 2012 ਤੋਂ ਉਹ ਕੁਲੀ ਦਾ ਕੰਮ ਕਰ ਰਹੀ ਹੈ। ਮਾਇਆ ਦੇ ਪਤੀ ਦੀ ਮੌਤ ਤੋਂ ਬਾਅਦ ਉਸ ਨੂੰ ਕੋਈ ਕੰਮ ਨਹੀਂ ਮਿਲਿਆ ਅਤੇ ਬੱਚਾ ਛੋਟਾ ਸੀ। ਕਦੇ ਦੂਜੇ ਵਿਆਹ ਬਾਰੇ ਨਹੀਂ ਸੋਚਿਆ, ਫਿਰ ਆਪਣੇ ਪਤੀ ਵਾਲਾ ਕੰਮ ਹੀ ਸ਼ੁਰੂ ਕੀਤਾ। ਮਾਇਆ ਦੀ ਉਮਰ 50 ਸਾਲ ਦੇ ਕਰੀਬ ਹੈ ਅਤੇ ਉਸ ਉਮਰ ਵਿੱਚ ਕੰਮ ਘੱਟ ਹੁੰਦਾ ਹੈ, ਪਰ ਘਰ ਦੀ ਜ਼ਿੰਮੇਵਾਰੀ ਆ ਅਹਿਸਾਸ ਹਿੰਮਤ ਨਹੀਂ ਟੁੱਟਣ ਦਿੰਦਾ ਹੈ।

"ਹਰ ਸਾਲ ਬਜਟ ਆਉਂਦਾ ਹੈ, ਪਰ ਸਾਡੀਆਂ ਵਰਗੀਆਂ ਔਰਤਾਂ ਲਈ ਕਿਸੇ ਤਰ੍ਹਾਂ ਦੀ ਕੋਈ ਤਜਵੀਜ਼ ਨਹੀਂ ਰੱਖੀ ਜਾਂਦੀ। ਅਸੀਂ ਇਹੀ ਉਮੀਦ ਵਿੱਚ ਬੈਠੇ ਹਾਂ ਕਿ ਸ਼ਾਇਦ ਸਾਡੇ ਬਾਰੇ ਵੀ ਕੋਈ ਸੋਚੇਗਾ, ਪਰ ਸਾਲ- ਦਰ- ਸਾਲ ਲੰਘਦੇ ਜਾ ਰਹੇ ਹਨ, ਕਿਸੇ ਦਾ ਸਾਡੇ ਵੱਲ ਕੋਈ ਖਾਸ ਧਿਆਨ ਨਹੀਂ ਹੈ।"- ਮਾਇਆ, ਕੁਲੀ
"ਬੈਠਣ ਲਈ ਕੋਈ ਵੱਖਰੀ ਥਾਂ ਨਹੀਂ"
ਲੱਜਾ ਵਰਮਾ ਲੁਧਿਆਣਾ ਰੇਲਵੇ ਸਟੇਸ਼ਨ ਉੱਤੇ ਪਿਛਲੇ 11 ਸਾਲ ਤੋਂ ਕੁਲੀ ਦਾ ਕੰਮ ਕਰ ਰਹੀ ਹੈ। ਉਸ ਦੀ ਉਮਰ 47 ਸਾਲ ਦੀ ਹੈ ਅਤੇ 3 ਬੱਚਿਆਂ ਦਾ ਗੁਜ਼ਾਰਾ ਇਸੇ ਕੰਮ ਨਾਲ ਕਰ ਰਹੀ ਹੈ। ਸਾਡੀ ਟੀਮ ਨਾਲ ਗੱਲਬਾਤ ਕਰਦੇ ਲੱਜਾ ਨੇ ਕਿਹਾ ਕਿ "ਮਜਬੂਰੀ 'ਚ ਕੰਮ ਕਰ ਰਹੇ ਹਾਂ, ਸਵੇਰੇ 5 ਵਜੇ ਤੋਂ ਸ਼ਾਮ 5 ਵਜੇ ਤੱਕ ਸਟੇਸ਼ਨ ਉੱਤੇ ਰਹਿੰਦੀ ਹਾਂ। ਘਰ ਦਾ ਗੁਜ਼ਾਰਾ ਤਾਂ ਮੁਸ਼ਕਿਲ ਨਾਲ ਚੱਲਦਾ ਹੈ, ਪਰ ਮਜਬੂਰੀ ਵਿੱਚ ਇਹ ਕੰਮ ਕਰਨਾ ਪੈਂਦਾ ਹੈ। ਹਰ ਸਾਲ ਮਹਿਲਾ ਦਿਵਸ ਆਉਂਦਾ ਹੈ, ਪਰ ਕਿਸੇ ਦਾ ਸਾਡੇ ਵੱਲ ਧਿਆਨ ਨਹੀਂ, ਅਸੀਂ ਫਿਰ ਵੀ ਪੂਰੀ ਮਿਹਨਤ ਅਤੇ ਲਗਨ ਦੇ ਨਾਲ ਕੰਮ ਕਰਦੀਆਂ ਹਾਂ।"
ਮਰਦ ਕੁਲੀਆਂ ਦੇ ਵੀ ਪਰਿਵਾਰ ਹਨ, ਪਰ ਜਿੱਥੇ ਹੋ ਸਕੇ ਸਾਡੀ ਮਦਦ ਕਰ ਦਿੰਦੇ ਹਨ। ਮੈਨੂੰ ਕੁਲੀ ਦਾ ਕੰਮ ਕਰਦੇ 11 ਸਾਲ ਹੋ ਗਏ ਹਨ। ਪਤੀ ਦੀ ਮੌਤ ਤੋਂ ਬਾਅਦ ਨੌਕਰੀ ਮੈਨੂੰ ਮਿਲ ਗਈ। ਹੁਣ ਭਾਰ ਚੁੱਕਣ ਦੀ ਆਦਤ ਪੈ ਗਈ। ਸਵੇਰੇ 5 ਵਜੇ ਤੋਂ ਸ਼ੁਰੂ ਕੇ ਸ਼ਾਮ 5 ਵਜੇ ਤੱਕ ਕੰਮ ਕਰਦੀ ਹਾਂ। ਮੇਰੇ ਪਰਿਵਾਰ ਵਿੱਚ ਹੁਣ 3 ਬੱਚੇ ਅਤੇ ਮੈਂ ਹੀ ਹਾਂ। ਰੇਲਵੇ ਸਟੇਸ਼ਨ ਉੱਤੇ ਬੈਠਣ ਦੀ ਕੋਈ ਵੱਖਰੀ ਥਾਂ ਨਹੀਂ ਹੈ, ਇੱਥੇ ਹੀ ਟਰਾਲੀਆਂ ਉੱਤੇ ਬੈਠਦੀਆਂ ਹਾਂ। - ਲੱਜਾ ਵਰਮਾ, ਕੁਲੀ

"ਜੋ ਔਰਤ ਇੱਕ ਬੱਚੇ ਨੂੰ ਜਨਮ ਦੇ ਸਕਦੀ, ਉਹ ਸ਼ਕਤੀਸ਼ਾਲੀ..."
ਸੁਸ਼ਮਾ ਦੀ ਉਮਰ 44 ਸਾਲ ਹੈ, ਉਸ ਦੇ ਪਤੀ ਦੀ ਵੀ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਉਸ ਨੇ ਕੁਲੀ ਦਾ ਕੰਮ ਸ਼ੁਰੂ ਕੀਤਾ। ਉਸ ਦਾ ਪਤੀ ਵੀ ਲੁਧਿਆਣਾ ਦੇ ਰੇਲਵੇ ਸਟੇਸ਼ਨ 'ਤੇ ਕੁਲੀ ਸੀ। ਹਾਲਾਂਕਿ, ਸੁਸ਼ਮਾ ਨੇ ਕੈਮਰੇ ਅੱਗੇ ਕੁਝ ਬੋਲਣ ਤੋਂ ਇਨਕਾਰ ਕੀਤਾ, ਪਰ ਸਾਡੀ ਟੀਮ ਨਾਲ ਗੱਲਬਾਤ ਕਰਦੇ ਹੋਏ ਆਪਣੇ ਦਿਲ ਦੀ ਗੱਲ ਦੱਸੀ ਅਤੇ ਕਿਹਾ ਕਿ "ਅਸੀਂ ਆਪਣੇ ਕੰਮ ਨੂੰ ਛੋਟਾ ਨਹੀਂ ਸਮਝਦੇ, ਕਈ ਵਾਰ ਲੋਕ ਜ਼ਰੂਰ ਸਾਨੂੰ ਕਮਜ਼ੋਰ ਸਮਝਦੇ ਹਨ, ਪਰ ਜਿਹੜੀ ਔਰਤ ਇੱਕ ਬੱਚੇ ਨੂੰ ਜਨਮ ਦੇ ਸਕਦੀ ਹੈ, ਉਹ ਕਿੰਨੀ ਸ਼ਕਤੀਸ਼ਾਲੀ ਹੋਵੇਗੀ, ਇਹ ਉਹ ਹੀ ਸਮਝ ਸਕਦੀ ਹੈ। ਇਸ ਕਰਕੇ ਵਜ਼ਨ ਚੁੱਕਣਾ ਸਾਨੂੰ ਔਖਾ ਨਹੀਂ ਲੱਗਦਾ, ਪਰ ਸਮਾਜ ਵਿੱਚ ਰਹਿਣਾ ਅਤੇ ਇਸ ਤਰ੍ਹਾਂ ਕੰਮ ਕਰਨਾ ਜ਼ਰੂਰ ਸਾਨੂੰ ਹੋਰ ਮਜ਼ਬੂਤ ਬਣਾ ਰਿਹਾ ਹੈ।"
"ਪੂਰੀ ਇਮਾਨਦਾਰੀ ਨਾਲ ਮਿਹਨਤ ਕਰਦੀਆਂ"
ਨਰੇਸ਼ ਕੁਮਾਰ ਪਿਛਲੇ 15 ਸਾਲ ਤੋਂ ਕੁਲੀ ਦਾ ਕੰਮ ਕਰਦਾ ਹੈ। ਇਨ੍ਹਾਂ ਔਰਤਾਂ ਦੀ ਤਾਰੀਫ ਕਰਦੇ ਹੋਏ, ਉਸ ਨੇ ਕਿਹਾ ਕਿ "ਕੁੱਲ 4 ਔਰਤਾਂ ਲੁਧਿਆਣਾ ਸਟੇਸ਼ਨ 'ਤੇ ਕੁਲੀ ਦਾ ਕੰਮ ਕਰ ਰਹੀਆਂ ਹਨ। ਉਹਨਾਂ ਨੇ ਕਿਹਾ ਕਿ, ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਇਹਨਾਂ ਨੂੰ ਕੰਮ ਵਿੱਚ ਤਰਜੀਹ ਮਿਲੇ, ਪਰ ਸਾਡੇ ਵੀ ਬੱਚੇ ਹਨ। ਇਹਨਾਂ ਔਰਤਾਂ ਨੂੰ ਵੇਖ ਕੇ ਸਾਨੂੰ ਵੀ ਹੌਸਲਾ ਹੁੰਦਾ ਹੈ। ਕਿਸ ਤਰ੍ਹਾਂ ਇਹ ਆਪਣੇ ਘਰ-ਪਰਿਵਾਰ ਸੰਭਾਲਦੇ ਹੋਏ ਪੈਸਾ ਕਮਾਉਣ ਲਈ ਕੰਮ ਵੀ ਕਰ ਰਹੀਆਂ ਹਨ।
ਇਹ ਸਾਡੇ ਮੋਢੇ ਨਾਲ ਮੋਢਾ ਲਾ ਕੇ ਕੰਮ ਕਰਦੀਆਂ ਹਨ। ਕਈ ਵਾਰ ਸਾਡੇ ਨਾਲੋਂ ਵੀ ਜ਼ਿਆਦਾ ਵਜ਼ਨ ਚੁੱਕ ਲੈਂਦੀਆਂ ਹਨ। ਇਹੀ ਸਾਡੀ ਜ਼ਿੰਦਗੀ ਹੈ ਅਤੇ ਇੱਥੇ ਹੀ ਅਸੀਂ ਆਪਣੀ ਪੂਰੀ ਉਮਰ ਕੱਢ ਲੈਣੀ ਹੈ। ਸਵੇਰੇ 5 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਇਹ ਪੂਰੀ ਮਿਹਨਤ ਕਰਦੀਆਂ ਹਨ। -ਨਰੇਸ਼ ਕੁਮਾਰ, ਕੁਲੀ
ਹਾਲਾਂਕਿ, ਇਨ੍ਹਾਂ ਔਰਤਾਂ ਵੱਲੋਂ ਕੰਮ ਜਰੂਰ ਆਪਣੇ ਪਤੀ ਦੀ ਮੌਤ ਤੋਂ ਬਾਅਦ ਸ਼ੁਰੂ ਕੀਤਾ ਹੈ, ਪਰ ਅੱਜ ਉਹ ਸਮਾਜ ਲਈ ਪ੍ਰੇਰਨਾ ਹਨ। ਖਾਸ ਕਰਕੇ ਉਹਨਾਂ ਦੇ ਲਈ ਜੋ ਕਿ ਹਾਰ ਮੰਨ ਲੈਂਦੇ ਹਨ। ਹਾਲਾਤਾਂ ਨਾਲ ਨਜਿੱਠਦੇ ਹੋਏ ਇਨ੍ਹਾਂ ਔਰਤਾਂ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਨਾਰੀ ਵਾਕਿਆ ਹੀ ਇੱਕ ਸ਼ਕਤੀ ਹੈ।

