JEE 'ਚ ਛਾ ਗਏ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀ, ਸੂਬਾ ਸਰਕਾਰ ਦੀ ਕੀਤੀ ਸ਼ਲਾਘਾ
ਸੂਬੇ ਦੇ ਸਰਕਾਰੀ ਸਕੂਲਾਂ ਦੇ 305 ਵਿਦਿਆਰਥੀਆਂ ਨੇ ਜੁਆਇੰਟ ਐਂਟਰੈਂਸ ਪ੍ਰੀਖਿਆ (JEE) ਮੇਨਜ਼-2026 ਪਾਸ ਕੀਤੀ ਹੈ। ਪਿਛਲੇ ਸਾਲ 187 ਉਮੀਦਵਾਰਾਂ ਨੇ ਪ੍ਰੀਖਿਆ ਪਾਸ ਕੀਤੀ ਸੀ।


Published : February 24, 2026 at 11:20 AM IST
|Updated : February 24, 2026 at 3:37 PM IST
ਲੁਧਿਆਣਾ/ ਅੰਮ੍ਰਿਤਸਰ: ਪੰਜਾਬ ਦੇ ਸਰਕਾਰੀ ਸਕੂਲਾਂ ਦੇ 305 ਵਿਦਿਆਰਥੀਆਂ ਨੇ ਜੁਆਇੰਟ ਐਂਟਰੈਂਸ ਪ੍ਰੀਖਿਆ (ਜੇ ਈ ਈ) ਮੇਨਜ਼-2026 ਪਾਸ ਕੀਤੀ ਹੈ। ਬੱਚਿਆਂ ਦੀ ਇਸ ਸਫਲਤਾ ਤੋਂ ਬਾਅਦ ਇਨ੍ਹਾਂ ਮਿਹਨਤਕਸ਼ ਵਿਦਿਆਰਥੀਆਂ ਦੇ ਮਾਪੇ ਅਤੇ ਅਧਿਆਪਕਾਂ 'ਚ ਬੇਹੱਦ ਖੁਸ਼ੀ ਪਾਈ ਜਾ ਰਹੀ ਹੈ। ਜੇਈਈ 'ਚ ਸਫਲਤਾ ਤੋਂ ਬਾਅਦ ਉਨ੍ਹਾਂ ਵੱਲੋਂ ਸੂਬਾ ਸਰਕਾਰ ਦਾ ਧੰਨਵਾਦ ਵੀ ਕੀਤਾ ਜਾ ਰਿਹਾ ਹੈ। ਉਥੇ ਹੀ ਗੱਲ ਕੀਤੀ ਜਾਵੇ ਲੁਧਿਆਣਾ ਦੀ ਤਾਂ ਇਥੇ ਦੇ ਮੈਰੀਟੋਰੀਅਸਰ ਸਕੂਲ ਦੇ 10 ਵਿਦਿਆਰਥੀਆਂ ਨੇ ਪ੍ਰੀਖਿਆ ਪਾਸ ਕੀਤੀ ਹੈ।
ਵਿਦਿਆਰਥੀ ਦਿਲਖੁਸ਼ ਨੇ 95 ਫੀਸਦੀ ਅੰਕ ਹਾਸਿਲ ਕੀਤੇ ਹਨ। ਉਨ੍ਹਾਂ ਕਿਹਾ ਹੈ ਕਿ 'ਅੱਗੇ ਜਾ ਕੇ ਉਹ ਏਆਈ ਦੇ ਵਿੱਚ ਆਪਣਾ ਭਵਿੱਖ ਬਣਾਉਣਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਇਹ ਪਾਰਟ ਵਨ ਦੇ ਨਤੀਜੇ ਆਏ ਹਨ,ਹੁਣ ਉਹ ਦੂਜਾ ਅਟੈਂਪਟ ਵੀ ਕਰੇਗਾ ਜੋ ਕਿ ਅਪ੍ਰੈਲ ਦੇ ਵਿੱਚ ਹੋਣਾ ਹੈ। ਉਸ ਦੀ ਕੋਸ਼ਿਸ਼ ਰਹੇਗੀ ਕਿ ਉਹ 99 ਫੀਸਦੀ ਅੰਕਲ ਲੈ ਕੇ ਆਵੇ। ਮੈਨੂੰ ਉਮੀਦ ਹੈ ਕਿ ਮਿਹਨਤ ਕਰਨ ਨਾਲ ਅੰਕ ਵਧਣਗੇ ਅਤੇ ਚੰਗੇ ਕਾਲਜ ਦੇ ਵਿੱਚ ਦਾਖਲਾ ਮਿਲ ਸਕੇਗਾ। ਮੈਂ ਬਾਰ੍ਹਵੀਂ ਜਮਾਤ ਦੇ ਵਿੱਚ ਪੜ੍ਹ ਰਿਹਾ ਹਾਂ ਅਤੇ ਬੜੀ ਖੁਸ਼ੀ ਹੈ ਕਿ ਇਸ ਮੁਕਾਮ ਨੂੰ ਹਾਸਿਲ ਕੀਤਾ ਹੈ। ਇਸ ਮੁਕਾਮ ਨੂੰ ਹਾਸਲ ਕਰਨ ਪਿੱਛੇ ਸਕੂਲ ਦਾ ਬਹੁਤ ਵੱਡਾ ਹੱਥ ਰਿਹਾ ਹੈ, ਸਿੱਖਿਆ ਵਿਭਾਗ ਵੱਲੋਂ ਸਾਨੂੰ ਮੁਫਤ ਕੋਚਿੰਗ ਮੁਹੱਈਆ ਕਰਵਾਈ ਗਈ ਹੈ।'
ਉੱਥੇ ਹੀ ਦੂਜੇ ਪਾਸੇ ਮਨਿੰਦਰ ਸਿੰਘ ਵੀ ਲੱਗਭਗ 73 ਫੀਸਦੀ ਅੰਕ ਲੈ ਕੇ ਆਇਆ ਹੈ। ਉਨ੍ਹਾਂ ਕਿਹਾ ਕਿ 'ਮੇਰਾ ਇੱਕ ਸਾਥੀ ਨਿੱਜੀ ਕੋਚਿੰਗ ਸੈਂਟਰ ਚੋਂ ਕੋਚਿੰਗ ਲੈ ਕੇ ਹਜ਼ਾਰਾਂ ਰੁਪਏ ਖਰਚ ਕਰਕੇ 63 ਫੀਸਦੀ ਅੰਕ ਲੈ ਕੇ ਆਇਆ ਹੈ। ਉਸ ਨੇ ਦੱਸਿਆ ਕਿ ਮੈਂ ਅੱਗੇ ਜਾ ਕੇ ਬੀਟੈਕ ਕਰਨਾ ਚਾਹੁੰਦਾ ਹਾਂ ਅਤੇ ਸਕੂਲ ਦੇ ਵਿੱਚ ਜਿਸ ਤਰ੍ਹਾਂ ਕੈਂਪ ਲਗਾ ਕੇ ਕੋਚਿੰਗ ਦਿੱਤੀ ਗਈ, ਉਸਦਾ ਕਾਫੀ ਫਾਇਦਾ ਹੋਇਆ ਹੈ।'
ਇਸ ਸਬੰਧੀ ਮੈਰੀਟੋਰੀਅਸ ਸਕੂਲ ਦੀ ਪ੍ਰਿੰਸੀਪਲ ਸਤਵੰਤ ਕੌਰ ਨੇ ਈਟੀਵੀ ਭਾਰਤ ਨਾਲ ਗੱਲਬਾਤ ਕੀਤੀ, ਜਿਨਾਂ ਕਿਹਾ ਕਿ 'ਪਿਛਲੇ ਸਾਲ ਤੋਂ ਇਸ ਦੀ ਸ਼ੁਰੂਆਤ ਹੋਈ ਹੈ। ਇਸ ਸੈਸ਼ਨ ਦੇ ਵਿੱਚ 10 ਵਿਦਿਆਰਥੀਆਂ ਦੀ ਚੋਣ ਹੋਈ ਹੈ। ਉਨ੍ਹਾਂ ਕਿਹਾ ਕਿ ਕੋਚਿੰਗ ਬੜੇ ਹੀ ਸੁਚੱਜੇ ਢੰਗ ਦੇ ਨਾਲ ਦਿੱਤੀ ਗਈ ਲੱਗਭਗ 12 ਦਿਨ ਦਾ ਸਾਡਾ ਸੈਸ਼ਨ ਚੱਲਿਆ, ਜਿਸ ਵਿੱਚ ਪੰਜਾਬ ਭਰ ਤੋਂ ਸੈਂਕੜੇ ਵਿਦਿਆਰਥੀਆਂ ਨੇ ਹਿੱਸਾ ਲਿਆ। ਅਲੱਗ-ਅਲੱਗ ਸੈਸ਼ਨ ਵੱਖ-ਵੱਖ ਥਾਵਾਂ 'ਤੇ ਕਰਵਾਏ ਗਏ। ਜਿਨਾਂ ਦੇ ਵਿੱਚ ਬਠਿੰਡਾ ਅਤੇ ਮੋਹਾਲੀ ਵੀ ਸ਼ਾਮਿਲ ਹੈ।'
ਅੰਮ੍ਰਿਤਸਰ ਦੇ ਵਿਦਿਆਰਥੀਆਂ ਨੇ ਹਾਸਲ ਕੀਤੀ ਸਫਲਤਾ
ਉਥੇ ਹੀ ਅੰਮ੍ਰਿਤਸਰ ਦੇ ਸਰਕਾਰੀ ਸਕੂਲ ਸਾਰਾਗੜੀ ਮੈਮੋਰੀਅਲ ਸਕੂਲ ਆਫ ਐਮੀਨੈਂਸ ਦੇ ਪੰਜ ਵਿਦਿਆਰਥੀਆਂ ਨੇ ਦੇਸ਼ ਪੱਧਰੀ ਮੁਸ਼ਕਿਲ ਮੰਨੇ ਜਾਂਦੇ ਇਮਤਿਹਾਨ ਜੁਆਇੰਟ ਐਂਟਰਸ ਐਗਜ਼ਾਮੀਨੇਸ਼ਨ (JEE) Mains ਨੂੰ ਕਾਮਯਾਬੀ ਨਾਲ ਕਲੀਅਰ ਕਰਕੇ ਨਾ ਸਿਰਫ਼ ਆਪਣੇ ਸਕੂਲ, ਸਗੋਂ ਪੂਰੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਇਸ ਸਫਲਤਾ ਤੋਂ ਬਾਅਦ ਸਕੂਲ ਪ੍ਰਸ਼ਾਸਨ, ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਪਰਿਵਾਰਾਂ ਵਿੱਚ ਖੁਸ਼ੀ ਦੀ ਲਹਿਰ ਹੈ। ਇਸ ਸਬੰਧੀ ਗੱਲ ਕਰਦਿਆਂ ਸਕੂਲ ਅਧਿਆਪਕ ਅਤੇ ਜੇਈਈ ਪਾਸ ਵਿਦਿਆਰਥੀਆਂ ਨੇ ਕਿਹਾ ਕਿ 'ਹੋਰਨਾਂ ਕੋਚਿੰਗ ਸੈਂਟਰਾਂ ਤੋਂ ਕੀਤੇ ਵੱਧੀਆ ਉਪਰਾਲਾ ਪੰਜਾਬ ਸਰਕਾਰ ਅਤੇ ਆਮ ਆਦਮੀ ਪਾਰਟੀ ਵੱਲੋਂ ਕੀਤਾ ਗਿਆ ਹੈ। ਜਿਨ੍ਹਾਂ ਨੇ ਪਿਛਲੇ ਕੁਝ ਸਾਲਾਂ ਤੋਂ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਲਈ ਲਗਾਤਾਰ ਉਪਰਾਲੇ ਕੀਤੇ ਹਨ।
ਪੰਜਾਬ ਸਰਕਾਰ ਦੇ ਉਪਰਾਲੇ ਦੀ ਸ਼ਲਾਘਾ
ਸਰਕਾਰੀ ਸਕੂਲਾਂ ਵਿੱਚ JEE Mains, Advanced ਅਤੇ NEET ਵਰਗੇ ਮੁਕਾਬਲੇ ਦੇ ਇਮਤਿਹਾਨਾਂ ਦੀ ਮੁਫ਼ਤ ਤਿਆਰੀ ਕਰਵਾਈ ਜਾ ਰਹੀ ਹੈ, ਜਿਸ ਦਾ ਨਤੀਜਾ ਹੁਣ ਜ਼ਮੀਨੀ ਪੱਧਰ ‘ਤੇ ਸਾਫ਼ ਨਜ਼ਰ ਆ ਰਿਹਾ ਹੈ। ਪੰਜਾਬ ਭਰ ਦੇ ਕਈ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਇਹ ਇਮਤਿਹਾਨ ਕਲੀਅਰ ਕੀਤੇ ਗਏ ਹਨ ਅਤੇ ਅੰਮ੍ਰਿਤਸਰ ਦਾ ਸਾਰਾਗੜ੍ਹੀ ਮੈਮੋਰੀਅਲ ਸਕੂਲ ਇਸ ਦੀ ਇੱਕ ਵੱਡੀ ਮਿਸਾਲ ਬਣ ਕੇ ਸਾਹਮਣੇ ਆਇਆ ਹੈ। JEE Mains ਕਲੀਅਰ ਕਰਨ ਵਾਲੇ ਵਿਦਿਆਰਥੀਆਂ ਨਾਲ ਕੀਤੀ ਗਈ ਤਾਂ ਖਾਸ ਗੱਲਬਾਤ ਦੌਰਾਨ ਬੱਚਿਆਂ ਨੇ ਦੱਸਿਆ ਕਿ ਉਨ੍ਹਾਂ ਨੇ ਦਿਨ-ਰਾਤ ਇੱਕ ਕਰਕੇ ਮਿਹਨਤ ਕੀਤੀ। ਉਨ੍ਹਾਂ ਨੇ ਸਕੂਲ ਦੇ ਅਧਿਆਪਕਾਂ ਅਤੇ ਪ੍ਰਿੰਸੀਪਲ ਦਾ ਦਿਲੋਂ ਧੰਨਵਾਦ ਕੀਤਾ, ਜਿਨ੍ਹਾਂ ਨੇ ਹਰ ਪੜਾਅ ‘ਤੇ ਮਾਰਗਦਰਸ਼ਨ ਦਿੱਤਾ। ਵਿਦਿਆਰਥੀਆਂ ਨੇ ਕਿਹਾ ਕਿ 'ਸਰਕਾਰੀ ਸਕੂਲ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਬਿਨਾਂ ਕਿਸੇ ਫੀਸ ਦੇ ਉੱਚ-ਪੱਧਰੀ ਸਿੱਖਿਆ ਅਤੇ JEE ਦੀ ਵਿਸ਼ੇਸ਼ ਕੋਚਿੰਗ ਮਿਲੀ, ਜਿਸ ਕਾਰਨ ਉਹ ਇਹ ਮੁਸ਼ਕਲ ਪੇਪਰ ਕਲੀਅਰ ਕਰਨ ਵਿੱਚ ਕਾਮਯਾਬ ਰਹੇ ਹਨ।'
ਜ਼ਿਕਰਯੋਗ ਹੈ ਕਿ ਹਾਲ ਹੀ 'ਚ ਪੰਜਾਬ ਦੇ ਸਿੱਖਿਆ ਮੰਤਰੀ ਨੇ ਵੀ ਵਿਦਿਆਰਥੀਆਂ ਦੀ ਸਫਲਤਾ 'ਤੇ ਖੁਸ਼ੀ ਜ਼ਾਹਿਰ ਕੀਤੀ ਹੈ ਅਤੇ ਕਿਹਾ ਹੈ ਕਿ 'ਮੇਰੇ ਹਲਕੇ ਦੇ ਵਿੱਚ ਪੰਜ ਵਿਦਿਆਰਥੀ ਵੀ ਸ਼ਾਮਿਲ ਹਨ। ਉਹਨਾਂ ਕਿਹਾ ਕਿ ਇਹ 305 ਵਿਦਿਆਰਥੀਆਂ ਦੇ ਵਿੱਚ ਅਜਿਹੇ ਬੱਚੇ ਸ਼ਾਮਿਲ ਨੇ ਜੋ ਕਿ ਬਹੁਤ ਹੀ ਆਮ ਘਰਾਂ ਦੇ ਨਾਲ ਸੰਬੰਧਿਤ ਹਨ। ਪਿਛਲੇ ਸਾਲ ਅਸੀਂ ਇਸ ਦੀ ਸ਼ੁਰੂਆਤ ਕੀਤੀ ਸੀ ਜਿਸ ਵਿੱਚ 187 ਵਿਦਿਆਰਥੀਆਂ ਨੇ ਇਹ ਟੈਸਟ ਕਲੀਅਰ ਕੀਤਾ ਸੀ ਅਤੇ ਇਸ ਸਾਲ ਲੱਗਭਗ ਇਹ ਅੰਕੜਾ ਦੁੱਗਣਾ ਹੋ ਗਿਆ ਹੈ। ਇਹ ਸਾਡੀ ਸਿੱਖਿਆ ਕ੍ਰਾਂਤੀ ਦਾ ਇੱਕ ਨਤੀਜਾ ਹੈ ਜੋ ਕਿ ਸਾਰਿਆਂ ਦੇ ਸਾਹਮਣੇ ਆਇਆ ਹੈ।'

