ETV Bharat / state

ਭਗਵੰਤ ਮਾਨ ਸਿਰਫ਼ ਸ਼੍ਰੋਮਣੀ ਅਕਾਲੀ ਦਲ ਤੋਂ ਡਰਦਾ, ਸੁਖਬੀਰ ਬਾਦਲ ਦਾ ਵੱਡਾ ਬਿਆਨ

ਮੁੱਖ ਮੰਤਰੀ ਮਾਨ ਦੀ ਸ਼ੁਕਰਾਨਾ ਯਾਤਰਾ 'ਤੇ ਸੁਖਬੀਰ ਸਿੰਘ ਬਾਦਲ ਨਿਸ਼ਾਨਾ ਸਾਧਦੇ ਨਜ਼ਰ ਆਏ ਹਨ।

SUKHBIR SINGH BADAL
ਸੁਖਬੀਰ ਬਾਦਲ ਤੇ ਭਗਵੰਤ ਮਾਨ (Etv Bharat & XAAPPUNJAB)
author img

By ETV Bharat Punjabi Team

Published : May 8, 2026 at 2:22 PM IST

2 Min Read
Choose ETV Bharat

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਗਾਮੀ ਵਿਧਾਨ ਸਭਾ ਚੋਣਾਂ 2027 ਦੇ ਮੱਦੇਨਜ਼ਰ ਅੱਜ ਪਾਰਟੀ ਦਫ਼ਤਰ ਚੰਡੀਗੜ੍ਹ ਪਹੁੰਚੇ, ਜਿੱਥੇ ਉਨ੍ਹਾਂ ਵੱਲੋਂ ਪਾਰਟੀ ਦੇ ਜ਼ਿਲ੍ਹਾ ਪ੍ਰਧਾਨਾਂ ਨਾਲ ਅਹਿਮ ਮੀਟਿੰਗ ਕੀਤੀ ਗਈ। ਇਸ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੀ ਮੌਜੂਦਾ ਸਿਆਸੀ ਸਥਿਤੀ, ਪਾਰਟੀ ਦੀ ਭਵਿੱਖੀ ਰਣਨੀਤੀ ਅਤੇ ਸੰਗਠਨ ਨੂੰ ਮਜ਼ਬੂਤ ਕਰਨ ਸਬੰਧੀ ਚਰਚਾ ਕੀਤੀ। ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਪੰਜਾਬ ਸਰਕਾਰ ‘ਤੇ ਤਿੱਖੇ ਨਿਸ਼ਾਨੇ ਸਾਧੇ ਅਤੇ ਦੋਸ਼ ਲਗਾਇਆ ਕਿ ਸਰਕਾਰ ਹਰ ਮੋਰਚੇ ‘ਤੇ ਨਾਕਾਮ ਸਾਬਤ ਹੋਈ ਹੈ।

ਸੁਖਬੀਰ ਬਾਦਲ (Etv Bharat)

"ਭ੍ਰਿਸ਼ਟਾਚਾਰ ਵਿੱਚ ਡੁੱਬੀ ਸਰਕਾਰ"

ਸੁਖਬੀਰ ਬਾਦਲ ਨੇ ਇਲਜ਼ਾਮ ਲਗਾਇਆ ਕਿ "ਮੁੱਖ ਮੰਤਰੀ ਭਗਵੰਤ ਮਾਨ, ਉਨ੍ਹਾਂ ਦਾ ਨਿੱਜੀ ਸਟਾਫ ਅਤੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਭ੍ਰਿਸ਼ਟਾਚਾਰ ਵਿੱਚ "ਗਲ ਤੱਕ ਡੁੱਬੀ ਹੋਈ" ਹੈ। ਉਨ੍ਹਾਂ ਕਿਹਾ ਕਿ ਹੁਣ ਇੱਕ-ਇੱਕ ਕਰਕੇ ਘਪਲੇ ਸਾਹਮਣੇ ਆ ਰਹੇ ਹਨ, ਜਿਸ ਨਾਲ ਸਰਕਾਰ ਦੀ ਕਾਰਗੁਜ਼ਾਰੀ ‘ਤੇ ਵੱਡੇ ਸਵਾਲ ਖੜ੍ਹੇ ਹੋ ਰਹੇ ਹਨ। ਸਰਕਾਰ ਨੇ ਲੋਕਾਂ ਨਾਲ ਬਦਲਾਅ ਦੇ ਨਾਮ ‘ਤੇ ਵੱਡੇ ਵਾਅਦੇ ਕੀਤੇ ਗਏ ਸਨ, ਪਰ ਅੱਜ ਹਕੀਕਤ ਇਹ ਹੈ ਕਿ ਸਰਕਾਰ ਦਾ ਧਿਆਨ ਲੋਕ ਭਲਾਈ ਤੋਂ ਹਟ ਕੇ ਸਿਰਫ਼ ਆਪਣੀ ਸਿਆਸੀ ਛਵੀ ਬਣਾਉਣ ‘ਤੇ ਕੇਂਦਰਿਤ ਹੈ।"

ਪੰਜਾਬ ਵਿੱਚ ਕਾਨੂੰਨ ਵਿਵਸਥਾ ‘ਤੇ ਚਿੰਤਾ

ਅਕਾਲੀ ਦਲ ਪ੍ਰਧਾਨ ਨੇ ਪੰਜਾਬ ਵਿੱਚ ਵੱਧ ਰਹੀਆਂ ਅਪਰਾਧਿਕ ਘਟਨਾਵਾਂ ਅਤੇ ਧਮਾਕਿਆਂ ‘ਤੇ ਚਿੰਤਾ ਜਤਾਉਂਦੇ ਹੋਏ ਕਿਹਾ ਕਿ "ਸੂਬੇ ਦੀ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਡਿੱਗ ਚੁੱਕੀ ਹੈ। ਉਨ੍ਹਾਂ ਇਲਜ਼ਾਮ ਲਗਾਇਆ ਕਿ ਪੰਜਾਬ ਦੇ ਲੋਕ ਅੱਜ ਡਰ ਦੇ ਸਾਏ ਹੇਠ ਜੀ ਰਹੇ ਹਨ, ਜਦਕਿ ਗੈਂਗਸਟਰਾਂ ਦਾ ਖੌਫ਼ ਸੜਕਾਂ ‘ਤੇ ਸਪੱਸ਼ਟ ਤੌਰ ‘ਤੇ ਨਜ਼ਰ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਹਰ ਰੋਜ਼ ਸਾਹਮਣੇ ਆ ਰਹੀਆਂ ਹਿੰਸਕ ਘਟਨਾਵਾਂ ਨੇ ਪੰਜਾਬ ਦੀ ਅਮਨ-ਸ਼ਾਂਤੀ ਨੂੰ ਝਟਕਾ ਦਿੱਤਾ ਹੈ ਅਤੇ ਸਰਕਾਰ ਹਲਾਤ ਕਾਬੂ ਕਰਨ ਵਿੱਚ ਅਸਫ਼ਲ ਰਹੀ ਹੈ।"

"ਸ਼ੁਕਰਾਨਾ ਯਾਤਰਾ ਸਿਰਫ਼ ਧਿਆਨ ਭਟਕਾਉਣ ਦੀ ਕੋਸ਼ਿਸ਼"

ਸੁਖਬੀਰ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ "ਸ਼ੁਕਰਾਨਾ ਯਾਤਰਾ" ‘ਤੇ ਵੀ ਤੰਜ ਕੱਸਿਆ। ਉਨ੍ਹਾਂ ਕਿਹਾ ਕਿ ਇਹ ਯਾਤਰਾ ਲੋਕਾਂ ਦੇ ਅਸਲ ਮੁੱਦਿਆਂ ਤੋਂ ਧਿਆਨ ਹਟਾਉਣ ਲਈ ਕੀਤੀ ਜਾ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਹਰ ਜ਼ਿਲ੍ਹੇ ਵਿੱਚ ਹਜ਼ਾਰਾਂ ਪੁਲਿਸ ਕਰਮਚਾਰੀ ਤਾਇਨਾਤ ਕਰਨ ਨਾਲ ਇਹ ਸਪੱਸ਼ਟ ਹੁੰਦਾ ਹੈ ਕਿ ਮੁੱਖ ਮੰਤਰੀ ਆਪਣੀ ਹੀ ਜਨਤਾ ਦੇ ਗੁੱਸੇ ਤੋਂ ਡਰੇ ਹੋਏ ਹਨ। ਬਾਦਲ ਨੇ ਕਿਹਾ ਕਿ ਜੇਕਰ ਸਰਕਾਰ ਨੇ ਸੱਚਮੁੱਚ ਲੋਕਾਂ ਲਈ ਕੰਮ ਕੀਤਾ ਹੁੰਦਾ ਤਾਂ ਇੰਨੀ ਵੱਡੀ ਸੁਰੱਖਿਆ ਦੀ ਲੋੜ ਨਾ ਪੈਂਦੀ।

"ਪੰਜਾਬ ਇਸ ਸਰਕਸ ਤੋਂ ਤੰਗ ਆ ਚੁੱਕਾ"

ਅਖੀਰ ਵਿੱਚ ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਪੰਜਾਬ ਨੂੰ ਮਜ਼ਬੂਤ ਅਤੇ ਜ਼ਿੰਮੇਵਾਰ ਅਗਵਾਈ ਦੀ ਲੋੜ ਹੈ। ਉਨ੍ਹਾਂ ਇਲਜ਼ਾਮ ਲਗਾਇਆ ਕਿ ਮੌਜੂਦਾ ਸਰਕਾਰ ਨੇ ਸੂਬੇ ਨੂੰ “ਸਿਆਸੀ ਸਰਕਸ” ਬਣਾ ਕੇ ਰੱਖ ਦਿੱਤਾ ਹੈ, ਜਿਸ ਨਾਲ ਪੰਜਾਬ ਦਾ ਵਿਕਾਸ ਅਤੇ ਅਮਨ-ਸ਼ਾਂਤੀ ਦੋਵੇਂ ਪ੍ਰਭਾਵਿਤ ਹੋਏ ਹਨ। ਉਨ੍ਹਾਂ ਭਰੋਸਾ ਜਤਾਇਆ ਕਿ ਆਉਣ ਵਾਲੇ ਸਮੇਂ ਵਿੱਚ ਲੋਕ ਇਸ ਸਰਕਾਰ ਨੂੰ ਜਵਾਬ ਦੇਣਗੇ ਅਤੇ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਹਿੱਤਾਂ ਲਈ ਆਪਣੀ ਲੜਾਈ ਜਾਰੀ ਰੱਖੇਗਾ।