ਸਾਵਧਾਨ..! ਅਚਨਚੇਤ ਬੱਚੇ ਦੀ ਮੌਤ ਕਾਰਨ ਸਹਿਮਿਆ ਪਰਿਵਾਰ, ਡਾਕਟਰਾਂ ਨੇ ਦਿੱਤੀ ਚਿਤਾਵਨੀ
ਘਰ ਦੀ ਛੱਤ 'ਤੇ ਆਪਣੇ ਦੋਸਤਾਂ ਦੇ ਨਾਲ ਖੇਡਦੇ 8 ਸਾਲ ਦੇ ਬੱਚੇ ਦੀ ਅਚਨਚੇਤ ਮੌਤ ਹੋ ਗਈ। ਪੜ੍ਹੋ ਖ਼ਬਰ...


Published : January 7, 2026 at 1:20 PM IST
ਫਿਰੋਜ਼ਪੁਰ: ਸ਼ਹਿਰ ਦੇ ਇੱਕ 8 ਸਾਲਾ ਬੱਚੇ ਦੀ ਅਚਨਚੇਤ ਮੌਤ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਜਿਸ 'ਚ ਸ਼ੱਕ ਜਤਾਇਆ ਜਾ ਰਿਹਾ ਕਿ ਬੱਚੇ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ, ਹਾਲਾਂਕਿ ਇਸ ਸਬੰਧੀ ਡਾਕਟਰਾਂ ਵੱਲੋਂ ਕੁਝ ਵੀ ਸਪੱਸ਼ਟ ਨਹੀਂ ਦੱਸਿਆ ਗਿਆ। ਘਟਨਾ ਬੀਤੇ ਐਤਵਾਰ ਦੀ ਹੈ, ਜਿਥੇ 8 ਸਾਲਾ ਬੱਚਾ ਆਪਣੇ ਨਾਨਕੇ ਪਿੰਡ ਆਇਆ ਹੋਇਆ ਸੀ। ਇਸ ਦੌਰਾਨ ਜਦੋਂ ਘਰ ਦੀ ਛੱਤ 'ਤੇ ਉਹ ਆਪਣੇ ਦੋਸਤਾਂ ਨਾਲ ਖੇਡ ਰਿਹਾ ਸੀ ਤਾਂ ਉਸ ਨੂੰ ਘਬਰਾਹਟ ਮਹਿਸੂਸ ਹੋਣ ਲੱਗੀ, ਜਿਸ ਤੋਂ ਬਾਅਦ ਪਰਿਵਾਰ ਉਸ ਨੂੰ ਹਸਤਪਾਲ ਲੈਕੇ ਆ ਗਿਆ, ਜਿਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਇਸ ਦੀ ਪੁਸ਼ਟੀ ਹਸਪਤਾਲ ਦੇ ਡਾਕਟਰਾਂ ਵੱਲੋਂ ਕੀਤੀ ਗਈ ਹੈ, ਹਾਲਾਂਕਿ ਬੱਚੇ ਦਾ ਪਰਿਵਾਰ ਕੈਮਰੇ ਸਾਹਮਣੇ ਨਹੀਂ ਆਇਆ ਹੈ। ਬੱਚੇ ਦੀ ਮੌਤ ਨਾਲ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟਿਆ ਹੈ।
ਬੱਚਿਆਂ 'ਚ ਮਾਮਲੇ ਬਹੁਤ ਘੱਟ
ਉਥੇ ਹੀ ਦਿਲ ਦੇ ਮਾਹਿਰ ਡਾਕਟਰ ਹਕੀਮ ਇਰਫਾਨ ਨੇ ਦੱਸਿਆ ਕਿ "ਬੱਚਿਆਂ 'ਚ ਦਿਲ ਦਾ ਦੌਰਾ ਪੈਣ ਦੇ ਮਾਮਲੇ ਬਹੁਤ ਘੱਟ ਹੁੰਦੇ ਹਨ। ਇਸ 'ਚ ਅਚਨਚੇਤ ਮੌਤ ਵੱਖ ਹੈ ਤੇ ਦਿਲ ਦਾ ਦੌਰਾ ਪੈਣਾ ਅਲੱਗ ਗੱਲ ਹੈ। ਇਸ ਬੱਚੇ ਨੂੰ ਵੀ ਦਿਲ ਦਾ ਦੌਰਾ ਨਾ ਪੈ ਕੇ ਅਚਨਚੇਤ ਮੌਤ ਹੋਈ ਹੋ ਸਕਦੀ ਹੈ। ਜਿਸ ਦੇ ਕਈ ਕਾਰਨ ਹੋ ਸਕਦੇ ਹਨ। ਇਸ 'ਚ ਦਿਲ ਨਾਲ ਜੁੜੇ ਕਈ ਸਿੰਡੋਰਮ ਹੁੰਦੇ ਹਨ, ਜੋ ਬੱਚਿਆਂ ਨੂੰ ਅਚਨਚੇਤ ਮੌਤ ਦੇ ਸਕਦੇ ਹਨ। ਇਸ 'ਚ ਦਿਲ ਦਾ ਦੌਰਾ ਪੈਣਾ ਸ਼ਬਦ ਦੀ ਵਰਤੋਂ ਨਹੀਂ ਕੀਤੀ ਜਾ ਸਕਦੀ।"
ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
ਬੱਚਿਆਂ ਦੇ ਨਾਲ-ਨਾਲ ਇਹ ਸਭ ਲਈ ਹੀ ਜ਼ਰੂਰੀ ਹੈ ਕਿ ਜੋ ਜਿਆਦਾ ਜੰਕ ਫੂਡ ਖਾਉਂਦੇ ਹਨ, ਉਹ ਘੱਟ ਹੋਣਾ ਚਾਹੀਦਾ ਹੈ। ਬਾਹਰੀ ਭੋਜਨ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਬੱਚਿਆਂ ਦੇ ਸਕਰੀਨ ਸਮਾਂ ਬਹੁਤ ਘੱਟ ਹੋਣਾ ਚਾਹੀਦਾ ਹੈ, ਭਾਵ ਕਿ ਉਨ੍ਹਾਂ ਨੂੰ ਫੋਨ ਦੇਖਣ ਦੀ ਆਦਤ ਨਹੀਂ ਹੋਣੀ ਚਾਹੀਦੀ। ਇਸ ਨਾਲ ਬੱਚਿਆਂ ਦੀ ਆਊਟਡੋਰ ਭਾਵ ਬਾਹਰੀ ਗਤੀਵਿਧੀਆਂ ਘੱਟ ਜਾਂਦੀਆਂ ਹਨ। ਬੱਚਿਆਂ ਲਈ ਘੱਟੋ-ਘੱਟ ਦਿਨ 'ਚ ਹਰ ਰੋਜ਼ ਤਿੰਨ ਤੋਂ ਚਾਰ ਘੰਟੇ ਆਊਟਡੋਰ ਗਤੀਵਿਧੀਆਂ ਹੋਣੀਆਂ ਬਹੁਤ ਲਾਜ਼ਮੀ ਹਨ।
ਨੀਂਦ ਤੋਂ ਲੈਕੇ ਭੋਜਨ ਦਾ ਖਿਆਲ
ਡਾਕਟਰ ਹਕੀਮ ਇਰਫਾਨ ਨੇ ਦੱਸਿਆ ਕਿ "ਇਸ ਤੋਂ ਇਲਾਵਾ ਬੱਚਿਆਂ ਦੇ ਸੌਣ ਦਾ ਸਮਾਂ ਵੀ ਤੈਅ ਹੋਣਾ ਚਾਹੀਦਾ ਹੈ। ਆਮ ਤੌਰ 'ਤੇ ਸਾਰਿਆਂ ਦਾ ਸੌਣ ਦਾ ਸਮਾਂ ਇੱਕ ਬਰਾਬਰ ਹੁੰਦਾ ਹੈ ਪਰ ਜੇਕਰ ਬੱਚਿਆਂ ਦੀ ਗੱਲ ਕੀਤੀ ਜਾਵੇ ਤਾਂ ਬੱਚਿਆਂ ਨੂੰ 8 ਤੋਂ 10 ਘੰਟੇ ਦੀ ਨੀਂਦ ਲੈਣੀ ਚਾਹੀਦੀ ਹੈ। ਇਸ ਦੇ ਨਾਲ ਹੀ ਬੱਚਿਆਂ ਦੀ ਡਾਇਟ ਦਾ ਖਾਸ ਧਿਆਨ ਰੱਖਣਾ ਹੈ ਤੇ ਪੌਸ਼ਟਿਕ ਭੋਜਨ ਹੀ ਬੱਚਿਆਂ ਨੂੰ ਦੇਣਾ ਹੈ ਤਾਂ ਜੋ ਉਨ੍ਹਾਂ ਨੂੰ ਕਿਸੇ ਤਰ੍ਹਾਂ ਦਾ ਮੋਟਾਪਾ ਨਾ ਆਵੇ। ਬੱਚੇ ਨੂੰ ਜਿੰਨੀ ਘੱਟ ਉਮਰ 'ਚ ਮੁਟਾਪਾ ਆਵੇਗਾ, ਉਸ ਨੂੰ ਬਿਮਾਰੀ ਲੱਗਣ ਦੀ ਸੰਭਾਵਨਾ ਉਨੀ ਹੀ ਵੱਧ ਜਾਂਦੀ ਹੈ। ਇਸ ਨਾਲ ਸ਼ੂਗਰ, ਬੀਪੀ, ਦਿਲ ਤੇ ਦਿਮਾਗ ਦੀਆਂ ਬਿਮਾਰੀਆਂ ਆਦਿ ਦੀ ਸਮੱਸਿਆਵਾਂ ਜਲਦੀ ਆਉਣ ਲੱਗਦੀਆਂ ਹਨ। ਇਹ ਸਭ ਸਿੰਡਰੋਮ ਬਣਾ ਦਿੰਦੇ ਹਨ, ਜੋ ਅਚਨਚੇਤ ਜਾਂ ਦਿਲ ਦਾ ਦੌਰਾ ਪੈਣ ਦੇ ਕਾਰਨ ਬਣਦੇ ਹਨ।"
ਠੰਢ ਦੇ ਮੌਸਮ 'ਚ ਖਾਸ ਧਿਆਨ
ਇਸ ਦੇ ਨਾਲ ਹੀ ਡਾਕਟਰ ਨੇ ਸਲਾਹ ਦਿੱਤੀ ਕਿ ਬੱਚਿਆਂ ਨੂੰ ਸਰਦੀ ਦੇ ਮੌਸਮ 'ਚ ਖਾਸ ਧਿਆਨ ਰੱਖਣਾ ਚਾਹੀਦਾ ਹੈ। ਉਨ੍ਹਾਂ ਨੂੰ ਘਰ ਤੋਂ ਬਾਹਰ ਨਿਕਲਣ ਲੱਗਿਆ ਖੁਦ ਨੂੰ ਚੰਗੀ ਤਰ੍ਹਾਂ ਸਿਰ, ਹੱਥ, ਪੈਰ ਢੱਕ ਕੇ ਹੀ ਬਾਹਰ ਨਿਕਲਣਾ ਚਾਹੀਦਾ ਹੈ। ਇਸ ਤੋਂ ਇਲਾਵਾ ਜੇਕਰ ਬਹੁਤ ਜਿਆਦਾ ਠੰਢ ਹੈ ਤਾਂ ਬੱਚਿਆਂ ਨੂੰ ਘਰ ਤੋਂ ਬਾਹਰ ਨਿਕਲਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
ਇਹ ਲੱਛਣ ਹੋ ਸਕਦੇ ਖਤਰਨਾਕ
ਜੇਕਰ ਲੱਛਣਾਂ ਦੀ ਗੱਲ ਕੀਤੀ ਜਾਵੇ ਤਾਂ ਜੇਕਰ ਵੱਡਿਆਂ ਨੂੰ ਚੱਲਣ-ਫਿਰਨ 'ਚ ਕੋਈ ਦਿੱਕਤ ਆ ਰਹੀ ਹੈ ਤੇ ਸਾਹ ਫੁੱਲ ਰਿਹਾ ਹੈ, ਜਿਸ ਕਾਰਨ ਉਨ੍ਹਾਂ ਨੂੰ ਰੁਕਣਾ ਪੈ ਰਿਹਾ ਹੈ। ਇਸ ਤੋਂ ਇਲਾਵਾ ਚੱਕਰ ਆਉਣਾ ਤੇ ਪਸੀਨਾ ਆਉਣਾ, ਇਹ ਸਭ ਦਿਲ ਨਾਲ ਜੁੜੇ ਹੋਏ ਮਾਮਲੇ ਹੁੰਦੇ ਹਨ। ਇਨ੍ਹਾਂ ਨੂੰ ਤੁਰੰਤ ਜਾਂਚ ਕਰਵਾਉਣਾ ਚਾਹੀਦਾ ਹੈ। ਇਸ ਤੋਂ ਇਲਾਵਾ ਬੱਚਿਆਂ ਦੀ ਗੱਲ ਕੀਤੀ ਜਾਵੇ ਤਾਂ ਜੇਕਰ ਉਨ੍ਹਾਂ ਨੂੰ ਖੇਡਦੇ ਸਮੇਂ ਸਾਹ ਦੀ ਕੋਈ ਦਿੱਕਤ ਆਉਂਦੀ ਹੈ ਤੇ ਉਨ੍ਹਾਂ ਦੇ ਬੁੱਲ੍ਹ ਜਾਂ ਨਹੁੰ ਨੀਲੇ ਪੈ ਜਾਂਦੇ ਹਨ ਤਾਂ ਉਸ 'ਚ ਦਿਲ ਸਬੰਧੀ ਸਮੱਸਿਆ ਹੋ ਸਕਦੀ ਹੈ, ਜਿਸ ਦੀ ਜਾਂਚ ਕਰਵਾ ਲੈਣੀ ਚਾਹੀਦੀ ਹੈ।

