ਸਰਪੰਚ ਕਤਲ ਕਾਂਡ ਮਾਮਲਾ: ਮੁੱਖ ਸ਼ੂਟਰਾਂ ਦੀਆਂ ਤਸਵੀਰਾਂ ਜਾਰੀ, ਸੂਚਨਾ ਦੇਣ ਵਾਲੇ ਲਈ ਰੱਖਿਆ ਇਨਾਮ
ਬੀਤੇ ਦਿਨ ਵਿਆਹ ਸਮਾਗਮ 'ਚ ਕਤਲ ਹੋਏ ਸਰਪੰਚ ਦੇ ਮਾਮਲੇ 'ਚ ਪੁਲਿਸ ਨੇ ਮੁੱਖ ਸ਼ੂਟਰਾਂ ਦੀ ਤਸਵੀਰ ਜਾਰੀ ਕੀਤੀ ਹੈ।


Published : February 26, 2026 at 7:30 PM IST
ਤਰਨਤਾਰਨ: ਬੀਤੇ ਦਿਨ ਤਰਨ ਤਾਰਨ 'ਚ ਇੱਕ ਵਿਆਹ ਸਮਾਗਮ ਦੌਰਾਨ ਆਮ ਆਦਮੀ ਪਾਰਟੀ ਦੇ ਸਰਪੰਚ ਹਰਬਿੰਦਰ ਸਿੰਘ ਦਾ ਕਤਲ ਕਰ ਦਿੱਤਾ ਗਿਆ ਸੀ। ਜ਼ਿਲ੍ਹਾ ਪੁਲਸ ਨੇ ਸਰਪੰਚ ਹਰਬਿੰਦਰ ਸਿੰਘ ਕਤਲ ਕਾਂਡ 'ਚ ਵੱਡੀ ਕਾਰਵਾਈ ਕਰਦਿਆਂ 2 ਮੁੱਖ ਸ਼ੂਟਰਾਂ ਦੇ ਸਕੈਚ ਅਤੇ ਤਸਵੀਰਾਂ ਜਾਰੀ ਕੀਤੀਆਂ ਹਨ। ਇਨ੍ਹਾਂ ਦੀ ਪਹਿਚਾਣ ਮਨਪ੍ਰੀਤ ਸਿੰਘ ਵਾਸੀ ਵਰਪਾਲ ਥਾਣਾ ਅੰਮ੍ਰਿਤਸਰ ਅਤੇ ਗੁਰਦੇਵ ਸਿੰਘ ਉਰਫ਼ ਹਰਦੇਵ ਸਿੰਘ ਵਾਸੀ ਖਡੂਰ ਸਾਹਿਬ ਵਜੋਂ ਹੋਈ ਹੈ।
ਦੋ ਮੁੱਖ ਸ਼ੂਟਰਾਂ ਦੀ ਤਸਵੀਰ ਜਾਰੀ
ਐਸਐਸਪੀ ਸੁਰਿੰਦਰ ਲਾਂਬਾ ਨੇ ਕਿਹਾ ਕਿ "ਇਨ੍ਹਾਂ ਬਾਰੇ ਸੂਚਨਾ ਦੇਣ ਵਾਲੇ ਨੂੰ ਪੰਜਾਬ ਪੁਲਿਸ ਵੱਲੋਂ ਵਾਜਿਬ ਇਨਾਮ ਦਿੱਤਾ ਜਾਵੇਗਾ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਬਾਕੀ ਲੋੜੀਂਦੇ ਮੁਲਜ਼ਮਾਂ ਦੀ ਤਲਾਸ਼ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਿਕ ਇਨ੍ਹਾਂ ਸ਼ੂਟਰਾਂ ਦਾ ਪ੍ਰਬੰਧ ਕਰਨ ਅਤੇ ਉਨ੍ਹਾਂ ਨੂੰ ਆਰਥਿਕ ਮਦਦ ਪਹੁੰਚਾਉਣ ਦੇ ਦੋਸ਼ ਹੇਠ ਇਕ ਵਿਅਕਤੀ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਹੈ। ਫੜੇ ਗਏ ਮੁਲਜ਼ਮ ਦੀ ਪਹਿਚਾਣ ਸੁਖਬੀਰ ਸਿੰਘ ਵਾਸੀ ਜਹਾਂਗੀਰ ਵਜੋਂ ਹੋਈ ਹੈ।"
ਅੰਮ੍ਰਿਤਸਰ ਏਅਰਪੋਰਟ ਤੋਂ ਇੱਕ ਕਾਬੂ
ਐਸਐਸਪੀ ਤਰਨ ਤਾਰਨ ਨੇ ਦੱਸਿਆ ਕਿ "ਮੁਲਜ਼ਮ ਸੁਖਬੀਰ ਸਿੰਘ ਦੁਬਈ ਭੱਜਣ ਦੀ ਤਿਆਰੀ 'ਚ ਸੀ। ਉਸ ਨੂੰ ਅੰਮ੍ਰਿਤਸਰ ਹਵਾਈ ਅੱਡੇ ਤੋਂ ਉਸ ਵੇਲੇ ਗ੍ਰਿਫ਼ਤਾਰ ਕੀਤਾ ਗਿਆ ਜਦੋਂ ਉਹ ਦੁਬਈ ਲਈ ਰਵਾਨਾ ਹੋਣ ਵਾਲੀ ਫਲਾਈਟ ‘ਚ ਸਵਾਰ ਹੋਣ ਜਾ ਰਿਹਾ ਸੀ। ਪਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਫਲਾਈਟ ਰੁਕਵਾ ਕੇ ਉਸ ਨੂੰ ਕਾਬੂ ਕੀਤਾ। ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਵਿਦੇਸ਼ ਤੋਂ ਲੱਗਭਗ 2 ਲੱਖ ਰੁਪਏ ਦੀ ਰਕਮ ਟ੍ਰਾਂਸਫਰ ਕੀਤੀ ਗਈ ਸੀ। ਸੁਖਬੀਰ ਸਿੰਘ ਦੇ ਵਿਦੇਸ਼ ਬੈਠੇ ਗੈਂਗਸਟਰ ਸਤਨਾਮ ਸਿੰਘ ਉਰਫ਼ ਸੱਤਾ ਨੌਸ਼ਹਿਰਾ ਨਾਲ ਸਿੱਧੇ ਸਬੰਧ ਸਨ।"

ਹੁਣ ਤੱਕ ਸੱਤ ਗ੍ਰਿਫ਼ਤਾਰੀਆਂ
ਪੁਲਸ ਅਧਿਕਾਰੀ ਅਨੁਸਾਰ ਸਰਪੰਚ ਕਤਲ ਲਈ ਤਿਆਰ ਕੀਤੇ ਗਏ ਬਦਮਾਸ਼ਾਂ ਦੇ ਖਾਤਿਆਂ ਵਿੱਚ ਥੋੜ੍ਹੀ-ਥੋੜ੍ਹੀ ਰਕਮ ਜਮ੍ਹਾਂ ਕਰਵਾਈ ਗਈ ਸੀ। ਐਸਐਸਪੀ ਸੁਰਿੰਦਰ ਲਾਂਬਾ ਨੇ ਦੱਸਿਆ ਕਿ ਸੁਖਬੀਰ ਸਿੰਘ ਵੱਲੋਂ ਹੁਣ ਤੱਕ ਕਰੀਬ 2 ਲੱਖ ਰੁਪਏ ਦੀ ਲੈਣ-ਦੇਣ ਕੀਤਾ ਗਿਆ ਹੈ ਅਤੇ ਮਾਮਲੇ ਦੀ ਹੋਰ ਗਹਿਰਾਈ ਨਾਲ ਜਾਂਚ ਜਾਰੀ ਹੈ। ਪੁਲਿਸ ਹੁਣ ਤੱਕ ਇਸ ਕਤਲ ਕੇਸ ਵਿੱਚ 7 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਉਨ੍ਹਾਂ ਕੋਲੋਂ 4 ਪਿਸਤੌਲ ਅਤੇ 2 ਮੋਟਰਸਾਈਕਲ ਬਰਾਮਦ ਕੀਤੇ ਗਏ ਹਨ। ਦੱਸ ਦਈਏ ਕਿ ਇਸ ਮਾਮਲੇ 'ਚ ਸਰਕਾਰ ਵੱਲੋਂ ਡੀਐਸਪੀ ਪੱਟੀ ਅਤੇ SHO ਸਰਹਾਲੀ ਨੂੰ ਵੀ ਸਸਪੈਂਡ ਕੀਤਾ ਗਿਆ ਸੀ।

