ਨਸ਼ਾ ਤਸਕਰ ਦੀ ਨਜਾਇਜ਼ ਉਸਾਰੀ 'ਤੇ ਪੁਲਿਸ ਦੀ ਵੱਡੀ ਕਾਰਵਾਈ, ਪਰਿਵਾਰਕ ਮੈਂਬਰ ਫਰਾਰ
ਨਸ਼ੇ ਨੂੰ ਠੱਲ ਪਾਉਣ ਲਈ ਪੰਜਾਬ ਸਰਕਾਰ ਲਗਾਤਾਰ ਐਕਸ਼ਨ ਮੋਡ ਵਿੱਚ ਨਜ਼ਰ ਆ ਰਹੀ ਹੈ।

Published : May 8, 2026 at 4:50 PM IST
ਸੁਲਤਾਨਪੁਰ ਲੋਧੀ (ਕਪੂਰਥਲਾ): ਨਸ਼ੇ ਨੂੰ ਠੱਲ ਪਾਉਣ ਲਈ ਪੰਜਾਬ ਸਰਕਾਰ ਲਗਾਤਾਰ ਐਕਸ਼ਨ ਮੋਡ ਵਿੱਚ ਨਜ਼ਰ ਆ ਰਹੀ ਹੈ,ਜਿਸ ਦੇ ਚੱਲਦੇ ਨਸ਼ਾ ਤਸਕਰਾਂ ਉੱਤੇ ਲਗਾਤਾਰ ਕਾਰਵਾਈ ਹੋ ਰਹੀ ਹੈ। ਇਸੇ ਤਹਿਤ ਸੁਲਤਾਨਪੁਰ ਲੋਧੀ ਦੇ ਪਿੰਡ ਤੋਤੀ ਵਿੱਚ ਪੰਜਾਬ ਸਰਕਾਰ ਵੱਲੋਂ ਨਸ਼ਾ ਤਸਕਰਾਂ ਅਤੇ ਗੈਰ ਕਾਨੂੰਨੀ ਗਤੀਵਿਧੀਆਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ "ਯੁੱਧ ਨਸ਼ਿਆ ਵਿਰੁੱਧ" ਤਹਿਤ ਵੱਡੀ ਕਾਰਵਾਈ ਕੀਤੀ ਗਈ। ਪ੍ਰਸ਼ਾਸਨ ਵੱਲੋਂ ਨਸ਼ਾ ਤਸਕਰ ਪਰਵਿੰਦਰ ਸਿੰਘ ਉਰਫ਼ ਪਿੰਦਰ ਦੀ ਨਜਾਇਜ਼ ਉਸਾਰੀ ‘ਤੇ ਪੀਲਾ ਪੰਜਾ ਚਲਾ ਕੇ ਪੰਚਾਇਤੀ ਜ਼ਮੀਨ ਨੂੰ ਕਬਜ਼ਾ ਮੁਕਤ ਕਰਵਾਇਆ ਗਿਆ। ਇਸ ਕਾਰਵਾਈ ਦੀ ਨਾ ਸਿਰਫ਼ ਇਲਾਕੇ ਵਿੱਚ ਚਰਚਾ ਹੋ ਰਹੀ ਹੈ, ਸਗੋਂ ਪੰਜਾਬ ਸਰਕਾਰ ਦੇ ਇਸ ਉਪਰਾਲੇ ਦੀ ਲੋਕਾਂ ਵੱਲੋਂ ਵੀ ਖੁੱਲ੍ਹ ਕੇ ਸ਼ਲਾਘਾ ਕੀਤੀ ਜਾ ਰਹੀ ਹੈ।
"15 ਮਰਲੇ ਪੰਚਾਇਤੀ ਜ਼ਮੀਨ ‘ਤੇ ਨਜਾਇਜ਼ ਕਬਜ਼ਾ ਕਰਕੇ ਕੀਤੀ ਸੀ ਉਸਾਰੀ"
ਇਸੇ ਸਬੰਧੀ ਐਸਐਸਪੀ ਕਪੂਰਥਲਾ ਗੌਰਵ ਤੁਰਾ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ "ਪੰਜਾਬ ਸਰਕਾਰ ਵੱਲੋਂ ਗੈਰ ਕਾਨੂੰਨੀ ਗਤੀਵਿਧੀਆਂ ਖ਼ਿਲਾਫ਼ ਜੰਗੀ ਪੱਧਰ ‘ਤੇ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਲੜੀ ਦੇ ਤਹਿਤ ਅੱਜ ਪਿੰਡ ਤੋਤੀ, ਸੁਲਤਾਨਪੁਰ ਲੋਧੀ ਵਿੱਚ ਬੀਡੀਪੀਓ ਸੁਲਤਾਨਪੁਰ ਲੋਧੀ ਦੇ ਹੁਕਮਾਂ ਮੁਤਾਬਕ ਪਰਵਿੰਦਰ ਸਿੰਘ ਪਿੰਦਰ ਦੀਆਂ ਨਜਾਇਜ਼ ਉਸਾਰੀਆਂ ‘ਤੇ ਕਾਰਵਾਈ ਕੀਤੀ ਗਈ ਹੈ। ਪਰਵਿੰਦਰ ਸਿੰਘ ਪਿੰਦਰ ਵੱਲੋਂ ਤਕਰੀਬਨ 15 ਮਰਲੇ ਪੰਚਾਇਤੀ ਜ਼ਮੀਨ ‘ਤੇ ਨਜਾਇਜ਼ ਕਬਜ਼ਾ ਕਰਕੇ ਉਸਾਰੀ ਕੀਤੀ ਗਈ ਸੀ। ਬੀਡੀਪੀਓ ਦੇ ਹੁਕਮਾਂ ਤਹਿਤ ਇਸ ਨਜਾਇਜ਼ ਉਸਾਰੀ ਨੂੰ ਢਾਹ ਕੇ ਪੰਚਾਇਤੀ ਜ਼ਮੀਨ ਦਾ ਕਬਜ਼ਾ ਮੁੜ ਪੰਚਾਇਤ ਨੂੰ ਸੌਂਪਿਆ ਗਿਆ।"

"ਪਰਵਿੰਦਰ ਸਿੰਘ ਪਿੰਦਰ ਖ਼ਿਲਾਫ਼ ਪਹਿਲਾਂ ਤੋਂ ਹੀ 7 ਮੁਕੱਦਮੇ ਦਰਜ"
ਐਸਐਸਪੀ ਗੌਰਵ ਤੁਰਾ ਨੇ ਕਿਹਾ ਕਿ ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਪਰਵਿੰਦਰ ਸਿੰਘ ਪਿੰਦਰ ਖ਼ਿਲਾਫ਼ ਪਹਿਲਾਂ ਤੋਂ ਹੀ ਨਸ਼ਾ ਤਸਕਰੀ ਅਤੇ ਹੋਰ ਗੰਭੀਰ ਧਾਰਾਵਾਂ ਹੇਠ 7 ਮੁਕੱਦਮੇ ਦਰਜ ਹਨ ਅਤੇ ਇਸ ਵੇਲੇ ਉਹ ਜੇਲ੍ਹ ਵਿੱਚ ਬੰਦ ਹੈ। ਪੁਲਿਸ ਵੱਲੋਂ ਨਸ਼ਾ ਤਸਕਰਾਂ ਖ਼ਿਲਾਫ਼ ਲਗਾਤਾਰ ਜੰਗੀ ਪੱਧਰ ‘ਤੇ ਕਾਰਵਾਈ ਕੀਤੀ ਜਾ ਰਹੀ ਹੈ।
"ਤਸਕਰ ਦੇ ਕੁਝ ਪਰਿਵਾਰਕ ਮੈਂਬਰ ਫਰਾਰ"
ਉਨ੍ਹਾਂ ਹੋਰ ਕਿਹਾ ਕਿ ਤਸਕਰ ਦੇ ਕੁਝ ਪਰਿਵਾਰਕ ਮੈਂਬਰ ਫਰਾਰ ਹਨ ਅਤੇ ਇਲਾਕੇ ਵਿੱਚ ਨਹੀਂ ਰਹਿੰਦੇ ਪਰ ਪੁਲਿਸ ਵੱਲੋਂ ਉਨ੍ਹਾਂ ‘ਤੇ ਵੀ ਨਜ਼ਰ ਰੱਖੀ ਜਾ ਰਹੀ ਹੈ। ਪੰਜਾਬ ਸਰਕਾਰ ਨਸ਼ਿਆਂ ਦਾ ਲੱਕ ਤੋੜਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਗੈਰ ਕਾਨੂੰਨੀ ਗਤੀਵਿਧੀਆਂ ਖ਼ਿਲਾਫ਼ ਸਖ਼ਤ ਕਾਰਵਾਈ ਜਾਰੀ ਰਹੇਗੀ।

ਸਥਾਨਕ ਲੋਕਾਂ ਨੇ ਕੀਤੀ ਸ਼ਲਾਘਾ
ਇਸ ਦੌਰਾਨ ਸਥਾਨਕ ਲੋਕਾਂ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਇਸ ਕਾਰਵਾਈ ਦੀ ਖੁੱਲ੍ਹ ਕੇ ਸ਼ਲਾਘਾ ਕੀਤੀ। ਲੋਕਾਂ ਨੇ ਕਿਹਾ ਕਿ ਇਹ ਪਹਿਲੀ ਸਰਕਾਰ ਹੈ ਜਿਸ ਨੇ ਨਸ਼ਾ ਤਸਕਰਾਂ ਖ਼ਿਲਾਫ਼ ਇੰਨੀ ਸਖ਼ਤ ਕਾਰਵਾਈ ਕਰਕੇ ਉਹਨਾਂ ਦਾ ਲੱਕ ਤੋੜਿਆ ਹੈ। ਲੋਕਾਂ ਨੇ ਆਸ ਜਤਾਈ ਕਿ ਅਜਿਹੀਆਂ ਕਾਰਵਾਈਆਂ ਨਾਲ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਵਿੱਚ ਵੱਡੀ ਮਦਦ ਮਿਲੇਗੀ।
ਇਹ ਵੀ ਪੜ੍ਹੋ:

