ETV Bharat / state

ਦਿਹਾੜੀਦਾਰ ਤੋਂ ਲੈ ਕੇ ਰਾਜ ਮਿਸਤਰੀ-ਠੇਕੇਦਾਰ ਬਣਨ ਤੱਕ, ਜਾਣੋ ਕ੍ਰਿਸ਼ਨਾ ਦੇਵੀ ਦੇ ਇਸ ਮਿਹਨਤੀ ਸਫ਼ਰ ਬਾਰੇ...

ਕਿਸੇ ਸਮੇਂ 70 ਰੁਪਏ ਦਿਹਾੜੀ 'ਤੇ ਕੰਮ ਕਰਨ ਵਾਲੀ ਕ੍ਰਿਸ਼ਨਾ ਬਣੀ ਅੱਜ ਸਫ਼ਲ ਠੇਕੇਦਾਰ। ਜਾਣੋ ਇਸ ਮਿਹਨਤੀ ਕ੍ਰਿਸ਼ਨਾ ਦੀ ਕਹਾਣੀ...

Women Day 2026
ਜਾਣੋ ਕ੍ਰਿਸ਼ਨਾ ਦੇਵੀ ਦੇ ਇਸ ਮਿਹਨਤੀ ਸਫ਼ਰ ਬਾਰੇ... (ETV Bharat)
author img

By ETV Bharat Punjabi Team

Published : March 4, 2026 at 3:18 PM IST

4 Min Read
Choose ETV Bharat

ਬਠਿੰਡਾ (ਅਮਨਦੀਪ ਗੋਸਲ) : ਅਕਸਰ ਹੀ ਕਿਹਾ ਜਾਂਦਾ ਹੈ ਕਿ ਜਿੱਥੇ ਹੱਸਦਾ ਵੱਸਦਾ ਪਰਿਵਾਰ ਰਹਿੰਦਾ ਹੋਵੇ, ਉਹ 'ਮਕਾਨ' ਤੋਂ 'ਘਰ' ਬਣ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਅਜਿਹੀ ਠੇਕੇਦਾਰਨੀ ਨਾਲ ਮਿਲਾਉਣ ਜਾ ਰਹੇ ਹੈ, ਜੋ ਆਪਣੇ 'ਘਰ' ਲਈ ਲੋਕਾਂ ਦੇ 'ਮਕਾਨ' ਉਸਾਰੀ ਦਾ ਕੰਮ ਕਰ ਰਹੀ ਹੈ। ਇਹ ਠੇਕੇਦਾਰਨੀ ਤੇ ਰਾਜ ਮਿਸਤਰੀ ਹੈ ਕ੍ਰਿਸ਼ਨਾ ਦੇਵੀ, ਜਿਸ ਨੇ ਕਦੇ ਦਿਹਾੜੀ ਤੋਂ ਮਿਹਨਤ ਕਰਨੀ ਸ਼ੁਰੂ ਕੀਤੀ, ਤਾਂ ਅੱਜ ਮਿੱਟੀ ਨਾਲ ਮਿੱਟੀ ਹੁੰਦਿਆਂ ਸਫ਼ਰ ਠੇਕੇਦਾਰ ਬਣਨ ਤੱਕ ਪਹੁੰਚ ਗਿਆ ਹੈ। ਇੰਨਾ ਹੀ ਨਹੀਂ, ਲੋਕ ਵੀ ਕ੍ਰਿਸ਼ਨਾ ਦੇ ਕੰਮ ਦੀ ਵਾਹੋ-ਵਾਹੀ ਕਰਦੇ ਨਹੀਂ ਥੱਕਦੇ।

ਦਿਹਾੜੀ ਡੱਪੇ ਤੋਂ ਲੈ ਕੇ ਰਾਜ ਮਿਸਤਰੀ-ਠੇਕੇਦਾਰ ਬਣਨ ਤੱਕ, ਜਾਣੋ ਕ੍ਰਿਸ਼ਨਾ ਦੇਵੀ ਦੇ ਇਸ ਮਿਹਨਤੀ ਸਫ਼ਰ ਬਾਰੇ... (ETV Bharat)

ਦਿਹਾੜੀ ਕਰਨ ਤੋਂ ਲੈ ਕੇ ਰਾਜ ਮਿਸਤਰੀ ਬਣਨ ਤੱਕ ਦਾ ਸਫ਼ਰ

ਹਰਿਆਣਾ ਤੋਂ ਪੰਜਾਬ ਆ ਕੇ ਰਹਿਣ ਵਾਲੀ ਕ੍ਰਿਸ਼ਨਾ ਦੇਵੀ ਵੱਲੋਂ ਔਰਤਾਂ ਲਈ ਵੱਖਰੀ ਮਿਸਾਲ ਪੈਦਾ ਕੀਤੀ ਹੈ। ਕ੍ਰਿਸ਼ਨਾ ਦੇਵੀ ਵੱਲੋਂ ਉਸ ਕਿੱਤੇ ਦੀ ਮੁਹਾਰਤ ਹਾਸਲ ਕੀਤੀ ਗਈ ਹੈ, ਜੋ ਕਿੱਤਾ ਜ਼ਿਆਦਾਤਰ ਸਮਾਜ ਵਿੱਚ ਮਰਦਾਂ ਦੇ ਹਿੱਸੇ ਆਇਆ ਹੈ। ਪਿਛਲੇ 15 ਸਾਲਾਂ ਤੋਂ ਰਾਜ ਮਿਸਤਰੀ ਦਾ ਕੰਮ ਕਰਨ ਵਾਲੀ ਕ੍ਰਿਸ਼ਨਾ ਦੇਵੀ ਨੇ ਦੱਸਿਆ, "ਉਹ ਮੂਲ ਰੂਪ ਵਿੱਚ ਹਰਿਆਣਾ ਦੇ ਜ਼ਿਲਾ ਸਿਰਸਾ ਦੀ ਰਹਿਣ ਵਾਲੀ ਹੈ ਅਤੇ ਹੁਣ ਬਠਿੰਡਾ ਦੇ ਮੁਲਤਾਨੀਆ ਰੋਡ ਉੱਤੇ ਆਪਣੇ ਬੱਚਿਆਂ ਨਾਲ ਰਹਿ ਰਹੀ ਹੈ। ਪਤੀ ਨਾਲ ਨਿੱਜੀ ਕਾਰਨਾਂ ਕਰਕੇ ਨਹੀਂ ਬਣੀ, ਤਾਂ ਪਰਿਵਾਰ ਦਾ ਪਾਲਣ ਪੋਸ਼ਣ ਖੁਦ ਚੁੱਕਿਆ।"

ਬੱਚੇ ਪਾਲਣੇ ਸੀ ਅਤੇ ਉਨ੍ਹਾਂ ਨੂੰ ਪੜ੍ਹਾਉਣਾ-ਲਿਖਾਉਣਾ ਸੀ, ਹੋਰ ਮਜਬੂਰੀਆਂ ਦੇ ਚੱਲਦੇ ਮੈਂ 15 ਸਾਲ ਪਹਿਲਾਂ ਦਿਹਾੜੀ ਕਰਨ ਗਈ। ਉਸ ਸਮੇਂ ਮਹਿਜ਼ 70 ਰੁਪਏ ਦਿਹਾੜੀ ਮਿਲਦੀ ਸੀ। ਜਿਵੇਂ-ਜਿਵੇਂ ਸਮਾਂ ਬੀਤਦਾ ਗਿਆ, ਰਾਜ ਮਿਸਤਰੀਆਂ ਨਾਲ ਕੰਮ ਕਰਦੇ-ਕਰਦੇ ਮੈਂ ਮਸਾਲਾ ਰਲ੍ਹਾਉਣ, ਚਿਣਾਈ ਤੋਂ ਲੈ ਕੇ ਪੱਕੇ ਮਕਾਨ ਦੀ ਉਸਾਰੀ ਤੱਕ ਦਾ ਸਾਰਾ ਕੰਮ ਸਿੱਖ ਲਿਆ। ਹੁਣ ਤੱਕ ਮੈਂ 100 ਦੇ ਕਰੀਬ ਕੋਠੀਆਂ ਅਤੇ 70-80 ਦੇ ਕਰੀਬ ਦੁਕਾਨਾਂ ਅਤੇ ਬਹੁ ਮੰਜਿਲਾਂ ਇਮਾਰਤਾਂ ਦੀ ਉਸਾਰੀ ਕਰ ਚੁੱਕੀ ਹੈ।

- ਕ੍ਰਿਸ਼ਨਾ ਦੇਵੀ, ਰਾਜ ਮਿਸਤਰੀ

Women Day 2026
ਜਾਣੋ ਕ੍ਰਿਸ਼ਨਾ ਦੇਵੀ ਦੇ ਇਸ ਮਿਹਨਤੀ ਸਫ਼ਰ ਬਾਰੇ... (ETV Bharat)

ਬੱਚੇ ਵੀ ਪੜ੍ਹਾਏ, ਖੁਦ ਦੀ ਪਛਾਣ ਵੀ ਬਣਾਈ

ਕ੍ਰਿਸ਼ਨਾ ਨੇ ਈਟੀਵੀ ਭਾਰਤ ਦੀ ਟੀਮ ਨਾਲ ਗੱਲਬਾਤ ਕਰਦਿਆ ਕਿਹਾ ਕਿ, ਜਦੋਂ ਇੱਕ ਔਰਤ ਘਰੋਂ ਬਾਹਰ ਕਮਾਉਣ ਲਈ ਨਿਕਲਦੀ ਹੈ, ਤਾਂ ਉਸ ਬਾਰੇ ਬਹੁਤ ਕੁੱਝ ਬੋਲਿਆਂ ਜਾਂਦਾ ਹੈ ਜਾਂ ਗ਼ਲਤ ਧਾਰਨਾ ਨਾਲ ਦੇਖਿਆ ਜਾਂਦਾ ਹੈ। ਪਰ, ਮੈਂ ਸਮਾਜ ਦੀਆਂ ਗੱਲਾਂ ਨੂੰ ਪਿੱਛੇ ਰੱਖ ਕੇ ਪਰਿਵਾਰ ਦੀਆਂ ਲੋੜਾਂ ਨੂੰ ਮੁੱਖ ਰੱਖਿਆ।

ਮੇਰੀ ਇੱਕ ਧੀ ਹੈ ਅਤੇ ਇੱਕ ਪੁੱਤਰ। ਧੀ 12ਵੀਂ ਤੱਕ ਪੜ੍ਹੀ ਹੈ। ਉਸ ਦਾ ਵਿਆਹ ਕਰ ਦਿੱਤਾ ਹੈ। ਮੇਰਾ ਪੁੱਤਰ ਅਜੇ ਵੀ ਮੈਡੀਕਲ ਦੀ ਪੜ੍ਹਾਈ ਕਰ ਰਿਹਾ ਹੈ। ਮੇਰੇ ਕੋਲ ਮੇਰਾ ਆਪਣਾ ਮਕਾਨ ਹੈ ਅਤੇ ਮੇਰੇ ਕੋਲ 5-7 ਜਣੇ ਕੰਮ ਕਰਦੇ ਹਨ।

- ਕ੍ਰਿਸ਼ਨਾ ਦੇਵੀ, ਰਾਜ ਮਿਸਤਰੀ

Women Day 2026
ਜਾਣੋ ਕ੍ਰਿਸ਼ਨਾ ਦੇਵੀ ਦੇ ਇਸ ਮਿਹਨਤੀ ਸਫ਼ਰ ਬਾਰੇ... (ETV Bharat)

ਹੋਰ ਔਰਤਾਂ ਨੂੰ ਵੀ ਸਿਖਾ ਰਹੀ ਕੰਮ

ਕ੍ਰਿਸ਼ਨਾ ਦੇਵੀ ਨੇ ਦੱਸਿਆ ਕਿ, "ਉਸ ਵੱਲੋਂ ਦਿਹਾੜੀ ਕਰਨ ਵਾਲੀਆਂ ਔਰਤਾਂ ਨੂੰ ਰਾਜ ਮਿਸਤਰੀ ਦਾ ਕੰਮ ਸਿਖਾਇਆ ਜਾ ਰਿਹਾ ਹੈ, ਜਿਨ੍ਹਾਂ ਵਿੱਚੋਂ ਕੁਝ ਔਰਤਾਂ ਉਸ ਨਾਲ ਅਜੇ ਵੀ ਕੰਮ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਮਾਜ ਦੀ ਉਸ ਰੀਤ ਨੂੰ ਤੋੜਿਆ ਹੈ, ਜਿਸ ਰਾਹੀਂ ਸਿਰਫ਼ ਇਹ ਮੰਨਿਆ ਜਾਂਦਾ ਸੀ ਕਿ ਰਾਜ ਮਿਸਤਰੀ ਦਾ ਕੰਮ ਸਿਰਫ਼ ਮਰਦ ਹੀ ਕਰ ਸਕਦੇ ਹਨ। ਅੱਜ ਉਹ ਇੱਕ ਸਫਲ ਉਸਾਰੀ ਠੇਕੇਦਾਰ ਵਜੋਂ ਕੰਮ ਕਰ ਰਹੀ ਹੈ, ਭਾਵੇਂ ਕਿ ਬੱਚੇ ਉਸ ਨੂੰ ਇਸ ਕਾਰੋਬਾਰ ਨੂੰ ਛੱਡਣ ਲਈ ਕਹਿ ਰਹੇ ਹਨ, ਪਰ ਉਸ ਨੇ ਕਿਹਾ ਕਿ ਜਿੰਨੀ ਦੇਰ ਸਰੀਰ ਚੱਲਦਾ, ਉਨੀਂ ਸਮਾਂ ਉਹ ਠੇਕੇਦਾਰੀ ਕਰੇਗੀ ਅਤੇ ਹੋਰਨਾਂ ਮਹਿਲਾਵਾਂ ਨੂੰ ਵੀ ਅੱਗੇ ਆਉਣ ਲਈ ਪ੍ਰੇਰਿਆ ਅਤੇ ਕਿਹਾ ਕਿ ਸਮਾਜਿਕ ਬੰਧਨਾਂ ਨੂੰ ਤੋੜ ਕੇ ਆਪਣੇ ਪੈਰਾਂ ਉੱਤੇ ਖੜੇ ਹੋਣਾ ਚਾਹੀਦਾ ਹੈ। ਕਿਸੇ ਦੀ ਗੁਲਾਮੀ ਕਿਉ ਕਰਨੀ ਹੈ? ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ, ਬਸ ਤੁਸੀਂ ਆਪਣਾ ਕੰਮ ਇਮਾਨਦਾਰੀ ਨਾਲ ਕਰੋ, ਸਫ਼ਲਤਾ ਇੱਕ ਦਿਨ ਤੁਹਾਡੇ ਪੈਰ ਚੁੰਮੇਗੀ।"

Women Day 2026
ਹੈਲਪਰ ਮਿਸਤਰੀ ਵਰਸ਼ਾ (ETV Bharat)

ਕ੍ਰਿਸ਼ਨਾ ਨਾਲ ਕੰਮ ਕਰਨ ਵਾਲੀ ਹੈਲਪਰ ਨੇ ਕੀ ਕਿਹਾ?

ਕ੍ਰਿਸ਼ਨਾ ਦੇਵੀ ਨਾਲ ਹੈਲਪਰ ਮਿਸਤਰੀ ਵਜੋਂ ਕੰਮ ਕਰ ਰਹੀ ਵਰਸ਼ਾ ਦਾ ਕਹਿਣਾ ਹੈ ਕਿ, "ਉਹ ਜ਼ਿਆਦਾ ਪੜ੍ਹੀ ਲਿਖੀ ਨਹੀਂ ਹੈ, ਪਰ ਘਰ ਦੇ ਗੁਜ਼ਾਰੇ ਲਈ ਉਸ ਵੱਲੋਂ ਮਿਸਤਰੀਆਂ ਨਾਲ ਦਿਹਾੜੀ ਕੀਤੀ ਜਾਂਦੀ ਹੈ। ਇਸ ਦੌਰਾਨ ਉਸ ਦੀ ਮੁਲਾਕਾਤ ਕ੍ਰਿਸ਼ਨਾ ਦੇਵੀ ਨਾਲ ਹੋਈ ਜਿਸ ਨੇ ਉਸ ਨੂੰ ਰਾਜ ਮਿਸਤਰੀ ਦਾ ਕੰਮ ਸਿੱਖਣ ਲਈ ਪ੍ਰੇਰਿਆ ਅਤੇ ਅੱਜ ਉਹ ਕ੍ਰਿਸ਼ਨਾ ਦੇਵੀ ਨਾਲ ਹੈਲਪਰ ਉਸਾਰੀ ਮਿਸਤਰੀ ਵਜੋਂ ਕੰਮ ਕਰ ਰਹੀ ਹੈ।

ਮਜਬੂਰੀ ਹੈ ਅਤੇ ਮੈਂ ਮਿਸਤਰੀ ਦਾ ਕੰਮ ਕਰਦੀ ਹਾਂ। ਮੈਂ ਚਿਣਾਈ ਕਰਨਾ ਸਿੱਖ ਰਹੀ ਹਾਂ। ਕ੍ਰਿਸ਼ਨਾ ਦੀਦੀ ਬਹੁਤ ਵਧੀਆ ਕੰਮ ਕਰਦੇ ਹਨ, ਇਸ ਲਈ ਲੋਕ ਵੀ ਕੰਮ ਤੋਂ ਖੁਸ਼ ਹੁੰਦੇ ਹਨ। ਮੈਂ ਕੰਮ ਕਰਕੇ ਆਪਣਾ ਪਰਿਵਾਰ ਪਾਲ ਰਹੀ ਹਾਂ। ਮੇਰੇ 3 ਬੱਚੇ ਛੋਟੇ ਹਨ।

- ਵਰਸ਼ਾ, ਹੈਲਪਰ ਮਿਸਤਰੀ

Women Day 2026
ਘਰ ਦਾ ਮਾਲਿਕ (ETV Bharat)

ਮਕਾਨ ਦੀ ਉਸਾਰੀ ਕਰਵਾਉਣ ਵਾਲਾ ਮਾਲਿਕ ਕੰਮ ਤੋਂ ਖੁਸ਼

ਕ੍ਰਿਸ਼ਨਾ ਦੇਵੀ ਤੋਂ ਘਰ ਦੀ ਉਸਾਰੀ ਕਰਵਾ ਰਹੇ ਦਵਿੰਦਰ ਸਿੰਘ ਦਾ ਕਹਿਣਾ ਹੈ ਕਿ, "ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਕ੍ਰਿਸ਼ਨਾ ਦੇਵੀ ਇੱਕ ਚੰਗੀ ਰਾਜ ਮਿਸਤਰੀ ਹੈ, ਕਿਉਂਕਿ ਉਹਨਾਂ ਵੱਲੋਂ ਘਰ ਦੀ ਉਸਾਰੀ ਲਈ ਠੇਕਾ ਦਿੱਤਾ ਗਿਆ ਸੀ, ਪਰ ਇਸ ਦੌਰਾਨ ਜਦੋਂ ਉਹਨਾਂ ਵੱਲੋਂ ਕ੍ਰਿਸ਼ਨਾ ਦੇਵੀ ਨੂੰ ਰਾਜ ਮਿਸਤਰੀ ਦੇ ਤੌਰ ਉੱਤੇ ਘਰ ਦੀ ਉਸਾਰੀ ਕਰਦੇ ਹੋਏ ਦੇਖਿਆ, ਤਾਂ ਉਹ ਹੈਰਾਨ ਰਹਿ ਗਏ, ਕਿਉਂਕਿ ਕ੍ਰਿਸ਼ਨਾ ਦੇਵੀ ਦੇ ਕੰਮ ਵਿੱਚ ਬਹੁਤ ਜਿਆਦਾ ਸਫਾਈ ਹੈ ਅਤੇ ਅੱਜ ਉਨਾਂ ਦਾ ਘਰ ਕੰਪਲੀਟ ਹੋਣ ਦੇ ਕਿਨਾਰੇ ਉੱਤੇ ਹੈ।"

ਮੈਨੂੰ ਇੱਥੇ ਆ ਕੇ ਕੰਮ ਦੇਖਣ ਦੀ ਵੀ ਜ਼ਿਆਦਾ ਲੋੜ ਨਹੀਂ ਪੈਂਦੀ। ਕ੍ਰਿਸ਼ਨਾ ਦੇਵੀ ਖੁਦ ਪੂਰੀ ਜ਼ਿੰਮੇਵਾਰੀ ਨਾਲ ਕੰਮ ਕਰ ਰਹੀ ਹੈ। ਉਸ ਨੂੰ ਪਤਾ ਹੈ ਕਿ ਕਿਹੜਾ ਕੰਮ ਕਿਸ ਨੂੰ ਸੌਂਪਣਾ ਹੈ। ਸਾਡਾ ਘਰ ਦਾ ਸਾਰਾ ਕੰਮ ਕ੍ਰਿਸ਼ਨਾ ਦੇਵੀ ਹੀ ਕਰ ਰਹੀ ਹੈ। ਮੈਨੂੰ ਬਾਅਦ ਵਿੱਚ ਪਤਾ ਲੱਗਾ ਸੀ ਕਿ ਉਹ ਠੇਕੇਦਾਰ ਹੈ। ਪਹਿਲਾਂ ਮੈਂ ਉਨ੍ਹਾਂ ਨੂੰ ਦਿਹਾੜੀ ਲਗਾਉਣ ਆਏ ਮਿਸਤਰੀਆਂ ਵਜੋਂ ਸਮਝਿਆ ਸੀ। ਭਾਵੇਂ ਕਿ ਉਹ ਔਰਤ ਹੈ, ਪਰ ਰਾਜ ਮਿਸਤਰੀ ਤੇ ਠੇਕੇਦਾਰਨੀ ਵਜੋਂ ਕ੍ਰਿਸ਼ਨਾ ਦੇਵੀ ਦਾ ਕੰਮ ਜਮਾਂ ਇੱਕ ਨੰਬਰ ਹੈ।

- ਦਵਿੰਦਰ ਸਿੰਘ, ਮਕਾਨ ਉਸਾਰੀ ਕਰਵਾਉਣ ਵਾਲਾ ਘਰ ਦਾ ਮਾਲਿਕ

Women Day 2026
ਜਾਣੋ ਕ੍ਰਿਸ਼ਨਾ ਦੇਵੀ ਦੇ ਇਸ ਮਿਹਨਤੀ ਸਫ਼ਰ ਬਾਰੇ... (ETV Bharat)

ਹੋਰਨਾਂ ਲਈ ਪ੍ਰੇਰਨਾ ਬਣੀ ਕ੍ਰਿਸ਼ਨਾ ਦੇਵੀ

ਕ੍ਰਿਸ਼ਨਾ ਦੇਵੀ ਨੇ ਇਹ ਸਾਬਿਤ ਕੀਤੀ ਕਿ ਜੇਕਰ ਮਹਿਲਾ ਨੂੰ ਕਿਸੇ ਮਜਬੂਰੀ ਦੇ ਚੱਲਦੇ ਖੁਦ ਕਮਾਉਣ ਦਾ ਫੈਸਲਾ ਲਿਆ ਗਿਆ ਹੈ, ਤਾਂ ਉਹ ਆਪਣੇ ਆਪ ਨੂੰ ਸਹੀ ਰੱਖ ਕੇ ਬਾਖੂਬੀ ਇਹ ਜ਼ਿੰਮੇਵਾਰੀ ਨਿਭਾਅ ਸਕਦੀ ਹੈ। ਔਰਤਾਂ ਜੋ ਘਰ ਵਿੱਚ ਕਿਸੇ ਵੀ ਗੱਲ ਤੋਂ ਪਰੇਸ਼ਾਨ ਹੋਣ ਜਾਂ ਆਰਥਿਕ ਸੰਕਟ ਹੋਵੇ, ਤਾਂ ਖੁਦ ਨਿਰਾਸ਼ ਜਾਂ ਗਲਤ ਕੰਮ ਵਿੱਚ ਪੈਣ ਨਾਲੋਂ ਮਿਹਨਤ ਦਾ ਰਾਹ ਚੁਣਨਾ ਚਾਹੀਦਾ ਹੈ ਅਤੇ ਆਪਣੇ ਆਪ ਨੂੰ ਆਤਮ ਨਿਰਭਰ ਬਣਾਉਣਾ ਚਾਹੀਦਾ ਹੈ। ਕ੍ਰਿਸ਼ਨਾ ਦੇਵੀ ਨੇ ਹੋਰਨਾਂ ਮਹਿਲਾਵਾਂ ਲਈ ਵੀ ਮਿਸਾਲ ਕਾਇਮ ਕੀਤੀ ਹੈ।