Channi VS Warring: ਪੰਜਾਬ ਕਾਂਗਰਸ 'ਚ ਸਭ ਕੁਝ ਠੀਕ ? ਰੰਧਾਵਾ ਤੇ ਪ੍ਰਗਟ ਸਿੰਘ ਨੇ ਤੋੜੀ ਚੁੱਪੀ
ਸੁਖਜਿੰਦਰ ਰੰਧਾਵਾ ਅਤੇ ਪ੍ਰਗਟ ਸਿੰਘ ਨੇ ਸਾਹਮਣੇ ਆ ਕੇ ਸਪੱਸ਼ਟ ਕੀਤਾ ਕਿ ਪਾਰਟੀ ਅੰਦਰ ਚੱਲ ਰਹੀ ਚਰਚਾ ਨੂੰ ਗਲਤ ਅਰਥਾਂ ਵਿੱਚ ਨਹੀਂ ਲੈਣਾ ਚਾਹੀਦਾ।

Published : July 9, 2026 at 6:11 PM IST
|Updated : July 9, 2026 at 6:37 PM IST
ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਮੁੜ ਕਮਾਂਡ ਸੌਂਪੇ ਜਾਣ ਤੋਂ ਬਾਅਦ ਪਾਰਟੀ ਅੰਦਰ ਉੱਠੀ ਬਗਾਵਤ ਦੇ ਸੁਰ ਹੁਣ ਨਰਮ ਪੈਂਦੇ ਦਿਖਾਈ ਦੇ ਰਹੇ ਹਨ। ਪੰਜਾਬ ਕਾਂਗਰਸ ਵਿੱਚ ਚੱਲ ਰਹੀਆਂ ਮੀਟਿੰਗਾਂ ਅਤੇ ਅੰਦਰੂਨੀ ਹਲਚਲ ਦਰਮਿਆਨ ਸਿਆਸੀ ਗਲਿਆਰਿਆਂ ਵਿੱਚ ਕਈ ਤਰ੍ਹਾਂ ਦੀਆਂ ਅਟਕਲਾਂ ਲੱਗ ਰਹੀਆਂ ਹਨ। ਇਸੇ ਵਿਚਾਲੇ ਪੰਜਾਬ ਕਾਂਗਰਸ ਦੇ ਸੰਸਦ ਮੈਂਬਰ ਸੁਖਜਿੰਦਰ ਰੰਧਾਵਾ ਅਤੇ ਕਾਂਗਰਸੀ ਵਿਧਾਇਕ ਪ੍ਰਗਟ ਸਿੰਘ ਨੇ ਸਾਹਮਣੇ ਆ ਕੇ ਸਪੱਸ਼ਟ ਕੀਤਾ ਕਿ ਪਾਰਟੀ ਅੰਦਰ ਚੱਲ ਰਹੀ ਚਰਚਾ ਨੂੰ ਗਲਤ ਅਰਥਾਂ ਵਿੱਚ ਨਹੀਂ ਲੈਣਾ ਚਾਹੀਦਾ।
'ਸਾਰੇ ਆਗੂ ਭੂਪੇਸ਼ ਬਘੇਲ ਨੂੰ ਮਿਲਣਗੇ'
ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਰਾਣਾ ਗੁਰਜੀਤ ਦੇ ਘਰ ਹੋਈ ਮੀਟਿੰਗ ਦੇ ਮਕਸਦ ਨੂੰ ਗਲਤ ਸਮਝਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਚਰਚਾ ਦਾ ਕੇਂਦਰ ਨਗਰ ਕੌਂਸਲ ਚੋਣਾਂ ਸੀ। ਦੀਨਾਨਗਰ ਅਤੇ ਫ਼ਤਹਿਗੜ੍ਹ ਚੂੜੀਆਂ ਵਰਗੇ ਖੇਤਰਾਂ ਵਿੱਚ ਕਾਂਗਰਸ ਦੀ ਜਿੱਤ ਅਤੇ ਅੱਗੇ ਦੀ ਰਣਨੀਤੀ 'ਤੇ ਵਿਚਾਰ ਕੀਤਾ ਗਿਆ, ਨਾ ਕਿ ਕਿਸੇ ਤਰ੍ਹਾਂ ਦੇ ਟਕਰਾਅ 'ਤੇ। ਪੰਜਾਬ ਕਾਂਗਰਸ ਦੇ ਸਾਰੇ ਸੀਨੀਅਰ ਆਗੂ ਪੰਜਾਬ ਮਾਮਲਿਆਂ ਦੇ ਇੰਚਾਰਜ ਭੂਪੇਸ਼ ਬਘੇਲ ਨਾਲ ਮੁਲਾਕਾਤ ਕਰਨਗੇ। ਉਨ੍ਹਾਂ ਕਿਹਾ ਕਿ ਪਾਰਟੀ ਹਾਈਕਮਾਨ ਨਾਲ ਵੀ ਲਗਾਤਾਰ ਸੰਪਰਕ ਵਿੱਚ ਹੈ ਅਤੇ ਪੂਰੇ ਸਨਮਾਨ ਨਾਲ ਆਪਣਾ ਪੱਖ ਭੂਪੇਸ਼ ਬਘੇਲ ਸਾਹਮਣੇ ਰੱਖਿਆ ਜਾਵੇਗਾ।
'ਹਾਈਕਮਾਨ ਦਾ ਸਨਮਾਨ, ਗੱਲ ਵੀ ਖੁੱਲ੍ਹ ਕੇ ਕਰਾਂਗੇ'
ਇਸਦੇ ਨਾਲ ਹੀ ਰੰਧਾਵਾ ਨੇ ਕਿਹਾ ਕਿ "ਕਾਂਗਰਸ ਹਾਈਕਮਾਨ ਦਾ ਪੂਰਾ ਸਨਮਾਨ ਕੀਤਾ ਜਾਂਦਾ ਹੈ। ਪਾਰਟੀ ਨਾਲ ਜੁੜੇ ਜਿਹੜੇ ਵੀ ਮੁੱਦੇ ਹਨ, ਉਹ ਹਾਈਕਮਾਨ ਅਤੇ ਭੂਪੇਸ਼ ਬਘੇਲ ਦੇ ਸਾਹਮਣੇ ਖੁੱਲ੍ਹ ਕੇ ਰੱਖੇ ਜਾਣਗੇ ਤਾਂ ਜੋ ਹਰ ਗੱਲ ਦਾ ਹੱਲ ਪਾਰਟੀ ਦੇ ਅੰਦਰ ਹੀ ਨਿਕਲੇ। ਪਾਰਟੀ 'ਚ ਕੋਈ ਧੜੇਬੰਦੀ ਨਹੀਂ ਹੈ, "ਸਾਡਾ ਕੋਈ ਵੱਖਰਾ ਧੜਾ ਨਹੀਂ ਹੈ, ਬਲਕਿ ਇਹ ਸਿਰਫ਼ ਵਿਚਾਰਾਂ ਦਾ ਮੱਤਭੇਦ ਹੈ। ਸਾਡਾ ਮੁੱਖ ਨਿਸ਼ਾਨਾ ਭਾਜਪਾ ਅਤੇ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਖ਼ਿਲਾਫ਼ ਲੜਨਾ ਹੈ। ਕਾਂਗਰਸ ਪੂਰੀ ਤਰ੍ਹਾਂ ਇੱਕਜੁੱਟ ਹੈ ਅਤੇ ਉਹ ਪਾਰਟੀ ਨੂੰ ਮਜ਼ਬੂਤ ਕਰਨ ਲਈ ਮਿਲ ਕੇ ਕੰਮ ਕਰਨਗੇ। ਹਾਲਾਂਕਿ, ਜੋ ਵੀ ਪਾਰਟੀ ਦੇ ਅੰਦਰੂਨੀ ਮੱਤਭੇਦ ਹਨ, ਉਨ੍ਹਾਂ ਨੂੰ ਉਹ ਹਾਈਕਮਾਂਡ ਅੱਗੇ ਖੁੱਲ੍ਹ ਕੇ ਰੱਖਣਗੇ। ਇਹ ਸਾਰੀਆਂ ਗੱਲਾਂ ਕਾਂਗਰਸ ਦੀ ਏਕਤਾ ਅਤੇ ਪਾਰਟੀ ਦੀ ਮਜ਼ਬੂਤੀ ਲਈ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਹਾਈਕਮਾਂਡ ਦੇ ਨੁਮਾਇੰਦਿਆਂ ਨਾਲ ਇਕੱਲੇ-ਇਕੱਲੇ ਮਿਲਣ ਦੀ ਬਜਾਏ, ਸਾਰੇ ਇੱਕਠੇ ਹੋ ਕੇ ਸਮੂਹਿਕ ਰੂਪ 'ਚ ਗੱਲਬਾਤ ਕਰਨਗੇ।"
'ਕਾਂਗਰਸ ਵਿੱਚ ਲੋਕਤੰਤਰ ਹੈ' : ਪ੍ਰਗਟ ਸਿੰਘ
ਪ੍ਰਗਟ ਸਿੰਘ ਨੇ ਕਿਹਾ ਕਿ ਕਾਂਗਰਸ ਇੱਕ ਲੋਕਤੰਤਰਿਕ ਪਾਰਟੀ ਹੈ, ਜਿੱਥੇ ਵੱਖ-ਵੱਖ ਆਗੂਆਂ ਦੇ ਵਿਚਾਰ ਵੱਖ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਵਿਚਾਰਾਂ ਵਿੱਚ ਫ਼ਰਕ ਹੋਣਾ ਪਾਰਟੀ ਦੀ ਤਾਕਤ ਹੈ ਅਤੇ ਚਰਚਾ ਤੋਂ ਬਾਅਦ ਸਾਂਝਾ ਫ਼ੈਸਲਾ ਲਿਆ ਜਾਂਦਾ ਹੈ, ਜਿਸ ਨੂੰ ਸਾਰੇ ਆਗੂ ਮੰਨਦੇ ਹਨ।
"ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਪੰਜਾਬ ਦੀ ਬਦਨਾਮੀ ਹੋ ਰਹੀ"
ਇਸਦੇ ਨਾਲ ਹੀ ਪ੍ਰਗਟ ਸਿੰਘ ਨੇ ਕਿਹਾ ਕਿ "ਕਾਂਗਰਸ ਦਾ ਅਸਲ ਟੀਚਾ ਭਾਜਪਾ ਅਤੇ ਆਮ ਆਦਮੀ ਪਾਰਟੀ ਦਾ ਸਿਆਸੀ ਮੁਕਾਬਲਾ ਕਰਨਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੌਜੂਦਾ ਹਾਲਾਤ 'ਤੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਸੂਬੇ ਦੇ ਪ੍ਰਸ਼ਾਸਨਿਕ ਫੇਲ੍ਹ ਹੋਣ ਕਾਰਨ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਪੰਜਾਬ ਦੀ ਬਦਨਾਮੀ ਹੋ ਰਹੀ ਹੈ। ਉਨ੍ਹਾਂ FBI ਨਾਲ ਜੁੜੇ ਮਾਮਲਿਆਂ ਅਤੇ ਪੰਜਾਬ ਪੁਲਿਸ ਦੀ ਕਾਰਵਾਈ ਦਾ ਹਵਾਲਾ ਦਿੰਦਿਆਂ ਕਿਹਾ ਕਿ ਇੱਕ SHO ਵੱਲੋਂ ਝਾੜੂ ਦੇ ਚੋਣ ਨਿਸ਼ਾਨ ਨੂੰ ਲੈ ਕੇ ਕੀਤੇ ਪਰਚੇ ਵਰਗੀਆਂ ਘਟਨਾਵਾਂ ਕਾਰਨ ਪੰਜਾਬ ਅਤੇ 'ਪੰਜਾਬ ਦੇ ਬ੍ਰਾਂਡ' ਦਾ ਅਕਸ ਖ਼ਰਾਬ ਹੋ ਰਿਹਾ ਹੈ। ਆਗੂਆਂ ਨੇ ਮੀਡੀਆ ਅਤੇ ਸਿਆਸੀ ਹਲਕਿਆਂ ਨੂੰ ਅਪੀਲ ਕੀਤੀ ਕਿ ਇਸ ਪੂਰੇ ਮਾਮਲੇ ਨੂੰ ਕਿਸੇ ਧੜੇਬੰਦੀ ਵਜੋਂ ਨਾ ਦੇਖਿਆ ਜਾਵੇ, ਕਿਉਂਕਿ ਉਹ ਸਾਰੇ ਇੱਕਠੇ ਬੈਠ ਕੇ ਇਸ ਵਿਚਾਰਧਾਰਕ ਮੱਤਭੇਦ ਨੂੰ ਸੁਲਝਾ ਲੈਣਗੇ।"
ਬਿਆਨਾਂ ਨਾਲ ਅਟਕਲਾਂ 'ਤੇ ਲੱਗ ਸਕਦਾ ਹੈ ਵਿਰਾਮ
ਰੰਧਾਵਾ ਅਤੇ ਪ੍ਰਗਟ ਸਿੰਘ ਦੇ ਬਿਆਨਾਂ ਨੂੰ ਪੰਜਾਬ ਕਾਂਗਰਸ ਵਿੱਚ ਚੱਲ ਰਹੀਆਂ ਅੰਦਰੂਨੀ ਚਰਚਾਵਾਂ ਦੇ ਵਿਚਕਾਰ ਇੱਕ ਅਹਿਮ ਸਿਆਸੀ ਸੰਦੇਸ਼ ਵਜੋਂ ਦੇਖਿਆ ਜਾ ਰਿਹਾ ਹੈ। ਹੁਣ ਸਭ ਦੀ ਨਜ਼ਰ ਭੂਪੇਸ਼ ਬਘੇਲ ਨਾਲ ਹੋਣ ਵਾਲੀ ਮੀਟਿੰਗ 'ਤੇ ਟਿਕੀ ਹੋਈ ਹੈ, ਜਿਸ ਤੋਂ ਬਾਅਦ ਪੰਜਾਬ ਕਾਂਗਰਸ ਦੀ ਅਗਲੀ ਰਣਨੀਤੀ ਹੋਰ ਸਪੱਸ਼ਟ ਹੋ ਸਕਦੀ ਹੈ।
Chandigarh: Punjab Congress in-charge Bhupesh Singh Baghel says, " today, there is a meeting with the youth congress. a meeting has been scheduled with the newly elected president and his committee." pic.twitter.com/HMfSwBCMLZ
— IANS (@ians_india) July 9, 2026
ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਸਿੰਘ ਬਘੇਲ ਦਾ ਕਹਿਣਾ ਹੈ, "ਅੱਜ ਯੂਥ ਕਾਂਗਰਸ ਨਾਲ ਇੱਕ ਮੀਟਿੰਗ ਹੈ। ਨਵੇਂ ਚੁਣੇ ਗਏ ਪ੍ਰਧਾਨ ਅਤੇ ਉਨ੍ਹਾਂ ਦੀ ਕਮੇਟੀ ਨਾਲ ਇੱਕ ਮੀਟਿੰਗ ਤਹਿ ਕੀਤੀ ਗਈ ਹੈ।"
ਇਹ ਵੀ ਪੜ੍ਹੋ:

