ETV Bharat / state

ਭੀੜ ਮੰਗਣ ਵਾਲਿਆਂ ਖ਼ਿਲਾਫ਼ ਵੱਡੀ ਕਾਰਵਾਈ, 7 ਬੱਚੇ ਰੈਸਕਿਊ

ਅੰਮ੍ਰਿਤਸਰ ਵਿੱਚ ਜੀਵਨਜੋਤ ਪ੍ਰੋਜੈਕਟ ਤਹਿਤ ਬੱਚਿਆਂ ਦੇ ਭੀਖ ਮੰਗਣ ਵਿਰੁੱਧ ਵੱਡੀ ਕਾਰਵਾਈ ਕੀਤੀ ਗਈ ਹੈ।

ACTION AGAINST BEGGARS
ਭੀੜ ਮੰਗਣ ਵਾਲਿਆਂ ਖ਼ਿਲਾਫ਼ ਵੱਡੀ ਕਾਰਵਾਈ (Etv Bharat)
author img

By ETV Bharat Punjabi Team

Published : January 8, 2026 at 7:23 PM IST

2 Min Read
Choose ETV Bharat

ਅੰਮ੍ਰਿਤਸਰ: ਅੰਮ੍ਰਿਤਸਰ ਜੀਵਨਜੋਤ ਪ੍ਰੋਜੈਕਟ ਦੇ ਤਹਿਤ ਜ਼ਿਲ੍ਹਾ ਬਾਲ ਸੁਰੱਖਿਆ ਵਿਭਾਗ ਵੱਲੋਂ ਸ਼ਹਿਰ ਵਿੱਚ ਬਾਲ ਭਿਖਿਆ ਦੇ ਖ਼ਿਲਾਫ਼ ਲਗਾਤਾਰ ਕਾਰਵਾਈ ਜਾਰੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਬਾਲ ਸੁਰੱਖਿਆ ਵਿਭਾਗ ਦੇ ਅਧਿਕਾਰੀ ਤਰਨਜੀਤ ਸਿੰਘ ਨੇ ਦੱਸਿਆ ਕਿ ਬਾਲ ਸੁਰੱਖਿਆ ਕਾਨੂੰਨ ਅਧੀਨ ਟੀਮਾਂ ਵੱਲੋਂ ਸ਼ਹਿਰ ਦੇ ਵੱਖ-ਵੱਖ ਚੌਕਾਂ ਅਤੇ ਭੀੜ-ਭਾੜ ਵਾਲੇ ਇਲਾਕਿਆਂ ਵਿੱਚ ਅਚਾਨਕ ਛਾਪੇਮਾਰੀਆਂ ਕੀਤੀਆਂ ਜਾ ਰਹੀਆਂ ਹਨ।

ਭੀੜ ਮੰਗਣ ਵਾਲਿਆਂ ਖ਼ਿਲਾਫ਼ ਵੱਡੀ ਕਾਰਵਾਈ (Etv Bharat)

'ਅਧਿਕਾਰੀਆਂ ਨੂੰ ਵੇਖ ਕੇ ਭੱਜ ਜਾਂਦੇ ਸਨ ਬੱਚੇ'

ਅਧਿਕਾਰੀ ਨੇ ਦੱਸਿਆ ਕਿ "ਡਿਪਟੀ ਕਮਿਸ਼ਨਰ ਵੱਲੋਂ ਮਿਲੀ ਸ਼ਿਕਾਇਤ ਦੇ ਆਧਾਰ ’ਤੇ ਰਣਜੀਤ ਐਵੇਨਿਊ ਇਲਾਕੇ ਵਿੱਚ ਖ਼ਾਸ ਕਾਰਵਾਈ ਕੀਤੀ ਗਈ ਹੈ। ਜਿੱਥੇ ਬੱਚਿਆਂ ਤੋਂ ਭੀਖ ਮੰਗਵਾਉਣ ਦੀਆਂ ਸੂਚਨਾਵਾਂ ਮਿਲ ਰਹੀਆਂ ਸਨ। ਅਕਸਰ ਇਹ ਬੱਚੇ ਅਧਿਕਾਰੀਆਂ ਨੂੰ ਵੇਖ ਕੇ ਭੱਜ ਜਾਂਦੇ ਸਨ, ਪਰ ਅੱਜ ਦੀ ਯੋਜਨਾਬੱਧ ਕਾਰਵਾਈ ਦੌਰਾਨ ਕੁੱਲ 7 ਬੱਚਿਆਂ ਨੂੰ ਸੁਰੱਖਿਅਤ ਤਰੀਕੇ ਨਾਲ ਰੈਸਕਿਊ ਕੀਤਾ ਗਿਆ।"

'ਬੱਚਿਆਂ ਨੂੰ ਚਾਈਲਡ ਵੈਲਫੇਅਰ ਕਮੇਟੀ ਸਾਹਮਣੇ ਕੀਤਾ ਜਾਵੇਗਾ ਪੇਸ਼'

ਅਧਿਕਾਰੀ ਤਰਨਜੀਤ ਸਿੰਘ ਨੇ ਕਿਹਾ ਕਿ ਰੈਸਕਿਊ ਕੀਤੇ ਗਏ ਬੱਚਿਆਂ ਨੂੰ ਚਾਈਲਡ ਵੈਲਫੇਅਰ ਕਮੇਟੀ ਸਾਹਮਣੇ ਪੇਸ਼ ਕੀਤਾ ਜਾਵੇਗਾ। ਨਾਲ ਹੀ ਦਾਅਵਾ ਕਰਨ ਵਾਲੇ ਮਾਪਿਆਂ ਦੇ ਆਧਾਰ ਕਾਰਡ, ਜਨਮ ਸਰਟੀਫਿਕੇਟ ਅਤੇ ਹੋਰ ਦਸਤਾਵੇਜ਼ਾਂ ਦੀ ਜਾਂਚ ਕੀਤੀ ਜਾਵੇਗੀ, ਤਾਂ ਜੋ ਇਹ ਪਤਾ ਲੱਗ ਸਕੇ ਕਿ ਬੱਚੇ ਅਸਲ ਵਿੱਚ ਉਨ੍ਹਾਂ ਦੇ ਹੀ ਹਨ ਜਾਂ ਨਹੀਂ। ਜੇ ਲੋੜ ਪਈ ਤਾਂ ਡੀਐਨਏ ਟੈਸਟ ਵੀ ਕਰਵਾਏ ਜਾਣਗੇ ਅਤੇ ਗਲਤ ਸਾਬਿਤ ਹੋਣ ’ਤੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਬਾਲ ਭਿਖਿਆ ਬੱਚਿਆਂ ਦੇ ਭਵਿੱਖ ਨੂੰ ਤਬਾਹ ਕਰ ਦਿੰਦੀ ਹੈ।

ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ

ਇਹ ਬੱਚੇ ਪੜ੍ਹਾਈ ਦੀ ਉਮਰ ਵਿੱਚ ਹਨ, ਇਹ ਭੀਖ ਮੰਗਣ ਦੀ ਉਮਰ ਨਹੀਂ ਹੈ। ਸਰਕਾਰ ਵੱਲੋਂ ਉਪਲਬਧ ਸਕੀਮਾਂ ਤਹਿਤ ਉਨ੍ਹਾਂ ਨੂੰ ਸਕੂਲਾਂ ਨਾਲ ਜੋੜਿਆ ਜਾਵੇਗਾ ਅਤੇ 4000 ਰੁਪਏ ਸਪਾਂਸਰਸ਼ਿਪ ਸਮੇਤ ਹੋਰ ਸਹੂਲਤਾਂ ਵੀ ਦਿੱਤੀਆਂ ਜਾਣਗੀਆਂ। ਅੰਤ ਵਿੱਚ ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਸੜਕਾਂ ’ਤੇ ਭੀਖ ਮੰਗਣ ਵਾਲੇ ਬੱਚਿਆਂ ਨੂੰ ਪੈਸੇ ਨਾ ਦਿੱਤੇ ਜਾਣ, ਬਲਕਿ ਇਸ ਸਬੰਧੀ ਪ੍ਰਸ਼ਾਸਨ ਨੂੰ ਜਾਣਕਾਰੀ ਦਿੱਤੀ ਜਾਵੇ, ਤਾਂ ਜੋ ਅੰਮ੍ਰਿਤਸਰ ਨੂੰ ਬਾਲ ਭਿਖਿਆ ਮੁਕਤ ਬਣਾਇਆ ਜਾ ਸਕੇ।

'ਰੈਸਕਿਊ ਕੀਤੇ ਬੱਚਿਆਂ ਦੀ ਪੂਰੀ ਜਾਂਚ ਕੀਤੀ ਜਾਵੇ'

ਸਮਾਜ ਸੇਵੀ ਸੋਨੂੰ ਜੰਡਿਆਲਾ ਵੱਲੋਂ ਇਸ ਸਬੰਧੀ ਡੀਸੀ ਦਫ਼ਤਰ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਸੀ, ਜਿਸ ਤੋਂ ਬਾਅਦ ਬਾਲ ਵਿਕਾਸ ਵਿਭਾਗ ਨੇ ਤੁਰੰਤ ਐਕਸ਼ਨ ਲੈਂਦਿਆਂ ਅਚਾਨਕ ਛਾਪੇਮਾਰੀ ਕਰਕੇ 7 ਬੱਚਿਆਂ ਨੂੰ ਰੈਸਕਿਊ ਕਰ ਲਿਆ। ਕਾਰਵਾਈ ਦੌਰਾਨ ਬੱਚਿਆਂ ਦੇ ਮਾਪੇ ਵੀ ਮੌਕੇ ‘ਤੇ ਪਹੁੰਚੇ ਅਤੇ ਆਪਣੇ ਬੱਚਿਆਂ ਨੂੰ ਨਾਲ ਲੈ ਜਾਣ ਦੀ ਮੰਗ ਕੀਤੀ। ਇਸ ‘ਤੇ ਪ੍ਰਸ਼ਾਸਨ ਵੱਲੋਂ ਕਿਹਾ ਗਿਆ ਕਿ ਮਾਪੇ ਡੀਸੀ ਦਫ਼ਤਰ ਵਿੱਚ ਪਛਾਣ ਪੱਤਰ ਪੇਸ਼ ਕਰਕੇ ਹੀ ਆਪਣੇ ਬੱਚਿਆਂ ਨੂੰ ਲੈ ਜਾ ਸਕਣਗੇ। ਸਮਾਜ ਸੇਵੀ ਸੋਨੂੰ ਜੰਡਿਆਲਾ ਦਾ ਕਹਿਣਾ ਹੈ ਕਿ ਪੁਲਿਸ ਟੀਮ ਨੂੰ ਦੇਖ ਕੇ ਕਈ ਬੱਚੇ ਭੱਜਣ ਦੀ ਕੋਸ਼ਿਸ਼ ਕਰ ਰਹੇ ਸਨ, ਜਿਸ ਨਾਲ ਸਪੱਸ਼ਟ ਹੁੰਦਾ ਹੈ ਕਿ ਉਨ੍ਹਾਂ ਨੂੰ ਕਾਰਵਾਈ ਦੀ ਪੂਰੀ ਜਾਣਕਾਰੀ ਸੀ। ਉਨ੍ਹਾਂ ਮੰਗ ਕੀਤੀ ਕਿ ਰੈਸਕਿਊ ਕੀਤੇ ਬੱਚਿਆਂ ਦੀ ਪੂਰੀ ਜਾਂਚ ਕੀਤੀ ਜਾਵੇ ਅਤੇ ਡੀਐਨਏ ਟੈਸਟ ਰਾਹੀਂ ਇਹ ਪਤਾ ਲਗਾਇਆ ਜਾਵੇ ਕਿ ਬੱਚੇ ਅੰਮ੍ਰਿਤਸਰ ਦੇ ਹਨ ਜਾਂ ਕਿਸੇ ਹੋਰ ਸੂਬੇ ਤੋਂ ਲਿਆਂਦੇ ਗਏ ਹਨ।