ETV Bharat / state

ਐਨਕਾਊਂਟਰ ਨੇ ਪੰਜਾਬ ਪੁਲਿਸ ਦੀ ਭਰੋਸੇਯੋਗਤਾ 'ਤੇ ਖੜ੍ਹੇ ਕੀਤੇ ਸਵਾਲ,ਜਾਖੜ ਨੇ ਕੀਤੇ ਵਾਰ

ਅਰਵਿੰਦ ਕੇਜਰੀਵਾਲ ਦੇ ਬਰੀ ਹੋਣ ਅਤੇ ਗੁਰਦਾਸਪੁਰ ਐਨਕਾਊਂਟਰ ਮਾਮਲੇ ਨੂੰ ਲੈਕੇ ਪੰਜਾਬ ਭਾਜਪਾ ਪ੍ਰਧਾਨ ਨੇ ਸਿਆਸੀ ਵਾਰ ਕੀਤੇ ਹਨ।

Gurdaspur police encounter
ਐਨਕਾਊਂਟਰ ਨੇ ਪੰਜਾਬ ਪੁਲਿਸ ਦੀ ਭਰੋਸੇਯੋਗਤਾ 'ਤੇ ਖੜ੍ਹੇ ਕੀਤੇ ਸਵਾਲ (ETV BHARAT,FILE PHOTO)
author img

By ETV Bharat Punjabi Team

Published : February 27, 2026 at 6:03 PM IST

2 Min Read
Choose ETV Bharat

ਚੰਡੀਗੜ੍ਹ: ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਗੁਰਦਾਸਪੁਰ ਜ਼ਿਲ੍ਹੇ ਵਿਚ ਪੁਲਿਸ ਐਨਕਾਊਂਟਰ ਦੌਰਾਨ ਮਾਰੇ ਗਏ ਨੌਜਵਾਨ ਦੇ ਮਾਮਲੇ ਵਿੱਚ ਪੰਜਾਬ ਸਰਕਾਰ ਨੂੰ ਕਿਹਾ ਹੈ ਕਿ ਉਹ ਆਪਣੀ ਭਰੋਸੇਯੋਗਤਾ ਸਾਬਤ ਕਰਨ ਲਈ ਇਸ ਦੀ ਨਿਰਪੱਖ ਜਾਂਚ ਕਰਵਾਉਣ ਦੀ ਪਹਿਲ ਕਰੇ। ਉਨ੍ਹਾਂ ਕਿਹਾ ਕਿ ਇਸ ਸਬੰਧੀ ਪੁਲਿਸ ਵੱਲੋਂ ਦੱਸੀ ਜਾ ਰਹੀ ਕਹਾਣੀ ਜਨਤਾ ਦੇ ਮਨ ਵਿਚ ਸ਼ੰਕੇ ਉਤਪੰਨ ਕਰ ਰਹੀ ਹੈ ਅਤੇ ਲੋਕ ਮਨਾਂ ਵਿੱਚ ਸਰਕਾਰ ਅਤੇ ਪੁਲਿਸ ਦੀ ਭਰੋਸੇਯੋਗਤਾ ਉੱਤੇ ਸਵਾਲ ਖੜ੍ਹੇ ਕਰ ਰਹੀ ਹੈ। ਇਹ ਸਰਕਾਰ ਲੋਕਾਂ ਵਿੱਚ ਭਰੋਸੇਯੋਗਤਾ ਗੁਆ ਚੁੱਕੀ ਹੈ ਅਤੇ ਇਸ ਵੱਲੋਂ ਕਹੀ ਗੱਲ ਉੱਤੇ ਲੋਕ ਵਿਸਵਾਸ਼ ਨਹੀਂ ਕਰ ਪਾ ਰਹੇ ਹਨ। ਇਸ ਲਈ ਜ਼ਰੂਰੀ ਹੈ ਕਿ ਆਪਣੀ ਗੁਆਚੀ ਭਰੋਸੇਯੋਗਤਾ ਨੂੰ ਬਹਾਲ ਕਰਨ ਲਈ ਸਰਕਾਰ ਨਿਰਪੱਖ ਜਾਂਚ ਕਰਵਾਉਣ ਲਈ ਅੱਗੇ ਆਵੇ।



ਐਨਕਾਊਂਟਰ ਕਿਸੇ ਵੀ ਸੱਭਿਅਕ ਸਮਾਜ ਵਿੱਚ ਬਰਦਾਸ਼ਤਯੋਗ ਨਹੀਂ ਹੈ। ਇਹ ਮਨੁੱਖੀ ਅਧਿਕਾਰਾਂ ਦਾ ਘਾਣ ਹੁੰਦਾ ਹੈ ਅਤੇ ਪੰਜਾਬ ਦੇ ਸੰਦਰਭ ਵਿਚ ਇਹ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ ਕਿ ਅਜਿਹੇ ਮਾਮਲੇ ਦੀ ਗੰਭੀਰ ਜਾਂਚ ਹੋਵੇ ਕਿਉਂਕਿ ਪੰਜਾਬ ਨੇ ਆਪਣੇ ਕਾਲੇ ਦੌਰ ਵਿਚ ਫਰਜੀ ਐਨਕਾਊਂਟਰਾਂ ਦਾ ਵੱਡਾ ਸੇਕ ਹੰਡਾਇਆ ਹੈ। ਕੋਣ ਦੋਸ਼ੀ ਹੈ ਅਤੇ ਕੋਣ ਨਿਰਦੋਸ਼, ਐਨਕਾਊਂਟਰ ਫਰਜੀ ਸੀ ਜਾਂ ਅਸਲੀ ਪਰ ਪੁਲਿਸ ਦੀ ਕਹਾਣੀ ਲੋਕਾਂ ਦੇ ਹਜਮ ਨਹੀਂ ਹੋ ਰਹੀ। ਮ੍ਰਿਤਕ ਦਾ ਪਰਿਵਾਰ ਅਤੇ ਸਮਾਜ ਸਵਾਲ ਕਰ ਰਿਹਾ ਹੈ। ਇਹ ਹੈਰਾਨੀਜਨਕ ਹੈ ਕਿ ਇੱਕ ਮੁੰਡਾ ਪੁਲਿਸ ਹਿਰਾਸਤ ਵਿਚੋਂ ਭੱਜਿਆ ਅਤੇ ਥੋੜ੍ਹੀ ਹੀ ਦੇਰ ਵਿਚੱ ਰਾਤ ਸਮੇਂ ਹੀ ਉਸ ਨੇ ਮੋਟਰਸਾਇਕਲ ਅਤੇ ਹਥਿਆਰ ਵੀ ਪ੍ਰਾਪਤ ਕਰ ਲਏ। ਨਾਲ ਦੀ ਨਾਲ ਅਗਲੇ ਨਾਕੇ ਉੱਤੇ ਮੁਕਾਬਲੇ ਵਿੱਚ ਹਲਾਕ ਹੋ ਗਿਆ। ਇਨ੍ਹਾਂ ਸਵਾਲਾਂ ਦਾ ਜਵਾਬ ਨਿਰਪੱਖ ਜਾਂਚ ਵਿੱਚ ਹੀ ਮਿਲ ਸਕਦਾ ਹੈ।- ਸੁਨੀਲ ਜਾਖੜ,ਪ੍ਰਧਾਨ,ਪੰਜਾਬ ਭਾਜਪਾ

'ਪੁਲਿਸ ਦੀ ਭਰੋਸੇਯੋਗਤਾ ਉੱਤੇ ਉੱਠ ਰਹੇ ਸਵਾਲ'


ਸੁਨੀਲ ਜਾਖੜ ਨੇ ਕਿਹਾ ਕਿ ਬੇਸ਼ੱਕ ਕੋਈ ਦੋਸ਼ੀ ਵੀ ਹੋਵੇ ਤਾਂ ਵੀ ਉਸ ਨੂੰ ਸਜ਼ਾ ਦੇਣ ਦਾ ਕੰਮ ਅਦਾਲਤ ਦਾ ਹੈ ਅਤੇ ਪੁਲਿਸ ਖੁਦ ਹੀ ਜੱਜ ਬਣ ਕੇ ਸਜ਼ਾਵਾਂ ਦੇਵੇ ਇਹ ਲੋਕਤੰਤਰ ਲਈ ਸਭ ਤੋਂ ਵੱਡੀ ਚੁਣੌਤੀ ਹੁੰਦੀ ਹੈ। ਇਸ ਲਈ ਜ਼ਰੂਰੀ ਹੈ ਕਿ ਇਸ ਐਨਕਾਊਂਟਰ ਦੀ ਸਮਾਂਬੱਧ ਅਤੇ ਨਿਰਪੱਖ ਜਾਂਚ ਹੋਵੇ ਜਿਸ ਵਿਚ ਸਮਾਜਿਕ ਕਾਰਕੂਨ ਵੀ ਸ਼ਾਮਿਲ ਕੀਤੇ ਜਾਣ ਤਾਂ ਜੋ ਪੁਲਿਸ ਦੀ ਭਰੋਸੇਯੋਗਤਾ ਉੱਤੇ ਉੱਠ ਰਹੇ ਸਵਾਲਾਂ ਨੂੰ ਰੋਕਿਆ ਜਾ ਸਕੇ।

'ਨਿਰਪੱਖ ਜਾਂਚ ਹੋਵੇ'

ਭਾਜਪਾ ਪ੍ਰਧਾਨ ਨੇ ਅਰਵਿੰਦਰ ਕੇਜਰੀਵਾਲ ਨੂੰ ਹੀ ਸਵਾਲ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਇਸ ਸਬੰਧੀ ਨਿਰਪੱਖ ਜਾਂਚ ਦੀ ਪਹਿਲ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਨਿਆਂ ਮੰਗਦਾ ਹੈ। ਜੇਕਰ ਸੱਚਮੁੱਚ ਵੀ ਉਸ ਮੁੰਡੇ ਨੇ ਅਪਰਾਧ ਕੀਤਾ ਸੀ ਤਾਂ ਵੀ ਕਿਸੇ ਦਾ ਐਨਕਾਊਂਟਰ ਕਰ ਦੇਣਾ ਉਸ ਤੋਂ ਵੀ ਵੱਡਾ ਅਪਰਾਧ ਹੁੰਦਾ ਹੈ।

'ਹਰ ਐਨਕਾਊਂਟਰ ਦੀ ਕਹਾਣੀ ਇੱਕ ਜਿਹੀ'

ਭਾਜਪਾ ਪ੍ਰਧਾਨ ਨੇ ਕਿਹਾ ਕਿ ਹਰ ਐਨਕਾਊਂਟਰ ਤੋਂ ਬਾਅਦ ਪੁਲਿਸ ਜੋ ਕਹਾਣੀ ਦੱਸਦੀ ਹੈ ਉਸ ਵਿੱਚ ਸਮਾਨਤਾਵਾਂ ਹਨ ਤਾਂ ਕੀ ਪਿਛਲੇ ਐਨਕਾਊਂਟਰਾਂ ਤੋਂ ਬਾਅਦ ਪੁਲਿਸ ਨੇ ਸਬਕ ਨਹੀਂ ਲਿਆ ਕਿ ਅਜਿਹੇ ਲੋਕਾਂ ਨੂੰ ਇੱਧਰ ਉੱਧਰ ਲਿਜਾਉ਼ਣ ਸਮੇਂ ਵਧੇਰੇ ਫੋਰਸ ਅਤੇ ਚੌਕਸੀ ਵਰਤੀ ਜਾਵੇ, ਇਹ ਤਰੀਕਾ ਗਲਤ ਹੈ। ਹੋ ਸਕਦਾ ਹੈ ਕਿ ਇਹ ਸੱਚ ਹੋਵੇ ਪਰ ਫਿਰ ਵੀ ਨਿਰੱਪਖ ਜਾਂਚ ਕਰਵਾ ਕੇ ਸਰਕਾਰ ਨੂੰ ਆਪਣੀ ਭਰੋਸੇਯੋਗਤਾ ਸਾਬਿਤ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ। ਨਹੀਂ ਤਾਂ ਪੁਲਿਸ ਅਫਸਰਾਂ ਦੇ ਬਿਆਨ ਪੰਜਾਬ ਦੇ ਲੋਕਾਂ ਨੂੰ ਸੰਤੁਸ਼ਟ ਨਹੀਂ ਕਰ ਪਾ ਰਹੇ ਹਨ। ਲੋਕ ਮਨਾਂ ਵਿੱਚ ਉਤਪੰਨ ਹੋ ਰਿਹਾ ਇਹ ਅਸੰਤੋਸ਼ ਇੱਕ ਵੱਡੇ ਖਤਰੇ ਵਿੱਚ ਇਸ ਸਰਹੱਦੀ ਸੂਬੇ ਨੂੰ ਪਾ ਸਕਦਾ ਹੈ।