ਐਸਡੀਓ ਦੇ ਦਫਤਰ ਦੀ ਡਿੱਗੀ ਛੱਤ, ਪਈਆਂ ਭਾਜੜਾਂ
ਛੱਤ ਡਿੱਗਣ ਨਾਲ ਦਫਤਰ ਦੇ ਅੰਦਰ ਪਿਆ ਫਰਨੀਚਰ ਅਤੇ ਹੋਰ ਸਮਾਨ ਬੁਰੀ ਤਰ੍ਹਾਂ ਨੁਕਸਾਨਿਆ ਗਿਆ।

Published : May 25, 2026 at 10:14 PM IST
ਅੰਮ੍ਰਿਤਸਰ: ਅੱਜ ਉਪ ਮੰਡਲ ਬਿਆਸ ਦੇ ਬਿਜਲੀ ਦਫਤਰ ਵਿੱਚ ਉਸ ਸਮੇਂ ਹੜਕੰਪ ਮਚ ਗਿਆ, ਜਦੋਂ ਬਿਆਸ ਐਸ. ਡੀ. ਓ. ਦਫਤਰ ਦੀ ਖਸਤਾ ਹਾਲਤ ਇਮਾਰਤ ਦੀ ਛੱਤ ਅਚਾਨਕ ਡਿੱਗ ਪਈ। ਛੱਤ ਡਿੱਗਣ ਨਾਲ ਦਫਤਰ ਦੇ ਅੰਦਰ ਪਿਆ ਫਰਨੀਚਰ ਅਤੇ ਹੋਰ ਸਮਾਨ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਗਨੀਮਤ ਇਹ ਰਹੀ ਕਿ ਇਸ ਹਾਦਸੇ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਦੱਸਿਆ ਜਾ ਰਿਹਾ ਹੈ ਕਿ ਛੱਤ ਡਿੱਗਣ ਤੋਂ ਕੁਝ ਸਮਾਂ ਪਹਿਲਾਂ ਹੀ ਐਸ. ਡੀ. ਓ ਬਿਆਸ ਪ੍ਰਭਜੋਤ ਸਿੰਘ ਕਿਸੇ ਕੰਮ ਸਬੰਧੀ ਫੀਲਡ ਵਿੱਚ ਗਏ ਹੋਏ ਸਨ, ਜਿਸ ਕਾਰਨ ਵੱਡਾ ਹਾਦਸਾ ਟਲ ਗਿਆ।
"ਕਈ ਵਾਰ ਉੱਚ ਅਧਿਕਾਰੀਆਂ ਨੂੰ ਇਸ ਬਾਰੇ ਜਾਣੂ ਵੀ ਕਰਵਾਇਆ"
ਮੌਕੇ ’ਤੇ ਮੌਜੂਦ ਜੇ.ਈ ਭੁਪਿੰਦਰ ਸਿੰਘ ਅਤੇ ਹੋਰਨਾਂ ਕਰਮਚਾਰੀਆਂ ਨੇ ਦੱਸਿਆ ਕਿ "ਬਿਲਡਿੰਗ ਕਾਫੀ ਸਮੇਂ ਤੋਂ ਖਸਤਾ ਹਾਲਤ ਵਿੱਚ ਹੈ ਅਤੇ ਕਈ ਵਾਰ ਉੱਚ ਅਧਿਕਾਰੀਆਂ ਨੂੰ ਇਸ ਬਾਰੇ ਜਾਣੂ ਵੀ ਕਰਵਾਇਆ ਗਿਆ ਸੀ, ਪਰ ਕੋਈ ਕਾਰਵਾਈ ਨਹੀਂ ਕੀਤੀ ਗਈ। ਛੱਤ ਡਿੱਗਣ ਤੋਂ ਬਾਅਦ ਦਫਤਰ ਦੇ ਹੋਰ ਕਮਰਿਆਂ ਵਿੱਚ ਕੰਮ ਕਰਨ ਵਾਲੇ ਮੁਲਾਜ਼ਮਾਂ ਵਿੱਚ ਵੀ ਡਰ ਦਾ ਮਾਹੌਲ ਬਣ ਗਿਆ ਹੈ। ਕਰਮਚਾਰੀਆਂ ਦਾ ਕਹਿਣਾ ਹੈ ਕਿ ਜੇਕਰ ਸਮੇਂ ਸਿਰ ਬਿਲਡਿੰਗ ਦੀ ਮੁਰੰਮਤ ਨਾ ਹੋਈ ਤਾਂ ਹੋਰ ਵੀ ਵੱਡਾ ਹਾਦਸਾ ਵਾਪਰ ਸਕਦਾ ਹੈ।"
ਕਰਮਚਾਰੀਆਂ ਮੁਤਾਬਕ ਕਈ ਵਾਰ ਵਿਭਾਗ ਨੂੰ ਲਿਖਤੀ ਅਤੇ ਮੌਖਿਕ ਰੂਪ ਵਿੱਚ ਜਾਣੂ ਕਰਵਾਉਣ ਦੇ ਬਾਵਜੂਦ ਵੀ ਕੋਈ ਸੁਣਵਾਈ ਨਹੀਂ ਹੋਈ। ਹੁਣ ਛੱਤ ਡਿੱਗਣ ਦੀ ਘਟਨਾ ਤੋਂ ਬਾਅਦ ਕਰਮਚਾਰੀਆਂ ਵਿੱਚ ਰੋਸ ਵੀ ਪਾਇਆ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਖਸਤਾ ਹਾਲਤ ਬਿਲਡਿੰਗ ਨੂੰ ਤੁਰੰਤ ਖਾਲੀ ਕਰਵਾ ਕੇ ਨਵੀਂ ਅਤੇ ਸੁਰੱਖਿਅਤ ਇਮਾਰਤ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਭਵਿੱਖ ਵਿੱਚ ਕਿਸੇ ਵੱਡੇ ਹਾਦਸੇ ਤੋਂ ਬਚਿਆ ਜਾ ਸਕੇ।
"ਬਿਲਡਿੰਗ ਦੀ ਹਾਲਤ ਬਹੁਤ ਹੀ ਜਿਆਦਾ ਮਾੜੀ ਹੈ, ਛੱਤਾਂ ਵਿੱਚ ਥਾਂ-ਥਾਂ 'ਤੇ ਦਰਾਰਾਂ ਪਈਆਂ ਹੋਈਆਂ ਨੇ। ਬਿਲਡਿੰਗ ਦੀਆਂ ਛੱਤਾਂ ਵਿੱਚ ਪਾਏ ਲੈਂਚਰ ਦੇ ਸਰੀਏ ਬਿਲਕੁਲ ਕੰਮਜੋਰ ਹੋ ਚੁੱਕੇ ਨੇ, ਕਿਸੇ ਸਮੇਂ ਵੀ ਪੂਰੀ ਛੱਤ ਡਿੱਗ ਸਕਦੀ ਹੈ। ਜੇਕਰ ਜਲਦ ਵਿਭਾਗ ਨੇ ਇਸ ਬਾਰੇ ਕੁਝ ਨਾ ਸੋਚਿਆ ਤਾਂ ਉਹ ਇਸ ਤਪਦੀ ਗਰਮੀ ਦੌਰਾਨ ਵਿਹੜੇ ਆਉਂਦੀ ਧੁੱਪ ਵਿੱਚ ਹੀ ਕੁਰਸੀ ਟੇਬਲ ਲਗਾ ਕੇ ਕੰਮ ਕਰਨ ਨੂੰ ਮਜ਼ਬੂਰ ਹੋਣਾ ਪਵੇਗਾ। "- ਭੁਪਿੰਦਰ ਸਿੰਘ, ਜੇਈ ਬਿਆਸ
ਫਿਲਹਾਲ ਵਿਭਾਗ ਵੱਲੋਂ ਮਲਬਾ ਹਟਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਹੋਰ ਕਮਰਿਆਂ ਦੀ ਜਾਂਚ ਵੀ ਕੀਤੀ ਜਾ ਰਹੀ ਹੈ। ਹੁਣ ਦੇਖਣਾ ਹੋਵੇਗਾ ਕਿ ਵਿਭਾਗ ਇਸ ਘਟਨਾ ਤੋਂ ਬਾਅਦ ਕਿੰਨੀ ਜਲਦੀ ਕਾਰਵਾਈ ਕਰਦਾ ਹੈ।
ਇਹ ਵੀ ਪੜ੍ਹੋ:

