ਤਰਨ ਤਾਰਨ ਸਰਪੰਚ ਕਤਲ ਮਾਮਲਾ, ਪੁਲਿਸ ਨੇ ਐਨਕਾਊਂਟਰ ਦੌਰਾਨ 2 ਮੁਲਜ਼ਮ ਕੀਤੇ ਗ੍ਰਿਫ਼ਤਾਰ
ਮੁਲਜ਼ਮਾਂ ਤੋਂ 30 ਬੋਰ ਅਤੇ 9 ਐੱਮਐੱਮ ਦੇ 2 ਪਿਸਤੌਲ ਅਤੇ ਇੱਕ ਮੋਟਰਸਾਈਕਲ ਬਰਾਮਦ ਹੋਏ ਹਨ।

Published : February 25, 2026 at 2:01 PM IST
ਤਰਨਤਾਰਨ: ਬੀਤੇ ਦਿਨ ਚੱਲਦੇ ਵਿਆਹ ਸਮਾਗਮ ਦੌਰਾਨ ਆਮ ਆਦਮੀ ਪਾਰਟੀ ਦੇ ਸਰਪੰਚ ਹਰਬਰਿੰਦਰ ਸਿੰਘ ਦਾ ਗੋਲ਼ੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਪੁਲਿਸ ਨੇ ਇਸ ਮਾਮਲੇ ਵਿੱਚ ਵੱਡੀ ਕਾਰਵਾਈ ਕਰਦੇ ਹੋਏ ਮੁਲਜ਼ਮਾਂ ਨੂੰ ਐਨਕਾਊਂਟਰ ਦੌਰਾਨ ਗ੍ਰਿਫ਼ਤਾਰ ਕਰ ਲਿਆ ਹੈ।
2 ਮੁਲਜ਼ਮ ਕੀਤੇ ਗ੍ਰਿਫ਼ਤਾਰ
ਪੁਲਿਸ ਨੇ ਐਤਵਾਰ ਤੜਕਸਾਰ ਪਿੰਡ ਨੌਸ਼ਹਿਰਾ ਪਨੂੰਆਂ ਦੇ ਕੋਲ ਇੱਕ ਮੁਕਾਬਲੇ ਤੋਂ ਬਾਅਦ ਮੋਟਰਸਾਈਕਲ ਸਵਾਰ 2 ਨੌਜਵਾਨਾਂ ਨੂੰ ਕਾਬੂ ਕੀਤਾ ਹੈ। ਜਿਨ੍ਹਾਂ ਨੂੰ ਇਲਾਜ਼ ਲਈ ਹਸਪਤਾਲ ਦਾਖਲ ਕਰਵਾ ਦਿੱਤਾ ਗਿਆ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿੱਚੋਂ ਇੱਕ ਤਰਨਤਾਰਨ ਜ਼ਿਲ੍ਹੇ ਦਾ ਰਹਿਣ ਵਾਲਾ ਹੈ ਅਤੇ ਦੂਜਾ ਗੁਆਂਢੀ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਵਿੱਚੋਂ ਇੱਕ ਨੇ ਸ਼ੂਟਰਾਂ ਦੀ ਮਦਦ ਕੀਤੀ ਸੀ।
ਮੁਲਜ਼ਮਾਂ ਤੋਂ 2 ਪਿਸਤੌਲ ਵੀ ਬਰਾਮਦ
ਐੱਸਐੱਸਪੀ ਸੁਰੇਂਦਰ ਲਾਂਬਾ ਨੇ ਦੱਸਿਆ ਕਿ "ਥਾਣਾ ਸਰਹਾਲੀ ਦੀ ਪੁਲਿਸ ਤੋਂ ਇਲਾਵਾ ਸੀਆਈਏ ਸਟਾਫ ਅਤੇ ਏਜੀਟੀਐੱਫ ਦੀਆਂ ਟੀਮਾਂ ਕਤਲ ਵਾਲੇ ਦਿਨ ਤੋਂ ਹੀ ਸ਼ੂਟਰਾਂ ਦੇ ਪਿੱਛੇ ਲੱਗੀਆਂ ਹੋਈਆਂ ਹਨ। ਸੂਚਨਾ ਦੇ ਅਧਾਰ ’ਤੇ ਪੁਲਿਸ ਟੀਮ ਨੌਸ਼ਹਿਰਾ ਪਨੂੰਆਂ ਇਲਾਕੇ ਵਿੱਚ ਮੌਜੂਦ ਸੀ। ਇਸੇ ਦੌਰਾਨ ਮੋਟਰਸਾਈਕਲ ਸਵਾਰ 2 ਸ਼ੱਕੀਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਪੁਲਿਸ ਪਾਰਟੀ ’ਤੇ ਫਾਇਰ ਕਰ ਕੇ ਭੱਜਣ ਦੀ ਕੋਸ਼ਿਸ਼ ਕੀਤੀ। ਪਰ ਜਵਾਬੀ ਕਾਰਵਾਈ ਦੌਰਾਨ ਦੋਵੇਂ ਮੁਲਜ਼ਮ ਜ਼ਖ਼ਮੀ ਹੋ ਗਏ। ਮੁਲਜ਼ਮਾਂ ਦੀ ਪਛਾਣ ਸ਼ਰਨਪ੍ਰੀਤ ਸਿੰਘ ਵਾਸੀ ਚੋਹਲਾ ਸਾਹਿਬ ਅਤੇ ਹਰਦੀਪ ਸਿੰਘ ਵਜੋਂ ਹੋਈ ਹੈ। ਜਾਂਚ ਦੌਰਾਨ ਪਤਾ ਲੱਗਾ ਹੈ ਕਿ ਸ਼ਰਨਪ੍ਰੀਤ ਸਿੰਘ ਨੇ ਸਰਪੰਚ ਨੂੰ ਗੋਲ਼ੀਆਂ ਮਾਰਨ ਵਾਲੇ ਸ਼ੂਟਰ ਦੀ ਮਦਦ ਕੀਤੀ ਸੀ। ਮੁਲਜ਼ਮਾਂ ਤੋਂ 30 ਬੋਰ ਅਤੇ 9 ਐੱਮਐੱਮ ਦੇ 2 ਪਿਸਤੌਲ ਅਤੇ ਇੱਕ ਮੋਟਰਸਾਈਕਲ ਬਰਾਮਦ ਹੋਏ ਹਨ।"

ਮੁਲਜ਼ਮਾਂ ਵਿਰੁੱਧ ਇੱਕ ਨਵਾਂ ਕੇਸ ਦਰਜ
ਐਸਐਸਪੀ ਨੇ ਦੱਸਿਆ ਕਿ ਇਸ ਘਟਨਾ ਤੋਂ ਬਾਅਦ ਸਦਰ ਪੱਟੀ ਥਾਣੇ ਵਿੱਚ ਮੁਲਜ਼ਮਾਂ ਵਿਰੁੱਧ ਇੱਕ ਨਵਾਂ ਕੇਸ ਦਰਜ ਕੀਤਾ ਗਿਆ ਹੈ। ਜ਼ਿਲ੍ਹੇ ਦੀ ਇੱਕ ਫੋਰੈਂਸਿਕ ਟੀਮ ਅਤੇ ਸੀਨੀਅਰ ਪੁਲਿਸ ਅਧਿਕਾਰੀ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮਾਂ ਦੇ ਨਾਲ ਮੌਕੇ 'ਤੇ ਮੌਜੂਦ ਹਨ ਅਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਹੁਣ ਦੋਵਾਂ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲੈ ਕੇ ਹੋਰ ਪੁੱਛਗਿੱਛ ਕਰੇਗੀ, ਜਿਸ ਨਾਲ ਮਾਮਲੇ ਵਿੱਚ ਹੋਰ ਮਹੱਤਵਪੂਰਨ ਖੁਲਾਸੇ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਦੇ ਦੱਸਿਆ ਕਿ ਕਤਲ ਮਾਮਲੇ ਵਿੱਚ ਹੁਣ ਤੱਕ 4 ਮੁਲਜ਼ਮ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ।
ਸਿੱਧੂ ਫਾਰਮ ਦੇ ਮਾਲਕਾਂ ’ਤੇ ਕੇਸ ਦਰਜ
ਦੂਜੇ ਪਾਸੇ ਪੁਲਿਸ ਨੇ ਸਿੱਧੂ ਪੈਲੇਸ ਅੰਦਰ ਅਤੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਚਾਲੂ ਹਾਲਤ ਵਿੱਚ ਨਾ ਹੋਣ ਕਾਰਨ, ਪੈਲੇਸ ਦੇ ਮੇਨ ਗੇਟ ’ਤੇ ਡੋਰ ਫਰੇਮ ਮੈਟਲ ਡਿਟੈਕਟਰ ਨਾ ਹੋਣ ਕਾਰਨ, ਪੈਲੇਸ ਅੰਦਰ ਹਥਿਆਰ ਨਾ ਲਿਜਾਣ ਸਬੰਧੀ ਕੋਈ ਬੋਰਡ ਲਗਾਏ ਜਾਣ ਕਾਰਨ ਅਤੇ ਪੈਸੇਲ ਦੇ ਬਾਹਰ ਕੋਈ ਸੁਰੱਖਿਆ ਗਾਰਡ ਤਾਇਨਾਤ ਨਾ ਕਰਨ ਕਾਰਨ ਗੰਭੀਰ ਲਾਪਰਵਾਹੀ ਮੰਨਦਿਆਂ ਪੈਲੇਸ ਦੇ ਮਾਲਕਾਂ ਖਿਲਾਫ ਕੇਸ ਦਰਜ ਕੀਤਾ ਹੈ।

