ਚੰਡੀਗੜ੍ਹ ਦੀ 'ਰੂਹ' ਅਤੇ 'ਸਿਟੀ ਬਿਊਟੀਫੁੱਲ' ਦੇ ਅਸਲ ਸਿਰਜਣਹਾਰ, ਜਾਣੋ ਕੌਣ ਹਨ ਡਾ. ਮਹਿੰਦਰ ਸਿੰਘ ਰੰਧਾਵਾ
ਪੰਜਾਬ ਦੇ ਛੇਵੇਂ ਦਰਿਆ ਕਹੇ ਜਾਣ ਵਾਲੇ ਡਾ. ਮਹਿੰਦਰ ਸਿੰਘ ਰੰਧਾਵਾ ਨੇ ਹੀ ਚੰਡੀਗੜ੍ਹ ਨੂੰ ਸਿਰਜਿਆ ਸੀ। ਬਰਸੀ ਉੱਤੇ ਵਿਸ਼ੇਸ਼ ਪੜ੍ਹੋ...

Published : March 3, 2026 at 5:40 AM IST
ਕੰਵਲਜੀਤ ਕੌਰ ਦੀ ਰਿਪੋਰਟ
ਚੰਡੀਗੜ੍ਹ: ਆਧੁਨਿਕ ਭਾਰਤ ਦੇ ਇਤਿਹਾਸ ਵਿੱਚ ਜਦੋਂ ਵੀ ਯੋਜਨਾਬੱਧ ਅਤੇ ਖੂਬਸੂਰਤ ਸ਼ਹਿਰਾਂ ਦਾ ਜ਼ਿਕਰ ਹੁੰਦਾ ਹੈ ਤਾਂ ਸਭ ਤੋਂ ਪਹਿਲਾ ਨਾਂ ਚੰਡੀਗੜ੍ਹ ਦਾ ਆਉਂਦਾ ਹੈ। ਦੁਨੀਆ ਭਰ ਵਿੱਚ ਚੰਡੀਗੜ੍ਹ ਦੀ ਪਛਾਣ ਸਵਿਸ-ਫਰਾਂਸੀਸੀ ਆਰਕੀਟੈਕਟ ਲੀ ਕਾਰਬੂਜ਼ੀਏ ਦੇ ਸ਼ਾਨਦਾਰ ਅਤੇ ਆਧੁਨਿਕ ਆਰਕੀਟੈਕਚਰ ਲਈ ਹੈ। ਪਰ ਇਹ ਇੱਕ ਇਤਿਹਾਸਕ ਸੱਚਾਈ ਹੈ ਕਿ ਜੇਕਰ ਲੀ ਕਾਰਬੂਜ਼ੀਏ ਨੇ ਚੰਡੀਗੜ੍ਹ ਦਾ ਕੰਕਰੀਟ ਦਾ 'ਸਰੀਰ' ਜਾਂ ਢਾਂਚਾ ਤਿਆਰ ਕੀਤਾ ਸੀ, ਤਾਂ ਉਸ ਬੇਜਾਨ ਢਾਂਚੇ ਵਿੱਚ ਕੁਦਰਤ, ਹਰਿਆਵਲ, ਕਲਾ ਅਤੇ ਸੱਭਿਆਚਾਰ ਦੀ 'ਰੂਹ' ਫੂਕਣ ਦਾ ਕੰਮ ਡਾ. ਮਹਿੰਦਰ ਸਿੰਘ ਰੰਧਾਵਾ (MS Randhawa) ਨੇ ਕੀਤਾ ਸੀ। ਜਿਸ ਨੂੰ ਪੰਜਾਬ ਦਾ ਛੇਵਾਂ ਦਰਿਆ ਵੀ ਕਿਹਾ ਜਾਂਦਾ ਹੈ।
ਡਾ. ਰੰਧਾਵਾ ਸਿਰਫ਼ ਇੱਕ ਪ੍ਰਸ਼ਾਸਕ ਜਾਂ ਇੰਡੀਅਨ ਸਿਵਲ ਸਰਵਿਸ (ICS) ਦੇ ਅਧਿਕਾਰੀ ਨਹੀਂ ਸਨ। ਉਹ ਇੱਕ ਹੀ ਜੀਵਨ ਵਿੱਚ ਕਈ ਜ਼ਿੰਦਗੀਆਂ ਜੀਅ ਰਹੇ ਸਨ ਉਹ ਇੱਕ ਉੱਤਮ ਬਨਸਪਤੀ ਵਿਗਿਆਨੀ (Botanist), ਕਲਾ ਇਤਿਹਾਸਕਾਰ (Art Historian), ਲੇਖਕ, ਸਮਾਜ ਸੁਧਾਰਕ ਅਤੇ ਖੇਤੀਬਾੜੀ ਵਿਗਿਆਨੀ ਸਨ। ਅੱਜ ਜੇਕਰ ਚੰਡੀਗੜ੍ਹ ਨੂੰ ਪੂਰੀ ਦੁਨੀਆ "ਸਿਟੀ ਬਿਊਟੀਫੁੱਲ" (City Beautiful) ਅਤੇ "ਗਾਰਡਨ ਸਿਟੀ" ਦੇ ਨਾਂ ਨਾਲ ਜਾਣਦੀ ਹੈ ਤਾਂ ਇਸ ਦਾ ਸਾਰਾ ਸਿਹਰਾ ਡਾ. ਰੰਧਾਵਾ ਦੀ ਦੂਰਅੰਦੇਸ਼ੀ ਅਤੇ ਉਨ੍ਹਾਂ ਦੇ ਕੁਦਰਤ ਪ੍ਰੇਮ ਨੂੰ ਜਾਂਦਾ ਹੈ। ਅਸੀਂ ਡਾ. ਐੱਮ.ਐੱਸ. ਰੰਧਾਵਾ ਦੇ ਜੀਵਨ, ਉਨ੍ਹਾਂ ਦੇ ਸੰਘਰਸ਼ਾਂ, ਪ੍ਰਸ਼ਾਸਨਿਕ ਪ੍ਰਾਪਤੀਆਂ ਅਤੇ ਖਾਸ ਕਰਕੇ ਚੰਡੀਗੜ੍ਹ ਦੇ ਨਿਰਮਾਣ ਵਿੱਚ ਉਨ੍ਹਾਂ ਦੇ ਬੇਮਿਸਾਲ ਯੋਗਦਾਨ ਬਾਰੇ ਵਿਸਥਾਰ ਨਾਲ ਚਰਚਾ ਕਰਾਂਗੇ।

ਮੁੱਢਲਾ ਜੀਵਨ ਅਤੇ ਸਿੱਖਿਆ ਦੀ ਨੀਂਹ
ਆਪਣੀ ਆਤਮ ਕਥਾ ‘ਆਪ ਬੀਤੀ’ ਵਿੱਚ ਡਾ. ਐਮ ਐਸ ਰੰਧਾਵਾ ਆਪਣੇ ਜੀਵਨ ਦੇ ਸ਼ੁਰੂਆਤੀ ਪੜਾਅ ਤੋਂ ਅੰਤ ਤੱਕ ਸਾਰੀਆਂ ਘਟਨਾਵਾਂ ਦਾ ਜ਼ਿਕਰ ਕਰਦੇ ਹਨ। ਆਪ ਬੀਤੀ ਪੁਸਤਕ ਤੋਂ ਮਿਲੀ ਜਾਣਕਾਰੀ ਮੁਤਾਬਿਕ ਡਾ. ਮਹਿੰਦਰ ਸਿੰਘ ਰੰਧਾਵਾ ਦਾ ਜਨਮ 2 ਫਰਵਰੀ 1909 ਨੂੰ ਅਣਵੰਡੇ ਭਾਰਤ ਵਿੱਚ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਜ਼ੀਰਾ ਵਿੱਚ ਹੋਇਆ। ਉਨ੍ਹਾਂ ਦਾ ਪਰਿਵਾਰ ਇੱਕ ਘਰਾਣੇ ਅਤੇ ਪੜ੍ਹੇ-ਲਿਖੇ ਪਿਛੋਕੜ ਨਾਲ ਸਬੰਧ ਰੱਖਦਾ ਸੀ। ਉਨ੍ਹਾਂ ਦੇ ਪਿਤਾ ਸ਼੍ਰੀ ਸ਼ੇਰ ਸਿੰਘ ਪੇਸ਼ੇ ਤੋਂ ਇੱਕ ਤਹਿਸੀਲਦਾਰ ਸਨ, ਅਤੇ ਉਨ੍ਹਾਂ ਨੇ ਆਪਣੇ ਪੁੱਤਰ ਨੂੰ ਬਚਪਨ ਤੋਂ ਹੀ ਅਨੁਸ਼ਾਸਨ, ਮਿਹਨਤ ਅਤੇ ਸਿੱਖਿਆ ਪ੍ਰਤੀ ਡੂੰਘੀ ਰੂਚੀ ਰੱਖਣਾ ਸਿਖਾਇਆ ਸੀ।

ਵਿਗਿਆਨ ਪ੍ਰਤੀ ਝੁਕਾਅ
‘ਆਪ ਬੀਤੀ’ ਪੁਸਤਕ ’ਤੇ ਅਧਾਰਿਤ ਜਾਣਕਾਰੀ ਤੋਂ ਪਤਾ ਲੱਗਦਾ ਹੈ ਡਾ. ਰੰਧਾਵਾ ਦੀ ਮੁੱਢਲੀ ਸਿੱਖਿਆ ਪੰਜਾਬ ਦੇ ਪੇਂਡੂ ਮਾਹੌਲ ਵਿੱਚ ਹੋਈ, ਜਿਸ ਨੇ ਉਨ੍ਹਾਂ ਦੇ ਅੰਦਰ ਕੁਦਰਤ, ਰੁੱਖਾਂ-ਬੂਟਿਆਂ ਅਤੇ ਮਿੱਟੀ ਪ੍ਰਤੀ ਇੱਕ ਅਥਾਹ ਪਿਆਰ ਜਗਾਇਆ। ਇਸ ਤੋਂ ਬਾਅਦ ਉੱਚ ਸਿੱਖਿਆ ਲਈ ਉਹ ਲਾਹੌਰ ਚਲੇ ਗਏ, ਜੋ ਉਸ ਸਮੇਂ ਉੱਤਰੀ ਭਾਰਤ ਵਿੱਚ ਸਿੱਖਿਆ ਅਤੇ ਸੱਭਿਆਚਾਰ ਦਾ ਸਭ ਤੋਂ ਵੱਡਾ ਕੇਂਦਰ ਸੀ। ਲਾਹੌਰ ਦੇ ਵੱਕਾਰੀ ਗੌਰਮਿੰਟ ਕਾਲਜ ਤੋਂ ਉਨ੍ਹਾਂ ਨੇ ਆਪਣੀ ਪੜ੍ਹਾਈ ਕੀਤੀ। ਉਹ ਮੂਲ ਰੂਪ ਵਿੱਚ ਵਿਗਿਆਨ ਦੇ ਵਿਦਿਆਰਥੀ ਸਨ ਅਤੇ ਉਨ੍ਹਾਂ ਨੇ ਬਨਸਪਤੀ ਵਿਗਿਆਨ ਵਿੱਚ ਐੱਮ.ਐੱਸ.ਸੀ. ਦੀ ਡਿਗਰੀ ਹਾਸਲ ਕੀਤੀ। ਵਿਗਿਆਨ ਪ੍ਰਤੀ ਉਨ੍ਹਾਂ ਦਾ ਇਹ ਗਿਆਨ ਸਿਰਫ਼ ਕਿਤਾਬਾਂ ਤੱਕ ਸੀਮਤ ਨਹੀਂ ਰਿਹਾ। ਅੱਗੇ ਚੱਲ ਕੇ ਉਨ੍ਹਾਂ ਦੇ ਇਸੇ ਬੌਟਨੀ ਦੇ ਗਿਆਨ ਨੇ ਚੰਡੀਗੜ੍ਹ ਦੀ ਬੰਜਰ ਧਰਤੀ ਨੂੰ ਇੱਕ ਹਰੇ-ਭਰੇ ਸਵਰਗ ਵਿੱਚ ਬਦਲ ਦਿੱਤਾ।
ਸਿਵਲ ਸੇਵਾ (ICS) ਵਿੱਚ ਪ੍ਰਵੇਸ਼ ਅਤੇ ਸ਼ੁਰੂਆਤੀ ਕਰੀਅਰ
1930 ਦੇ ਦਹਾਕੇ ਵਿੱਚ ਇੰਡੀਅਨ ਸਿਵਲ ਸਰਵਿਸ (Indian Civil Service - ICS) ਨੂੰ 'ਸਟੀਲ ਫਰੇਮ ਆਫ ਇੰਡੀਆ' ਕਿਹਾ ਜਾਂਦਾ ਸੀ। ਇਸ ਵਿੱਚ ਪ੍ਰਵੇਸ਼ ਪਾਉਣਾ ਹਰ ਨੌਜਵਾਨ ਦਾ ਸੁਪਨਾ ਹੁੰਦਾ ਸੀ, ਪਰ ਇਹ ਬਹੁਤ ਮੁਸ਼ਕਲ ਸੀ। ਡਾ. ਰੰਧਾਵਾ ਨੇ ਆਪਣੀ ਤਿੱਖੀ ਬੁੱਧੀ ਦੇ ਬਲ 'ਤੇ 1934 ਵਿੱਚ ਆਈ.ਸੀ.ਐੱਸ. ਦੀ ਪ੍ਰੀਖਿਆ ਸਫਲਤਾਪੂਰਵਕ ਪਾਸ ਕੀਤੀ। ਇਸ ਤੋਂ ਬਾਅਦ ਉਨ੍ਹਾਂ ਦੀ ਨਿਯੁਕਤੀ ਇੱਕ ਬ੍ਰਿਟਿਸ਼ ਪ੍ਰਸ਼ਾਸਨਿਕ ਅਧਿਕਾਰੀ ਵਜੋਂ ਹੋਈ।

ਰਾਏ ਬਰੇਲੀ ਤੋਂ ਕੀਤੀ ਸਿਵਲ ਸੇਵਾ ਦੀ ਸ਼ੁਰੂਆਤ
ਡਾ. ਮਹਿੰਦਰ ਸਿੰਘ ਰੰਧਾਵਾ (M.S. Randhawa) ਨੇ ਆਪਣੀਆਂ ਸਿਵਲ ਸੇਵਾਵਾਂ ਉੱਤਰ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ਵਿੱਚ ਦਿੱਤੀਆਂ। ਉਹਨਾਂ ਦੀ ਪਹਿਲੀ ਪੋਸਟਿੰਗ ਰਾਏ ਬਰੇਲੀ ਵਿਚ (ਉੱਤਰ ਪ੍ਰਦੇਸ਼) ਵਿੱਚ ਹੋਈ ਸੀ। ‘A Legend Unfolded: Dr. MS Randhawa’ ਕਿਤਾਬ ਦੇ ਲੇਖਕ ਡਾ. ਰਵੀਦਿੱਤ ਸਿੰਘ ਜ਼ਿਕਰ ਕਰਦੇ ਹਨ ਰਾਏ ਬਰੇਲੀ ਵਿਚ ਪੋਸਟਿੰਗ ਦੌਰਾਨ ਲਾਈਬ੍ਰੇਰੀਆਂ ਸਥਾਪਿਤ ਕਰਨਾ ਉਹਨਾਂ ਦੀ ਵੱਡੀ ਦੇਣ ਹੈ। ਭਾਰਤ ਵਿੱਚ ਲਾਇਬ੍ਰੇਰੀ ਕਲਚਰ ਡਾ. ਐੱਮਐੱਸ ਰੰਧਾਵਾ ਦੀ ਹੀ ਦੇਣ ਹੈ। ਇਸ ਦੀ ਸ਼ੁਰੂਆਤ ਉਹਨਾਂ ਨੇ ਰਾਏਬਰੇਲੀ ਦੇ ਵੱਖ-ਵੱਖ ਖੇਤਰਾਂ ਵਿੱਚ ਪੰਚਾਇਤ ਘਰਾਂ ਤੋਂ ਕੀਤੀ। ਵੱਖ-ਵੱਖ ਪੰਚਾਇਤਾਂ ਨਾਲ ਸੰਵਾਦ ਰਚਾ ਕੇ ਪੰਚਾਇਤ ਘਰਾਂ ਵਿੱਚ ਲਾਇਬ੍ਰੇਰੀਆਂ ਸਥਾਪਿਤ ਕੀਤੀਆਂ ਗਈਆਂ। ਕਿਉਂਕਿ ਉਹਨਾਂ ਦਾ ਮੰਨਣਾ ਸੀ ਕਿਤਾਬ ਤੱਕ ਪਹੁੰਚਣ ਵਾਲਾ ਵਿਅਕਤੀ ਉੱਥੋਂ ਕੋਈ ਨਾ ਕੋਈ ਗਿਆਨ ਹਾਸਲ ਕਰਕੇ ਹੀ ਆਵੇਗਾ।

1947 ਦੀ ਵੰਡ ਅਤੇ ਮੁੜ ਵਸੇਬੇ ਵਿੱਚ ਇਤਿਹਾਸਕ ਭੂਮਿਕਾ
ਲੇਖਕ ਡਾ. ਰਵੀਦਿੱਤ ਸਿੰਘ ਆਪਣੀ ਕਿਤਾਬ ਵਿੱਚ ਜ਼ਿਕਰ ਕਰਦੇ ਹਨ ਕਿ 1947 ਵਿੱਚ ਜਦੋਂ ਭਾਰਤ ਨੂੰ ਆਜ਼ਾਦੀ ਮਿਲੀ ਤਾਂ ਇਸ ਦੇ ਨਾਲ ਹੀ ਦੇਸ਼ ਦੀ ਦਰਦਨਾਕ ਵੰਡ ਵੀ ਹੋਈ। ਲੱਖਾਂ ਲੋਕ ਆਪਣਾ ਘਰ-ਬਾਰ ਛੱਡ ਕੇ ਪਾਕਿਸਤਾਨ ਤੋਂ ਭਾਰਤ ਆ ਰਹੇ ਸਨ। ਉਸ ਸਮੇਂ ਡਾ. ਰੰਧਾਵਾ ਦਿੱਲੀ ਦੇ ਡਿਪਟੀ ਕਮਿਸ਼ਨਰ ਦੇ ਅਹੁਦੇ 'ਤੇ ਤਾਇਨਾਤ ਸਨ। ਵੰਡ ਤੋਂ ਬਾਅਦ ਉਹ ਦਿੱਲੀ ਦੇ ਪਹਿਲੇ ਚੀਫ਼ ਕਮਿਸ਼ਨਰ ਬਣੇ। ਜਦੋਂ ਪ੍ਰਧਾਨ ਮੰਤਰੀ ਵੱਲੋਂ ਲਾਲ ਕਿਲ੍ਹੇ ਅਜ਼ਾਦ ਭਾਰਤ ਦੀ ਪਹਿਲੀ ਫਸੀਲ ਪੜ੍ਹੀ ਗਈ ਤਾਂ ਉਸਦਾ ਸਾਰਾ ਪ੍ਰਬੰਧ ਮਹਿੰਦਰ ਸਿੰਘ ਰੰਧਾਵਾ ਵੱਲੋਂ ਕੀਤਾ ਗਿਆ। ਦਿੱਲੀ ਵਿੱਚ ਉਸ ਸਮੇਂ ਸ਼ਰਨਾਰਥੀਆਂ ਦਾ ਹੜ੍ਹ ਆ ਗਿਆ ਸੀ। ਅਜਿਹੇ ਚੁਣੌਤੀਪੂਰਨ ਸਮੇਂ ਵਿੱਚ ਡਾ. ਰੰਧਾਵਾ ਨੇ ਅਸਾਧਾਰਨ ਪ੍ਰਸ਼ਾਸਨਿਕ ਹੁਨਰ ਦਾ ਪ੍ਰਦਰਸ਼ਨ ਕੀਤਾ। ਹਿਜਰਤ ਦੌਰਾਨ ਵੱਡੀ ਗਿਣਤੀ ਵਿਚ ਕਤਲੋਗਾਰਤ ਹੋ ਰਹੀ ਸੀ ਪਰ ਉਹਨਾਂ ਨੇ ਦਿੱਲੀ ਵਿੱਚ ਕੋਈ ਵੀ ਦੰਗਾ ਫਸਾਦ ਨਹੀਂ ਹੋਣ ਦਿੱਤਾ। ਖੁਦ ਸਿੱਖ ਧਰਮ ਨਾਲ ਸਬੰਧਤ ਹੁੰਦਿਆਂ ਉਹਨਾਂ ਨੇ ਇੱਕ ਵੱਡਾ ਫ਼ੈਸਲਾ ਲਿਆ ਅਤੇ ਕ੍ਰਿਪਾਨ ’ਤੇ ਪਾਬੰਦੀ ਲਗਾ ਦਿੱਤੀ ਸੀ। ਅਜਿਹਾ ਕਰਨ ਵਾਲੇ ਉਹ ਪਹਿਲੇ ਸਿੱਖ ਅਫ਼ਸਰ ਸਨ। ਉਹਨਾਂ ਨੇ ਦਿੱਲੀ ਵਿਚ ਬੁਰਸ਼ਾਗਰਦੀ ਨੂੰ ਰੋਕਣ ਲਈ ਕ੍ਰਿਪਾਨ, ਤਰਸ਼ੂਲ, ਗੰਡਾਸੇ ਅਤੇ ਹੋਰ ਨੋਕੀਲੇ ਪਦਾਰਥਾਂ ’ਤੇ ਰੋਕ ਲਗਾ ਦਿੱਤੀ ਸੀ। ਲੋਕਾਂ ਨੂੰ ਹਿੰਸਾ ਅਤੇ ਕਤਲੋਗਾਰਤ ਤੋਂ ਬਚਾਉਣ ਲਈ ਉਹਨਾਂ ਨੇ ਅਜਿਹੇ ਸਖ਼ਤ ਫ਼ੈਸਲੇ ਲਏ।

ਵੰਡ ਦੌਰਾਨ ਉਜੜੇ ਪੰਜਾਬੀਆਂ ਨੂੰ ਮੁੜ ਵਸਾਇਆ
ਲੇਖਕ ਡਾ. ਰਵੀਦਿੱਤ ਸਿੰਘ ਕਹਿੰਦੇ ਹਨ ਕਿ ਉਨ੍ਹਾਂ ਨੇ ਨਾ ਸਿਰਫ਼ ਦਿੱਲੀ ਵਿੱਚ, ਸਗੋਂ ਬਾਅਦ ਵਿੱਚ ਪੰਜਾਬ ਦੇ ਮੁੜ ਵਸੇਬਾ ਡਾਇਰੈਕਟਰ ਜਨਰਲ (Director General of Rehabilitation) ਵਜੋਂ ਲੱਖਾਂ ਉੱਜੜੇ ਪੰਜਾਬੀਆਂ ਨੂੰ ਮੁੜ ਵਸਾਉਣ ਦਾ ਬੀੜਾ ਚੁੱਕਿਆ। ਪੰਜਾਬ ਵਿੱਚ ਸ਼ਰਨਾਰਥੀਆਂ ਨੂੰ ਜ਼ਮੀਨਾਂ ਅਲਾਟ ਕਰਨਾ ਇੱਕ ਬਹੁਤ ਹੀ ਗੁੰਝਲਦਾਰ ਕੰਮ ਸੀ। ਰੰਧਾਵਾ ਨੇ ਜ਼ਮੀਨ ਦੇ ਟੁਕੜਿਆਂ ਨੂੰ ਵਿਗਿਆਨਕ ਤਰੀਕੇ ਨਾਲ ਅਲਾਟ ਕੀਤਾ ਅਤੇ 'ਮੁਰੱਬਾਬੰਦੀ' ਦੀ ਪ੍ਰਕਿਰਿਆ ਨੂੰ ਸਫਲਤਾਪੂਰਵਕ ਲਾਗੂ ਕੀਤਾ। ਇਸੇ ਮੁਰੱਬਾਬੰਦੀ ਨੇ ਭਵਿੱਖ ਵਿੱਚ ਪੰਜਾਬ ਵਿੱਚ ਟਰੈਕਟਰਾਂ ਦੀ ਵਰਤੋਂ ਅਤੇ ਆਧੁਨਿਕ ਖੇਤੀ ਦਾ ਰਸਤਾ ਸਾਫ਼ ਕੀਤਾ। ਇਸ ਤੋਂ ਇਲਾਵਾ, ਉਨ੍ਹਾਂ ਨੇ "ਗਾਰਡਨ ਕਾਲੋਨੀ" ਦਾ ਇੱਕ ਵਿਲੱਖਣ ਸੰਕਲਪ ਦਿੱਤਾ। ਉਨ੍ਹਾਂ ਦਾ ਮੰਨਣਾ ਸੀ ਕਿ ਆਪਣਾ ਸਭ ਕੁਝ ਗੁਆ ਕੇ ਆਏ ਇਨ੍ਹਾਂ ਸ਼ਰਨਾਰਥੀਆਂ ਨੂੰ ਸਿਰਫ਼ ਇੱਟਾਂ-ਗਾਰੇ ਦੇ ਮਕਾਨ ਨਹੀਂ, ਸਗੋਂ ਇੱਕ ਸੁੰਦਰ, ਹਰਾ-ਭਰਾ ਅਤੇ ਸ਼ਾਂਤਮਈ ਮਾਹੌਲ ਮਿਲਣਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਦੇ ਮਾਨਸਿਕ ਜ਼ਖਮ ਭਰ ਸਕਣ। ਇਹ ਗਾਰਡਨ ਕਲੋਨੀਆਂ ਪੰਜਾਬ, ਦਿੱਲੀ ਅਤੇ ਉੱਤਰੀ ਭਾਰਤ ਦੇ ਵੱਖ-ਵੱਖ ਖੇਤਰਾਂ ਵਿੱਚ ਸਥਾਪਿਤ ਕੀਤੀਆਂ ਗਈਆਂ। ਹਰਿਆਣਾ ਵਿੱਚ ਵਿਰਕ ਅਤੇ ਚੱਠਿਆਂ ਨੂੰ ਵਸਾਉਣ ਪਿੱਛੇ ਵੀ ਮਹਿੰਦਰ ਸਿੰਘ ਰੰਧਾਵਾ ਦੀ ਵੱਡੀ ਦੇਣ ਹੈ।

ਚੰਡੀਗੜ੍ਹ, ਕੰਕਰੀਟ ਦੇ ਜੰਗਲ ਵਿੱਚ ਕੁਦਰਤ ਦੇ ਰੰਗ ਭਰਨਾ
1950 ਦੇ ਦਹਾਕੇ ਵਿੱਚ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੇ ਸੁਪਨਿਆਂ ਦਾ ਸ਼ਹਿਰ ਚੰਡੀਗੜ੍ਹ ਆਕਾਰ ਲੈ ਰਿਹਾ ਸੀ। ਲੀ ਕਾਰਬੂਜ਼ੀਏ ਨੇ ਇਸ ਸ਼ਹਿਰ ਦਾ ਮਾਸਟਰ ਪਲਾਨ ਤਿਆਰ ਕੀਤਾ ਸੀ। ਪਰ ਕਾਰਬੂਜ਼ੀਏ ਦਾ ਧਿਆਨ ਮੁੱਖ ਤੌਰ 'ਤੇ ਇਮਾਰਤਾਂ ਦੇ ਜਿਓਮੈਟ੍ਰਿਕ ਆਕਾਰ, ਸੜਕਾਂ ਦੇ ਗਰਿੱਡ ਸਿਸਟਮ ਅਤੇ ਕੰਕਰੀਟ ਦੀ ਵਰਤੋਂ 'ਤੇ ਸੀ। ਇਹ ਸ਼ਹਿਰ ਆਧੁਨਿਕ ਤਾਂ ਸੀ ਪਰ ਇਸ ਵਿੱਚ ਇੱਕ ਰੁੱਖਾਪਣ ਸੀ। 1966 ਵਿੱਚ ਜਦੋਂ ਪੰਜਾਬ ਦਾ ਪੁਨਰਗਠਨ ਹੋਇਆ ਅਤੇ ਚੰਡੀਗੜ੍ਹ ਨੂੰ ਕੇਂਦਰ ਸ਼ਾਸਤ ਪ੍ਰਦੇਸ਼ ਬਣਾਇਆ ਗਿਆ ਤਾਂ ਡਾ. ਐੱਮ.ਐੱਸ. ਰੰਧਾਵਾ ਨੂੰ ਚੰਡੀਗੜ੍ਹ ਦਾ ਪਹਿਲਾ ਚੀਫ਼ ਕਮਿਸ਼ਨਰ ਨਿਯੁਕਤ ਕੀਤਾ ਗਿਆ। ਇੱਥੋਂ ਹੀ ਚੰਡੀਗੜ੍ਹ ਦੇ "ਸਿਟੀ ਬਿਊਟੀਫੁੱਲ" ਬਣਨ ਦੀ ਅਸਲੀ ਕਹਾਣੀ ਸ਼ੁਰੂ ਹੋਈ।

ਲੈਂਡਸਕੇਪਿੰਗ ਅਤੇ ਵਿਗਿਆਨਕ ਰੁੱਖ ਲਗਾਉਣਾ
ਚੰਡੀਗੜ੍ਹ ਜਿਸ ਨੂੰ ਪੱਥਰਾਂ ਦਾ ਸ਼ਹਿਰ ਵੀ ਕਿਹਾ ਜਾਂਦਾ ਹੈ ਉਸ ਵਿੱਚ ਰੰਗ ਭਰਨ ਲਈ ਇੱਕ ਬਨਸਪਤੀ ਵਿਗਿਆਨੀ ਹੋਣ ਦੇ ਨਾਤੇ ਡਾ. ਰੰਧਾਵਾ ਨੂੰ ਰੁੱਖਾਂ ਦੀਆਂ ਕਿਸਮਾਂ, ਉਨ੍ਹਾਂ ਦੇ ਮੌਸਮ ਅਤੇ ਵਿਕਾਸ ਦੀ ਡੂੰਘੀ ਸਮਝ ਸੀ। ਉਨ੍ਹਾਂ ਨੇ ਮਹਿਸੂਸ ਕੀਤਾ ਕਿ 'ਲੀ ਕਾਰਬੂਜ਼ੀਏ' ਦੀਆਂ ਵਿਸ਼ਾਲ ਕੰਕਰੀਟ ਦੀਆਂ ਇਮਾਰਤਾਂ ਦੀ ਕਠੋਰਤਾ ਨੂੰ ਸਿਰਫ਼ ਰੁੱਖਾਂ ਦੀ ਕੋਮਲਤਾ ਅਤੇ ਫੁੱਲਾਂ ਦੇ ਰੰਗਾਂ ਨਾਲ ਹੀ ਘੱਟ ਕੀਤਾ ਜਾ ਸਕਦਾ ਹੈ। ਜਿਸ ਲਈ ਉਨ੍ਹਾਂ ਨੇ ਇੱਕ 'ਲੈਂਡਸਕੇਪ ਕਮੇਟੀ' ਬਣਾਈ ਅਤੇ ਖੁਦ ਉਸ ਦੀ ਪ੍ਰਧਾਨਗੀ ਕੀਤੀ। ਉਨ੍ਹਾਂ ਨੇ ਤੈਅ ਕੀਤਾ ਕਿ ਚੰਡੀਗੜ੍ਹ ਦੀ ਕਿਸ ਸੜਕ 'ਤੇ ਕਿਹੜੇ ਰੁੱਖ ਲਗਾਏ ਜਾਣਗੇ। ਉਨ੍ਹਾਂ ਨੇ ਰੁੱਖਾਂ ਦੀ ਚੋਣ ਉਨ੍ਹਾਂ ਦੇ ਫੁੱਲਾਂ ਦੇ ਰੰਗ ਅਤੇ ਖਿੜਨ ਦੇ ਮੌਸਮ ਦੇ ਆਧਾਰ 'ਤੇ ਕੀਤੀ। ਅੱਜ ਜਦੋਂ ਤੁਸੀਂ ਅਪ੍ਰੈਲ-ਮਈ ਦੇ ਮਹੀਨਿਆਂ ਵਿੱਚ ਚੰਡੀਗੜ੍ਹ ਦੀਆਂ ਸੜਕਾਂ ਤੋਂ ਲੰਘਦੇ ਹੋ ਤਾਂ ਇੱਕ ਸੜਕ 'ਤੇ ਤੁਹਾਨੂੰ ਸਿਰਫ਼ ਪੀਲੇ ਅਮਲਤਾਸ ਦਿਖਾਈ ਦਿੰਦੇ ਹਨ, ਦੂਜੀ ਸੜਕ ਲਾਲ ਗੁਲਮੋਹਰ ਨਾਲ ਦਹਿਕ ਰਹੀ ਹੁੰਦੀ ਹੈ ਅਤੇ ਤੀਜੀ ਸੜਕ ਜਾਮਣੀ ਜਕਰਾਂਡਾ ਨਾਲ ਸਜੀ ਹੁੰਦੀ ਹੈ। ਇਹ ਸਭ ਡਾ. ਰੰਧਾਵਾ ਦੀ ਪਹਿਲਾਂ ਤੋਂ ਉਲੀਕੀ ਵਿਗਿਆਨਕ ਸੋਚ ਦਾ ਨਤੀਜਾ ਹੈ। ਉਨ੍ਹਾਂ ਨੇ ਇਹ ਵੀ ਧਿਆਨ ਰੱਖਿਆ ਕਿ ਉੱਤਰ-ਦੱਖਣ ਅਤੇ ਪੂਰਬ-ਪੱਛਮ ਵੱਲ ਜਾਣ ਵਾਲੀਆਂ ਸੜਕਾਂ 'ਤੇ ਕਿਸ ਤਰ੍ਹਾਂ ਦੇ ਰੁੱਖ ਹੋਣ। ਪੂਰਬ-ਪੱਛਮ ਵਾਲੀਆਂ ਸੜਕਾਂ 'ਤੇ ਅਜਿਹੇ ਰੁੱਖ ਲਗਾਏ ਗਏ ਜੋ ਗਰਮੀਆਂ ਦੀ ਕੜਕਦੀ ਧੁੱਪ ਵਿੱਚ ਸੰਘਣੀ ਛਾਂ ਦੇਣ ਅਤੇ ਸਰਦੀਆਂ ਵਿੱਚ ਜਿਨ੍ਹਾਂ ਦੇ ਪੱਤੇ ਝੜ ਜਾਣ ਤਾਂ ਜੋ ਲੋਕਾਂ ਨੂੰ ਪੂਰੀ ਧੁੱਪ ਮਿਲ ਸਕੇ। ਇਸ ਤੋਂ ਇਲਾਵਾ ਰੁੱਖਾਂ ਦੀ ਉਚਾਈ ਅਤੇ ਜੜ੍ਹਾਂ ਦਾ ਫੈਲਾਅ ਵੀ ਇਸ ਤਰ੍ਹਾਂ ਚੁਣਿਆ ਗਿਆ ਕਿ ਉਹ ਨਾ ਤਾਂ ਸ਼ਹਿਰ ਦੀਆਂ ਬਿਜਲੀ ਅਤੇ ਟੈਲੀਫੋਨ ਦੀਆਂ ਤਾਰਾਂ ਨਾਲ ਟਕਰਾਉਣ ਅਤੇ ਨਾ ਹੀ ਅੰਡਰਗਰਾਊਂਡ ਸੀਵਰੇਜ ਸਿਸਟਮ ਨੂੰ ਨੁਕਸਾਨ ਪਹੁੰਚਾਉਣ।

ਜ਼ਾਕਿਰ ਹੁਸੈਨ ਰੋਜ਼ ਗਾਰਡਨ ਤੋਂ ਲੈ ਕੇ ਆਰਟ ਮਿਊਜ਼ੀਅਮ ਸਭ ਡਾ. ਰੰਧਾਵਾ ਦੀ ਦੇਣ
ਡਾ. ਮਹਿੰਦਰ ਸਿੰਘ ਰੰਧਾਵਾ (M.S. Randhawa) ਦੇ ਪੋਤੇ ਰਣਜੀਤ ਸਿੰਘ ਅਤੇ ਸਤਿੰਦਰ ਸਿੰਘ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਡਾ. ਰੰਧਾਵਾ ਦੀਆਂ ਤਮਾਮ ਪ੍ਰਾਪਤੀਆਂ ਦਾ ਜ਼ਿਕਰ ਕੀਤਾ। ਉਹਨਾਂ ਦੱਸਿਆ ਕਿ "ਚੰਡੀਗੜ੍ਹ ਦੇ ਹਰ ਕੋਨੇ ਵਿੱਚ ਉਹਨਾਂ ਦੀ ਰੂਹ ਨੂੰ ਮਹਿਸੂਸ ਕੀਤਾ ਜਾ ਸਕਦਾ ਹੈ। ਡਾ. ਐੱਮਐੱਸ ਰੰਧਾਵਾ ਦੀਆਂ ਇੰਨੀਆਂ ਪ੍ਰਾਪਤੀਆਂ 'ਤੇ ਉਹਨਾਂ ਨੂੰ ਮਾਣ ਮਹਿਸੂਸ ਹੁੰਦਾ ਹੈ। ਸੈਕਟਰ-16 ਵਿੱਚ ਸਥਿਤ 'ਰੋਜ਼ ਗਾਰਡਨ' ਅੱਜ ਏਸ਼ੀਆ ਦੇ ਸਭ ਤੋਂ ਵੱਡੇ ਅਤੇ ਸਭ ਤੋਂ ਖੂਬਸੂਰਤ ਗੁਲਾਬ ਦੇ ਬਾਗਾਂ ਵਿੱਚੋਂ ਇੱਕ ਹੈ। 30 ਏਕੜ ਵਿੱਚ ਫੈਲਿਆ ਇਹ ਗਾਰਡਨ ਡਾ. ਰੰਧਾਵਾ ਦਾ ਡ੍ਰੀਮ ਪ੍ਰੋਜੈਕਟ ਸੀ। ਉਨ੍ਹਾਂ ਨੇ 1967 ਵਿੱਚ ਭਾਰਤ ਦੇ ਸਾਬਕਾ ਰਾਸ਼ਟਰਪਤੀ ਡਾ. ਜ਼ਾਕਿਰ ਹੁਸੈਨ ਦੇ ਨਾਂ 'ਤੇ ਇਸ ਗਾਰਡਨ ਦੀ ਨੀਂਹ ਰੱਖੀ। ਡਾ. ਰੰਧਾਵਾ ਨੇ ਇਸ ਨੂੰ ਸਿਰਫ਼ ਇੱਕ ਆਮ ਪਾਰਕ ਨਹੀਂ ਰਹਿਣ ਦਿੱਤਾ। ਉਨ੍ਹਾਂ ਨੇ ਦੁਨੀਆ ਭਰ ਤੋਂ ਗੁਲਾਬ ਦੀਆਂ 1600 ਤੋਂ ਵੱਧ ਕਿਸਮਾਂ ਮੰਗਵਾ ਕੇ ਇੱਥੇ ਲਗਵਾਈਆਂ। ਉਨ੍ਹਾਂ ਦਾ ਵਿਜ਼ਨ ਸੀ ਕਿ ਸ਼ਹਿਰ ਦੇ ਲੋਕਾਂ ਕੋਲ ਕੰਕਰੀਟ ਦੀਆਂ ਇਮਾਰਤਾਂ ਤੋਂ ਦੂਰ ਇੱਕ ਅਜਿਹੀ ਥਾਂ ਹੋਵੇ, ਜਿੱਥੇ ਉਹ ਕੁਦਰਤ ਦੀ ਸੁੰਦਰਤਾ, ਫੁੱਲਾਂ ਦੀ ਮਹਿਕ ਅਤੇ ਸ਼ਾਂਤੀ ਦਾ ਆਨੰਦ ਮਾਣ ਸਕਣ। ਰੋਕ ਗਾਰਡਨ ਉਹਨਾਂ ਦੇ ਕਲਾ ਪ੍ਰੇਮੀ ਦਿਮਾਗ ਦੀ ਸੀ ਸਭ ਤੋਂ ਅਦਭੁੱਤ ਕਾਡ ਸੀ ਉਹਨਾਂ ਨੇ ਰੋਕ ਗਾਰਡਨ ਵਜੋਂ ਅਜਿਹੀ ਮਿਸਾਲ ਪੇਸ਼ ਕੀਤੀ ਜਿਦੇ ਚਰਚਾ ਵਿਸ਼ਵ ਭਰ ਵਿਚ ਹੁੰਦੇ ਹਨ।"

"ਚੰਡੀਗੜ੍ਹ ਨੂੰ ਸਿਰਫ਼ ਪ੍ਰਸ਼ਾਸਨਿਕ ਰਾਜਧਾਨੀ ਨਹੀਂ ਸਗੋਂ ਇੱਕ ਸੱਭਿਆਚਾਰਕ ਰਾਜਧਾਨੀ ਬਣਾਉਣਾ ਵੀ ਡਾ. ਰੰਧਾਵਾ ਦਾ ਟੀਚਾ ਸੀ। ਡਾ. ਰੰਧਾਵਾ ਕਲਾ ਦੇ ਬਹੁਤ ਵੱਡੇ ਪਾਰਖੂ ਅਤੇ ਸਰਪ੍ਰਸਤ ਸਨ। ਉਨ੍ਹਾਂ ਨੇ ਸੈਕਟਰ-10 ਵਿੱਚ 'ਗੌਰਮਿੰਟ ਮਿਊਜ਼ੀਅਮ ਅਤੇ ਆਰਟ ਗੈਲਰੀ' ਦੀ ਸਥਾਪਨਾ ਕਰਵਾਈ, ਜੋ ਅੱਜ ਦੇਸ਼ ਦੇ ਸਭ ਤੋਂ ਵੱਕਾਰੀ ਅਜਾਇਬ ਘਰਾਂ ਵਿੱਚ ਗਿਣਿਆ ਜਾਂਦਾ ਹੈ। ਅੱਜ ਵੀ ਆਰਟ ਮਿਊਜ਼ੀਅਮ ਵਿਚ ਉਹਨਾਂ ਦੀਆਂ ਯਾਦਾਂ ਨੂੰ ਸੰਜੋਅ ਕੇ ਰੱਖਿਆ ਗਿਆ ਹੈ।"- ਰਣਜੀਤ ਸਿੰਘ, ਡਾ. ਮਹਿੰਦਰ ਸਿੰਘ ਰੰਧਾਵਾ ਦੇ ਪੋਤੇ

ਹਰੀ ਕ੍ਰਾਂਤੀ ਦੇ ਮਹਾਨਾਇਕ
ਚੰਡੀਗੜ੍ਹ ਤੋਂ ਬਾਹਰ ਨਿਕਲ ਕੇ ਜੇਕਰ ਅਸੀਂ ਪੂਰੇ ਪੰਜਾਬ ਅਤੇ ਭਾਰਤ ਦੀ ਗੱਲ ਕਰੀਏ ਤਾਂ ਡਾ. ਰੰਧਾਵਾ ਦਾ ਨਾਂ ਭਾਰਤ ਦੇ ਖੇਤੀਬਾੜੀ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਵਿੱਚ ਦਰਜ ਹੈ। ਡਾ. ਰੰਧਾਵਾ ਆਪਣੀ ਕਿਤਾਬ ‘ਆਪ ਬੀਤੀ’ ਵਿਚ ਲਿਖਦੇ ਹਨ ਕਿ 1960 ਦੇ ਦਹਾਕੇ ਵਿੱਚ ਭਾਰਤ ਭਾਰੀ ਅੰਨ ਸੰਕਟ ਵਿੱਚੋਂ ਗੁਜ਼ਰ ਰਿਹਾ ਸੀ। ੳੇਸ ਵੇਲੇ ਉਹ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਸਨ। ਉਨ੍ਹਾਂ ਨੇ ਯੂਨੀਵਰਸਿਟੀ ਦੀਆਂ ਲੈਬਾਰਟਰੀਆਂ ਵਿੱਚ ਹੋ ਰਹੀਆਂ ਖੋਜਾਂ ਨੂੰ ਖੇਤਾਂ ਤੱਕ, ਯਾਨੀ ਕਿਸਾਨਾਂ ਤੱਕ ਪਹੁੰਚਾਉਣ ਦਾ ਕ੍ਰਾਂਤੀਕਾਰੀ ਕੰਮ ਕੀਤਾ। ਨੋਬਲ ਪੁਰਸਕਾਰ ਜੇਤੂ ਡਾ. ਨਾਰਮਨ ਬੋਰਲਾਗ ਅਤੇ ਡਾ. ਐੱਮ.ਐੱਸ. ਸਵਾਮੀਨਾਥਨ ਨਾਲ ਮਿਲ ਕੇ ਉਨ੍ਹਾਂ ਨੇ ਮੈਕਸੀਕੋ ਤੋਂ ਆਏ ਕਣਕ ਦੇ ਉੱਨਤ ਬੀਜਾਂ ਨੂੰ ਪੰਜਾਬ ਦੇ ਵਾਤਾਵਰਣ ਦੇ ਅਨੁਕੂਲ ਬਣਾਉਣ ਅਤੇ ਕਿਸਾਨਾਂ ਨੂੰ ਇਸਦੀ ਵਰਤੋਂ ਲਈ ਪ੍ਰੇਰਿਤ ਕਰਨ ਵਿੱਚ ਦਿਨ-ਰਾਤ ਇੱਕ ਕਰ ਦਿੱਤਾ। ਕਿਸਾਨਾਂ ਨੂੰ ਨਵੀਆਂ ਤਕਨੀਕਾਂ, ਰਸਾਇਣਕ ਖਾਦਾਂ ਅਤੇ ਸਿੰਚਾਈ ਦੇ ਆਧੁਨਿਕ ਤਰੀਕਿਆਂ ਨਾਲ ਜੋੜਿਆ। ਉਨ੍ਹਾਂ ਦੇ ਇਸੇ ਅਣਥੱਕ ਯਤਨ ਦਾ ਨਤੀਜਾ ਸੀ ਕਿ ਪੰਜਾਬ ਵਿੱਚ 'ਹਰੀ ਕ੍ਰਾਂਤੀ' ਸਫਲ ਹੋਈ ਅਤੇ ਭਾਰਤ ਕਣਕ ਉਤਪਾਦਨ ਵਿੱਚ ਆਤਮ-ਨਿਰਭਰ ਬਣ ਕੇ ਉੱਭਰਿਆ। ਪੰਜਾਬ ਨੂੰ ਭਾਰਤ ਦਾ 'ਅੰਨ ਦਾ ਕਟੋਰਾ' ਬਣਾਉਣ ਵਿੱਚ ਉਨ੍ਹਾਂ ਦੀ ਭੂਮਿਕਾ ਕਿਸੇ ਵੀ ਖੇਤੀਬਾੜੀ ਵਿਗਿਆਨੀ ਤੋਂ ਘੱਟ ਨਹੀਂ ਸੀ। ਡਾ. ਮਹਿੰਦਰ ਸਿੰਘ ਰੰਧਾਵਾ ਹੀ ਉਹ ਸਖ਼ਸ਼ ਸਨ ਜਿਹਨਾਂ ਨੇ ਖੇਤੀਬਾੜੀ ਲਈ ਟਿਊਬਵੈੱਲ ਅਤੇ ਟਰੈਕਟਰਾਂ ਦੀ ਪਿਰਤ ਪਾਈ।

ਸਾਹਿਤ, ਕਲਾ ਅਤੇ ਲੋਕ ਸੱਭਿਆਚਾਰ ਦੇ ਪਰਮ ਰਾਖੇ
ਇਹ ਹੈਰਾਨੀ ਦੀ ਗੱਲ ਹੈ ਕਿ ਜੋ ਵਿਅਕਤੀ ਸਾਰਾ ਦਿਨ ਫਾਈਲਾਂ, ਪ੍ਰਸ਼ਾਸਨਿਕ ਮੀਟਿੰਗਾਂ ਅਤੇ ਵਿਕਾਸ ਯੋਜਨਾਵਾਂ ਵਿੱਚ ਰੁੱਝਿਆ ਰਹਿੰਦਾ ਸੀ, ਉਸਦੇ ਅੰਦਰ ਇੱਕ ਬਹੁਤ ਹੀ ਕੋਮਲ ਦਿਲ ਵਾਲਾ ਕਵੀ, ਲੇਖਕ ਅਤੇ ਕਲਾ ਸਮੀਖਿਅਕ ਵੀ ਵੱਸਦਾ ਸੀ। ਉਨ੍ਹਾਂ ਨੇ ਆਪਣੇ ਜੀਵਨ ਕਾਲ ਵਿੱਚ ਅੰਗਰੇਜ਼ੀ, ਹਿੰਦੀ ਅਤੇ ਪੰਜਾਬੀ ਵਿੱਚ 50 ਤੋਂ ਵੱਧ ਕਿਤਾਬਾਂ ਲਿਖੀਆਂ। ਡਾ. ਰੰਧਾਵਾ ਨੇ ਹਿਮਾਲਿਆ ਦੀਆਂ ਤਲਹੱਟੀਆਂ ਵਿੱਚ ਪਨਪੀ 'ਕਾਂਗੜਾ ਚਿੱਤਰਕਲਾ' (Kangra Paintings) ਅਤੇ 'ਬਸੋਹਲੀ ਚਿੱਤਰਕਲਾ' (Basohli Paintings) ਨੂੰ ਪੂਰੀ ਦੁਨੀਆ ਦੇ ਸਾਹਮਣੇ ਪੇਸ਼ ਕੀਤਾ। ਉਨ੍ਹਾਂ ਨੇ ਇਨ੍ਹਾਂ ਚਿੱਤਰ-ਸ਼ੈਲੀਆਂ 'ਤੇ ਡੂੰਘੀ ਖੋਜ ਕੀਤੀ ਅਤੇ 'ਕਾਂਗੜਾ ਵੈਲੀ ਪੇਂਟਿੰਗਜ਼' ਵਰਗੀਆਂ ਵਿਸ਼ਵ ਪ੍ਰਸਿੱਧ ਕਿਤਾਬਾਂ ਲਿਖੀਆਂ। ਜੇਕਰ ਰੰਧਾਵਾ ਨਾ ਹੁੰਦੇ, ਤਾਂ ਸ਼ਾਇਦ ਭਾਰਤ ਦੀਆਂ ਇਹ ਅਨਮੋਲ ਚਿੱਤਰ-ਸ਼ੈਲੀਆਂ ਗੁੰਮਨਾਮੀ ਦੇ ਹਨੇਰੇ ਵਿੱਚ ਗੁਆਚ ਜਾਂਦੀਆਂ। ਡਾ. ਰੰਧਾਵਾ ਦੀ ਜ਼ਿੰਦਗੀ ਸਬੰਧੀ ਪੂਰੀ ਜਾਣਕਾਰੀ ਉਹਨਾਂ ਦੀ ਆਤਮ ਕਥਾ 'ਆਪ ਬੀਤੀ' ਵਿੱਚ ਦਰਜ ਹੈ।

ਲੋਕ ਗੀਤਾਂ ਦੀ ਸੰਭਾਲ
ਪੰਜਾਬ ਕਲਾ ਪ੍ਰੀਸ਼ਦ ਦੇ ਮੈਂਬਰ ਪ੍ਰੀਤਮ ਸਿੰਘ ਰੁਪਾਲ ਦਾ ਕਹਿਣਾ ਹੈ ਕਿ "ਡਾ. ਐਮਐਸ ਰੰਧਾਵਾ ਦਾ ਕਲਾ ਨੂੰ ਬਚਾਉਣ ਵਿੱਚ ਵੀ ਵੱਡਾ ਯੋਗਦਾਨ ਹੈ। ਡਾ. ਰੰਧਾਵਾ ਨੂੰ ਇਸ ਗੱਲ ਦਾ ਅਹਿਸਾਸ ਸੀ ਕਿ ਆਧੁਨਿਕਤਾ ਦੀ ਹਨੇਰੀ ਵਿੱਚ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੇ ਪੇਂਡੂ ਲੋਕ ਗੀਤ ਅਲੋਪ ਹੋ ਜਾਣਗੇ। ਉਨ੍ਹਾਂ ਨੇ ਪਿੰਡ-ਪਿੰਡ ਜਾ ਕੇ ਲੋਕ ਗੀਤਾਂ ਦਾ ਸੰਕਲਨ ਕੀਤਾ ਅਤੇ ਉਨ੍ਹਾਂ ਨੂੰ ਕਿਤਾਬਾਂ ਦੇ ਰੂਪ ਵਿੱਚ ਪ੍ਰਕਾਸ਼ਿਤ ਕਰਵਾਇਆ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਆਪਣੀਆਂ ਜੜ੍ਹਾਂ ਅਤੇ ਆਪਣੇ ਸੱਭਿਆਚਾਰ ਨੂੰ ਨਾ ਭੁੱਲਣ।“ ਉਹਨਾਂ ਦੱਸਿਆ ਕਿ ਚੰਡੀਗੜ੍ਹ ਦਾ ਕਲਾ ਭਵਨ ਵੀ ਡਾ. ਐਮਐਸ ਰੰਧਾਵਾ ਦੀ ਦੇਣ ਹੈ ਜਿਸਦਾ ਮਕਸਦ ਕਲਾ ਖੇਤਰ ਦੀਆਂ ਸਖ਼ਸ਼ੀਅਤਾਂ ਨੂੰ ਇਕਜੁੱਟ ਕਰਕੇ ਰੱਖਣਾ ਹੈ।"
“ਜਿੰਨੀ ਵੱਡੀ ਦੇਣ ਓਨਾ ਵੱਡਾ ਮਾਣ ਨਹੀਂ ਮਿਲਿਆ”
ਡਾ. ਐਮਐੱਸ ਰੰਧਾਵਾ ਦੀ ਜ਼ਿੰਦਗੀ 'ਤੇ ਕਿਤਾਬ 'A Legend Unfolded: Dr. M.S Randhawa' ਲਿਖਣ ਵਾਲੇ ਲੇਖਕ ਡਾ. ਰਵੀਦਿੱਤ ਸਿੰਘ ਵੀ ਡਾ. ਰੰਧਾਵਾ ਦੀ ਸਖ਼ਸ਼ੀਅਤ ਤੋਂ ਕਾਫ਼ੀ ਪ੍ਰਭਾਵਿਤ ਹਨ। ਡਾ. ਰਵੀਦਿੱਤ ਸਿੰਘ ਕਹਿੰਦੇ ਹਨ ਕਿ ਉਹ ਜਿੰਨੀ ਵੱਡੀ ਸਖ਼ਸ਼ੀਅਤ ਦੇ ਮਾਲਕ ਹਨ ਉਹਨਾਂ ਵੱਡਾ ਮਾਣ ਸਨਮਾਣ ਉਹਨਾਂ ਨੂੰ ਨਹੀਂ ਮਿਲਿਆ। ਰਵੀਦਿੱਤ ਸਿੰਘ ਜ਼ਿਕਰ ਕਰਦੇ ਹਨ ਕਿ ਡਾਕਟਰ ਮਹਿੰਦਰ ਸਿੰਘ ਰੰਧਾਵਾ ਚੰਡੀਗੜ੍ਹ ਦੇ ਪਹਿਲੇ ਚੀਫ ਕਮਿਸ਼ਨਰ ਬਣੇ। ਉਹਨਾਂ ਨੇ ਲੈਂਡਸਕੇਪ ਕਮੇਟੀ ਦੇ ਚੇਅਰਮੈਨ ਰਹਿੰਦੇ ਹੋਏ ਚੰਡੀਗੜ੍ਹ ਦੇ ਵਿੱਚ ਦਰੱਖਤ ਅਤੇ ਬੂਟੇ ਲਵਾਏ ਜਿਨ੍ਹਾਂ ਉਪਰ ਪੱਤਝੜ ਨਹੀਂ ਆਉਂਦੀ ਰੋਜ਼ ਗਾਰਡਨ ਉਸਦੀ ਮੁੱਖ ਉਦਾਹਰਣ ਹੈ। ਚੰਡੀਗੜ੍ਹ ਵਿੱਚ ਆਰਟ ਗੈਲਰੀਆਂ ਅਤੇ ਕਲਾ ਭਵਨ ਬਣਾਉਣਾ ਡਾ. ਮਹਿੰਦਰ ਸਿੰਘ ਰੰਧਾਵਾ ਦੀ ਦੂਰ ਦ੍ਰਿਸ਼ਟੀ ਸੀ ਕਿਉਂ ਕਿ ਉਹ ਮੰਨਦੇ ਸਨ ਕਲਾ ਨੂੰ ਪ੍ਰਫ਼ੁੱਲਤ ਕਰਨ ਅਤੇ ਸਾਂਭਣ ਦੀ ਲੋੜ ਹੈ। ਡਾ. ਮਹਿੰਦਰ ਸਿੰਘ ਰੰਧਾਵਾ ਜੀ ਸਹਿਤ ਅਤੇ ਕਲਾ ਦੇ ਪ੍ਰੇਮੀ ਸਨ। ਵੰਡ ਤੋਂ ਬਾਅਦ ਕਲਾਕਾਰਾਂ ਅਤੇ ਸਾਹਿਤਕਾਰਾਂ ਨੂੰ ਸਰਪ੍ਰਸਤੀ ਦਿੰਦੇ ਹੋਏ ਮਹਿੰਦਰ ਸਿੰਘ ਰੰਧਾਵਾ ਨੇ ਉਨ੍ਹਾਂ ਦੀ ਕਲਾ ਅਤੇ ਸਾਹਿਤ ਨੂੰ ਲੋਕਾਂ ਸਾਹਮਣੇ ਲਿਆਉਣ ਵਿਚ ਮਦਦ ਕੀਤੀ। ਚੰਡੀਗੜ੍ਹ ਵਿਚ ਸਾਹਿਤਕਾਰਾਂ ਨੂੰ ਸਸਤੇ ਰੇਟਾਂ ਤੇ ਘਰ ਦੇ ਇਸ ਸ਼ਹਿਰ ਦੀ ਕੋਮਲਤਾ ਨੂੰ ਸਥਾਪਿਤ ਕਰਨ ਵਿਚ ਯੋਗਦਾਨ ਪਾਇਆ। ਉਦਾਹਰਨ ਵਜੋਂ ਸੋਭਾ ਸਿੰਘ ਦੀਆਂ ਪੈਂਟਿੰਗ ਦੀ ਪ੍ਰਦਰਸ਼ਨੀ ਲਵਾ ਕੇ ਉਹਨਾਂ ਦੀ ਕਲਾ ਨੂੰ ਸਥਾਪਿਤ ਕਰਨ ਵਿਚ ਮਦਦ ਕੀਤੀ। ਪੰਜਾਬ ਦੇ ਸਾਹਿਤਕਾਰ ਅੰਮ੍ਰਿਤਾ ਪ੍ਰੀਤਮ, ਸੁਰਜੀਤ ਪਾਤਰ, ਪ੍ਰੋ ਮੋਹਨ ਸਿੰਘ ਅਤੇ ਸ਼ਿਵ ਕੁਮਾਰ ਬਟਾਲਵੀ ਆਦਿ ਵਰਗਿਆਂ ਅਨੇਕਾਂ ਸਾਹਿਤਕਾਰਾਂ ਨੂੰ ਸਾਹਿਤ ਦੇ ਖੇਤਰ ਵਿਚ ਸਥਾਪਿਤ ਕਰਨ ਵਿੱਚ ਮਦਦ ਕੀਤੀ ।

ਨਿੱਜੀ ਜ਼ਿੰਦਗੀ ਵਿੱਚ ਕਿਹੋ ਜਿਹੇ ਸਨ ਡਾ. ਰੰਧਾਵਾ ?
ਡਾ. ਐੱਮਐੱਸ ਰੰਧਾਵਾ ਪੋਤੇ ਰਣਜੀਤ ਸਿੰਘ ਅਤੇ ਸਤਿੰਦਰ ਸਿੰਘ ਕਹਿੰਦੇ ਹਨ ਕਿ "ਉਹਨਾਂ ਨੇ ਆਪਣੇ ਪਰਿਵਾਰ ਨੂੰ ਕਦੇ ਵੀ ਪਹਿਲ ਨਹੀਂ ਦਿੱਤੀ। ਉਹ ਆਪਣੇ ਖੋਜ ਅਤੇ ਪ੍ਰਸ਼ਾਸਨਿਕ ਕੰਮਾਂ ਵਿਚ ਜ਼ਿਆਦਾ ਰੁੱਝੇ ਰਹਿੰਦੇ ਸਨ। ਉਹਨਾਂ ਨੂੰ ਆਪਣੇ ਰੁਝੇਵਿਆਂ ਤੋਂ ਵਿਹਲ ਨਹੀਂ ਸੀ ਅਤੇ ਨਾ ਹੀ ਉਹਨਾਂ ਨੂੰ ਆਪਣੇ ਕੰਮਾਂ ਵਿੱਚ ਦਖ਼ਲਅੰਦਾਜ਼ੀ ਪਸੰਦ ਸੀ। ਉਹ ਆਪਣੇ ਨਿੱਜੀ ਜ਼ਿੰਦਗੀ ਵਿੱਚ ਸਫ਼ਤ ਮਿਜਾਜ਼ ਦੇ ਸਨ। ਡਾ. ਰੰਧਾਵਾ ਦਾ ਘਰ ਵਿੱਚ ਇੱਕ ਖਾਸ ਕਮਰਾ ਬਣਿਆ ਹੋਇਆ ਅਤੇ ਦਿਨ ਦਾ ਜ਼ਿਆਦਾਤਰ ਸਮਾਂ ਉਹ ਉਸ ਕਮਰੇ ਵਿੱਚ ਹੀ ਬਿਤਾਉਂਦੇ ਸਨ। ਆਪਣੇ ਬਚਪਨ ਦੀਆਂ ਮਿੱਠੀਆਂ ਯਾਦਾਂ ਨੂੰ ਯਾਦ ਕਰਦੇ ਹੋਏ ਰਣਜੀਤ ਸਿੰਘ ਦੱਸਦੇ ਹਨ ਕਿ ਉਹਨਾਂ ਨੂੰ ਦਾਦਾ ਐੱਮਐੱਸ ਰੰਧਾਵਾ ਦਾ ਸਾਥ ਉਸ ਤਰ੍ਹਾਂ ਨਹੀਂ ਮਿਲਿਆ ਜਿਸ ਤਰ੍ਹਾਂ ਬਾਕੀ ਬੱਚਿਆਂ ਨੂੰ ਮਿਲਦਾ ਹੈ। ਉਹ ਆਪਣੀ ਦਾਦੀ ਦੀ ਛੱਤਰ ਛਾਇਆ ਹੇਠ ਵੱਡੇ ਹੋਏ। ਉਹਨਾਂ ਦੇ ਬਚਪਨ ਦਾ ਜ਼ਿਆਦਾਤਰ ਸਮਾਂ ਦਾਦੀ ਨਾਲ ਬਤੀਤ ਹੋਇਆ। ਪਰ ਅਕਸਰ ਉਹ ਆਪਣੇ ਦਾਦਾ ਐੱਮਐੱਸ ਰੰਧਾਵਾ ਦੀਆਂ ਇਹਨਾਂ ਪ੍ਰਾਪਤੀਆਂ 'ਤੇ ਮਾਣ ਮਹਿਸੂਸ ਕਰਦੇ ਹਨ। ਉਹਨਾਂ ਨੂੰ ਇਸ ਗੱਲ ਦਾ ਮਲਾਲ ਵੀ ਹੈ ਕਿ ਜਿੰਨੀ ਵੱਡੀ ਉਹਨਾਂ ਦੀ ਸਖ਼ਸ਼ੀਅਤ ਸੀ ਉਨ੍ਹਾਂ ਵੱਡਾ ਮਾਣ ਸਨਮਾਨ ਉਹਨਾਂ ਨੂੰ ਨਹੀਂ ਮਿਲਿਆ।"
"ਉਹਨਾਂ ਦੇ ਸੁਪਨਿਆਂ ਜੱਦੀ ਘਰ ਢਹਿ ਗਿਆ"
ਡਾ. ਰੰਧਾਵਾ ਦੇ ਪੋਤੇ ਸਤਿੰਦਰ ਸਿੰਘ ਕਹਿੰਦੇ ਹਨ ਕਿ "ਪਿੰਡ ਬੋਦਲਾ ਵਿਚ ਉਹਨਾਂ ਦਾ ਜੱਦੀ ਘਰ ਹੁਣ ਢਹਿ ਗਿਆ ਹੈ। ਬਦਕਿਸਮਤੀ ਨਾਲ ਉਸਦੀ ਸਾਂਭ ਸੰਭਾਲ ਨਹੀਂ ਹੋ ਸਕੀ। ਪਰ ਸੂਫ਼ੀ ਗਾਇਕ ਸਤਿੰਦਰ ਸਰਤਾਜ ਜੋ ਕਿ ਡਾ. ਐਮਐਸ ਰੰਧਾਵਾ ਦੇ ਵੱਡੇ ਫੈਨ ਹਨ ਉਹ ਮੁੜ ਤੋਂ ਉਹਨਾਂ ਦੇ ਜੱਦੀ ਘਰ ਨੂੰ ਸੁਰਜੀਤ ਕਰਨਾ ਚਾਹੁੰਦੇ ਹਨ। ਇਸ ਲਈ ਉਹਨਾਂ ਨੇ ਪਰਿਵਾਰ ਤੱਕ ਪਹੁੰਚ ਕੀਤੀ ਹੈ। ਸਰਤਾਜ ਫਾਊਂਡੇਸ਼ਨ ਦੀ ਮਦਦ ਨਾਲ ਪਰਿਵਾਰ ਜਿੱਥੇ ਆਪਣੇ ਜੱਦੀ ਘਰ ਨੂੰ ਪੁਨਰ ਸੁਰਜੀਤ ਕਰੇਗਾ ਉੱਥੇ ਹੀ ਉਹਨਾਂ ਦੀ ਯਾਦ ਵਿਚ ਪਿੰਡ ਬੋਦਲਾ ਜ਼ਿਲ੍ਹਾ ਹੁਸ਼ਿਆਰਪੁਰ ਵਿਚ ਮਿਊਜ਼ੀਅਮ ਵੀ ਬਣਾਇਆ ਜਾਵੇਗਾ। ਹਾਲਾਂਕਿ ਡਾ. ਰੰਧਾਵਾ ਦੀ ਕਾਰ ਦਾ ਜੋ ਨੰਬਰ ਸੀ ਉਹ ਹੁਣ ਉਨ੍ਹਾਂ ਦੇ ਪੋਤੇ ਦੇ ਨਾਂ ਉੱਤੇ ਟ੍ਰਾਂਸਫਰ ਹੋ ਗਿਆ ਹੈ।"

ਅਕਾਲ ਚਲਾਣਾ ਅਤੇ ਇੱਕ ਅਮਰ ਵਿਰਾਸਤ
ਡਾ. ਐੱਮ ਐੱਸ ਰੰਧਾਵਾ ਦੇ ਪੋਤੇ ਰਣਜੀਤ ਸਿੰਘ ਆਪਣੇ ਦਾਦੇ ਨੂੰ ਯਾਦ ਕਰਦਿਆਂ ਦੱਸਦੇ ਹਨ ਕਿ "ਡਾ. ਐੱਮ.ਐੱਸ. ਰੰਧਾਵਾ ਨੇ ਆਪਣਾ ਪੂਰਾ ਜੀਵਨ ਦੇਸ਼, ਕੁਦਰਤ, ਕਲਾ ਅਤੇ ਸਮਾਜ ਦੀ ਸੇਵਾ ਵਿੱਚ ਸਮਰਪਿਤ ਕਰ ਦਿੱਤਾ। ਸੇਵਾਮੁਕਤੀ ਤੋਂ ਬਾਅਦ ਉਹ ਪੰਜਾਬ ਦੇ ਖਰੜ ਕੋਲ ਆਪਣੇ ਫਾਰਮ ਹਾਊਸ ਵਿੱਚ ਰਹਿਣ ਲੱਗੇ, ਜਿੱਥੇ ਉਹ ਆਪਣੀਆਂ ਕਿਤਾਬਾਂ ਅਤੇ ਕੁਦਰਤ ਦੇ ਵਿਚਕਾਰ ਸਮਾਂ ਬਿਤਾਉਂਦੇ ਸਨ। 3 ਮਾਰਚ 1986 ਨੂੰ 79 ਸਾਲ ਦੀ ਉਮਰ ਵਿੱਚ ਇਸ ਮਹਾਨ ਸ਼ਖਸੀਅਤ ਨੇ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਉਹਨਾਂ ਦਾ ਦੇਹਾਂਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਸੀ।"
ਡਾ. ਐੱਮ.ਐੱਸ. ਰੰਧਾਵਾ ਇੱਕ ਅਜਿਹੇ ਵਿਰਲੇ ਅਤੇ ਬਹੁ-ਪੱਖੀ ਵਿਅਕਤੀ ਸਨ ਜਿਨ੍ਹਾਂ ਵਿੱਚ ਇੱਕ ਵਿਗਿਆਨੀ ਦਾ ਤਰਕਸ਼ੀਲ ਦਿਮਾਗ, ਇੱਕ ਕੁਸ਼ਲ ਪ੍ਰਸ਼ਾਸਕ ਦੀ ਸਖਤੀ ਤੇ ਫੈਸਲੇ ਲੈਣ ਦੀ ਸਮਰੱਥਾ ਅਤੇ ਇੱਕ ਕਲਾਕਾਰ ਤੇ ਕਵੀ ਦਾ ਸੰਵੇਦਨਸ਼ੀਲ ਦਿਲ ਮੌਜੂਦ ਸੀ। ਉਹ ਉਸ ਪੀੜ੍ਹੀ ਦੇ ਅਧਿਕਾਰੀ ਸਨ ਜਿਨ੍ਹਾਂ ਨੇ ਨਵੇਂ-ਆਜ਼ਾਦ ਭਾਰਤ ਦੇ ਨਿਰਮਾਣ ਨੂੰ ਇੱਕ ਨੌਕਰੀ ਨਹੀਂ, ਸਗੋਂ ਇੱਕ ਮਿਸ਼ਨ ਸਮਝਿਆ ਸੀ। ਅੱਜ ਚੰਡੀਗੜ੍ਹ ਵਿੱਚ ਮੌਜੂਦ ਹਰ ਇੱਕ ਛਾਂਦਾਰ ਰੁੱਖ, ਰੋਜ਼ ਗਾਰਡਨ ਵਿੱਚ ਖਿੜਦਾ ਹੋਇਆ ਹਰ ਇੱਕ ਗੁਲਾਬ ਦਾ ਫੁੱਲ, ਮਿਊਜ਼ੀਅਮ ਵਿੱਚ ਟੰਗੀ ਹਰ ਇੱਕ ਪੇਂਟਿੰਗ ਅਤੇ ਪੰਜਾਬ ਦੇ ਖੇਤਾਂ ਵਿੱਚ ਲਹਿਰਾਉਂਦੀ ਕਣਕ ਦੀ ਹਰ ਇੱਕ ਬੱਲੀ ਡਾ. ਮਹਿੰਦਰ ਸਿੰਘ ਰੰਧਾਵਾ ਦੀ ਦੂਰਅੰਦੇਸ਼ੀ, ਉਨ੍ਹਾਂ ਦੇ ਸਮਰਪਣ ਅਤੇ ਉਨ੍ਹਾਂ ਦੇ ਕੁਦਰਤ ਪ੍ਰੇਮ ਦੀ ਮੂਕ ਗਵਾਹੀ ਦਿੰਦੀ ਹੈ। ਇਹ ਕਹਿਣਾ ਅਤਿਕਥਨੀ ਨਹੀਂ ਹੋਵੇਗਾ ਕਿ ਜੇਕਰ ਲੀ ਕਾਰਬੂਜ਼ੀਏ ਨੇ ਚੰਡੀਗੜ੍ਹ ਨੂੰ ਉਸਦਾ 'ਦਿਮਾਗ' (Brain) ਦਿੱਤਾ ਸੀ, ਤਾਂ ਡਾ. ਐੱਮ.ਐੱਸ. ਰੰਧਾਵਾ ਨੇ ਉਸ ਦਿਮਾਗ ਨੂੰ ਧੜਕਣ ਲਈ ਇੱਕ 'ਦਿਲ' (Heart) ਅਤੇ ਇੱਕ ਜਿਉਂਦੀ-ਜਾਗਦੀ 'ਰੂਹ' (Soul) ਪ੍ਰਦਾਨ ਕੀਤੀ। ਚੰਡੀਗੜ੍ਹ ਹਮੇਸ਼ਾ ਆਪਣੇ ਇਸ ਸੱਚੇ ਸਿਰਜਣਹਾਰ ਦਾ ਰਿਣੀ ਰਹੇਗਾ।


