ASI ਰਿਸ਼ਵਤ ਲੈਂਦਾ ਰੰਗੇ ਹੱਥੀਂ ਗ੍ਰਿਫਤਾਰ, ਪੰਜਾਬ ਵਿਜੀਲੈਂਸ ਨੇ ਕੀਤਾ ਐਕਸ਼ਨ
ਪੰਜਾਬ ਪੁਲਿਸ ਦੇ ਏਐੱਸਾਈ ਨੂੰ ਵਿਜੀਲੈਂਸ ਨੇ ਜਾਲ ਵਿਛਾ ਕੇ ਰਿਸ਼ਵਤ ਲੈਂਦੇ ਹੋਏ ਰੰਗ ਹੱਥੀਂ ਕਾਬੂ ਕੀਤਾ ਹੈ।


Published : January 10, 2026 at 7:46 AM IST
ਕਪੂਰਥਲਾ: ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਤਹਿਤ ਜ਼ਿਲ੍ਹਾ ਕਪੂਰਥਲਾ ਦੇ ਥਾਣਾ ਸਿਟੀ ਫਗਵਾੜਾ ਵਿਖੇ ਤਾਇਨਾਤ ਸਹਾਇਕ ਸਬ-ਇੰਸਪੈਕਟਰ ਸਰਬਜੀਤ ਸਿੰਘ ਨੂੰ ਸ਼ਿਕਾਇਤਕਰਤਾ ਦੇ ਮਾਪਿਆਂ ਨੂੰ ਜ਼ਮਾਨਤ ਦੇਣ ਵਿੱਚ ਮਦਦ ਕਰਨ ਬਦਲੇ 5000 ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ ਹੈ। ਇਹ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਮੁਲਜ਼ਮ ਨੂੰ ਪਿੰਡ ਈਸਰਵਾਲ, ਜ਼ਿਲ੍ਹਾ ਜਲੰਧਰ ਦੇ ਵਸਨੀਕ ਵੱਲੋਂ ਦਰਜ ਕਰਵਾਈ ਸ਼ਿਕਾਇਤ ਦੇ ਆਧਾਰ ’ਤੇ ਗ੍ਰਿਫ਼ਤਾਰ ਕੀਤਾ ਗਿਆ ਹੈ।
'ਪੁਲਿਸ ਅਧਿਕਾਰੀ ਨੇ ਧਮਕਾ ਮੰਗੀ ਰਿਸ਼ਵਤ'
ਬੁਲਾਰੇ ਨੇ ਕਿਹਾ ਕਿ, 'ਸ਼ਿਕਾਇਤਕਰਤਾ ਦੇ ਮਾਪਿਆਂ ਵਿਰੁੱਧ ਥਾਣਾ ਸਿਟੀ ਫਗਵਾੜਾ ਵਿਖੇ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਮੁਲਜ਼ਮ ਅਧਿਕਾਰੀ ਨੇ ਸ਼ਿਕਾਇਤਕਰਤਾ ਨੂੰ ਉਸਦੇ ਮਾਪਿਆਂ ਦੀ ਜਾਂਚ ਵਿੱਚ ਸ਼ਾਮਲ ਹੋਣ ਦੇ ਸਬੰਧ ਵਿੱਚ ਅਦਾਲਤੀ ਕੰਪਲੈਕਸ ਫਗਵਾੜਾ ਬੁਲਾਇਆ ਸੀ। ਇਸ ਮੁਲਾਕਾਤ ਦੌਰਾਨ ਮੁਲਜ਼ਮ ਨੇ ਰਿਸ਼ਵਤ ਦੀ ਮੰਗ ਕੀਤੀ ਅਤੇ ਸ਼ਿਕਾਇਤਕਰਤਾ ਨੂੰ ਧਮਕਾਇਆ ਕਿ ਜੇਕਰ ਭੁਗਤਾਨ ਨਾ ਕੀਤਾ ਗਿਆ ਤਾਂ ਉਸ ਦੇ ਮਾਪਿਆਂ ਨੂੰ ਜੇਲ੍ਹ ਭੇਜ ਦਿੱਤਾ ਜਾਵੇਗਾ। ਇਸ ਦਬਾਅ ਹੇਠ ਸ਼ਿਕਾਇਤਕਰਤਾ ਨੇ ਮੌਕੇ ’ਤੇ ਮੁਲਜ਼ਮ ਨੂੰ 2 ਹਜ਼ਾਰ ਰੁਪਏ ਰਿਸ਼ਵਤ ਵਜੋਂ ਦੇ ਦਿੱਤੇ।'
ਇਸ ਤੋਂ ਬਾਅਦ ਸ਼ਿਕਾਇਤਕਰਤਾ ਆਪਣੇ ਮਾਪਿਆਂ ਨਾਲ ਪੁਲਿਸ ਥਾਣਾ ਸਿਟੀ ਫਗਵਾੜਾ ਗਿਆ, ਜਿੱਥੇ ਉਸਦੇ ਮਾਪਿਆਂ ਦੀ ਹੋਰ ਤਫ਼ਤੀਸ਼ ਕੀਤੀ ਗਈ, ਉਕਤ ਮੁਲਜ਼ਮ ਸਹਾਇਕ ਸਬ-ਇੰਸਪੈਕਟਰ ਨੇ ਸ਼ਿਕਾਇਤਕਰਤਾ ਦੇ ਮਾਪਿਆਂ ਨੂੰ ਜ਼ਮਾਨਤ ਦੇਣ ਵਿੱਚ ਮਦਦ ਕਰਨ ਲਈ 10,000 ਰੁਪਏ ਦੀ ਹੋਰ ਰਿਸ਼ਵਤ ਦੀ ਮੰਗ ਕੀਤੀ। ਜਦੋਂ ਸ਼ਿਕਾਇਤਕਰਤਾ ਨੇ ਪੂਰੀ ਰਕਮ ਦੇਣ ਵਿੱਚ ਅਸਮਰੱਥਾ ਪ੍ਰਗਟਾਈ ਤਾਂ ਮੁਲਜ਼ਮ ਅਧਿਕਾਰੀ ਨੇ ਰਿਸ਼ਵਤ ਵਜੋਂ ਹੋਰ 2,000 ਰੁਪਏ ਦੇ ਲਏ ਅਤੇ ਬਾਕੀ ਰਕਮ ਬਾਅਦ ਵਿੱਚ ਅਦਾ ਕਰਨ ਲਈ ਕਿਹਾ ਗਿਆ।-ਬੁਲਾਰਾ ਪੰਜਾਬ ਵਿਜੀਲੈਂਸ ਬਿਊਰੋ
'ਤਿੰਨ ਕਿਸ਼ਤਾਂ ਵਿੱਚ ਲਈ ਰਿਸ਼ਵਤ'
ਬੁਲਾਰੇ ਨੇ ਅੱਗੇ ਦੱਸਿਆ ਕਿ, 'ਮੁਲਜ਼ਮ ਏਐਸਆਈ ਨੇ ਸ਼ਿਕਾਇਤਕਰਤਾ ਨੂੰ ਦੁਬਾਰਾ ਰਾਵਲਪਿੰਡੀ ਪੁਲਿਸ ਸਟੇਸ਼ਨ ਦੇ ਨੇੜੇ ਬੁਲਾਇਆ ਅਤੇ 2,000 ਰੁਪਏ ਰਿਸ਼ਵਤ ਲੈ ਲਈ ਅਤੇ ਉਸ ਨੂੰ ਬਾਕੀ ਰਕਮ ਦੇਣ ਲਈ ਹਦਾਇਤ ਕੀਤੀ । ਸ਼ਿਕਾਇਤਕਰਤਾ ਦੇ ਮਾਪਿਆਂ ਨੂੰ ਨਿਯਮਤ ਜ਼ਮਾਨਤ ਮਿਲਣ ਤੋਂ ਬਾਅਦ ਵੀ ਮੁਲਜ਼ਮ ਰਿਸ਼ਵਤ ਦੀ ਰਕਮ ਦੀ ਬਕਾਇਆ ਰਕਮ ਦੀ ਮੰਗ ਕਰਦਾ ਰਿਹਾ। ਇਸ ਤਰ੍ਹਾਂ, ਮੁਲਜ਼ਮ ਨੇ ਸ਼ਿਕਾਇਤਕਰਤਾ ਤੋਂ ਤਿੰਨ ਕਿਸ਼ਤਾਂ ਵਿੱਚ 6000 ਰੁਪਏ ਰਿਸ਼ਵਤ ਵਜੋਂ ਲੈ ਚੁੱਕਾ ਸੀ।'
'ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਕਾਰਵਾਈ'
ਬੁਲਾਰੇ ਨੇ ਅੱਗੇ ਕਿਹਾ ਕਿ ਸ਼ਿਕਾਇਤ ’ਤੇ ਮੁੱਢਲੀ ਜਾਂਚ ਤੋਂ ਬਾਅਦ ਵਿਜੀਲੈਂਸ ਬਿਊਰੋ ਦੀ ਟੀਮ ਨੇ ਮੁਲਜ਼ਮ ਏਐੱਸਆਈ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ 5000 ਰੁਪਏ ਰਿਸ਼ਵਤ ਲੈਂਦੇ ਹੋਏ ਗ੍ਰਿਫ਼ਤਾਰ ਕਰ ਲਿਆ। ਇਸ ਸਬੰਧ ਵਿੱਚ ਮੁਲਜ਼ਮ ਵਿਰੁੱਧ ਵਿਜੀਲੈਂਸ ਬਿਊਰੋ ਦੇ ਥਾਣਾ ਜਲੰਧਰ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

