ਪ੍ਰੋਫੈਸਰ ਨਾਲ ਲੁੱਟ ਖੋਹ ਦਾ ਮਾਮਲਾ ਨਿਕਲਿਆ ਫਰਜ਼ੀ, ਪੁਲਿਸ ਨੇ ਕੀਤੇ ਹੈਰਾਨ ਕਰਨ ਵਾਲੇ ਖੁਲਾਸੇ
ਬਠਿੰਡਾ ਵਿੱਚ ਪ੍ਰੋਫੈਸਰ ਨਾਲ ਲੁੱਟ ਖੋਹ ਦਾ ਮਾਮਲਾ ਝੂਠਾ ਨਿਕਲਿਆ, ਜਾਣੋ ਅਸਲੀ ਕਹਾਣੀ...

Published : January 5, 2026 at 7:58 PM IST
ਬਠਿੰਡਾ: ਦਸੰਬਰ ਮਹੀਨੇ ਵਿੱਚ ਬਠਿੰਡਾ ਦੇ ਕਸਬਾ ਰਾਮਪੁਰਾ ਫੂਲ ਵਿਖੇ ਸੈਰ ਕਰਦੇ ਪ੍ਰੋਫੈਸਰ ਨਾਲ ਲੁੱਟ-ਖੋਹ ਅਤੇ ਕੁੱਟ-ਮਾਰ ਦੀ ਵਾਪਰੀ ਘਟਨਾ ਵਾਪਰੀ ਸੀ ਜੋ ਝੂਠੀ ਪਾਈ ਗਈ ਹੈ। ਪੁਲਿਸ ਵੱਲੋਂ ਇਸ ਘਟਨਾ ਵਿੱਚ ਸ਼ਾਮਿਲ ਤਿੰਨ ਨੌਜਵਾਨਾਂ ਨੂੰ ਰਾਮਪੁਰਾ ਕੋਲ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ।
ਲੁੱਟ ਖੋਹ ਦਾ ਮਾਮਲਾ ਨਿਕਲਿਆ ਫਰਜ਼ੀ
ਐਸਪੀਡੀ ਜਸਮੀਤ ਸਿੰਘ ਨੇ ਦੱਸਿਆ ਕਿ "ਦਸੰਬਰ ਮਹੀਨੇ ਵਿੱਚ ਇੱਕ ਪ੍ਰੋਫੈਸਰ ਵੱਲੋਂ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਜਦੋਂ ਉਹ ਰਾਮਪੁਰਾ ਫੂਲ ਵਿਖੇ ਸਵੇਰੇ 6 ਵਜੇ ਦੇ ਕਰੀਬ ਆਪਣੀ ਸਕੂਟਰੀ 'ਤੇ ਸੈਰ ਕਰਨ ਲਈ ਰਾਮਾਮੰਡੀ ਗਿਆ ਸੀ, ਇਸ ਦੌਰਾਨ ਕਰੀਬ ਤਿੰਨ ਨੌਜਵਾਨਾ ਵੱਲੋਂ ਉਨ੍ਹਾਂ ਨੂੰ ਅਗਵਾ ਕਰਕੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਹੈ ਅਤੇ ਉਨ੍ਹਾਂ ਤੋਂ ਲੁੱਟ ਖੋਹ ਕੀਤੀ ਗਈ ਸੀ। ਜਿਸ ਮਗਰੋਂ ਪੁਲਿਸ ਵੱਲੋਂ ਉਸਦੇ ਬਿਆਨਾਂ ਨੂੰ ਸੱਚ ਮੰਨਦੇ ਹੋਏ ਸਿਟੀ ਰਾਮਫੂਲ ਥਾਣੇ ਵਿੱਚ ਇੱਕ ਪਰਚਾ ਦਰਜ ਕੀਤਾ ਸੀ। ਉਨ੍ਹਾਂ ਕਿਹਾ ਕਿ ਪੁਲਿਸ ਉਸ ਸਮੇਂ ਤੋਂ ਹੀ ਇਸ ਮਾਮਲੇ ਦੀ ਜਾਂਚ ਵਿੱਚ ਲੱਗੀ ਹੋਈ ਸੀ। ਜਿਸ ਤੋਂ ਬਾਅਦ ਅਸੀਂ ਇਸ ਮਾਮਲੇ ਵਿੱਚ 3 ਬੰਦਿਆਂ ਨੂੰ ਗ੍ਰਿਫਤਾਰ ਕੀਤਾ। ਜਿਨ੍ਹਾਂ ਵਿੱਚੋਂ ਇੱਕ ਪਹਿਲਾਂ ਗ੍ਰਿਫਤਾਰ ਕੀਤਾ ਸੀ ਅਤੇ 2 ਅੱਜ ਗ੍ਰਿਫਤਾਰ ਕਰ ਲਏ ਗਏ ਹਨ। ਪਰ ਇਸ ਮਾਮਲੇ ਦੀ ਜਾਂਚ ਵਿੱਚ ਇੱਕ ਗੱਲ ਸਾਹਮਣੇ ਆਈ ਕਿ ਉਸ ਪ੍ਰੋਫੈਸਰ ਨੇ ਇਹ ਸਾਰੀ ਕਹਾਣੀ ਪੁਲਿਸ ਨੂੰ ਗੁੰਮਰਾਹ ਕਰਨ ਲਈ ਬਣਾਈ ਸੀ ਉਹ ਇਸ ਮਾਮਲੇ ਵਿੱਚ ਝੂਠਾ ਪਾਇਆ ਗਿਆ।"

"ਅਸਲ ਵਿੱਚ ਉਸ ਪ੍ਰੋਫੈਸਰ ਨੇ ਇਨ੍ਹਾਂ ਬੰਦਿਆਂ ਵਿੱਚੋਂ ਇੱਕ ਨੂੰ ਫੋਨ ਕਰਕੇ ਉਸ ਜਗ੍ਹਾ 'ਤੇ ਬੁਲਾਇਆ ਸੀ। ਇਹ ਪ੍ਰੋਫੈਸਰ ਵੱਲੋਂ ਇੱਕ ਸੋਸ਼ਲ ਮੀਡੀਆ ਐਪ ਰਾਹੀਂ ਇਨ੍ਹਾਂ ਨੌਜਵਾਨਾਂ ਨਾਲ ਸੰਪਰਕ ਕੀਤਾ ਗਿਆ ਸੀ ਅਤੇ ਘਟਨਾ ਵਾਲੇ ਦਿਨ ਵੀ ਇਹ ਨੌਜਵਾਨ ਪ੍ਰੋਫੈਸਰ ਨੂੰ ਮਿਲੇ ਸਨ, ਜਿਸ ਤੋਂ ਬਾਅਦ ਪ੍ਰੋਫੈਸਰ ਨੇ ਆਪਣੀ ਸਕੂਟਰੀ ਉਥੇ ਸਾਇਡ 'ਤੇ ਲਗਾ ਦਿੱਤੀ ਅਤੇ ਖੁਦ ਉਨ੍ਹਾਂ ਬੰਦਿਆਂ ਦੀ ਗੱਡੀ ਆਪ ਹੀ ਚਲਾ ਕੇ ਉਨ੍ਹਾਂ ਨਾਲ ਗਿਆ ਸੀ। ਜਿਸ ਤੋਂ ਬਾਅਦ ਅੱਗੇ ਜਾ ਕੇ ਇਨ੍ਹਾਂ ਵਿੱਚ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਅਤੇ ਗੱਲ ਕੁੱਟਮਾਰ ਤੱਕ ਪਹੁੰਚ ਗਈ। ਉਹ ਤਿੰਨੋਂ ਬੰਦੇ ਪ੍ਰੋਫੈਸਰ ਨਾਲ ਕੁੱਟਮਾਰ ਕਰਕੇ ਉਸ ਨੂੰ ਗੱਡੀ ਵਿੱਚੋਂ ਉਤਾਰ ਕੇ ਉੱਥੋਂ ਚਲੇ ਗਏ। ਮਾਮਲਾ ਕੁਝ ਹੋਰ ਸੀ ਪਰ ਇਸ ਪ੍ਰੋਫੈਸਰ ਨੇ ਪੁਲਿਸ ਦੇ ਕੰਮ ਉਤੇ ਉਂਗਲੀ ਚੁੱਕੀ ਇਹ ਸਭ ਕੁਝ ਉਸਨੇ ਝੂਠ ਬੋਲਿਆ ਸੀ। ਉਸ ਨਾਲ ਕਿਡਨੈਪਿਕ ਵਰਗਾ ਕੋਈ ਸੀਨ ਨਹੀਂ ਹੋਇਆ। ਉਸ ਬੰਦੇ ਨੇ ਉੱਕ ਝੂਠੀ ਕਹਾਣੀ ਘੜ ਕੇ ਪੁਲਿਸ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਸੀ, ਜਿਸ ਕਰਕੇ ਕਾਨੂੰਨ ਦੇ ਅਨੁਸਾਰ ਜੋ ਵੀ ਬਣਦੀ ਕਾਰਵਾਈ ਹੋਵੇਗੀ ਉਹ ਉਸਦੇ ਖਿਲਾਫ ਜਰੂਰ ਕੀਤੀ ਜਾਵੇਗੀ।" - ਜਸਮੀਤ ਸਿੰਘ, ਐਸਪੀਡੀ
'ਫੜ੍ਹੇ ਗਏ ਮੁਲਜ਼ਮਾਂ ਵਿੱਚੋਂ ਇੱਕ ਫੌਜੀ'
ਫੜ੍ਹੇ ਗਏ ਮੁਲਜ਼ਮਾਂ ਵਿੱਚ ਇੱਕ ਦਾ ਨਾਮ ਇੰਦਰਜੀਤ ਹੈ, ਉਸਦੇ ਖਿਲਾਫ ਪਹਿਲਾਂ ਵੀ ਤਿੰਨ ਪਰਚੇ ਦਰਜ ਹਨ, ਜਿਸ ਵਿੱਚ ਲੁੱਟਾਂ ਖੋਹਾਂ ਵਰਗੇ ਪਰਚੇ ਸ਼ਾਮਿਲ ਹਨ। ਇਨ੍ਹਾਂ ਵਿੱਚੋਂ ਹੀ ਇੱਕ ਦਾ ਨਾਮ ਕੁਲਦੀਪ ਹੈ ਜੋ ਫੌਜੀ ਹੈ, ਜੋ ਯੂਪੀ ਵਿੱਚ ਡਿਊਟੀ ਕਰ ਰਿਹਾ ਸੀ ਅਤੇ 2019 ਦਾ ਫੌਜ ਵਿੱਚ ਭਰਤੀ ਹੈ।

