ਸਟਰਾਂਗ ਰੂਮ ਬਾਹਰ ਹੰਗਾਮਾ, ਕੈਮਰਿਆਂ ਦੀ ਸਕਰੀਨ ਬੰਦ ਹੋਣ ‘ਤੇ ਉਮੀਦਵਾਰਾਂ ਨੇ ਜਤਾਇਆ ਗੜਬੜੀ ਦਾ ਸ਼ੱਕ
ਉਮੀਦਵਾਰਾਂ ਅਤੇ ਸਮਰਥਕਾਂ ਨੇ ਕੈਮਰਿਆਂ ਦੀ ਸਕਰੀਨ ਬੰਦ ਹੋਣ ਨੂੰ ਲੈ ਕੇ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ।

Published : May 28, 2026 at 4:50 PM IST
ਖੰਨਾ/ਲੁਧਿਆਣਾ: ਸਮਰਾਲਾ ਦੇ ਮਾਲਵਾ ਕਾਲਜ ਵਿੱਚ ਬਣੇ ਸਟਰਾਂਗ ਰੂਮ ਦੇ ਬਾਹਰ ਉਸ ਸਮੇਂ ਬੀਤੀ ਅੱਧੀ ਰਾਤ ਨੂੰ ਤਣਾਅਪੂਰਨ ਮਾਹੌਲ ਬਣ ਗਿਆ ਜਦੋਂ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਉਮੀਦਵਾਰਾਂ ਅਤੇ ਸਮਰਥਕਾਂ ਨੇ ਕੈਮਰਿਆਂ ਦੀ ਸਕਰੀਨ ਬੰਦ ਹੋਣ ਨੂੰ ਲੈ ਕੇ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਉਮੀਦਵਾਰਾਂ ਨੇ ਚੋਣ ਪ੍ਰਕਿਰਿਆ ਵਿੱਚ ਗੜਬੜੀ ਹੋਣ ਦਾ ਸ਼ੱਕ ਜਤਾਉਂਦੇ ਹੋਏ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਉਮੀਦਵਾਰਾਂ ਦਾ ਦੋਸ਼ ਹੈ ਕਿ ਪ੍ਰਸ਼ਾਸਨ ਵੱਲੋਂ ਪਹਿਲਾਂ ਇਹ ਕਿਹਾ ਗਿਆ ਸੀ ਕਿ ਹਰ ਪਾਰਟੀ ਦੇ ਦੋ ਨੁਮਾਇੰਦਿਆਂ ਨੂੰ ਸਟਰਾਂਗ ਰੂਮ ਦੇ ਬਾਹਰ ਨਿਗਰਾਨੀ ਲਈ ਬੈਠਣ ਦੀ ਆਗਿਆ ਦਿੱਤੀ ਜਾਵੇਗੀ, ਪਰ ਉਨ੍ਹਾਂ ਨੂੰ ਸਮੇਂ ਸਿਰ ਪਾਸ ਜਾਰੀ ਨਹੀਂ ਕੀਤੇ ਗਏ। ਉਨ੍ਹਾਂ ਕਿਹਾ ਕਿ ਕਈ ਵਾਰ ਮੰਗ ਕਰਨ ਦੇ ਬਾਵਜੂਦ ਵੀ ਪ੍ਰਸ਼ਾਸਨ ਵੱਲੋਂ ਸਿਰਫ਼ ਭਰੋਸੇ ਹੀ ਦਿੱਤੇ ਜਾਂਦੇ ਰਹੇ ਅਤੇ ਰਾਤ ਕਰੀਬ 11 ਵਜੇ ਜਾ ਕੇ ਪਾਸ ਮੁਹੱਈਆ ਕਰਵਾਏ ਗਏ।
"ਕੈਮਰਿਆਂ ਦੀ ਸਕਰੀਨ ਹੋਈਆਂ ਬੰਦ"
ਇਸੇ ਸਬੰਧੀ ਗੱਲਬਾਤ ਕਰਦੇ ਹੋਏ ਸੇਵਾ ਸਿੰਘ ਅਕਾਲੀ ਉਮੀਦਵਾਰ ਨੇ "ਦੱਸਿਆ ਕਿ ਸ਼ਾਮ ਕਰੀਬ ਸਾਢੇ ਚਾਰ ਵਜੇ ਉਨ੍ਹਾਂ ਨੂੰ ਪਤਾ ਲੱਗਿਆ ਕਿ ਸਟਰਾਂਗ ਰੂਮ ਦੇ ਅੰਦਰ ਲੱਗੇ ਕੈਮਰਿਆਂ ਦੀ ਸਕਰੀਨ ਬੰਦ ਹੋ ਚੁੱਕੀ ਹੈ। ਇਸ ਤੋਂ ਬਾਅਦ ਉਮੀਦਵਾਰਾਂ ਅਤੇ ਸਮਰਥਕਾਂ ਵਿੱਚ ਰੋਸ ਫੈਲ ਗਿਆ। ਉਨ੍ਹਾਂ ਕਿਹਾ ਕਿ ਉਹ ਕੱਲ੍ਹ ਤੋਂ ਹੀ ਪ੍ਰਸ਼ਾਸਨ ਕੋਲੋਂ ਲਾਈਵ ਕੈਮਰਿਆਂ ਦਾ ਲਿੰਕ ਮੰਗ ਰਹੇ ਸਨ, ਪਰ ਉਨ੍ਹਾਂ ਨੂੰ ਕੋਈ ਲਿੰਕ ਨਹੀਂ ਦਿੱਤਾ ਗਿਆ।"
"ਲੋਕਤੰਤਰ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਨੇ"
ਇਸੇ ਸਬੰਧੀ ਭਾਜਪਾ ਆਗੂ ਆਸ਼ੂ ਸ਼ਰਮਾ ਨੇ ਪ੍ਰਸ਼ਾਸਨ ‘ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਕਿਹਾ ਕਿ ਲੋਕਤੰਤਰ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਸਭ ਕੁਝ ਪਾਰਦਰਸ਼ੀ ਹੈ ਤਾਂ ਫਿਰ ਲਾਈਵ ਲਿੰਕ ਅਤੇ ਸੀਸੀਟੀਵੀ ਫੁਟੇਜ ਦਿਖਾਉਣ ਵਿੱਚ ਕੀ ਦਿੱਕਤ ਹੈ। ਉਨ੍ਹਾਂ ਦੱਸਿਆ ਕਿ ਜਦੋਂ ਐਸਡੀਐਮ ਕੋਲੋਂ ਵੀਡੀਓ ਫੁਟੇਜ ਦਿਖਾਉਣ ਲਈ ਕਿਹਾ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਗਿਣਤੀ ਤੋਂ ਬਾਅਦ ਹੀ ਵੀਡੀਓ ਦਿਖਾਈ ਜਾ ਸਕਦੀ ਹੈ।
"ਬਹੁਤ ਹੀ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਅਜਿਹਾ ਹਨੇਰਗਰਦੀ ਵਾਲਾ ਇਲੈਕਸ਼ਨ ਦੇਖ ਰਹੇ ਹਾਂ। 4 ਵਜੇ ਤੋਂ ਕੈਮਰੇ ਬੰਦ ਪਏ ਨੇ, ਕਿਸੇ ਮੁਲਾਜ਼ਮ ਨੇ ਕਿਸੇ ਸੀਨੀਅਰ ਅਫਸਰ ਨੇ ਇਹ ਦੇਖਣਾ ਠੀਕ ਨਹੀਂ ਸਮਝਿਆ ਕਿ ਇੱਥੇ ਕੈਮਰੇ ਬੰਦ ਪਏ ਨੇ, ਉਸ ਚੀਜ਼ ਨੂੰ ਆਪਣੀ ਨਿਗਰਾਨੀ ਵਿੱਚ ਲਿਆ ਜਾਵੇ। ਜਦਕਿ ਇੱਥੇ ਸੀਨੀਅਰ ਅਫਸਰਾਂ ਨੇ ਦੋ-ਦੋ ਤਿੰਨ-ਤਿੰਨ ਰਾਉਂਡ ਮਾਰੇ ਨੇ।" -ਆਸ਼ੂ ਸ਼ਰਮਾ, ਭਾਜਪਾ ਆਗੂ

"ਬਿਜਲੀ ਦੀ ਸਮੱਸਿਆ ਕਾਰਨ ਬੰਦ ਹੋਈ ਸਕਰੀਨ"
ਮੌਕੇ ‘ਤੇ ਪਹੁੰਚੇ ਡੀਐਸਪੀ ਪ੍ਰਿਤਪਾਲ ਸਿੰਘ ਸੰਧੂ ਨੇ ਮਾਮਲੇ ਬਾਰੇ ਸਫਾਈ ਦਿੰਦਿਆਂ ਕਿਹਾ ਕਿ "ਸਟਰਾਂਗ ਰੂਮ ਦੇ ਬਾਹਰ ਲੱਗੀ ਸਕਰੀਨ ਬਿਜਲੀ ਦੀ ਸਮੱਸਿਆ ਕਾਰਨ ਬੰਦ ਹੋਈ ਸੀ ਅਤੇ ਉਸ ਵਿੱਚ ਤਕਨੀਕੀ ਨੁਕਸ ਆ ਗਿਆ ਸੀ, ਜਿਸ ਨੂੰ ਹੁਣ ਠੀਕ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਟਰਾਂਗ ਰੂਮ ਦੇ ਅੰਦਰ ਲੱਗੇ ਕੈਮਰੇ ਲਗਾਤਾਰ ਚੱਲ ਰਹੇ ਸਨ ਅਤੇ ਇੱਕ ਮਿੰਟ ਲਈ ਵੀ ਬੰਦ ਨਹੀਂ ਹੋਏ। ਇਸਦੇ ਨਾਲ ਹੀ ਡੀਐਸਪੀ ਨੇ ਕਿਹਾ ਕਿ ਲਾਈਵ ਲਿੰਕ ਸਬੰਧੀ ਫੈਸਲਾ ਰਿਟਰਨਿੰਗ ਅਫ਼ਸਰ ਹੀ ਦੇ ਸਕਦੇ ਹਨ। ਇਸ ਦੌਰਾਨ ਸਟਰਾਂਗ ਰੂਮ ਦੇ ਬਾਹਰ ਭਾਰੀ ਪੁਲਿਸ ਬਲ ਤਾਇਨਾਤ ਰਿਹਾ ਅਤੇ ਮਾਹੌਲ ਕਾਫੀ ਤਣਾਅਪੂਰਨ ਬਣਿਆ ਰਿਹਾ।"
ਇਹ ਵੀ ਪੜ੍ਹੋ:

