ਪੰਜਾਬ ਯੂਨੀਵਰਸਿਟੀ ’ਚ ਵਿਦਿਆਰਥੀ ਵੱਲੋਂ ਕਥਿਤ ਤੌਰ 'ਤੇ ਖੁਦਕੁਸ਼ੀ, ਹੋਸਟਲ ਦੇ ਕਮਰੇ ’ਚੋਂ ਮਿਲੀ ਲਾਸ਼
ਪੀਯੂ ਵਿੱਚ ਵਿਦਿਆਰਥੀ ਦੀ ਮੌਤ ਤੋਂ ਬਾਅਦ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੋ ਰਹੇ ਹਨ।


Published : August 30, 2026 at 9:57 AM IST
ਚੰਡੀਗੜ੍ਹ: ਪੰਜਾਬ ਯੂਨੀਵਰਸਿਟੀ ਦੇ ਬੀਕਾਮ-ਐਲਐਲਬੀ ਪੰਜਵੇਂ ਸਾਲ ਦੇ 22 ਸਾਲਾ ਵਿਦਿਆਰਥੀ ਚੈਤਨਿਆ ਸਿੰਘ ਦੀ ਸ਼ਨੀਵਾਰ ਸ਼ਾਮ ਮੌਤ ਹੋ ਗਈ। ਵਿਦਿਆਰਥੀ ਨੂੰ ਯੂਨੀਵਰਸਿਟੀ ਦੇ ਬੁਆਏਜ਼ ਹੋਸਟਲ ਨੰਬਰ-4 ਸਥਿਤ ਕਮਰੇ ਵਿੱਚ ਮ੍ਰਿਤਕ ਪਾਇਆ ਗਿਆ। ਘਟਨਾ ਦੀ ਸੂਚਨਾ ਮਿਲਣ ’ਤੇ ਵਿਦਿਆਰਥੀ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
'ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਤੁਰੰਤ ਕਾਰਵਾਈ'
ਚੈਤਨਿਆ ਸਿੰਘ ਹਰਿਆਣਾ ਦਾ ਰਹਿਣ ਵਾਲਾ ਸੀ ਅਤੇ ਯੂਆਈਐਲਐਸ ਵਿੱਚ ਬੀਕਾਮ-ਐਲਐਲਬੀ ਦੇ ਪੰਜਵੇਂ ਸਾਲ ਦੀ ਪੜ੍ਹਾਈ ਕਰ ਰਿਹਾ ਸੀ। ਜਾਣਕਾਰੀ ਮੁਤਾਬਕ ਉਹ ਰੱਖੜੀ ਦੇ ਤਿਉਹਾਰ ਲਈ ਘਰ ਗਿਆ ਹੋਇਆ ਸੀ ਅਤੇ ਸ਼ਨੀਵਾਰ ਸ਼ਾਮ ਨੂੰ ਹੀ ਹੋਸਟਲ ਵਾਪਸ ਆਇਆ ਸੀ। ਇਸ ਤੋਂ ਬਾਅਦ ਉਸ ਨੂੰ ਆਪਣੇ ਕਮਰੇ ਵਿੱਚ ਮ੍ਰਿਤਕ ਹਾਲਤ ਵਿੱਚ ਪਾਇਆ ਗਿਆ। ਘਟਨਾ ਦੀ ਜਾਣਕਾਰੀ ਹੋਸਟਲ ਵਾਰਡਨ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਤੁਰੰਤ ਕਾਰਵਾਈ ਕੀਤੀ ਗਈ।
A fifth-year UILS student, Chaitanya from Panipat, Haryana, allegedly died by suicide at Panjab University’s Boys Hostel No. 4. Police took him to PGI, where doctors declared him brought dead. Police and university authorities are investigating the circumstances surrounding the… pic.twitter.com/kc0PjGD8Jf
— IANS (@ians_india) August 29, 2026
'ਸੈਕਟਰ 16 ਹਸਪਤਾਲ ਤੋਂ ਪੀਜੀਆਈ ਰੈਫਰ'
ਘਟਨਾ ਤੋਂ ਬਾਅਦ ਯੂਨੀਵਰਸਿਟੀ ਦੇ ਸੁਰੱਖਿਆ ਕਰਮਚਾਰੀਆਂ ਵੱਲੋਂ ਚੈਤਨਿਆ ਨੂੰ ਸਰਕਾਰੀ ਮਲਟੀ-ਸਪੈਸ਼ਲਿਟੀ ਹਸਪਤਾਲ, ਸੈਕਟਰ-16 ਲਿਜਾਇਆ ਗਿਆ। ਉਸ ਦੀ ਹਾਲਤ ਗੰਭੀਰ ਹੋਣ ਕਾਰਨ ਡਾਕਟਰਾਂ ਨੇ ਉਸ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ। ਹਾਲਾਂਕਿ ਪੀਜੀਆਈ ਪਹੁੰਚਣ ’ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
'ਪੁਲਿਸ ਵੱਲੋਂ ਜਾਂਚ, ਫੋਰੈਂਸਿਕ ਟੀਮ ਨੇ ਵੀ ਕੀਤਾ ਨਿਰੀਖਣ'
ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਟੀਮ ਨੇ ਹੋਸਟਲ ਪਹੁੰਚ ਕੇ ਮੌਕੇ ਦੀ ਜਾਂਚ ਕੀਤੀ। ਫੋਰੈਂਸਿਕ ਟੀਮ ਵੱਲੋਂ ਵੀ ਕਮਰੇ ਦਾ ਨਿਰੀਖਣ ਕੀਤਾ ਗਿਆ ਅਤੇ ਲੋੜੀਂਦੇ ਸਬੂਤ ਇਕੱਠੇ ਕੀਤੇ ਗਏ। ਪੁਲਿਸ ਵੱਲੋਂ ਮੌਤ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਕਮਰੇ ਅਤੇ ਆਸ-ਪਾਸ ਦੇ ਇਲਾਕੇ ਦੀ ਜਾਂਚ ਦੇ ਨਾਲ-ਨਾਲ ਵਿਦਿਆਰਥੀ ਨਾਲ ਜੁੜੇ ਹੋਰ ਪੱਖਾਂ ਬਾਰੇ ਵੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। ਫਿਲਹਾਲ ਖੁਦਕੁਸ਼ੀ ਦੇ ਕਾਰਨਾਂ ਸਬੰਧੀ ਪੁਲਿਸ ਵੱਲੋਂ ਕੋਈ ਅਧਿਕਾਰਤ ਜਾਣਕਾਰੀ ਜਾਰੀ ਨਹੀਂ ਕੀਤੀ ਗਈ।
'ਕੈਂਪਸ ਵਿੱਚ ਸੋਗ ਦਾ ਮਾਹੌਲ'
ਚੈਤਨਿਆ ਦੀ ਮੌਤ ਦੀ ਖ਼ਬਰ ਮਿਲਣ ਤੋਂ ਬਾਅਦ ਯੂਆਈਐਲਐਸ ਅਤੇ ਹੋਸਟਲ ਵਿੱਚ ਸੋਗ ਦਾ ਮਾਹੌਲ ਹੈ। ਸਾਥੀ ਵਿਦਿਆਰਥੀਆਂ ਮੁਤਾਬਕ ਚੈਤਨਿਆ ਮਿਲਣਸਾਰ ਸੁਭਾਅ ਦਾ ਸੀ। ਉਸ ਦੀ ਮੌਤ ਨਾਲ ਵਿਦਿਆਰਥੀਆਂ ਨੂੰ ਡੂੰਘਾ ਸਦਮਾ ਲੱਗਿਆ ਹੈ।
ਪੀਯੂ ਵਿੱਚ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਲੈ ਕੇ ਮੁੜ ਚਿੰਤਾ
ਇਹ ਘਟਨਾ ਪੰਜਾਬ ਯੂਨੀਵਰਸਿਟੀ ਕੈਂਪਸ ਵਿੱਚ ਵਿਦਿਆਰਥੀਆਂ ਦੀ ਸੁਰੱਖਿਆ ਅਤੇ ਮਾਨਸਿਕ ਸਿਹਤ ਨਾਲ ਜੁੜੇ ਮੁੱਦਿਆਂ ਨੂੰ ਲੈ ਕੇ ਮੁੜ ਚਿੰਤਾ ਦਾ ਵਿਸ਼ਾ ਬਣੀ ਹੈ। ਇਸ ਤੋਂ ਪਹਿਲਾਂ ਜੁਲਾਈ ਵਿੱਚ ਯੂਨੀਵਰਸਿਟੀ ਦੇ ਸਾਊਥ ਕੈਂਪਸ ਵਿੱਚ ਗਰਲਜ਼ ਹੋਸਟਲ ਨੰਬਰ-8 ਨੇੜੇ ਪਾਣੀ ਭਰੇ ਰਸਤੇ ਤੋਂ ਲੰਘਦੇ ਸਮੇਂ ਪੀਐਚਡੀ ਸਕਾਲਰ ਜੋਤੀ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ ਸੀ। ਇਸ ਘਟਨਾ ਤੋਂ ਬਾਅਦ ਵਿਦਿਆਰਥੀਆਂ ਵੱਲੋਂ ਪ੍ਰਦਰਸ਼ਨ ਵੀ ਕੀਤਾ ਗਿਆ ਸੀ। ਚੈਤਨਿਆ ਦੀ ਮੌਤ ਨੂੰ ਲੈ ਕੇ ਪੁਲਿਸ ਵੱਲੋਂ ਜਾਂਚ ਜਾਰੀ ਹੈ। ਮੌਤ ਦੇ ਕਾਰਨਾਂ ਅਤੇ ਘਟਨਾ ਨਾਲ ਜੁੜੇ ਹੋਰ ਤੱਥ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਸਪੱਸ਼ਟ ਹੋ ਸਕਣਗੇ।
- PU 'ਚ ਦਿਲਚਸਪ ਹੋਈਆਂ ਵਿਦਿਆਰਥੀ ਯੂਨੀਅਨ ਚੋਣਾਂ, ਜਾਣੋ ਮੈਦਾਨ 'ਚ ਕਿਹੜੀ ਪਾਰਟੀ ਤੋਂ ਕਿਹੜਾ ਉਮੀਦਵਾਰ ?
- ਪੀਯੂ ਜੋਤੀ ਮੌਤ ਮਾਮਲਾ: ਯੂਨੀਵਰਸਿਟੀ ਨੇ ਐਕਸੀਅਨ ਅਤੇ ਐਸਡੀਓ ਨੂੰ ਤੁਰੰਤ ਕੀਤਾ ਮੁਅੱਤਲ, ਰਜਿਸਟਰਾਰ ਨੂੰ ਦਿੱਤੀ ਵਾਧੂ ਜ਼ਿੰਮੇਵਾਰੀ
- ਪੀਐਚਡੀ ਸਕਾਲਰ ਜੋਤੀ ਦੀ ਮੌਤ ਮਾਮਲਾ: ਪੰਜਾਬ ਯੂਨੀਵਰਸਿਟੀ ਵੱਲੋਂ ਮ੍ਰਿਤਕਾ ਦੇ ਪਰਿਵਾਰ ਲਈ ਵਿੱਤੀ ਸਹਾਇਤਾ ਅਤੇ ਭਰਾ ਲਈ ਨੌਕਰੀ ਦਾ ਐਲਾਨ

