ਹੋਲਾ ਮਹੱਲਾ ਉੱਤੇ ਵਿਸ਼ੇਸ਼ ਪ੍ਰਬੰਧ, ਜਾਣੋ ਕੀ-ਕੀ ਮਿਲਣਗੀਆਂ ਸਹੂਲਤਾਂ, ਪੁਲਿਸ ਵੱਲੋਂ ਤੀਜੀ ਅੱਖ ਨਾਲ ਨਿਗਰਾਨੀ
ਪੁਲਿਸ ਪ੍ਰਸ਼ਾਸਨ ਵੱਲੋਂ ਅਨੰਦਪੁਰ ਪੁਲਿਸ ਸਟੇਸ਼ਨ ਵਿਖੇ ਆਧੁਨਿਕ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ।

Published : March 3, 2026 at 4:59 PM IST
ਅਨੰਦਪੁਰ ਸਾਹਿਬ: ਹੋਲਾ ਮਹੱਲਾ ਮੌਕੇ ਸੁਰੱਖਿਆ ਦੇ ਪੱਖੋਂ ਇਸ ਵਾਰ ਅਨੰਦਪੁਰ ਸਾਹਿਬ ਵਿੱਚ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਪੁਲਿਸ ਪ੍ਰਸ਼ਾਸਨ ਵੱਲੋਂ ਪੰਜਾਬ ਪੁਲਿਸ ਦੀ ਦੇਖ ਰੇਖ ਹੇਠ ਅਨੰਦਪੁਰ ਪੁਲਿਸ ਸਟੇਸ਼ਨ ਵਿਖੇ ਆਧੁਨਿਕ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ, ਜਿਸ ਰਾਹੀਂ ਪੂਰੇ ਸ਼ਹਿਰ ਅਤੇ ਸਮਾਗਮ ਵਾਲੀ ਥਾਵਾਂ ਉੱਤੇ ਤੀਜੀ ਅੱਖ ਨਾਲ ਨਿਗਰਾਨੀ ਰੱਖੀ ਜਾ ਰਹੀ ਹੈ।
ਸ਼ਹਿਰ ਵਿੱਚ 150 ਤੋਂ ਵੱਧ ਸੀਸੀਟੀਵੀ ਕੈਮਰੇ
ਜਾਣਕਾਰੀ ਦਿੰਦੇ ਹੋਏ ਡੀਐਸਪੀ ਅਨੰਦਪੁਰ ਸਾਹਿਬ ਨੇ ਦੱਸਿਆ ਕਿ "ਹੋਲਾ ਮਹੱਲਾ ਦੌਰਾਨ ਸ਼ਹਿਰ ਵਿੱਚ 150 ਤੋਂ ਵੱਧ ਸੀਸੀਟੀਵੀ ਕੈਮਰੇ ਲਗਾਏ ਗਏ ਹਨ। ਇਹ ਕੈਮਰੇ ਹਰ ਪ੍ਰਵੇਸ਼ ਦੁਆਰ ਮੁੱਖ ਸੜਕਾਂ ਧਾਰਮਿਕ ਸਥਾਨਾਂ ਅਤੇ ਭੀੜ ਵਾਲੇ ਇਲਾਕਿਆਂ ਵਿੱਚ ਲਗਾਏ ਗਏ ਹਨ ਤਾਂ ਜੋ ਚੱਪੇ-ਚੱਪੇ ਉੱਤੇ ਨਜ਼ਰ ਰੱਖੀ ਜਾ ਸਕੇ। ਕੰਟਰੋਲ ਰੂਮ ਵਿੱਚ ਤਜ਼ਰਬੇਕਾਰ ਅਧਿਕਾਰੀਆਂ ਦੀ ਟੀਮ 24 ਘੰਟੇ ਮਾਨੀਟਰਿੰਗ ਕਰ ਰਹੀ ਹੈ ਅਤੇ ਹਰ ਗਤੀਵਿਧੀ ਉੱਤੇ ਕੜੀ ਨਜ਼ਰ ਬਣਾਈ ਹੋਈ ਹੈ।"
ਸਾਦੇ ਕੱਪੜਿਆਂ ਵਿੱਚ ਵੀ ਮੁਲਾਜਮ ਤਾਇਨਾਤ
ਉਨ੍ਹਾਂ ਕਿਹਾ ਕਿ ਸ਼ਰਾਰਤੀ ਅਨਸਰਾਂ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਕਿਸੇ ਵੀ ਤਰ੍ਹਾਂ ਦੀ ਅਫਵਾਹ ਫੈਲਾਉਣ ਜਾਂ ਕਾਨੂੰਨ ਵਿਵਸਥਾ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਪੁਲਿਸ ਵੱਲੋਂ ਸਾਦੇ ਕੱਪੜਿਆਂ ਵਿੱਚ ਵੀ ਮੁਲਾਜਮ ਤਾਇਨਾਤ ਕੀਤੇ ਗਏ ਹਨ ਜੋ ਭੀੜ ਵਿੱਚ ਰਹਿ ਕੇ ਹਰ ਸ਼ੱਕੀ ਹਲਚਲ ਉੱਤੇ ਨਜ਼ਰ ਰੱਖ ਰਹੇ ਹਨ। ਵਿਸ਼ੇਸ਼ ਚੈਕਿੰਗ ਮੁਹਿੰਮ ਵੀ ਚਲਾਈ ਜਾ ਰਹੀ ਹੈ ਤਾਂ ਜੋ ਸਮਾਗਮ ਦੌਰਾਨ ਅਮਨ ਅਤੇ ਸ਼ਾਂਤੀ ਬਣੀ ਰਹੇ।

ਮਿਲ ਰਹੀਆਂ ਵੱਖ-ਵੱਖ ਪ੍ਰਕਾਰ ਦੀਆਂ ਸਹੂਲਤਾਂ
ਟ੍ਰੈਫਿਕ ਪ੍ਰਬੰਧਾਂ ਬਾਰੇ ਡੀਐਸਪੀ ਨੇ ਦੱਸਿਆ ਕਿ "ਸ਼ਹਿਰ ਵਿੱਚ 25 ਤੋਂ ਵੱਧ ਪਾਰਕਿੰਗ ਸਥਾਨ ਤਿਆਰ ਕੀਤੇ ਗਏ ਹਨ। ਦੋ ਟਰੈਕਟਰ ਟਰਾਲੀ ਸਿਟੀਆਂ ਰਾਹੀਂ ਲੋਕਾਂ ਨੂੰ ਪਾਰਕਿੰਗ ਸਥਾਨਾਂ ਤੋਂ ਸਮਾਗਮ ਸਥਲ ਤੱਕ ਪਹੁੰਚਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ 100 ਤੋਂ ਵੱਧ ਈ ਰਿਕਸ਼ੇ ਵੀ ਸੇਵਾ ਵਿੱਚ ਲਗਾਏ ਗਏ ਹਨ ਤਾਂ ਜੋ ਬਜ਼ੁਰਗਾਂ ਮਹਿਲਾਵਾਂ ਅਤੇ ਬੱਚਿਆਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਨਾ ਆਵੇ। ਪੁਲਿਸ ਪ੍ਰਸ਼ਾਸਨ ਨੇ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਉਹ ਸੁਰੱਖਿਆ ਪ੍ਰਬੰਧਾਂ ਵਿੱਚ ਪੂਰਾ ਸਹਿਯੋਗ ਦੇਣ ਅਤੇ ਕਿਸੇ ਵੀ ਸ਼ੱਕੀ ਵਿਅਕਤੀ ਜਾਂ ਵਸਤੂ ਬਾਰੇ ਤੁਰੰਤ ਨਜ਼ਦੀਕੀ ਪੁਲਿਸ ਕਰਮਚਾਰੀ ਜਾਂ ਕੰਟਰੋਲ ਰੂਮ ਨੂੰ ਸੂਚਿਤ ਕਰਨ। ਪ੍ਰਸ਼ਾਸਨ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਹੋਲਾ ਮਲਾ ਸਮਾਗਮ ਨੂੰ ਸ਼ਾਂਤੀਪੂਰਵਕ ਅਤੇ ਸੁਚਾਰੂ ਢੰਗ ਨਾਲ ਸੰਪੰਨ ਕਰਵਾਉਣ ਲਈ ਪੂਰੀ ਤਿਆਰੀ ਕੀਤੀ ਗਈ ਹੈ ਅਤੇ ਹਰ ਸਥਿਤੀ ਨਾਲ ਨਜਿੱਠਣ ਲਈ ਬਲ ਤਾਇਨਾਤ ਹੈ।"

