ਪਟਵਾਰੀ 10 ਹਜ਼ਾਰ ਰਿਸ਼ਵਤ ਲੈਂਦਾ ਕਾਬੂ,ਵਿਜੀਲੈਂਸ ਨੇ ਕੀਤਾ ਐਕਸ਼ਨ
ਮੁਲਜ਼ਮ ਨੂੰ ਪਿੰਡ ਕੋਟ ਸ਼ਮੀਰ, ਜ਼ਿਲ੍ਹਾ ਬਠਿੰਡਾ ਦੇ ਇੱਕ ਵਸਨੀਕ ਦੀ ਸ਼ਿਕਾਇਤ ਦੇ ਅਧਾਰ 'ਤੇ ਗ੍ਰਿਫ਼ਤਾਰ ਕੀਤਾ ਗਿਆ ਹੈ।

Published : February 27, 2026 at 9:54 PM IST
ਬਠਿੰਡਾ: ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ, ਜ਼ਿਲ੍ਹਾ ਬਠਿੰਡਾ ਦੇ ਕੋਟ ਸ਼ਮੀਰ ਦੇ ਮਾਲ ਦਫ਼ਤਰ ਵਿਖੇ ਤਾਇਨਾਤ ਪਟਵਾਰੀ ਮਨਜੋਤ ਸਿੰਘ ਨੂੰ 10,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਦੱਸ ਦਈਏ ਕਿ ਇਸ ਪਟਵਾਰੀ ਨੂੰ ਕਾਬੂ ਕਰਨ ਲਈ ਵਿਜੀਲੈਂਸ ਬਿਊਰੋ ਨੇ ਇੱਕ ਜਾਲ ਵਿਛਾਇਆ ਸੀ, ਮੁਲਜ਼ਮ ਉਸ ਜਾਲ ਵਿੱਚ ਫਸ ਗਿਆ ਅਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
'ਇੰਤਕਾਲ ਬਦਲੇ 10 ਹਜ਼ਾਰ ਰੁਪਏ ਰਿਸ਼ਵਤ ਦੀ ਮੰਗ'
ਇਸ ਸਬੰਧੀ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ, 'ਉਕਤ ਮੁਲਜ਼ਮ ਨੂੰ ਪਿੰਡ ਕੋਟ ਸ਼ਮੀਰ, ਜ਼ਿਲ੍ਹਾ ਬਠਿੰਡਾ ਦੇ ਇੱਕ ਵਸਨੀਕ ਵੱਲੋਂ ਦਰਜ ਕਰਵਾਈ ਸ਼ਿਕਾਇਤ ਦੇ ਅਧਾਰ 'ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਸ਼ਿਕਾਇਤਕਰਤਾ ਆਪਣੇ ਰਿਸ਼ਤੇਦਾਰ ਦੀ ਜੱਦੀ ਜਾਇਦਾਦ ਦੇ ਇੰਤਕਾਲ ਲਈ ਮੁਲਜ਼ਮ ਪਟਵਾਰੀ ਨੂੰ ਮਿਲਿਆ ਸੀ। ਇਸ ਸਬੰਧੀ ਸ਼ਿਕਾਇਤਕਰਤਾ ਨੇ ਇਲਜ਼ਾਮ ਲਗਾਇਆ ਕਿ ਪਟਵਾਰੀ ਨੇ ਉਸ ਦੇ ਰਿਸ਼ਤੇਦਾਰ ਦੀ ਜਾਇਦਾਦ ਦੇ ਇੰਤਕਾਲ ਕਰਨ ਬਦਲੇ 10,000 ਰੁਪਏ ਰਿਸ਼ਵਤ ਦੀ ਮੰਗ ਕੀਤੀ।
ਸ਼ਿਕਾਇਤਕਰਤਾ ਨੇ ਰਿਸ਼ਵਤ ਦੀ ਮੰਗ ਸਬੰਧੀ ਸਾਰੀ ਗੱਲਬਾਤ ਕੀਤੀ ਰਿਕਾਰਡ
ਸ਼ਿਕਾਇਤਕਰਤਾ ਨੇ ਰਿਸ਼ਵਤ ਦੀ ਮੰਗ ਸਬੰਧੀ ਸਾਰੀ ਗੱਲਬਾਤ ਰਿਕਾਰਡ ਕਰ ਲਈ। ਸ਼ਿਕਾਇਤਕਰਤਾ ਰਿਸ਼ਵਤ ਨਹੀਂ ਦੇਣਾ ਚਾਹੁੰਦਾ ਸੀ ਇਸ ਲਈ ਉਸ ਨੇ ਪੰਜਾਬ ਵਿਜੀਲੈਂਸ ਬਿਊਰੋ ਰੇਂਜ, ਬਠਿੰਡਾ ਨਾਲ ਸੰਪਰਕ ਕੀਤਾ ਅਤੇ ਸ਼ਿਕਾਇਤ ਦਰਜ ਕਰਵਾਈ। ਜਿਸ ਤੋਂ ਬਾਅਦ ਸ਼ਿਕਾਇਤ 'ਤੇ ਕਾਰਵਾਈ ਕਰਦਿਆਂ, ਵਿਜੀਲੈਂਸ ਬਿਊਰੋ ਨੇ ਇੱਕ ਜਾਲ ਵਿਛਾਇਆ। ਜਿਸ ਦੌਰਾਨ ਮੁਲਜ਼ਮ ਪਟਵਾਰੀ ਨੂੰ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿੱਚ ਸ਼ਿਕਾਇਤਕਰਤਾ ਤੋਂ 10,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ ਗਿਆ।
'ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮਾਮਲਾ ਦਰਜ'
ਇਸ ਸਬੰਧੀ ਮੁਲਜ਼ਮ ਵਿਰੁੱਧ ਵਿਜੀਲੈਂਸ ਬਿਊਰੋ ਦੇ ਥਾਣਾ ਬਠਿੰਡਾ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ। ਇਸਦੇ ਨਾਲ ਹੀ ਇੰਸਪੈਕਟਰ ਅਮਨਦੀਪ ਨੇ ਕਿਹਾ ਕਿ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਜੇਕਰ ਪਹਿਲਾਂ ਵੀ ਇਸਦੇ ਖਿਲਾਫ ਕੋਈ ਇੱਦਾਂ ਦਾ ਮਾਮਲਾ ਸਾਹਮਣੇ ਆਇਆ ਤਾਂ ਉਸਦੇ ਤਹਿਤ ਹੀ ਇਸਦੇ ਖਿਲਾਫ ਕਰਵਾਈ ਕੀਤੀ ਜਾਵੇਗੀ।

