ਨਹੀਂ ਮੰਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮ, ਦਿੱਲੀ ਕਮੇਟੀ ਦੇ ਮੈਂਬਰਾਂ ਨੂੰ 15 ਦਿਨ ਦਾ ਦਿੱਤਾ ਸਮਾਂ
ਹਰਮੀਤ ਕਾਲਕਾ ਨੇ ਕਿਹਾ ਕਿ 'ਕੁਝ ਲੋਕ ਅਜਿਹੇ ਹਾਲਾਤ ਪੈਦਾ ਕਰ ਰਹੇ ਹਨ ਕਿ ਦੋਵਾਂ ਧਿਰਾਂ 'ਚ ਫਿੱਕ ਪੈ ਸਕੇ।'


Published : February 28, 2026 at 4:13 PM IST
ਅੰਮ੍ਰਿਤਸਰ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੂੰ ਪ੍ਰਧਾਨ ਹਰਮੀਤ ਸਿੰਘ ਕਾਲਕਾ ਸਹਿਤ ਬੋਰਡ ਦੀਆਂ ਚੋਣਾਂ ਸਬੰਧੀ ਸਪੱਸ਼ਟੀਕਰਨ ਦੇਣ ਲਈ ਤਲਬ ਕੀਤਾ ਗਿਆ ਸੀ। ਇਸ ਤਹਿਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਹਰਮੀਤ ਸਿੰਘ ਕਾਲਕਾ ਵਿਚਾਲੇ ਲੰਮਾਂ ਸਮਾਂ ਮੁਲਾਕਾਤ ਹੋਈ ਅਤੇ ਜਵਾਬ ਤਲਬੀ ਹੋਈ। ਪੇਸ਼ੀ ਤੋਂ ਬਾਅਦ ਹਰਮੀਤ ਕਾਲਕਾ ਨੇ ਕਿਹਾ ਕਿ 'ਕੁਝ ਲੋਕ ਅਜਿਹੇ ਹਾਲਾਤ ਪੈਦਾ ਕਰ ਰਹੇ ਹਨ ਕਿ ਦੋਵਾਂ ਧਿਰਾਂ 'ਚ ਫਿੱਕ ਪੈ ਸਕੇ।'
ਅਫਵਾਹਾਂ ਫੈਲਾ ਰਹੇ ਹਨ ਲੋਕ
ਦਿੱਲੀ ਸਿੱਖ ਗੁਰਦੁਆਰਾ ਮਤਭੇਦਾਂ ਦੇ ਵਿਚਕਾਰ ਡੀਐਸਜੀਐਮਸੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ '25 ਅਕਤੂਬਰ ਨੂੰ ਹੋਏ ਜਨਰਲ ਇਜਲਾਸ ਸਬੰਧੀ ਕਈ ਥਾਵਾਂ ’ਤੇ ਇਹ ਅਫ਼ਵਾਹਾਂ ਫੈਲਾਈਆਂ ਜਾ ਰਹੀਆਂ ਸਨ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਹੋਈ ਹੈ। ਕਾਲਕਾ ਨੇ ਸਪੱਸ਼ਟ ਕੀਤਾ ਕਿ ਇਹ ਦਾਅਵੇ ਬਿਲਕੁਲ ਬੇਬੁਨਿਆਦ ਹਨ। ਅਕਾਲੀ ਵਰਕਰ ਜਤਿੰਦਰ ਸਿੰਘ ਸੋਨੂੰ, ਜਿਸ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਇਜਲਾਸ ਰੋਕਣ ਲਈ ਭੇਜਿਆ ਗਿਆ ਸੀ। ਮੀਟਿੰਗ ਸ਼ੁਰੂ ਹੋਣ ਤੋਂ ਬਾਅਦ ਜਥੇਦਾਰ ਗੜਗੱਜ ਦਾ ਸੁਨੇਹਾ ਦੇਰ ਨਾਲ ਪਹੁੰਚਾਇਆ, ਜਿਸ ਕਾਰਨ ਇਜਲਾਸ ਦੇਰੀ ਨਾਲ ਰੋਕਿਆ ਗਿਆ ਸੀ।
ਹਾਲਾਂਕਿ ਇਸ ਦੇ ਜਵਾਬ ਤਹਿਤ ਜਥੇਦਾਰ ਗੜਗੱਜ ਨੇ ਸਪੱਸ਼ਟ ਕੀਤਾ ਕਿ ਇਜਲਾਸ ਨੂੰ ਰੋਕਣ ਦਾ ਸੁਨੇਹਾ ਜਤਿੰਦਰ ਸੋਨੂੰ ਨੇ ਨਹੀਂ, ਸਗੋਂ ਦਿੱਲੀ ਮਿਸ਼ਨ ਦੇ ਮੁਖੀ ਮਨਮੀਤ ਨੇ 2 ਦਿਨ ਪਹਿਲਾਂ ਭੇਜਿਆ ਸੀ। ਕਾਲਕਾ ਅਤੇ ਹੋਰਾਂ ਨੂੰ ਸ੍ਰੀ ਅਕਾਲ ਤਖ਼ਤ ਦੇ ਹੁਕਮਾਂ ਦੀ ਉਲੰਘਣਾ ਕਰਨ ਲਈ ਸਪੱਸ਼ਟੀਕਰਨ ਦੇਣ ਲਈ ਤਲਬ ਕੀਤਾ ਗਿਆ ਹੈ।
ਕਈ ਸਮੱਸਿਆਵਾਂ 'ਤੇ ਪਾਇਆ ਚਾਣਨਾ
ਹਰਮੀਤ ਸਿੰਘ ਕਾਲਕਾ ਨੇ ਦੱਸਿਆ ਕਿ 'ਜਥੇਦਾਰ ਸਾਹਿਬ ਨਾਲ ਬੈਠ ਕੇ ਪੂਰੇ ਮਾਮਲੇ ’ਤੇ ਵਿਸਥਾਰ ਨਾਲ ਚਰਚਾ ਹੋਈ ਅਤੇ ਸਾਰੀਆਂ ਗੱਲਾਂ ਸਪੱਸ਼ਟ ਕੀਤੀਆਂ ਗਈਆਂ। ਮੀਟਿੰਗ ਦੌਰਾਨ ਇਹ ਵੀ ਧਿਆਨ ਵਿੱਚ ਆਇਆ ਕਿ ਕੁਝ ਗੁਰੂ ਘਰਾਂ ਵਿੱਚ ਚੋਰੀਆਂ ਅਤੇ ਸਕੂਲਾਂ ਨਾਲ ਸੰਬੰਧਿਤ ਪ੍ਰਬੰਧਕੀ ਸਮੱਸਿਆਵਾਂ ਸਾਹਮਣੇ ਆ ਰਹੀਆਂ ਹਨ। ਇਸ ਲਈ ਜਥੇਦਾਰ ਸਾਹਿਬ ਨੇ ਸਾਰੇ ਪੱਖਾਂ ਨੂੰ ਇਕੱਠਾ ਕਰਕੇ ਬੈਠਕ ਬੁਲਾਉਣ ਦੀ ਗੱਲ ਕੀਤੀ, ਤਾਂ ਜੋ ਇਹ ਮਸਲੇ ਸਾਂਝੇ ਤੌਰ ’ਤੇ ਹੱਲ ਹੋ ਸਕਣ ਅਤੇ ਗੁਰੂ ਘਰਾਂ ਦਾ ਪ੍ਰਬੰਧ ਸੁਚੱਜੇ ਢੰਗ ਨਾਲ ਚੱਲ ਸਕੇ। ਜਿੱਥੇ ਵੀ ਬੇਵਜ੍ਹਾ ਇਲਜ਼ਾਮਬਾਜ਼ੀ ਕਰਕੇ ਸੰਗਤ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।'
ਉੱਥੇ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ 'ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (DSGMC) ਦੇ ਮੈਂਬਰਾਂ ਨੂੰ ਤਲਬ ਕੀਤਾ ਗਿਆ ਸੀ। ਉਨ੍ਹਾਂ ਨਾਲ 25 ਅਕਤੂਬਰ ਨੂੰ ਜਾਰੀ ਕੀਤੇ ਹੁਕਮਾਂ ਦੀ ਉਲੰਘਣਾ ਸਬੰਧੀ ਪੁੱਛਗਿੱਛ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਅੱਜ ਪੇਸ਼ ਹੋਏ ਮੈਂਬਰਾਂ ਨੇ ਆਪਣਾ ਸਪਸ਼ਟੀਕਰਨ ਦਿੱਤਾ ਹੈ, ਪਰ ਉਨ੍ਹਾਂ ਨੂੰ 15 ਦਿਨਾਂ ਅੰਦਰ ਲਿਖਤੀ ਰੂਪ ਵਿੱਚ ਮਤਾ ‘ਤੇ ਦੁਬਾਰਾ ਵਿਚਾਰ ਕਰਕੇ ਕਾਰਵਾਈ ਰੱਦ ਕਰਨ ਜਾਂ ਸੋਧ ਕਰਨ ਲਈ ਕਿਹਾ ਗਿਆ ਹੈ।'
ਜਥੇਦਾਰ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ 'ਜੇਕਰ ਮੁੱਖ ਸਿੱਖ ਸੰਸਥਾਵਾਂ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਦੀ ਪਾਲਣਾ ਨਹੀਂ ਕਰਣਗੀਆਂ ਤਾਂ ਪੰਥ ‘ਤੇ ਗਲਤ ਪ੍ਰਭਾਵ ਪਵੇਗਾ। ਇਸ ਲਈ 15 ਦਿਨਾਂ ਵਿੱਚ ਉਲੰਘਣਾ ਠੀਕ ਨਾ ਕੀਤੀ ਗਈ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਸਪਸ਼ਟ ਕੀਤਾ ਕਿ ਅਕਾਲ ਤਖ਼ਤ ਦੇ ਫ਼ੈਸਲੇ ਸਿੱਖ ਕੌਮ ਲਈ ਅੰਤਿਮ ਹੁੰਦੇ ਹਨ ਅਤੇ ਉਨ੍ਹਾਂ ਦੀ ਅਣਦੇਖੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਇਸ ਦੌਰਾਨ ਗੁਰਦੁਆਰਿਆਂ ਅਧੀਨ ਚੱਲ ਰਹੇ ਸਕੂਲਾਂ ਅਤੇ ਕਾਲਜਾਂ ਦੇ ਮਸਲਿਆਂ ‘ਤੇ ਵੀ ਚਰਚਾ ਹੋਈ। ਗਿਆਨੀ ਗੜਗੱਜ ਨੇ ਕਿਹਾ ਕਿ ਕਈ ਸੰਸਥਾਵਾਂ ਘਾਟੇ ਵਿੱਚ ਚੱਲ ਰਹੀਆਂ ਹਨ ਅਤੇ ਵੱਖ-ਵੱਖ ਸ਼ਿਕਾਇਤਾਂ ਵੀ ਆ ਰਹੀਆਂ ਹਨ। ਵਿਸਾਖੀ ਤੋਂ ਬਾਅਦ ਸਾਰੇ ਸਾਬਕਾ ਪ੍ਰਧਾਨਾਂ ਅਤੇ ਜ਼ਿੰਮੇਵਾਰ ਵਿਅਕਤੀਆਂ ਨੂੰ ਇਕੱਠਾ ਕਰਕੇ 2006 ਤੋਂ 2026 ਤੱਕ ਦੇ ਹਿਸਾਬ ਕਿਤਾਬ ਦੀ ਸਮੀਖਿਆ ਕੀਤੀ ਜਾਵੇਗੀ ਕਿ ਸਿੱਖ ਬਜ਼ੁਰਗਾਂ ਨੇ ਜੋ ਸਿੱਖਿਆ ਸੰਸਥਾਵਾਂ ਕਾਇਮ ਕੀਤੀਆਂ ਹਨ, ਉਨ੍ਹਾਂ ਦੀ ਮਰਿਆਦਾ ਅਤੇ ਮਿਸ਼ਨ ਨੂੰ ਕਾਇਮ ਰੱਖਣਾ ਸਾਡੀ ਜ਼ਿੰਮੇਵਾਰੀ ਹੈ। ਬੱਚਿਆਂ ਨੂੰ ਅਕਾਦਮਿਕ ਸਿੱਖਿਆ ਦੇ ਨਾਲ ਗੁਰਸਿੱਖੀ ਦੀ ਸਿੱਖਿਆ ਮਿਲੇ, ਇਹ ਯਕੀਨੀ ਬਣਾਇਆ ਜਾਵੇਗਾ।

