ETV Bharat / state

ਪੁਲਿਸ ਹਿਰਾਸਤ ਚੋਂ ਭੱਜਣ ਦੀ ਕੋਸ਼ਿਸ਼, ਕੰਧ ਟੱਪਦੇ ਸਮੇਂ ਸਨੈਚਰ ਜ਼ਖ਼ਮੀ

ਪੁਲਿਸ ਹਿਰਾਸਤ ਵਿੱਚੋਂ ਭੱਜਣ ਦੀ ਕੋਸ਼ਿਸ਼ ਦੌਰਾਨ ਇੱਕ ਸਨੈਚਰ ਜ਼ਖ਼ਮੀ, ਹਸਪਤਾਲ ਵਿੱਚ ਜ਼ੇਰ ਏ ਇਲਾਜ।

escape from police custody
ਪੁਲਿਸ ਹਿਰਾਸਤ ਚੋਂ ਭੱਜਣ ਦੀ ਕੋਸ਼ਿਸ਼, ਕੰਧ ਟੱਪਦੇ ਸਮੇਂ ਸਨੈਚਰ ਜ਼ਖ਼ਮੀ (ETV Bharat)
author img

By ETV Bharat Punjabi Team

Published : July 6, 2026 at 11:42 AM IST

2 Min Read
Choose ETV Bharat

ਜਲੰਧਰ: ਪੁਲਿਸ ਹਿਰਾਸਤ ਵਿੱਚੋਂ ਭੱਜਣ ਦੀ ਕੋਸ਼ਿਸ਼ ਦੌਰਾਨ ਇੱਕ ਸਨੈਚਰ ਦੇ ਜ਼ਖ਼ਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਥਾਣਾ-8 ਦੇ ਮੁਖੀ ਇੰਸਪੈਕਟਰ ਸਾਹਿਲ ਚੌਧਰੀ ਆਪਣੀ ਟੀਮ ਨਾਲ ਮੁਲਜ਼ਮ ਸੂਰਜ (ਵਾਸੀ ਤਰਨਤਾਰਨ) ਨੂੰ ਅਦਾਲਤ ਵਿੱਚ ਪੇਸ਼ੀ ਲਈ ਲੈ ਕੇ ਗਏ ਸਨ। ਅਦਾਲਤ ਤੋਂ ਦੋ ਦਿਨਾਂ ਦਾ ਪੁਲਿਸ ਰਿਮਾਂਡ ਮਿਲਣ ਤੋਂ ਬਾਅਦ ਜਦੋਂ ਪੁਲਿਸ ਉਸ ਨੂੰ ਵਾਪਸ ਥਾਣੇ ਲੈ ਕੇ ਆ ਰਹੀ ਸੀ ਤਾਂ ਮੁਲਜ਼ਮ ਨੇ ਮੌਕਾ ਦੇਖ ਕੇ ਫ਼ਰਾਰ ਹੋਣ ਦੀ ਕੋਸ਼ਿਸ਼ ਕੀਤੀ।

ਕੰਧ ਟੱਪਦੇ ਸਮੇਂ ਸਨੈਚਰ ਜ਼ਖ਼ਮੀ (ETV Bharat)

ਔਰਤ ਨਾਲ ਸਨੈਚਿੰਗ ਮਾਮਲੇ ਵਿੱਚ ਗ੍ਰਿਫਤਾਰੀ

ਇਸ ਸਬੰਧੀ ਜਾਣਕਾਰੀ ਦਿੰਦਿਆਂ ਏਸੀਪੀ ਅਸ਼ੋਕ ਮੀਨਾ ਨੇ ਦੱਸਿਆ ਕਿ, "ਮੁਲਜ਼ਮ ਸੂਰਜ ਨੂੰ ਹਾਲ ਹੀ ਵਿੱਚ ਕਿਸ਼ਨਪੁਰਾ ਚੌਕ ਵਿਖੇ ਇੱਕ ਬਜ਼ੁਰਗ ਮਹਿਲਾ ਤੋਂ ਸਨੈਚਿੰਗ ਕਰਨ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁਲਿਸ ਨੇ ਉਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਦੋ ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਸੀ ਤਾਂ ਜੋ ਮਾਮਲੇ ਦੀ ਹੋਰ ਡੂੰਘਾਈ ਨਾਲ ਜਾਂਚ ਕੀਤੀ ਜਾ ਸਕੇ ਅਤੇ ਵਾਰਦਾਤ ਨਾਲ ਜੁੜੇ ਹੋਰ ਸੁਰਾਗ ਇਕੱਠੇ ਕੀਤੇ ਜਾ ਸਕਣ। ਇਸੇ ਮਾਮਲੇ ਵਿੱਚ ਅਜੇ ਇੱਕ ਹੋਰ ਮੁਲਜ਼ਮ ਪਹਿਲਾਂ ਤੋਂ ਹੀ ਫ਼ਰਾਰ ਹੈ, ਜਿਸ ਦੀ ਭਾਲ ਲਈ ਛਾਪੇਮਾਰੀਆਂ ਜਾਰੀ ਹਨ।"

ਪੁਲਿਸ ਹਿਰਾਸਤ ਚੋਂ ਭੱਜਣ ਦੀ ਕੋਸ਼ਿਸ਼

ਰਿਮਾਂਡ ਮਿਲਣ ਤੋਂ ਬਾਅਦ ਜਦੋਂ ਪੁਲਿਸ ਮੁਲਜ਼ਮ ਨੂੰ ਵਾਪਸ ਥਾਣੇ ਲੈ ਕੇ ਜਾ ਰਹੀ ਸੀ, ਤਾਂ ਉਸ ਨੇ ਚੱਲਦੀ ਪੁਲਿਸ ਗੱਡੀ ਵਿੱਚੋਂ ਛਾਲ ਮਾਰ ਕੇ ਭੱਜਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਉਸ ਨੇ ਇੱਕ ਕੰਧ ਟੱਪਣ ਦੀ ਕੋਸ਼ਿਸ਼ ਕੀਤੀ, ਪਰ ਸੰਤੁਲਨ ਵਿਗੜ ਜਾਣ ਕਾਰਨ ਉਹ ਡਿੱਗ ਪਿਆ ਅਤੇ ਜ਼ਖ਼ਮੀ ਹੋ ਗਿਆ।

ਇੱਕ ਹੋਰ ਮੁਲਜ਼ਮ ਦੀ ਭਾਲ ਜਾਰੀ

ਘਟਨਾ ਤੋਂ ਤੁਰੰਤ ਬਾਅਦ ਪੁਲਿਸ ਨੇ ਜ਼ਖ਼ਮੀ ਮੁਲਜ਼ਮ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖ਼ਲ ਕਰਵਾਇਆ, ਜਿੱਥੇ ਉਸ ਦਾ ਇਲਾਜ ਜਾਰੀ ਹੈ। ਦੂਜੇ ਪਾਸੇ ਪੁਲਿਸ ਇਸ ਮਾਮਲੇ ਵਿੱਚ ਫ਼ਰਾਰ ਦੂਜੇ ਮੁਲਜ਼ਮ ਰੌਕੀ ਦੀ ਗ੍ਰਿਫ਼ਤਾਰੀ ਲਈ ਵੱਖ-ਵੱਖ ਥਾਵਾਂ 'ਤੇ ਲਗਾਤਾਰ ਛਾਪੇਮਾਰੀ ਕਰ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਜਾਂਚ ਜਾਰੀ ਹੈ ਅਤੇ ਜਲਦੀ ਹੀ ਫ਼ਰਾਰ ਮੁਲਜ਼ਮ ਨੂੰ ਵੀ ਕਾਬੂ ਕਰ ਲਿਆ ਜਾਵੇਗਾ।