ਨਸ਼ੇ ਦੇ ਵਿਰੋਧ ਦੀ ਸਜ਼ਾ, ਔਰਤ ਨਾਲ ਦਰਿੰਦਗੀ ਦੀ ਕੋਸ਼ਿਸ਼, ਤਸਕਰ ਵੱਲੋਂ ਪਤੀ-ਪਤਨੀ ਦੀ ਬੁਰੀ ਤਰ੍ਹਾਂ ਕੁੱਟਮਾਰ
ਪਤੀ ਪਤਨੀ ਨੇ ਦੋਸ਼ ਲਾਏ ਕਿ ਤਸਕਰ ਵੱਲੋਂ ਉਨ੍ਹਾਂ ਦੇ ਪੁੱਤਰ ਨੂੰ ਵੀ ਨਸ਼ੇ 'ਤੇ ਲਾਇਆ ਜਾ ਰਿਹਾ ਸੀ ਜਿਸ ਕਾਰਨ ਉਸ ਦਾ ਵਿਰੋਧ ਕੀਤਾ।


Published : February 24, 2026 at 1:19 PM IST
ਸੁਲਤਾਨਪੁਰ ਲੋਧੀ /ਕਪੂਰਥਲਾ: ਪੰਜਾਬ ਸਰਕਾਰ ਨਸ਼ੇ ਦੇ ਖਾਤਮੇ ਦੇ ਦਾਅਵੇ ਕਰ ਰਹੀ ਹੈ ਪਰ ਪੰਜਾਬ ਵਿੱਚ ਨਸ਼ੇ ਦਾ ਖਾਤਮਾ ਹੋਣ ਦੀ ਬਜਾਏ ਲਗਾਤਾਰ ਵੱਧ ਰਿਹਾ ਹੈ। ਜੇਕਰ ਇਸ ਦਾ ਕੋਈ ਵਿਰੋਧ ਕਰਦਾ ਹੈ ਤਾਂ ਉਸ ਨਾਲ ਕੁੱਟਮਾਰ ਕੀਤੀ ਜਾਂਦੀ ਹੈ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਸੁਲਤਾਨਪੁਰ ਲੋਧੀ ਹਲਕੇ ਦੇ ਥਾਣਾ ਤਲਵੰਡੀ ਚੌਧਰੀਆਂ ਤੋਂ, ਜਿੱਥੇ ਨਸ਼ਾ ਤਸਕਰੀ ਦਾ ਵਿਰੋਧ ਕਰਨ ਦੀ ਹਿੰਮਤ ਕਰਨੀ ਪਤੀ ਪਤਨੀ ਨੂੰ ਭਾਰੀ ਪੈ ਗਈ ਅਤੇ ਅੱਜ ਉਹ ਹਸਪਤਾਲ 'ਚ ਜ਼ੇਰੇ ਇਲਾਜ ਹਨ। ਦਰਅਸਲ ਤਲਵੰਡੀ ਚੌਧਰੀਆਂ ਦੀ ਰਹਿਣ ਵਾਲੀ ਔਰਤ ਨੇ ਆਪਣੇ ਹੀ ਪਿੰਡ ਦੇ ਨੌਜਵਾਨ ’ਤੇ ਨਸ਼ਾ ਵੇਚਣ, ਉਸਦੇ ਬੱਚਿਆਂ ਨੂੰ ਨਸ਼ੇ ਦੀ ਲਤ ਲਗਾਉਣ ਅਤੇ ਵਿਰੋਧ ਕਰਨ ’ਤੇ ਉਸ ਨਾਲ ਜਬਰਜਨਾਹ ਦੀ ਕੋਸ਼ਿਸ਼ ਅਤੇ ਕਾਤਲਾਨਾ ਹਮਲਾ ਕਰ ਦਿੱਤਾ। ਮੌਜੂਦਾ ਸਮੇਂ ਪੀੜਿਤ ਔਰਤ ਅਤੇ ਉਸਦਾ ਪਤੀ ਟਿੱਬਾ ਵਿੱਚ ਜ਼ਖ਼ਮੀ ਹਾਲਤ ਵਿੱਚ ਇਲਾਜ ਅਧੀਨ ਹਨ।
“ਮੇਰੇ ਮੁੰਡਿਆਂ ਨੂੰ ਨਸ਼ੇ ’ਤੇ ਲਾਇਆ… ਵਿਰੋਧ ਕੀਤਾ ਤਾਂ ਮਾਰਿਆ” : ਪੀੜਿਤਾ
ਮਾਮਲੇ ਸਬੰਧੀ ਜਾਣਕਾਰੀ ਪੀੜਿਤ ਔਰਤ ਨੇ ਕਿਹਾ ਕਿ 'ਪਿੰਡ ਦਾ ਇੱਕ ਨੌਜਵਾਨ ਲੰਬੇ ਸਮੇਂ ਤੋਂ ਤਸਕਰੀ ਕਰ ਰਿਹਾ ਹੈ ਤੇ ਨਾਬਾਲਗ ਬੱਚਿਆਂ ਤੱਕ ਨੂੰ ਮੁਫਤ ਨਸ਼ਾ ਦੇ ਕੇ ਨਸ਼ੇੜੀ ਬਣਾ ਰਿਹਾ ਹੈ। ਉਸ ਦੇ ਦੋਵੇਂ ਬੇਟਿਆਂ ਨੂੰ ਵੀ ਉਸ ਨੇ ਨਸ਼ੇ ’ਚ ਫਸਾ ਦਿੱਤਾ, ਜਿਸ ਕਾਰਨ ਇੱਕ ਬੇਟੇ ਨੂੰ ਡੀ-ਐਡਿਕਸ਼ਨ ਸੈਂਟਰ ਭੇਜਣਾ ਪਿਆ ਅਤੇ ਹਰ ਮਹੀਨੇ ਭਾਰੀ ਖਰਚ ਕਰਨਾ ਪੈ ਰਿਹਾ ਹੈ। ਬੀਤੀ ਰਾਤ ਵੀ ਮੁਲਜ਼ਮ ਮੇਰੇ ਬੇਟੇ ਨੂੰ ਘਰ ਤੋਂ ਨਾਲ ਲੈ ਗਿਆ। ਕਾਫੀ ਭਾਲ ਕਰਨ ਬਾਵਜੂਦ ਪੁੱਤਰ ਨਾ ਮਿਲਣ ’ਤੇ ਉਹ ਉਸ ਦੀ ਤਲਾਸ਼ ਕਰਦੀ ਰਹੀ। ਇਸ ਦੌਰਾਨ ਮੁਲਜ਼ਮ ਨੇ ਉਸਨੂੰ ਰਾਹ ਵਿੱਚ ਘੇਰ ਕੇ ਬੁਰੀ ਤਰ੍ਹਾਂ ਮਾਰਿਆ-ਕੁੱਟਿਆ, ਗਲਾ ਘੁੱਟਿਆ ਅਤੇ ਕੱਪੜੇ ਫਾੜ ਕੇ ਜਬਰਜਨਾਹ ਦੀ ਕੋਸ਼ਿਸ਼ ਕੀਤੀ।' ਔਰਤ ਦਾ ਕਹਿਣਾ ਹੈ ਕਿ ਮੁਲਜ਼ਮ ਸੜਕ ’ਤੇ ਕੋਲ ਹੀ ਬਣੇ ਸ਼ਮਸ਼ਾਨਘਾਟ ਵੱਲ ਲਿਜਾਣ ਦੀ ਵੀ ਕੋਸ਼ਿਸ਼ ਕੀਤੀ ਗਈ। ਉਹ ਚੀਕਦੀ ਰਹੀ ਪਰ ਲੋਕ ਡਰ ਕੇ ਅੱਗੇ ਨਹੀਂ ਆਏ। ਉਕਤ ਨੌਜਵਾਨ ਨਸ਼ੇ ਵਿੱਚ ਇੰਨਾ ਰੱਜਿਆ ਹੋਇਆ ਸੀ ਕਿ ਉਸਨੂੰ ਇਸ ਗੱਲ ਦੀ ਪਰਵਾਹ ਨਹੀਂ ਸੀ ਕਿ ਮੇਰੀ ਦੀ ਜਾਨ ਵੀ ਜਾ ਸਕਦੀ ਸੀ।'
ਪਤੀ ਨੂੰ ਵੀ ਨਹੀਂ ਛੱਡਿਆ
ਪਤਨੀ ਨਾਲ ਹੋਈ ਕੁੱਟਮਾਰ ਦਾ ਪਤਾ ਲੱਗਦੇ ਹੀ ਜਦੋਂ ਪਤੀ ਨੇ ਦੋਸ਼ੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸਦੀ ਵੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ। ਪਤੀ ਦੇ ਸਿਰ ਅਤੇ ਪਸਲੀਆਂ ’ਤੇ ਗੰਭੀਰ ਸੱਟਾ ਲੱਗੀਆਂ ਹਨ ਅਤੇ ਹੱਥ-ਪੈਰ ਠੀਕ ਤਰ੍ਹਾਂ ਕੰਮ ਨਹੀਂ ਕਰ ਰਹੇ।
“ਪਿੰਡ ਦੇ ਬੱਚਿਆਂ ਨੂੰ ਮੁਫ਼ਤ ਨਸ਼ਾ ਦਿੰਦਾ”
ਪਤੀ ਪਤਨੀ ਨੇ ਦੋਸ਼ ਲਗਾਇਆ ਕਿ ਉਕਤ ਨੌਜਵਾਨ ਪਿੰਡ ਵਿੱਚ ਖੁੱਲ੍ਹੇਆਮ ਚਿੱਟੇ ਦਾ ਵੇਚਦਾ ਹੈ ਅਤੇ ਜਿਹੜੇ ਮੁੰਡੇ ਨਸ਼ਾ ਨਹੀਂ ਕਰਦੇ, ਉਨ੍ਹਾਂ ਨੂੰ ਘਰ ਬੁਲਾ ਕੇ ਮੁਫ਼ਤ ਨਸ਼ਾ ਦਿੰਦਾ ਹੈ। ਉਸਦਾ ਇਹ ਵੀ ਕਹਿਣਾ ਹੈ ਕਿ ਦੋਸ਼ੀ ਦੇ ਪਰਿਵਾਰਕ ਮੈਂਬਰ ਵੀ ਇਸ ਧੰਦੇ ਵਿੱਚ ਸਾਥੀ ਹਨ ਅਤੇ ਪਿੰਡ ਦੇ ਕਈ ਨਾਬਾਲਗ 15-16 ਸਾਲ ਦੇ ਬੱਚੇ ਇਸ ਦੀ ਲੱਤ ਵਿੱਚ ਫਸ ਚੁੱਕੇ ਹਨ।
ਪੁਲਿਸ ਕਰ ਰਹੀ ਮਾਮਲੇ ਦੀ ਜਾਂਚ
ਉਧਰ ਇਸ ਪੂਰੇ ਘਟਨਾਕ੍ਰਮ ਨੂੰ ਲੈ ਕੇ ਥਾਣਾ ਤਲਵੰਡੀ ਚੌਧਰੀਆਂ ਵਿਖੇ ਤਾਇਨਾਤ ਏਐਸਆਈ ਹਰਜਿੰਦਰ ਸਿੰਘ ਨੇ ਕਿਹਾ ਕਿ 'ਮਾਮਲੇ ਦੀ ਸੂਚਨਾ ਮਿਲ ਚੁੱਕੀ ਹੈ ਪਤੀ ਪਤਨੀ ਦੀਆਂ ਐਮਐਲਏਆਰ ਮਸੂਲ ਹੋ ਗਈਆਂ ਹਨ। ਦੋਹਾਂ ਦੇ ਬਿਆਨ ਹਾਸਿਲ ਕਰਕੇ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਮੁਲਜ਼ਮ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ।'
ਕਾਨੂੰਨ 'ਤੇ ਸਵਾਲ
ਜ਼ਿਕਰਯੋਗ ਹੈ ਕਿ ਭਾਵੇਂ ਹੀ ਪੁਲਿਸ ਮਾਮਲੇ ਦੀ ਕਾਰਵਾਈ ਦੇ ਦਾਅਵੇ ਕਰ ਰਹੀ ਹੈ ਪਰ ਇਹ ਘਟਨਾ ਇੱਕ ਵਾਰ ਫਿਰ ਸੁਲਤਾਨਪੁਰ ਲੋਧੀ ਖੇਤਰ ਵਿੱਚ ਨਸ਼ੇ ਦੀ ਸਮੱਸਿਆ ਅਤੇ ਕਾਨੂੰਨ-ਵਿਵਸਥਾ ’ਤੇ ਗੰਭੀਰ ਸਵਾਲ ਖੜ੍ਹੇ ਕਰਦੀ ਹੈ। ਜੇ ਦੋਸ਼ ਸਹੀ ਸਾਬਤ ਹੁੰਦੇ ਹਨ ਤਾਂ ਇਹ ਸਿਰਫ਼ ਇੱਕ ਪਰਿਵਾਰ ’ਤੇ ਹਮਲਾ ਨਹੀਂ, ਸਗੋਂ ਪਿੰਡ ਦੇ ਨੌਜਵਾਨਾਂ ਦੇ ਭਵਿੱਖ ’ਤੇ ਵੀ ਹਮਲਾ ਮੰਨਿਆ ਜਾਵੇਗਾ। ਪੁਲਿਸ ਦੀ ਕਾਰਵਾਈ ਅਤੇ ਮੁਲਜ਼ਮ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਹੁਣ ਸਾਰੀਆਂ ਨਜ਼ਰਾਂ ਪ੍ਰਸ਼ਾਸਨ ਵੱਲ ਟਿਕੀਆਂ ਹੋਈਆਂ ਹਨ।

