ਸ੍ਰੀ ਅਕਾਲ ਤਖ਼ਤ ਸਾਹਿਬ ਨੇ ਸੀਐਮ ਮਾਨ ਨੂੰ ਕੀਤਾ ਤਲਬ, ਜਥੇਦਾਰ ਬੋਲੇ- ਕੀਤੀ ਜਾਵੇਗੀ ਸਖ਼ਤ ਕਾਰਵਾਈ
ਸ੍ਰੀ ਅਕਾਲ ਤਖ਼ਤ ਸਾਹਿਬ ਨੇ ਮੁੱਖ ਮੰਤਰੀ ਮਾਨ ਭਗਵੰਤ ਮਾਨ ਨੂੰ 15 ਜਨਵਰੀ ਨੂੰ ਤਲਬ ਕੀਤਾ ਹੈ।

Published : January 5, 2026 at 4:36 PM IST
ਅੰਮ੍ਰਿਤਸਰ: ਸਿੱਖ ਮਰਿਆਦਾ, ਗੁਰੂ ਗੋਲਕ ਅਤੇ ਦਸਵੰਦ 'ਤੇ ਦਿੱਤੇ ਬਿਆਨ ਨੂੰ ਸ਼ਰਧਾ 'ਤੇ ਹਮਲਾ ਦੱਸਦੇ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ 15 ਜਨਵਰੀ ਨੂੰ ਤਲਬ ਕੀਤਾ ਹੈ। ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਰਵੱਈਏ 'ਤੇ ਗੰਭੀਰ ਸਵਾਲ ਚੁੱਕੇ ਅਤੇ ਸਪੱਸ਼ਟੀਕਰਨ ਮੰਗਿਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵਿਰੁੱਧ ਮਰਿਆਦਾ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।
'ਸਿੱਖ ਮਰਿਆਦਾ ਨੂੰ ਚੁਣੌਤੀ ਦੇਣਾ ਬਰਦਾਸ਼ਤ ਨਹੀਂ'
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਰਵੱਈਏ 'ਤੇ ਗੰਭੀਰ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਅਤੇ ਸਿੱਖ ਮਾਣ-ਸਨਮਾਨ ਨੂੰ ਕੋਈ ਵੀ ਚੁਣੌਤੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
'ਮੁੱਖ ਮੰਤਰੀ ਨੇ ਗੋਲਕ ਨੂੰ ਲੈ ਕੇ ਕਈ ਵਾਰ ਕੀਤੀ ਟਿੱਪਣੀ'
ਜਥੇਦਾਰ ਗੜਗੱਜ ਨੇ ਕਿਹਾ ਕਿ "ਮੁੱਖ ਮੰਤਰੀ ਭਗਵੰਤ ਮਾਨ ਨੇ ਜੋ ਮੀਡੀਆ ਸਾਹਮਣੇ ਗੋਲਕ ਨੂੰ ਲੈ ਕੇ ਟਿੱਪਣੀਆਂ ਕੀਤੀਆਂ ਹਨ, ਉਹ ਬਿਲਕੁਲ ਵੀ ਬਰਦਾਸਤ ਨਹੀਂ ਕੀਤੀਆਂ ਜਾਣਗੀਆਂ। ਉਸਨੇ ਇਹ ਟਿੱਪਣੀ ਜਥੇਦਾਰ ਉੱਤੇ ਨਹੀਂ ਇਹ ਸਿੱਖ ਪੰਥ ਦੀ ਮਰਿਆਦਾ ਦੇ ਖਿਲਾਫ ਕੀਤੀ ਹੈ। ਇਹ ਉਹ ਪੰਥ ਹੈ ਜਿਸ ਦੀ ਮਰਿਆਦਾ ਨੂੰ ਬਣਾਉਣ ਵਿੱਚ ਤਕਰੀਬਨ 30 ਸਾਲ ਲੱਗੇ ਹਨ। ਉਨ੍ਹਾਂ ਕਿਹਾ ਕਿ ਗੋਲਕਾਂ ਬਾਰੇ ਕੀਤੀਆਂ ਗਈਆਂ ਟਿੱਪਣੀਆਂ ਸਿੱਖਾਂ ਦੀ ਸ਼ਰਧਾ ’ਤੇ ਸਿੱਧਾ ਹਮਲਾ ਹਨ। ਭਗਵੰਤ ਨੇ ਇਹ ਵੀ ਕਿਹਾ ਕਿ ਗੋਲਕਾਂ ਦੇ ਵਿੱਚ ਮੋਨੇ (ਵਾਲ ਕਟਿੰਗ ਵਾਲੇ) ਬੰਦੇ ਪੈਸੇ ਨਾ ਪਾਉਣ। ਉਨ੍ਹਾਂ ਨੇ ਪੱਤਰਕਾਰਾਂ ਨੂੰ ਸਬੂਤ ਦਿਖਾਉਂਦੇ ਹੋਏ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਪਹਿਲਾਂ ਜਨਵਰੀ ਵਿੱਚ ਗੋਲਕਾਂ ਨੂੰ ਲੈ ਕੇ ਗੱਲ ਕੀਤੀ ਫਿਰ ਜੂਨ ਵਿੱਚ ਕੀਤੀ ਉਸ ਤੋਂ ਬਾਅਦ ਨਵੰਬਰ ਦੇ ਵਿੱਚ ਗੋਲਕਾਂ 'ਤੇ ਟਿੱਪਣੀ ਕੀਤੀ ਹੈ।"
ਕੀ ਹੈ ਗੋਲਕ ?
ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਦੱਸਿਆ ਕਿ ਗੁਰੂ ਸਾਹਿਬ ਦੇ ਸਮੇਂ ਤੋਂ ਹੀ ਸਿੱਖ ਦਸਵੰਦ ਦਿੰਦੇ ਹਨ। ਜਿਸ ਵਿੱਚ ਹਰ ਸਿੱਖ ਆਪਣੀ ਸ਼ਰਧਾ ਭਾਵਨਾ ਦੇ ਨਾਲ ਪੈਸੇ ਪਾਉਂਦਾ ਹੈ ਅਤੇ ਉਹ ਪੈਸੇ ਸੰਗਤ ਉੱਤੇ ਹੀ ਲਗਾਏ ਜਾਂਦੇ ਹਨ।

"ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਤੱਕ ਕਹਿ ਦਿੱਤਾ ਕਿ ਗੋਲਕ ਨੂੰ ਚੁੱਕ ਦਿਓ। ਇਸ ਨੇ ਸਿੱਖ ਰਹਿਤ ਮਰਿਆਦਾ ਨੂੰ ਚੈਲੇਜ ਕੀਤਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉਚਤਾ ਨੂੰ ਚੈਲੇਂਜ ਕੀਤਾ ਹੈ। ਭਗਵੰਤ ਮਾਨ ਨੇ ਇਨ੍ਹਾਂ ਬਿਆਨਾਂ ਨੂੰ ਲੈ ਕੇ ਵੱਡੇ ਜ਼ਿੰਮੇਵਾਰ ਬੰਦਿਆਂ ਦੀਆਂ ਸ਼ਿਕਾਇਤਾਂ ਸਾਡ਼ੇ ਕੋਲ ਪਹੁੰਚੀਆਂ ਹਨ। ਇੱਕ ਵੀਡੀਓ ਵਿੱਚ ਭਗਵੰਤ ਮਾਨ ਗੁਰੂ ਸਹਿਬਾਨਾਂ ਦੀਆਂ ਫੋਟੋਆਂ ਕੋਲ ਜਾ ਕੇ ਸ਼ਰਾਬ ਪੀ ਰਿਹਾ ਹੈ ਅਤੇ ਆਪਣੇ ਹੱਥ ਨਾਲ ਸ਼ਰਾਬ ਦੇ ਸਿੱਟੇ ਗੁਰੂ ਸਹਿਬਾਨਾਂ ਦੀਆਂ ਤਸਵੀਰਾਂ 'ਤੇ ਮਾਰ ਰਿਹਾ ਹੈ। ਇਸ ਦੇ ਨਾਲ ਹੀ ਭਗਵੰਤ ਮਾਨ ਇੱਕ ਹੋਰ ਵੀਡੀਓ ਵਿੱਚ ਵੀਹਵੀਂ ਸਦੀ ਦੇ ਮਹਾਨ ਸਿੱਖ, ਮਹਾਨ ਯੋਧੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾਲੇ ਦੇ ਬੁੱਤ ਕੋਲ ਪਿਸ਼ਾਬ ਕਰਨ ਦੀ ਕੋਸ਼ਿਸ਼ ਕੀਤੀ, ਫਿਰ ਇਹ ਉੱਥੇ ਵੀ ਸ਼ਰਾਬ ਦੇ ਸਿੱਟਾ ਮਾਰਦਾ ਨਜ਼ਰ ਆ ਰਿਹਾ ਹੈ। ਇਹ ਵੀਡੀਓ ਸੱਚੀ ਹੈ ਜਾਂ ਝੂਠੀ ਇਹ ਜਾਂਚ ਦਾ ਵਿਸ਼ਾ ਹੈ ਪਰ ਸ੍ਰੀ ਅਕਾਲ ਤਖਤ ਸਾਹਿਬ ਇਸ ਵੀਡੀਓ ਦੀ ਜਾਂਚ ਕਰਵਾਏਗੀ, ਜਿਵੇਂ ਹੀ ਇਸਦੀ ਰਿਪੋਟਰ ਆਵੇਗੀ ਇਸ ਮੁੱਖ ਮੰਤਰੀ 'ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ।" - ਗਿਆਨੀ ਕੁਲਦੀਪ ਸਿੰਘ ਗੜਗੱਜ, ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ
ਫੂਲਕਾ ਸਾਹਿਬ ਨਾਲ ਸਬੰਧਿਤ ਮਾਮਲਿਆਂ ਸੰਬੰਧੀ ਨਾਰਾਜ਼ਗੀ
ਜਥੇਦਾਰ ਸਾਹਿਬ ਨੇ ਕਿਹਾ ਕਿ "ਫੂਲਕਾ ਸਾਹਿਬ ਕੇਸ ਨਾਲ ਸਬੰਧਿਤ ਕੇਸ ਪੰਜਾਬ ਤੋਂ ਬਾਹਰ ਤਬਦੀਲ ਕੀਤੇ ਜਾ ਰਹੇ ਹਨ, ਪਰ ਪੰਜਾਬ ਸਰਕਾਰ ਇਸ ਦਾ ਸਖ਼ਤ ਵਿਰੋਧ ਨਹੀਂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜਦੋਂ ਹਾਈ ਕੋਰਟ ਪੰਜਾਬ ਦੇ ਮਾਹੌਲ ਨੂੰ ਖਰਾਬ ਦੱਸਦੀ ਹੈ, ਤਾਂ ਸਰਕਾਰ ਦਾ ਫਰਜ਼ ਬਣਦਾ ਹੈ ਕਿ ਉਹ ਸਖ਼ਤ ਵਿਰੋਧ ਕਰੇ, ਚੁੱਪ ਨਾ ਰਹੇ। ਅਜਿਹਾ ਰਵੱਈਆ ਪੰਜਾਬ ਦੇ ਅਕਸ ਨੂੰ ਢਾਹ ਲਗਾਉਂਦਾ ਹੈ।"
ਮੌੜ ਬੰਬ ਧਮਾਕੇ ਦੇ ਦੋਸ਼ੀ ਨਹੀਂ ਕੀਤੇ ਗ੍ਰਿਫਤਾਰ
ਜਥੇਦਾਰ ਨੇ ਕਿਹਾ ਕਿ 2016–17 ਦੌਰਾਨ ਮੌੜ ਨੇੜੇ ਹੋਏ ਬੰਬ ਧਮਾਕੇ ਨੂੰ ਅੱਤਵਾਦੀ ਘਟਨਾ ਕਰਾਰ ਦਿੰਦਿਆਂ ਕਿਹਾ ਕਿ ਇਸ ਵਿੱਚ 7 ਨਿਰਦੋਸ਼ ਲੋਕਾਂ ਦੀ ਜਾਨ ਚਲੀ ਗਈ, ਜਿਨ੍ਹਾਂ ਵਿੱਚ 5 ਬੱਚੇ ਸਨ। ਜਥੇਦਾਰ ਗੜਗੱਜ ਨੇ ਦੱਸਿਆ ਕਿ ਉਹ ਖੁਦ ਪ੍ਰਭਾਵਿਤ ਪਰਿਵਾਰਾਂ ਨੂੰ ਮਿਲੇ ਹਨ ਅਤੇ ਅਜੇ ਤੱਕ ਰਿਪਨਦੀਪ ਸਿੰਘ ਨਾਂ ਦੇ ਨਾਬਾਲਿਗ ਬੱਚੇ ਦਾ ਸਕੂਲੀ ਬੈਗ ਉਸ ਦੇ ਮਾਪਿਆਂ ਵੱਲੋਂ ਸੰਭਾਲ ਕੇ ਰੱਖਿਆ ਗਿਆ ਹੈ, ਜਿਸ ਨੂੰ ਵੇਖ ਕੇ ਪਰਿਵਾਰ ਅੱਜ ਵੀ ਰੋ ਪੈਂਦਾ ਹੈ। ਉਨ੍ਹਾਂ ਕਿਹਾ ਕਿ ਐਨਆਈਏ ਜਾਂਚ ਅਤੇ ਖਟੜਾ ਕਮਿਸ਼ਨ ਦੀ ਰਿਪੋਰਟ ਦੇ ਬਾਵਜੂਦ ਦੋਸ਼ੀਆਂ ਨੂੰ ਅਜੇ ਤੱਕ ਗ੍ਰਿਫ਼ਤਾਰ ਨਹੀਂ ਕੀਤਾ ਗਿਆ।
"ਇੱਕ ਸਟੇਟ ਦਾ ਮੁੱਖ ਮੰਤਰੀ ਵਾਰ-ਵਾਰ ਅਕਾਲ ਤਖਤ ਸਾਹਿਬ ਨੂੰ ਚੈਲੇਂਜ ਕਰੇ, ਉਸ ਦੀ ਮਰਿਆਦਾ ਨੂੰ ਚੈਲੇਂਜ ਕਰੇ, ਉਹ ਰਾਜ ਸੱਤਾ ਦੀ ਹੈਂਕੜ ਦੇ ਵਿੱਚ ਕਰ ਰਿਹਾ ਹੈ ਕਿ ਮੈਂ ਰਾਜ ਸੱਤਾ 'ਤੇ ਬੈਠਾ ਹਾਂ ਮੈਂ ਕੁਝ ਵੀ ਕਰ ਲਉਂਗਾ ਪਰ ਅਕਾਲ ਤਖਤ ਦੀ ਮਰਿਆਦਾ ਨੂੰ ਕਾਇਮ ਰੱਖਣਾ ਸਾਡਾ ਫਰਜ਼ ਹੈ, ਉਸਨੂੰ ਕਾਇਮ ਰੱਖਾਂਗੇ।" - ਗਿਆਨੀ ਕੁਲਦੀਪ ਸਿੰਘ ਗੜਗੱਜ
'ਬਰਗਾੜੀ ਬੇਅਦਬੀ ਮਾਮਲੇ ਅਤੇ ਹੋਰ ਸੰਬੰਧਿਤ ਕੇਸਾਂ ਵਿੱਚ ਵੀ ਲਾਪਰਵਾਹੀ'
ਇਸ ਤੋਂ ਅੱਗੇ ਜਥੇਦਾਰ ਸਾਹਿਬ ਨੇ ਬਰਗਾੜੀ ਬੇਅਦਬੀ ਮਾਮਲੇ ਅਤੇ ਹੋਰ ਸੰਬੰਧਤ ਕੇਸਾਂ ਵਿੱਚ ਵੀ ਸਰਕਾਰ ’ਤੇ ਲਾਪਰਵਾਹੀ ਦੇ ਦੋਸ਼ ਲਗਾਉਂਦਿਆਂ ਕਿਹਾ ਕਿ ਦੋਸ਼ੀਆਂ ਨੂੰ ਪੰਜਾਬ ਵਿੱਚ ਪੇਸ਼ ਕਰਨ ਤੋਂ ਬਚਿਆ ਜਾ ਰਿਹਾ ਹੈ।
'ਮੁੱਖ ਮੰਤਰੀ ਨਾਲ ਜੁੜੀ ਇੱਕ ਵਿਵਾਦਿਤ ਵੀਡੀਓ ਅਕਾਲ ਤਖਤ ਕੋਲ ਪਹੁੰਚੀ'
ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਨਾਲ ਜੁੜੀ ਇੱਕ ਵਿਵਾਦਿਤ ਵੀਡੀਓ ਸਬੰਧੀ ਸ਼ਿਕਾਇਤਾਂ ਅਕਾਲ ਤਖਤ ਸਾਹਿਬ ਕੋਲ ਪਹੁੰਚੀਆਂ ਹਨ। ਜਿਸ ਦੀ ਜਾਂਚ ਕਰਵਾਈ ਜਾਵੇਗੀ। ਇਸ ਸਾਰੇ ਪ੍ਰਸੰਗ ਨੂੰ ਦੇਖਦਿਆਂ ਮੁੱਖ ਮੰਤਰੀ ਨੂੰ ਨਿੱਜੀ ਤੌਰ ’ਤੇ 15 ਜਨਵਰੀ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰਾਲੇ ਵਿੱਚ ਪੇਸ਼ ਹੋ ਕੇ ਸਪੱਸ਼ਟੀਕਰਨ ਦੇਣ ਲਈ ਸੱਦਿਆ ਗਿਆ ਹੈ। ਜਥੇਦਾਰ ਸਾਹਿਬ ਨੇ ਸਪੱਸ਼ਟ ਕੀਤਾ ਕਿ ਅਕਾਲ ਤਖਤ ਸਾਹਿਬ ਕਿਸੇ ਰਾਜਨੀਤਿਕ ਦਬਾਅ ਅਧੀਨ ਨਹੀਂ, ਸਗੋਂ ਸਿੱਖ ਸਿਧਾਂਤਾਂ ਅਤੇ ਮਰਿਆਦਾ ਦੇ ਅਧੀਨ ਕੰਮ ਕਰਦਾ ਹੈ ਅਤੇ ਉਸ ਦੀ ਮਾਣ-ਮਰਿਆਦਾ ਦੀ ਰੱਖਿਆ ਕਰਨੀ ਪੰਥ ਦਾ ਫ਼ਰਜ਼ ਹੈ।
ਪੰਜਾਬ ਦੇ ਮੰਤਰੀ ਸਣੇ ਆਪ ਵਿਧਾਇਕ ਦੀ ਸ੍ਰੀ ਅਕਾਲ ਤਖ਼ਤ ਸਾਹਿਬ ਹੋਈ ਪੇਸ਼ੀ
ਅੱਜ ਹੀ ਪੰਜਾਬ ਦੀ ਆਮ ਆਦਮੀ ਪਾਰਟੀ (ਆਪ) ਸਰਕਾਰ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤਰੁਣਪ੍ਰੀਤ ਸੌਂਦ, ਭਾਈ ਜੈਤਾ ਜੀ ਦੀਆਂ ਤਸਵੀਰਾਂ ਨੂੰ ਲੈ ਕੇ ਪੈਦਾ ਹੋਏ ਵਿਵਾਦ ਦੇ ਸਬੰਧ ਵਿੱਚ ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਵਿਖੇ ਸਥਿਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਏ। ਹੈਰੀਟੇਜ ਸਟਰੀਟ ਤੋਂ ਅਕਾਲ ਤਖ਼ਤ ਤੱਕ ਨੰਗੇ ਪੈਰੀਂ ਤੁਰਦੇ ਹੋਏ, ਮੰਤਰੀ ਸੋਂਧ ਨੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਭਾਈ ਜੀਵਨ ਸਿੰਘ (ਜੈਤਾ ਜੀ) ਦੀ ਯਾਦਗਾਰ 'ਤੇ ਲੱਗੀਆਂ ਤਸਵੀਰਾਂ 'ਤੇ ਆਪਣੇ ਇਤਰਾਜ਼ ਨੂੰ ਸਪੱਸ਼ਟ ਕੀਤਾ। ਮੰਤਰੀ ਨੇ ਕਿਹਾ ਕਿ ਅਕਾਲ ਤਖ਼ਤ ਦੇ ਹੁਕਮਾਂ ਅਨੁਸਾਰ, ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਨੂੰ ਰੋਕਣ ਲਈ ਸਿੱਖ ਸਿਧਾਂਤਾਂ ਅਤੇ ਪੰਜਾਬੀ ਵਿਰਾਸਤ ਤੋਂ ਜਾਣੂ ਵਿਅਕਤੀ ਨੂੰ ਵਿਭਾਗ ਵਿੱਚ ਨਿਯੁਕਤ ਕੀਤਾ ਜਾਵੇਗਾ।

